ਡਾ. ਅੰਬੇਡਕਰ ਦੇ ਸੁਭਾਵਿਕ ਸਾਥੀ ਕੌਣ?
Thursday, Jan 02, 2025 - 05:14 PM (IST)
ਆਜ਼ਾਦੀ ਪਿੱਛੋਂ ਭਾਰਤੀ ਸਿਆਸਤ ਦੇ ਘਟਦੇ ਪ੍ਰਭਾਵ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਰਾਮਜੀ ਅੰਬੇਡਕਰ (1891-1956) ਦੀ ਵਧਦੀ ਹਰਮਨ-ਪਿਆਰਤਾ ਦਰਮਿਆਨ ਕੀ ਕੋਈ ਸਬੰਧ ਹੈ? ਬਾਬਾ ਸਾਹਿਬ ਨਾਲ ਨਫਰਤ ਕਰਨ ਵਾਲੇ ਕੌਣ ਸਨ ਅਤੇ ਉਹ ਕਿਸ ਦੇ ਸਭ ਤੋਂ ਵੱਧ ਨੇੜੇ ਸਨ?
20ਵੀਂ ਸਦੀ ਦੇ ਸਭ ਤੋਂ ਵੱਡੇ ਭਾਰਤੀ ਸਮਾਜ ਸੁਧਾਰਕ ਡਾ. ਅੰਬੇਡਕਰ ਨੂੰ ਉਨ੍ਹਾਂ ਦੇ ਜੀਵਨ ਦੇ ਅੰਤਿਮ ਪੜਾਅ ’ਚ ਸਿਆਸੀ ਹਾਸ਼ੀਏ ’ਤੇ ਕਿਸ ਨੇ ਧੱਕਿਆ? ਅਜਿਹੇ ਕਈ ਸਵਾਲ ਹਨ, ਜੋ ਹਾਲੀਆ ਘਟਨਾਕ੍ਰਮ, ਖਾਸ ਕਰ ਕੇ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਪਾਰਟੀ ਦਰਮਿਆਨ ਸਿਆਸੀ ਖਿੱਚੋਤਾਣ (ਝੜਪ ਸਮੇਤ) ਦੇ ਕਾਰਨ ਇਕਦਮ ਪ੍ਰਸੰਗਿਕ ਹੋ ਗਏ ਹਨ।
ਡਾ. ਅੰਬੇਡਕਰ ਬਦਲਾਅ, ਤਰਕਸ਼ੀਲਤਾ ਅਤੇ ਸਮਾਜਿਕ ਨਿਆਂ ਦਾ ਪ੍ਰਤੀਕ ਹੈ ਪਰ ਉਨ੍ਹਾਂ ਦੀ ਵਿਰਾਸਤ ਨੂੰ ਹੜੱਪਣ ਦੀ ਕੋਸ਼ਿਸ਼ ’ਚ ਕਾਂਗਰਸ ਸਿਆਸੀ-ਵਿਚਾਰਕ ਘੁੰਮਣਘੇਰੀ ’ਚ ਫਸ ਗਈ ਹੈ। ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਡਾ. ਅੰਬੇਡਕਰ ਦਾ ਨਿਰਾਦਰ (1952 ਦੀਆਂ ਚੋਣਾਂ ਸਮੇਤ) ਬਾਰੇ ਸਾਰਿਆਂ ਨੂੰ ਪਤਾ ਹੈ ਅਤੇ ਜਨਤਕ ਹੈ। ਉਨ੍ਹਾਂ ਨੇ ਬਾਬਾ ਸਾਹਿਬ ਨੂੰ ਖਲਨਾਇਕ ਵਜੋਂ ਪੇਸ਼ ਕਰਨ ਅਤੇ ਭਾਰਤੀ ਜਨਤਕ ਜੀਵਨ ’ਚ ਉਨ੍ਹਾਂ ਦੇ ਯੋਗਦਾਨ ਨੂੰ ਮਿਟਾਉਣ ਦਾ ਹਰ ਸੰਭਵ ਯਤਨ ਕੀਤਾ।
ਮਿਸਾਲ ਦੇ ਤੌਰ ’ਤੇ ਪ੍ਰਧਾਨ ਮੰਤਰੀ ਵਜੋਂ ਪੰ. ਨਹਿਰੂ ਨੇ 1955 ’ਚ ਖੁਦ ਨੂੰ ਭਾਰਤ ਰਤਨ ਦੇਣ ’ਚ ਕੋਈ ਹਿਚਕਚਾਹਟ ਨਹੀਂ ਦਿਖਾਈ, ਜਦੋਂਕਿ ਡਾ. ਅੰਬੇਡਕਰ ਨੂੰ ਇਸ ਸਨਮਾਨ ਲਈ 35 ਸਾਲ ਦੀ ਉਡੀਕ ਕਰਨੀ ਪਈ। ਇਸ ਸਮੇਂ ਦੌਰਾਨ ਜ਼ਿਆਦਾਤਰ ਸਮਾਂ ਕਾਂਗਰਸ ਦੀ ਹੀ ਸਰਕਾਰ ਸੀ। ਸਾਲ 1990 ’ਚ ਤਤਕਾਲੀ ਵੀ. ਪੀ. ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਿਸ ਨੂੰ ਉਸ ਵੇਲੇ ਭਾਜਪਾ ਅਤੇ ਖੱਬੇਪੱਖੀ ਪਾਰਟੀਆਂ ਦੀ ਬਾਹਰੀ ਹਮਾਇਤ ਪ੍ਰਾਪਤ ਸੀ, ਨੇ ਇਸ ਇਤਿਹਾਸਕ ਕਲੰਕ ਨੂੰ ਮਿਟਾਇਆ। ਉਸ ਸਮੇਂ ਸਰਕਾਰ ਨੇ ਸੰਸਦ ਦੇ ਕੇਂਦਰੀ ਹਾਲ ’ਚ ਬਾਬਾ ਸਾਹਿਬ ਦਾ ਚਿੱਤਰ ਵੀ ਸਥਾਪਿਤ ਕੀਤਾ।
ਅਸਲ ’ਚ ਡਾ. ਅੰਬੇਡਕਰ ਅਤੇ ਹਿੰਦੂਤਵ ਅੰਦੋਲਨ ਇਕ-ਦੂਸਰੇ ਦੇ ਪੂਰਕ ਹਨ। ਬਾਬਾ ਸਾਹਿਬ ‘ਹਿੰਦੂਤਵ’ ਸ਼ਬਦ ਦੀ ਵਰਤੋਂ ਵਾਲੇ ਪਹਿਲੇ ਲੋਕਾਂ ’ਚੋਂ ਇਕ ਸਨ। ਸਾਲ 1916 ’ਚ ਉਨ੍ਹਾਂ ਨੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਗਰਾਮ ’ਚ ਇਕ ਦਸਤਾਵੇਜ਼ ਪੇਸ਼ ਕੀਤਾ ਸੀ ਜਿਸ ਅਨੁਸਾਰ ਇਹ ਸੱਭਿਆਚਾਰ ਦੀ ਏਕਤਾ ਹੀ ਹੈ, ਜੋ ਬਰਾਬਰੀ ਦਾ ਆਧਾਰ ਹੈ। ਮੈਂ ਕਹਿੰਦਾ ਹਾਂ ਕਿ ਕੋਈ ਵੀ ਦੇਸ਼, ਭਾਰਤੀ ਉਪ-ਮਹਾਦੀਪ ਦੀ ਸੱਭਿਆਚਾਰਕ ਏਕਤਾ ਨਾਲ ਮੁਕਾਬਲਾ ਨਹੀਂ ਕਰ ਸਕਿਆ।
ਇਸ ’ਚ ਨਾ ਸਿਰਫ ਭੂਗੋਲਿਕ ਏਕਤਾ ਹੈ, ਸਗੋਂ ਇਸ ਤੋਂ ਵੀ ਕਿਤੇ ਵੱਧ ਡੂੰਘੀ ਅਤੇ ਬੁਨਿਆਦੀ ਇਕਜੁੱਟਤਾ ਹੈ ਜੋ ਪੂਰੇ ਦੇਸ਼ ਨੂੰ ਇਕ ਸਿਰੇ ਤੋਂ ਲੈ ਕੇ ਦੂਜੇ ਤਕ ਜੋੜਦੀ ਹੈ। ਸਾਲ 1927 ’ਚ ਮੰਦਰ ਪ੍ਰਵੇਸ਼ ਦੇ ਮੁੱਦੇ ’ਤੇ ਡਾ. ਅੰਬੇਡਕਰ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਹਿੰਦੂਤਵ ਜਿੰਨਾ ਕੁ ਸਪਰਸ਼ (ਟੱਚਏਬਲ) ਹਿੰਦੂਆਂ ਦਾ ਹੈ, ਓਨਾ ਹੀ ਅਛੂਤ (ਅਨਟੱਚਏਬਲ) ਹਿੰਦੂਆਂ ਦਾ ਵੀ ਹੈ।
ਹਿੰਦੂਤਵ ਦੇ ਵਿਕਾਸ ਅਤੇ ਸ਼ਾਨ ’ਚ ਵਾਲਮੀਕਿ, ਵਿਆਧਗੀਤਾ, ਚੋਖਾਮੇਲਾ ਅਤੇ ਰੋਹਿਦਾਸ ਵਰਗੇ ਅਛੂਤਾਂ ਦਾ ਯੋਗਦਾਨ ਓਨਾ ਹੀ ਅਹਿਮ ਹੈ, ਜਿੰਨਾ ਕਿ ਉੱਚ ਵਰਗਾਂ ਜਿਵੇਂ ਬ੍ਰਾਹਮਣਾਂ, ਕ੍ਰਿਸ਼ਨ ਵਰਗੇ ਖੱਤਰੀਆਂ, ਹਰਸ਼ ਵਰਗੇ ਵੈਸ਼ਾਂ ਅਤੇ ਤੁਕਾਰਾਮ ਵਰਗੇ ਸ਼ੂਦਰਾਂ ਦਾ।
ਵੀਰ ਸਾਵਕਰ ਪ੍ਰਤੀ ਕਾਂਗਰਸ ਦੀ ਹੀਣ-ਭਾਵਨਾ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਸੱਚ ਤਾਂ ਇਹ ਹੈ ਕਿ ਵੀਰ ਸਾਵਰਕਰ ਅਤੇ ਡਾ. ਅੰਬੇਡਕਰ ਦੋਵੇਂ ਇਕੋ ਹੀ ਸਿੱਕੇ ਦੇ 2 ਪਹਿਲੂ ਹਨ। ਕਈ ਮੌਕਿਆਂ ’ਤੇ ਸਾਵਰਕਰ ਵੱਲੋਂ ਕੀਤੇ ਗਏ ਸਮਾਜਿਕ ਸੁਧਾਰਾਂ ਦੀ ਡਾ. ਅੰਬੇਡਕਰ ਖੁੱਲ੍ਹ ਕੇ ਸ਼ਲਾਘਾ ਕਰ ਚੁੱਕੇ ਸਨ।
ਸਾਲ 1933 ’ਚ ਆਪਣੇ ਮੈਗਜ਼ੀਨ ‘ਜਨਤਾ’ ਦੇ ਵਿਸ਼ੇਸ਼ ਅੰਕ ’ਚ ਬਾਬਾ ਸਾਹਿਬ ਨੇ ਸਾਵਰਕਰ ਦੀ ਸ਼ਲਾਘਾ ਕਰਦੇ ਹੋਏ ਦਲਿਤਾਂ ਦੀ ਬਿਹਤਰੀ ’ਚ ਉਨ੍ਹਾਂ ਦੇ ਯੋਗਦਾਨ ਨੂੰ ਗੌਤਮ ਬੁੱਧ ਦੇ ਯੋਗਦਾਨ ਜਿੰਨਾ ਫੈਸਲਾਕੁੰਨ ਅਤੇ ਮਹਾਨ ਦੱਸਿਆ ਸੀ।
ਵੀਰ ਸਾਵਰਕਰ ਦਾ ਡਾ. ਅੰਬੇਡਕਰ ਪ੍ਰਤੀ ਨਜ਼ਰੀਆ ਕਿਹੋ ਜਿਹਾ ਸੀ, ਇਸ ’ਤੇ ਡਾ. ਅੰਬੇਡਕਰ ਦੀ ਜੀਵਨੀ ਲਿਖਣ ਵਾਲੇ ਧਨੰਜਯ ਕੀਰ ਨੇ ਆਪਣੀ ਪੁਸਤਕ ’ਚ ਲਿਖਿਆ ਸੀ ਕਿ ਉਹ ਇਕ ਆਗੂ ਜੋ ਨਿਡਰਤਾ ਅਤੇ ਪੂਰੀ ਈਮਾਨਦਾਰੀ ਨਾਲ ਡਾ. ਅੰਬੇਡਕਰ ਦੇ ਸੰਘਰਸ਼ ਦੀ ਹਮਾਇਤ ਕਰਦੇ ਸਨ, ਉਹ ਸਾਵਰਕਰ ਸਨ।
ਡਾ. ਅੰਬੇਡਕਰ ਹੋਰ ਹਿੰਦੂ ਆਗੂ ਜਿਵੇਂ ਸਵਾਮੀ ਸ਼ਰਧਾਨੰਦ ਦੇ ਵੀ ਵੱਡੇ ਪ੍ਰਸ਼ੰਸਕ ਸਨ ਅਤੇ ਦਲਿਤਾਂ ਦੀ ਬਿਹਤਰੀ ’ਚ ਉਨ੍ਹਾਂ ਦੇ ਯੋਗਦਾਨਾਂ ਦੀ ਖੁੱਲ੍ਹ ਕੇ ਸ਼ਲਾਘਾ ਵੀ ਕਰਦੇ ਸਨ। ਸਵਾਮੀ ਸ਼ਰਧਾਨੰਦ ਦਾ ਮੰਨਣਾ ਸੀ ਕਿ ਜਾਤੀਵਾਦ ਦਾ ਅੰਤ ਹਿੰਦੂ ਏਕਤਾ ਲਈ ਜ਼ਰੂਰੀ ਸ਼ਰਤ ਹੈ।
ਡਾ. ਅੰਬੇਡਕਰ ਨੇ ਸਵਾਮੀ ਸ਼ਰਧਾਨੰਦ ਦਾ ‘ਅਛੂਤਾਂ ਦੇ ਸਭ ਤੋਂ ਮਹਾਨ ਅਤੇ ਈਮਾਨਦਾਰ ਹਮਾਇਤੀ’ ਵਜੋਂ ਜ਼ਿਕਰ ਕੀਤਾ ਸੀ, ਜਿਨ੍ਹਾਂ ਦੀ 1926 ’ਚ ਇਕ ਜੇਹਾਦੀ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਡਾ. ਅੰਬੇਡਕਰ ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਵੀ ਸੰਪਰਕ ’ਚ ਰਹੇ। ਸਾਲ 1939 ’ਚ ਉਨ੍ਹਾਂ ਨੂੰ ਪੁਣੇ ’ਚ ਇਕ ਆਰ. ਐੱਸ. ਐੱਸ. ਟ੍ਰੇਨਿੰਗ ਕੈਂਪ ’ਚ ਰਸਮੀ ਤੌਰ ’ਤੇ ਸੱਦਿਆ ਗਿਆ ਸੀ, ਜਿਥੇ ਉਨ੍ਹਾਂ ਨੇ ਸੰਘ ਸੰਸਥਾਪਕ ਡਾ. ਕੇਸ਼ਵਰਾਵ ਬਲਿਰਾਮ ਹੇਡਗੇਵਾਰ ਨਾਲ ਵੀ ਮੁਲਾਕਾਤ ਕੀਤੀ ਸੀ।
ਤਦ ਡਾ. ਅੰਬੇਡਕਰ ਇਹ ਦੇਖ ਕੇ ਸੰਤੁਸ਼ਟ ਹੋਏ ਸਨ ਕਿ ਸ਼ਾਖਾ ’ਚ ਜਾਤੀਵਾਦ ਦੇ ਆਧਾਰ ’ਤੇ ਕੋਈ ਭੇਦਭਾਵ ਨਹੀਂ ਹੈ। ਇਸੇ ਤਰ੍ਹਾਂ ਸਾਲ 1949 ’ਚ ਸੰਘ ਦੇ ਦੂਜੇ ਸਰਸੰਘਚਾਲਕ ਮਾਧਵ ਸਦਾਸ਼ਿਵ ਗੋਲਵਲਕਰ (ਗੁਰੂ ਜੀ) ਨੇ ਦਿੱਲੀ ’ਚ ਡਾ.ਅੰਬੇਡਕਰ ਨਾਲ ਮੁਲਾਕਾਤ ਕੀਤੀ ਸੀ ਅਤੇ ਗਾਂਧੀ ਜੀ ਦੀ ਬੇਰਹਿਮ ਹੱਤਿਆ ਪਿੱਛੋਂ ਕਾਂਗਰਸ ਸਰਕਾਰ ਵੱਲੋਂ ਲਾਈ ਗਈ ਪਾਬੰਦੀ ਨੂੰ ਹਟਾਉਣ ’ਚ ਮਦਦ ਕਰਨ ’ਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ ਸੀ। ਇਹੀ ਨਹੀਂ, 1954 ਦੀਆਂ ਜ਼ਿਮਨੀ ਚੋਣਾਂ ’ਚ ਤਤਕਾਲੀ ਨੌਜਵਾਨ ਸੰਘ ਪ੍ਰਚਾਰਕ ਦੱਤੋਪੰਤ ਠੇਂਗੜੀ ਡਾ. ਅੰਬੇਡਕਰ ਦੇ ਚੋਣ ਏਜੰਟ ਸਨ। ਆਪਣੀ ਕਿਤਾਬ ‘ਡਾ. ਅੰਬੇਡਕਰ ਅਤੇ ਸਮਾਜਿਕ ਕ੍ਰਾਂਤੀ ਦੀ ਯਾਤਰਾ’ ਵਿਚ ਠੇਂਗੜੀ ਨੇ ਇਸ ਤਜਰਬੇ ਨੂੰ ਸਾਂਝਾ ਕੀਤਾ ਸੀ। ਹੋਰ ਰਾਸ਼ਟਰਵਾਦੀਆਂ ਵਾਂਗ ਡਾ. ਅੰਬੇਡਕਰ ਵੀ ਕਮਿਊਨਿਜ਼ਮ ਨੂੰ ਭਾਰਤੀ ਜਮਹੂਰੀਅਤ ਅਤੇ ਬਹੁਲਤਾਵਾਦ ਲਈ ਖਤਰਾ ਮੰਨਦੇ ਸਨ। ਧਰਮ ਤਬਦੀਲੀ ਦੇ ਮੁੱਦੇ ’ਤੇ ਵੀ ਡਾ. ਅੰਬੇਡਕਰ ਅਤੇ ਹਿੰਦੂਤਵ ਆਗੂਆਂ ਦਾ ਨਜ਼ਰੀਆ ਇਕੋ ਜਿਹਾ ਸੀ।
ਇਸ ਵਿਸ਼ੇ ’ਤੇ ਬਾਬਾ ਸਾਹਿਬ ਦਾ ਵਿਚਾਰ ਸੀ ਕਿ ਧਰਮ ਤਬਦੀਲੀ ਨਾਲ ਦੇਸ਼ ਲਈ ਕੀ ਨਤੀਜੇ ਹੋਣਗੇ, ਇਹ ਧਿਆਨ ’ਚ ਰੱਖਣਾ ਬਹੁਤ ਜ਼ਰੂਰੀ ਹੈ। ਇਸਲਾਮ ਜਾਂ ਈਸਾਈ ਧਰਮ ’ਚ ਤਬਦੀਲੀ ਅਛੂਤ ਵਰਗਾਂ ਨੂੰ ਰਾਸ਼ਟਰੀਕਰਨ ਤੋਂ ਵਾਂਝੇ ਕਰ ਦੇਵੇਗਾ।
ਜੇ ਉਹ ਇਸਲਾਮ ਧਰਮ ਅਪਣਾਉਂਦੇ ਹਨ ਤਾਂ ਮੁਸਲਮਾਨਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ ਅਤੇ ਮੁਸਲਿਮ ਦਬਦਬੇ ਦਾ ਖਤਰਾ ਵੀ ਅਸਲੀ ਹੋਵੇਗਾ। ਜੇਕਰ ਉਹ ਈਸਾਈਅਤ ਅਪਣਾਉਂਦੇ ਹਨ ਤਾਂ ਈਸਾਈਆਂ ਦੀ ਸੰਖਿਆਤਮਕ ਤਾਕਤ 5 ਤੋਂ 6 ਕਰੋੜ ਹੋ ਜਾਵੇਗੀ ਅਤੇ ਇਸ ਨਾਲ ਬਰਤਾਨਵੀ ਰਾਜ ਨੂੰ ਮਦਦ ਮਿਲੇਗੀ।
ਅਸਲ ’ਚ ਡਾ. ਅੰਬੇਡਕਰ ਦੀ ਪਾਕਿਸਤਾਨ, ਇਸਲਾਮ, ਆਰੀਆ ਹਮਲਾ ਸਿਧਾਂਤ ਅਤੇ ਜਨਜਾਤੀਆਂ ਦੀ ਸਥਿਤੀ ਆਦਿ ਵਿਸ਼ਿਆਂ ’ਤੇ ਰਾਇ, ਉਨ੍ਹਾਂ ਨੂੰ ਅਤੇ ਹਿੰਦੂਤਵ ਹਮਾਇਤੀਆਂ ਨੂੰ ਇਕ ਸੂਤਰ ’ਚ ਬੰਨ੍ਹਦੀ ਹੈ। ਹਿੰਦੂ ਸਮਾਜ ’ਚ ਫੈਲੀਆਂ ਕੁਰੀਤੀਆਂ ਤੋਂ ਡਾ. ਅੰਬੇਡਕਰ ਬੇਚੈਨ ਸਨ ਪਰ ਉਹ ਇਸ ਲਈ ਇਬਰਾਹੀਮੀ ਧਰਮਾਂ ਨੂੰ ਬਦਲ ਨਹੀਂ ਮੰਨਦੇ ਸਨ। ਆਪਣੀ ਮੌਤ ਤੋਂ ਠੀਕ 53 ਦਿਨ ਪਹਿਲਾਂ, 14 ਅਕਤੂਬਰ 1956 ਨੂੰ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨਾਲ ਬੋਧੀ ਪ੍ਰੰਪਰਾ ਨੂੰ ਸਵੀਕਾਰ ਕੀਤਾ।
ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਲੋਕ ਸਨਾਤਨ ਸੱਭਿਆਚਾਰ ਕਦੀ ਨਾ ਛੱਡਣ ਅਤੇ ਉਸ ਦੀਆਂ ਬਹੁਲਤਾਵਾਦੀ-ਉਦਾਰਵਾਦੀ ਜੀਵਨ ਸਬੰਧੀ ਕਦਰਾਂ-ਕੀਮਤਾਂ ਦੀ ਸਰਪ੍ਰਸਤੀ ’ਚ ਰਹਿਣ। ਇਹ ਬਦਕਿਸਮਤੀ ਹੈ ਕਿ ਆਪੇ ਬਣੇ ਅੰਬੇਡਕਰਵਾਦੀਆਂ ਅਤੇ ਡਾ.ਅੰਬੇਡਕਰ ਦੇ ਨਾਂ ’ਤੇ ਸਿਆਸਤ ਕਰਨ ਵਾਲੇ ਕੁਝ ਸਮੂਹ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਭਾਰਤ ਵਿਰੋਧੀ (ਇੰਜੀਲਵਾਦੀ-ਬਸਤੀਵਾਦੀ-ਜੇਹਾਦੀ ਸਮੇਤ) ਸ਼ਕਤੀਆਂ ਦੀ ਕਠਪੁਤਲੀ ਬਣ ਗਏ ਹਨ, ਜੋ ਭਾਰਤੀ ਸਮਾਜ ’ਚ ਕੁਰੀਤੀਆਂ ਨੂੰ ਸੁਧਾਰਨਾ ਨਹੀਂ, ਸਗੋਂ ਉਨ੍ਹਾਂ ਦੀ ਵਰਤੋਂ ਆਪਣੇ ਅੰਦਰੂਨੀ ਏਜੰਡੇ ਦੀ ਪੂਰਤੀ ਲਈ ਕਰਨਾ ਚਾਹੁੰਦੀਆਂ ਹਨ।
ਬਲਬੀਰ ਪੁੰਜ