ਜੋ ਵੀ ਭਾਰਤੀ ਹੈ, ਉਹ ਹਿੰਦੂ ਹੈ

09/08/2021 3:28:54 AM

ਡਾ. ਵੇਦਪ੍ਰਤਾਪ ਵੈਦਿਕ 
ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਮੁੰਬਈ ਦੀ ਇਕ ਸਭਾ ’ਚ ਕਿਹਾ ਹੈ ਕਿ ਮੁਸਲਮਾਨ ਨੇਤਾਵਾਂ ਨੂੰ ਕੱਟੜਵਾਦੀਆਂ ਦੇ ਵਿਰੁੱਧ ਦੋ-ਟੁੱਕ ਰਵੱਈਆ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਇਤਿਹਾਸਕ ਸੱਚ ਹੈ ਕਿ ਭਾਰਤ ’ਚ ਇਸਲਾਮ ਵਿਦੇਸ਼ੀ ਹਮਲਾਵਰਾਂ ਦੇ ਕਾਰਨ ਆਇਆ ਹੈ ਪਰ ਉਨ੍ਹਾਂ ਨੇ ਨਾਲ-ਨਾਲ ਇਹ ਵੀ ਕਿਹਾ ਕਿ ਸਾਰੇ ਭਾਰਤੀਆਂ ਦਾ ਡੀ. ਐੱਨ. ਏ. ਇਕ ਹੀ ਹੈ। ਸਾਡੇ ਸਾਰਿਆਂ ਦੇ ਵੱਡੇ-ਵਡੇਰੇ ਇਕ ਹੀ ਹਨ। ਅਸੀਂ ਸਾਰੇ ਭਾਰਤ ਮਾਤਾ ਦੀ ਹੀ ਔਲਾਦ ਹਾਂ। ਜਿਸ ਦੀ ਮਾਤਭੂਮੀ ਭਾਰਤ ਹੈ, ਉਹ ਹਿੰਦੂ ਹੈ। ਉਸ ਦੀ ਜਾਤੀ, ਭਾਸ਼ਾ, ਰੰਗ-ਰੂਪ ਅਤੇ ਮਜ਼੍ਹਬ ਭਾਵੇਂ ਜੋ ਵੀ ਹੋਵੇ।

ਅਸਲ ’ਚ ਮੋਹਨ ਭਾਗਵਤ ਨੇ ਹਿੰਦੂ ਸ਼ਬਦ ਦੀ ਇਹ ਜੋ ਪਰਿਭਾਸ਼ਾ ਕੀਤੀ ਹੈ, ਇਹ ਉਦਾਰਤਾਪੂਰਨ ਤਾਂ ਹੈ ਹੀ, ਵਿਦੇਸ਼ੀਆਂ ਦੇ ਨਜ਼ਰੀਏ ’ਚ ਇਹ ਪੂਰੀ ਤਰ੍ਹਾਂ ਸੱਚ ਵੀ ਹੈ। ਮੈਂ ਜਦੋਂ ਚੀਨ ਦੇ ਪਿੰਡਾਂ ’ਚ ਜਾਇਆ ਕਰਦਾ ਸੀ ਤਾਂ ਚੀਨੀ ਲੋਕ ਮੈਨੂੰ ‘ਇੰਦੁਰੈਨ’ ਕਿਹਾ ਕਰਦੇ ਸਨ ਭਾਵ ਹਿੰਦੂ ਆਦਮੀ! ਅਫਗਾਨਿਸਤਾਨ ਅਤੇ ਈਰਾਨ ’ਚ ਮੈਂ ਕਿਸੇ ਵੀ ਆਦਮੀ ਨੂੰ ‘ਭਾਰਤ’ ਜਾਂ ‘ਇੰਡੀਆ’ ਕਹਿੰਦੇ ਹੋਏ ਨਹੀਂ ਸੁਣਿਆ। ਉਹ ਹਮੇਸ਼ਾ ਭਾਰਤ ਨੂੰ ਹਿੰਦੁਸਥਾਨ ਜਾਂ ਹਿੰਦੁਸਤਾਨ ਹੀ ਕਹਿੰਦੇ ਹਨ, ਭਾਵ ਹਿੰਦੂਆਂ ਦਾ ਸਥਾਨ! ਅਫਗਾਨ ਅਤੇ ਈਰਾਨੀ ਵਿਦਵਾਨਾਂ ਦੇ ਮੂੰਹੋਂ ਮੈਂ ‘ਆਰੀਆਵਰਤ’ ਸ਼ਬਦ ਵੀ ਭਾਰਤ ਲਈ ਸੁਣਿਆ ਹੈ।

ਸੱਚਾਈ ਤਾਂ ਇਹ ਹੈ ਕਿ ਕਿਸੇ ਵੀ ਭਾਰਤੀ ਪ੍ਰਾਚੀਨ ਸੰਸਕ੍ਰਿਤ ਗ੍ਰੰਥ ’ਚ ਮੈਂ ਹਿੰਦੂ ਸ਼ਬਦ ਨਹੀਂ ਪੜ੍ਹਿਆ ਹੈ। ਵੇਦ, ਉਪਨਿਸ਼ਦ, ਦਰਸ਼ਨ, ਰਾਮਾਇਣ, ਮਹਾਭਾਰਤ ਆਦਿ ਕਿਸੇ ਧਰਮਗ੍ਰੰਥ ’ਚ ਹਿੰਦੂ ਸ਼ਬਦ ਨਹੀਂ ਹੈ। ਇਹ ਹਿੰਦੂ ਸ਼ਬਦ ਵੀ ਮੈਨੂੰ ਵਿਦੇਸ਼ੀ ਮੁਸਲਮਾਨਾਂ ਦਾ ਦਿੱਤਾ ਹੋਇਆ ਹੈ। ਇਸ ਦਾ ਸਿੱਧਾ-ਸਿੱਧਾ ਭਾਵ ਇਹ ਹੈ ਕਿ ਸਿੰਧੂ ਨਦੀ ਦੇ ਆਰ-ਪਾਰ ਜੋ ਵੀ ਰਹਿੰਦਾ ਹੈ ਉਹ ਹਿੰਦੂ ਹੈ। ਫਾਰਸੀ ਭਾਸ਼ਾ ’ਚ ਸਾਡੇ ‘ਸ’ ਦਾ ਉਚਾਰਨ ‘ਹ’ ਹੁੰਦਾ ਹੈ ਜਿਵੇਂ ਸਪਤਾਹ ਦਾ ਹਫਤਾ। ਇਸ ਨਜ਼ਰੀਏ ਤੋਂ ਜੋ ਵੀ ਭਾਰਤ ਦਾ ਨਾਗਰਿਕ ਹੈ, ਉਹ ਹਿੰਦੂ ਹੈ।

ਇਹ ਠੀਕ ਹੈ ਕਿ ਹਿੰਦੂ ਦੀ ਇਹ ਵਿਆਪਕ ਅਤੇ ਉਦਾਰ ਪਰਿਭਾਸ਼ਾ ਸਾਵਰਕਰ ਨੂੰ ਪ੍ਰਵਾਨ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਨੇ ਆਪਣੇ ਪ੍ਰਸਿੱਧ ਗ੍ਰੰਥ ‘ਹਿੰਦੂਤਵ’ ’ਚ ਲਿਖਿਆ ਹੈ ਕਿ ਹਿੰਦੂ ਉਹੀ ਹੈ, ਜਿਸ ਦੀ ਪਿਤਰਭੂਮੀ ਅਤੇ ਪੁੰਨਭੂਮੀ ਦੋਵੇਂ ਹੀ ਭਾਰਤ ਹੋਵੇ ਭਾਵ ਭਾਰਤੀ ਮੁਸਲਮਾਨਾਂ ਦੀ ਪੁੰਨਭੂਮੀ ਮੱਕਾ-ਮਦੀਨਾ ਅਤੇ ਈਸਾਈਆਂ ਦੀ ਰੋਮ ਹੈ ਤਾਂ ਉਹ ਹਿੰਦੂ ਕਿਵੇਂ ਅਖਵਾ ਸਕਦੇ ਹਨ? ਸਾਵਰਕਰ ਨੇ ਇਹ ਉਨ੍ਹੀਂ ਦਿਨੀਂ ਲਿਖਿਆ ਸੀ ਜਦੋਂ ਮੁਸਲਿਮ ਲੀਗ ਜ਼ੋਰਾਂ ’ਤੇ ਸੀ ਅਤੇ ਖਿਲਾਵਤ ਅੰਦੋਲਨ ਆਪਣੇ ਸਿਖਰ ’ਤੇ ਸੀ।

ਹੁਣ ਪਿਛਲੇ 100 ਸਾਲਾਂ ’ਚ ਦੁਨੀਆ ਕਾਫੀ ਬਦਲ ਗਈ ਹੈ। ਲੋਕਾਂ ਨੂੰ ਇਕ-ਦੂਸਰੇ ਦੇਸ਼ਾਂ ਦੀ ਅਸਲੀਅਤ ਦਾ ਪਤਾ ਬਰਾਬਰ ਲੱਗਦਾ ਰਹਿੰਦਾ ਹੈ। ਹੁਣ ਕੌਣ ਭਾਰਤੀ ਮੁਸਲਮਾਨ ਭਾਰਤ ਛੱਡ ਕੇ ਮੱਕਾ-ਮਦੀਨਾ ’ਚ ਰਹਿਣਾ ਚਾਹੇਗਾ ਅਤੇ ਕਿਹੜਾ ਈਸਾਈ ਰੋਮ ’ਚ ਵਸਣਾ ਚਾਹੇਗਾ? ਜਿਹੜੇ ਲੋਕ ਦੇਸ਼ ਦੀ ਵੰਡ ਸਮੇਂ ਭਾਰਤ ਨੂੰ ਛੱਡ ਕੇ ਪਾਕਿਸਤਾਨ ਚਲੇ ਗਏ ਸਨ, ਉਨ੍ਹਾਂ ਨੂੰ ਵੀ ਕਰਾਚੀ, ਲਾਹੌਰ ਅਤੇ ਇਸਲਾਮਾਬਾਦ ’ਚ ਪਛਤਾਉਂਦੇ ਹੋਏ ਦੇਖਿਆ ਹੈ।

ਅਸਲ ’ਚ ਭਾਰਤੀ ਮੁਸਲਮਾਨ ਤਾਂ ‘ਹਿੰਦੂ ਮੁਸਲਮਾਨ’ ਹੀ ਹਨ। ਉਨ੍ਹਾਂ ਨੂੰ ਅਰਬ ਦੇਸ਼ਾਂ ’ਚ ਹਿੰਦੀ ਜਾਂ ‘ਹਿੰਦਵੀ’ ਹੀ ਕਿਹਾ ਜਾਂਦਾ ਹੈ। ਭਾਰਤੀ ਮੁਸਲਮਾਨਾਂ ਦੀਆਂ ਧਮਨੀਆਂ ’ਚ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਉੱਤਮ ਭਾਰਤੀ ਸੱਭਿਆਚਾਰ ਹੀ ਵਹਿ ਰਿਹਾ ਹੈ। ਇਸ ਲਈ ਮੈਂ ਉਨ੍ਹਾਂ ਨੂੰ ਦੁਨੀਆ ਦਾ ਸਰਵੋਤਮ ਮੁਸਲਮਾਨ ਕਹਿੰਦਾ ਹੈ। ਉਹ ਆਪਣੇ ਆਚਰਣ ਨਾਲ ਇਹ ਸਿੱਧ ਕਰਨ ਅਤੇ ਕੱਟੜਵਾਦ ਦਾ ਪਸਾਰਾ ਨਾ ਕਰਨ, ਇਹ ਜ਼ਰੂਰੀ ਹੈ।

ਹਿੰਦੂ ਸ਼ਬਦ ਇੰਨਾ ਵਿਆਪਕ ਅਤੇ ਉਦਾਰ ਹੈ ਕਿ ਇਸ ’ਚ ਦੁਨੀਆ ਦਾ ਕੋਈ ਵੀ ਧਰਮ, ਕੋਈ ਵੀ ਜਾਤੀ, ਕੋਈ ਵੀ ਕਬੀਲਾ ਸਮਾ ਸਕਦਾ ਹੈ, ਜੋ ਵੀ ਭਾਰਤੀ ਹੈ, ਉਹ ਹਿੰਦੂ ਹੈ।


Bharat Thapa

Content Editor

Related News