ਕਿਸ ਨੇ ਕਿਸ ਪਾਰਟੀ ਨੂੰ ਕੀ ਯੋਗਦਾਨ ਦਿੱਤਾ ਅਤੇ ਕਿਉਂ

Friday, Mar 22, 2024 - 06:44 PM (IST)

ਕੀ ਲਾਟਰੀ ਕਿੰਗ ਸੈਂਟਿਆਗੋ ਮਾਰਟਿਨ, ਚੋਣ ਬਾਂਡ ਦੇ ਸਾਹਮਣੇ ਆਉਣ ਵਾਲੇ ਨਾਟਕ ’ਚ ਸਪੋਈਲਰ (ਵਿਗਾੜਣ ਵਾਲਾ) ਦੀ ਭੂਮਿਕਾ ਨਿਭਾਏਗਾ? ਅਸੀਂ ਇਸ ਬਾਰੇ ਹੋਰ ਖੁਲਾਸੇ ਦੀ ਉਡੀਕ ਕਰ ਰਹੇ ਹਾਂ ਕਿ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਵੱਡੇ ਸਾਰੇ ਦਾਨ ਨੂੰ ਕਿਥੇ ਮੰਜ਼ਿਲ ਮਿਲੀ। ਕੀ ਐੱਸ. ਬੀ. ਆਈ. ਉਨ੍ਹਾਂ ਲੋਕਾਂ ਨਾਲ ਖਿਲਵਾੜ ਕਰ ਰਿਹਾ ਹੈ ਜੋ ਅਧਿਕਾਰ ’ਚ ਹਨ ਅਤੇ ਜਾਣਬੁੱਝ ਕੇ ਬਾਂਡ ’ਤੇ ਵਿਲੱਖਣ ਅਲਫਾ-ਨਿਊਮੈਰਿਕ ਕੋਡ ਨੰਬਰਾਂ ਦੇ ਪ੍ਰਕਾਸ਼ਨ ’ਚ ਦੇਰੀ ਕਰ ਰਹੇ ਹਨ ਜੋ ਲਾਭਵੰਦ ਹੋਣ ਵਾਲਿਆਂ ਦੀ ਪਛਾਣ ਕਰਨਗੇ?

ਐੱਸ. ਬੀ. ਆਈ. ਵੱਲੋਂ ਈ. ਸੀ. ਆਈ. ਨੂੰ ਦਿੱਤੀ ਗਈ ਜਾਣਕਾਰੀ ਤੋਂ ਯਕੀਨੀ ਤੌਰ ’ਤੇ ਪਤਾ ਲੱਗਦਾ ਹੈ ਕਿ ਈ. ਡੀ. ਨੇ 23 ਸਤੰਬਰ, 2019 ਨੂੰ ਲਾਟਰੀ ਕਿੰਗ ਦੇ ਕੰਪਲੈਕਸ ’ਚ ਛਾਪਾ ਮਾਰਿਆ ਸੀ। 5 ਦਿਨ ਬਾਅਦ ਉਨ੍ਹਾਂ ਨੇ 190 ਕਰੋੜ ਰੁਪਏ ਦੇ ਚੋਣ ਬਾਂਡ ਦੀ ਪਹਿਲੀ ਖਰੀਦਦਾਰੀ ਕੀਤੀ। ਉਦੋਂ ਤੋਂ ਉਨ੍ਹਾਂ ਦੀ ਕੁੱਲ ਖਰੀਦਦਾਰੀ 1,368 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਲਾਟਰੀ ਕਿੰਗ ਨੂੰ ਸਿਆਸੀ ਪਾਰਟੀਆਂ ਨੂੰ ਆਪਣਾ ਰਿਣੀ ਕਿਉਂ ਰੱਖਣਾ ਪਿਆ?

ਸੈਂਟਿਆਗੋ ਮਾਰਟਿਨ ਚੋਣ ਬਾਂਡ ਦੇ ਸਭ ਤੋਂ ਵੱਡੇ ਖਰੀਦਦਾਰ ਹਨ। ਭਾਜਪਾ ਚੋਣ ਬਾਂਡ ਦੀ ਸਭ ਤੋਂ ਵੱਡੀ ਲਾਭਪਾਤਰੀ ਹੈ। ਇਸ ’ਚੋਂ ਕਿੰਨਾ ਹਿੱਸਾ ਸੈਂਟਿਆਗੋ ਮਾਰਟਿਨ ਵੱਲੋਂ ਦਾਨ ਕੀਤਾ ਗਿਆ ਸੀ ਅਤੇ ਕਿਸ ਇਰਾਦੇ ਨਾਲ? ਉਨ੍ਹਾਂ ਨੇ ਜੋ ਬਾਂਡ ਖਰੀਦੇ, ਉਨ੍ਹਾਂ ’ਚੋਂ ਸਭ ਤੋਂ ਵੱਡਾ ਹਿੱਸਾ ਦ੍ਰਮੁਕ ਦੇ ਐੱਮ. ਕੇ. ਸਟਾਲਿਨ ਨੂੰ ਗਿਆ। ਦ੍ਰਮੁਕ ਨੂੰ ਇਸ ਤੋਂ ਕੀ ਹਾਸਲ ਹੋਣ ਦੀ ਆਸ ਸੀ?

ਅਮਿਤ ਸ਼ਾਹ ਦਾ ਕਹਿਣਾ ਹੈ ਕਿ ਅਰਥਵਿਵਸਥਾ ’ਚ ਕਾਲੇ ਧਨ ਤੋਂ ਛੁਟਕਾਰਾ ਪਾਉਣ ਦੀ ਉਨ੍ਹਾਂ ਦੀ ਪਾਰਟੀ ਦੀ ਇੱਛਾ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਅਧੂਰੀ ਰਹਿ ਗਈ ਹੈ। ਵੋਟਰਾਂ ਨੂੰ ਦਾਨਦਾਤਿਆਂ ਦੀ ਪਛਾਣ ਅਤੇ ਹਰ ਇਕ ਦਾਨਕਰਤਾ ਵੱਲੋਂ ਸਮਰਥਿਤ ਸਿਆਸੀ ਪਾਰਟੀ ਦੀ ਪਛਾਣ ਕਰਨ ਦਾ ਅਧਿਕਾਰ ਹੈ। ਮੈਂ ਹੈਰਾਨ ਹਾਂ, ਚੋਣ ਬਾਂਡ ਇਸ ਟੀਚੇ ਨੂੰ ਹਾਸਲ ਕਰਨ ’ਚ ਕਿਵੇਂ ਮਦਦ ਕਰਦੇ ਹਨ?

ਜੇਕਰ ਕੋਈ ਸਿਆਸੀ ਪਾਰਟੀ ਆਪਣੇ ਘਰਾਂ ਦੀਆਂ ਛੱਤਾਂ ਤੋਂ ਰੌਲਾ ਪਾਉਂਦੀ ਹੈ ਕਿ ਉਹ ਕਾਲੇ ਧਨ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਅਸਲ ’ਚ ਇਸ ਦੇ ਉਲਟ ਇਕ ਅਜਿਹੀ ਵਿਧੀ ਤਿਆਰ ਕਰਦੀ ਹੈ ਜੋ ਵੋਟਰਾਂ ਨੂੰ ਦਾਨ ਦੇ ਸਰੋਤ ਬਾਰੇ ਹਨੇਰੇ ’ਚ ਰੱਖਦੀ ਹੈ, ਤਾਂ ਇਕ ਵੋਟਰ ਦੇ ਰੂਪ ’ਚ, ਮੈਂ ਯਕੀਨੀ ਤੌਰ ’ਤੇ ਅਜਿਹੀ ਬੇਭਰੋਸਗੀ ਵਾਲੀ ਪਾਰਟੀ ’ਤੇ ਨਾਰਾਜ਼ਗੀ ਪ੍ਰਗਟਾਵਾਂਗਾ।

ਉਪਨਾਮ ਮਾਰਟਿਨ, ਮਾਰਟਿਨਹੋ ਦਾ ਅੰਗਰੇਜ਼ੀ ਅੈਡੀਸ਼ਨ ਹੈ। ਇਹ ਕੋਈ ਦਿੱਤਾ ਗਿਆ ਨਾਂ ਵੀ ਹੋ ਸਕਦਾ ਹੈ। ਪੁਰਤਗਾਲੀਆਂ ਨੇ ਭਾਰਤ ਦੇ ਪੂਰਬੀ ਕੰਢੇ, ਬੰਗਾਲ ਅਤੇ ਤਾਮਿਲਨਾਡੂ ’ਚ ਕੁਝ ਪਰਿਵਾਰਾਂ ਦਾ ਧਰਮ ਤਬਦੀਲ ਕਰਵਾਇਆ। ਮੈਂ ਬੰਗਾਲ ’ਚ ਰੋਸਾਰੀਓ ਅਤੇ ਤਾਮਿਲਨਾਡੂ ’ਚ ਡਾਇਸ ਉਪਨਾਮ ਵਾਲੇ ਪਰਿਵਾਰਾਂ ਨੂੰ ਜਾਣਦਾ ਹਾਂ। ਇਸ ਬਹੁਤ ਸੀਨੀਅਰ ਤਮਿਲ ਆਈ. ਪੀ. ਐੱਸ. ਅਧਿਕਾਰੀ ਡਾਇਸ ਨੂੰ 70 ਦੇ ਦਹਾਕੇ ’ਚ ਰਾਸ਼ਟਰੀ ਪੁਲਸ ਅਕਾਦਮੀ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਸੀ। ਕੇਰਲ ਵਿਚ ਪੁਰਤਗਾਲੀਆਂ ਵੱਲੋਂ ਧਰਮ ਬਦਲੇ ਹੋਏ ਪਰਿਵਾਰਾਂ ਦੀ ਗਿਣਤੀ ਕਿਤੇ ਵੱਧ ਹੈ। ਉਨ੍ਹਾਂ ਨੂੰ ਸਥਾਨਕ ਤੌਰ ’ਤੇ ‘ਲੈਟਿਨ ਇਸਾਈ’ ਦੇ ਰੂਪ ’ਚ ਜਾਣਿਆ ਜਾਂਦਾ ਹੈ ਕਿਉਂਕਿ ਸਥਾਨਕ ਭਾਸ਼ਾ ਦੇ ਰੁਝਾਨ ਤੋਂ ਪਹਿਲਾਂ ਸਮੂਹਿਕ ਪ੍ਰਾਰਥਨਾ ਲੈਟਿਨ ’ਚ ਹੀ ਕੀਤੀ ਜਾਂਦੀ ਸੀ। ਇਹ ਸੇਵਾਵਾਂ ਕੇਰਲ ਦੇ ਪਹਿਲੇ ਇਸਾਈਆਂ, ਜਿਨ੍ਹਾਂ ਨੂੰ ਸੀਰੀਆਈ ਇਸਾਈ ਕਿਹਾ ਜਾਂਦਾ ਹੈ, ਦੇ ਦਰਮਿਆਨ ਸਿਰਿਏਕ ’ਚ ਹਨ।

ਉਨ੍ਹਾਂ ਦੇ ਨਾਂ ਦੀ ਪੈਦਾਇਸ਼ ਜੋ ਵੀ ਹੋਵੇ, ‘ਲਾਟਰੀ ਕਿੰਗ’, ਜੋ ਕੋਇੰਬਟੂਰ ਦੇ ਰਹਿਣ ਵਾਲੇ ਹਨ ਅਤੇ ਜਿਨ੍ਹਾਂ ਨੇ ਬਰਮਾ (ਮਿਆਂਮਾਰ) ’ਚ ਇਕ ਮਜ਼ਦੂਰ ਦੇ ਰੂਪ ’ਚ ਸ਼ੁਰੂਆਤ ਕੀਤੀ ਸੀ, ਹੁਣ ਨਕਦੀ ਦਾ ਧੰਦਾ ਚਲਾ ਰਹੇ ਹਨ। ਲਾਟਰੀ ਕਿੱਤਾ ਸਪੱਸ਼ਟ ਤੌਰ ’ਤੇ ਪੈਸੇ ਕਮਾਉਣ ਵਾਲਾ ਕਿੱਤਾ ਹੈ। ਭਾਜਪਾ ਗੇਮਿੰਗ ਤੋਂ ਹੋਣ ਵਾਲੀ ਸਾਰੀ ਕਮਾਈ ਨੂੰ ਪਾਪ ਦੱਸਦੀ ਹੈ। ਘੋੜ ਦੌੜ, ਜੋ ਹਜ਼ਾਰਾਂ ਨਾਗਰਿਕਾਂ ਨੂੰ ਰੋਜ਼ਗਾਰ ਦਿੰਦੀ ਹੈ, ਕਲੱਬ ਦੇ ਟੀ. ਓ. ਟੀ. ਈ. ’ਚ ਲਗਾਏ ਗਏ ਹਰੇਕ ਦਾਅ ’ਤੇ ਲਗਾਏ 28 ਫੀਸਦੀ ਜੀ. ਐੱਸ. ਟੀ. ਕਾਰਨ ਹੌਲੀ-ਹੌਲੀ ਖਤਮ ਹੋ ਰਹੀ ਹੈ।

ਕ੍ਰਿਕਟ ਮੈਚਾਂ ਦੇ ਨਤੀਜਿਆਂ ’ਤੇ ਸੱਟਾ ਲਾਉਣਾ ਹੁਣ ਆਦੀ ਹੋ ਚੁੱਕੇ ਇਕ ਜੁਆਰੀ ਲਈ ਆਮ ਗੱਲ ਹੋ ਗਈ ਹੈ। ਇਹ ਧੰਦਾ ਵਧ-ਫੁੱਲ ਰਿਹਾ ਹੈ, ਹਾਲਾਂਕਿ ਭਾਰਤ ਵਿਚ ਅਜਿਹਾ ਜੂਆ ਪੂਰੀ ਤਰ੍ਹਾਂ ਨਾਜਾਇਜ਼ ਹੈ। ਕੁਝ ਸ਼ਰਤਾਂ ਨਾਲ ਯੂ. ਕੇ. ’ਚ ਹਰ ਕਿਸਮ ਦੇ ਖੇਡ ਆਯੋਜਨਾਂ ’ਤੇ ਦਾਅ ਲਾਉਣ ਦੀ ਇਜਾਜ਼ਤ ਹੈ ਅਤੇ ਲਾਇਸੈਂਸ ਵੀ ਹੈ।

ਚੋਣ ਬਾਂਡ ਦੇ ਵਿਸ਼ੇ ’ਤੇ ਮੁੜਦੇ ਹੋਏ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਸਰਕਾਰ ਵੱਲੋਂ ਚਲਾਏ ਜਾ ਰਹੇ ਭਾਰਤੀ ਸਟੇਟ ਬੈਂਕ ਨੂੰ ਕਿਸੇ ਵੀ ਛੋਟ ਦੀ ਇਜਾਜ਼ਤ ਨਾ ਦੇਣ ਲਈ ਭਾਰਤ ਦੀ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਬਾਂਡ ਦੇ ਖਰੀਦਦਾਰਾਂ ਅਤੇ ਹਾਸਲ ਕਰਨ ਵਾਲਿਆਂ ਦੇ ਵੇਰਵੇ ਦਾ ਖੁਲਾਸਾ ਕਰਨ ਲਈ ਜੂਨ ਤੱਕ ਦਾ ਸਮਾਂ ਮੰਗਿਆ ਸੀ। ਜਦੋਂ ਬਾਂਡ ’ਤੇ ਵਿਲੱਖਣ ਅਲਫਾ-ਨਿਊਮੈਰਿਕ ਕੋਡ ਨੰਬਰ ਦਾ ਮਿਲਾਨ ਉਸ ਸਿਆਸੀ ਪਾਰਟੀ ਨਾਲ ਕੀਤਾ ਜਾਂਦਾ ਹੈ ਜਿਸ ਨੂੰ ਕਿਸੇ ਵਿਸ਼ੇਸ਼ ਦਾਨਕਰਤਾ ਦੀ ਦਿਆਲਤਾ ਤੋਂ ਲਾਭ ਹੋਇਆ ਹੈ, ਤਾਂ ਕਾਲੇ ਧਨ ਦੇ ਭਾਈਵਾਲ, ਜਿਸ ਬਾਰੇ ਅਮਿਤ ਸ਼ਾਹ ਪ੍ਰੇਸ਼ਾਨ ਹਨ, ਮੂਲ ਦੇ ਪਿੱਛੇ ਦੇ ਮਕਸਦ ਦੇ ਨਾਲ-ਨਾਲ ਪੇਪਰ ਟ੍ਰੇਲ ਰਾਹੀਂ ਪਤਾ ਲਗਾਇਆ ਜਾਵੇਗਾ।

ਕਾਰਪੋਰੇਟ ਘਰਾਣਿਆਂ ਵੱਲੋਂ ਸਿਆਸੀ ਪਾਰਟੀਆਂ ਨੂੰ ਦਿੱਤਾ ਜਾਣ ਵਾਲਾ ਚੰਦਾ ਇਕ ਲੋੜ ਹੈ। ਦਰਅਸਲ, ਹਰ ਕਾਰਪੋਰੇਟ ਘਰਾਣੇ ਨੂੰ ਦਾਨ ਦੇਣਾ ਪੈਂਦਾ ਹੈ। ਨਾਗਰਿਕਾਂ ਲਈ ਇਹ ਬਿਹਤਰ ਹੋਵੇਗਾ ਕਿ ਉਨ੍ਹਾਂ ਦੇ ਹਾਕਮ ਜੂਏ ਦੀ ਬੁਰਾਈ ਬਾਰੇ ਨੈਤਿਕਤਾ ਦੱਸਣੀ ਬੰਦ ਕਰ ਦੇਣ ਅਤੇ ਇਸ ਨੂੰ ਖੁੱਲ੍ਹੇ ਮੈਦਾਨ ’ਚ ਆਉਣ ਦੇਣ। ਜੋ ਪੁਲਸ ਮੁਲਾਜ਼ਮ ਰੈਗੂਲਰ ਤੌਰ ’ਤੇ ਇਸ ‘ਗੈਰ-ਸਮਾਜਿਕ ਬੁਰਾਈ’ ’ਤੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ ਅਤੇ ਜੋ ਸਿਆਸੀ ਆਗੂ ਨਾਜਾਇਜ਼ ਸੰਚਾਲਕਾਂ ਤੋਂ ਆਪਣਾ ਅੱਧਾ ਪੈਸਾ ਵਸੂਲਦੇ ਹਨ, ਉਨ੍ਹਾਂ ਨੂੰ ਨੁਕਸਾਨ ਹੋਵੇਗਾ ਪਰ ਲੰਬੇ ਸਮੇਂ ’ਚ ਜਨਤਾ ਨੂੰ ਫਾਇਦਾ ਹੋਵੇਗਾ। ਸਰਕਾਰ ਟੈਕਸਾਂ ’ਚ ਵਾਧਾ ਕਰੇਗੀ।

ਇਕੱਲੇ ਕ੍ਰਿਕਟ ਸੱਟੇਬਾਜ਼ੀ ਦੇ ਦਮ ’ਤੇ ਸਰਕਾਰ ਮੌਜੂਦਾ ਲੱਖਾਂ ਲੋਕਾਂ ਨੂੰ 5 ਕਿਲੋ ਚੌਲ ਜਾਂ ਕਣਕ ਨਾਲ ਖਾਣਾ ਖੁਆਉਣ ’ਚ ਸਮਰੱਥ ਹੋਵੇਗੀ, ਜੋ ਸਰਕਾਰ ਹਰ ਮਹੀਨੇ ਦਿੰਦੀ ਹੈ। ਸਰਕਾਰਾਂ ਵੱਲੋਂ ਪੇਸ਼ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਦੇਸ਼ ਦੀ ਲਗਭਗ 40 ਫੀਸਦੀ ਆਬਾਦੀ ਅਜਿਹੀ ਹੀ ਖੈਰਾਤ ’ਤੇ ਜ਼ਿੰਦਗੀ ਗੁਜ਼ਾਰਦੀ ਹੈ।

ਜ਼ਾਹਿਰ ਹੈ, ਅਮਿਤ ਸ਼ਾਹ ਅਤੇ ਭਾਜਪਾ ਦੇ ਸੀਨੀਅਰ ਆਗੂ ਚੋਣ ਬਾਂਡ ਦੀ ਯਾਤਰਾ ਬਾਰੇ ਸਾਹਮਣੇ ਆ ਰਹੇ ਖੁਲਾਸਿਆਂ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਵਧੇਰੇ ਪੜ੍ਹੇ-ਲਿਖੇ ਲੋਕਾਂ ਨੂੰ ਪਹਿਲਾਂ ਹੀ ਸੱਚਾਈ ’ਤੇ ਸ਼ੱਕ ਹੋ ਗਿਆ ਸੀ। ਘੱਟ ਪੜ੍ਹੇ-ਲਿਖੇ ਅਤੇ ਘੱਟ ਰੱਜੇ-ਪੁੱਜੇ ਲੋਕਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਉਹ ਸਾਡੇ ਪ੍ਰਧਾਨ ਮੰਤਰੀ ਦੀ ਭਾਸ਼ਣ ਸ਼ੈਲੀ ਅਤੇ ਉਨ੍ਹਾਂ ਦੀ ਪ੍ਰਚਾਰ ਮਸ਼ੀਨ ਵੱਲੋਂ ਬਣਾਏ ਗਏ ਜ਼ਬਰਦਸਤ ਪੰਥ ਅਕਸ ਕਾਰਨ ਮੋਦੀ ਭਗਤ ਬਣ ਗਏ ਹਨ। ਹੁਣ ਸਮਾਂ ਆ ਗਿਆ ਹੈ ਕਿ ਉਹ ਗੀਅਰ ਬਦਲਣ।

ਜੂਲੀਓ ਰਿਬੈਰੋ (ਸਾਬਕਾ ਡੀ. ਜੀ. ਪੀ. ਪੰਜਾਬ ਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ)


Rakesh

Content Editor

Related News