ਦੌਲਤ, ਸਫਲਤਾ ਜਾਂ ਪਿਆਰ ’ਚੋਂ ਕਿਸ ਨੂੰ ਚੁਣੋਗੇ?

02/19/2021 4:06:20 AM

ਰਾਬਰਟ ਕਲੀਮੈਂਟ
ਅੱਜ ਜੇਕਰ ਤੁਹਾਨੂੰ ਦੌਲਤ, ਸਫਲਤਾ ਜਾਂ ਪਿਆਰ ’ਚੋਂ ਕਿਸੇ ਇਕ ਨੂੰ ਚੁਣਨਾ ਪਵੇ ਤਾਂ ਕਿਸ ਨੂੰ ਚੁਣੋਗੇ? ਇਸ ਤੋਂ ਪਹਿਲਾਂ ਕਿ ਤੁਸੀਂ ਇਸ ਸਵਾਲ ਦਾ ਜਵਾਬ ਦਿਓ, ਤੁਹਾਡੇ ਲਈ ਮੈਂ ਇਕ ਕਹਾਣੀ ਦੱਸਦਾ ਹਾਂ ਜਦਕਿ ਅਸੀਂ ਪਿਆਰ ਦਾ ਇਜ਼ਹਾਰ ਕਰ ਰਹੇ ਹਾਂ। ਇਕ ਔਰਤ ਆਪਣੇ ਘਰ ਦੇ ਬਾਹਰ ਆਈ ਅਤੇ ਉਸਨੇ ਤਿੰਨ ਵਿਅਕਤੀਆਂ ਨੂੰ ਦੇਖਿਆ, ਜਿਨ੍ਹਾਂ ਦੀਆਂ ਲੰਬੀਆਂ ਸਫੈਦ ਦਾੜ੍ਹੀਆਂ ਸਨ। ਇਹ ਤਿੰਨ ਵਿਅਕਤੀ ਉਸ ਔਰਤ ਦੇ ਘਰ ਦੇ ਵਿਹੜੇ ’ਚ ਖੜ੍ਹੇ ਸਨ। ਔਰਤ ਨੇ ਉਨ੍ਹਾਂ ਨੂੰ ਨਹੀਂ ਪਛਾਣਿਆ। ਇਸੇ ਕਾਰਨ ਉਸ ਨੇ ਕਿਹਾ ਕਿ ‘‘ਮੈਨੂੰ ਨਹੀਂ ਲੱਗਦਾ ਕਿ ਮੈਂ ਤੁਹਾਨੂੰ ਜਾਣਦੀ ਹਾਂ ਪਰ ਤੁਸੀਂ ਭੁੱਖੇ ਲੱਗ ਰਹੇ ਹੋ। ਕ੍ਰਿਪਾ ਕਰਕੇ ਅੰਦਰ ਆਓ ਅਤੇ ਮੈਂ ਤੁਹਾਨੂੰ ਖਾਣ ਲਈ ਕੁਝ ਦਿੰਦੀ ਹਾਂ।’’

ਤਿੰਨਾਂ ਵਿਅਕਤੀਆਂ ਨੇ ਉਸ ਔਰਤ ਨੂੰ ਕਿਹਾ, ‘‘ਕੀ ਇਸ ਘਰ ਦਾ ਮਾਲਕ ਘਰ ’ਚ ਹੈ?’’ ਔਰਤ ਬੋਲੀ, ‘‘ਨਹੀਂ! ਉਹ ਨਹੀਂ ਹਨ ਅਤੇ ਬਾਹਰ ਗਏ ਹਨ।’’ ਤਿੰਨੋਂ ਬੋਲੇ, ‘‘ਫਿਰ ਤਾਂ ਅਸੀਂ ਘਰ ’ਚ ਦਾਖਲ ਨਹੀਂ ਹੋਵਾਂਗੇ ਅਤੇ ਜਦੋਂ ਤਕ ਉਹ ਆ ਨਹੀਂ ਜਾਂਦੇ ਅਸੀਂ ਬਾਹਰ ਉਡੀਕ ਕਰਾਂਗੇ।’’ ਉਸ ਔਰਤ ਨੇ ਲਗਾਤਾਰ ਆਪਣੀ ਖਿੜਕੀ ’ਚੋਂ ਬਾਹਰ ਦੇਖਣਾ ਸ਼ੁਰੂ ਕੀਤਾ ਅਤੇ ਉਹ ਤਿੰਨੋਂ ਹੀ ਬੜੇ ਠਰ੍ਹੰਮੇ ਨਾਲ ਬਾਹਰ ਬੈਠੇ ਦਿਖਾਈ ਦਿੱਤੇ ਅਤੇ ਜਦੋਂ ਸ਼ਾਮ ਨੂੰ ਔਰਤ ਦਾ ਪਤੀ ਘਰ ਪਰਤਿਆ ਤਾਂ ਉਸ ਨੇ ਤਿੰਨਾਂ ਵਿਅਕਤੀਆਂ ਵੱਲ ਇਸ਼ਾਰਾ ਕੀਤਾ ਅਤੇ ਆਪਣੇ ਪਤੀ ਨੂੰ ਪੂਰਾ ਬਿਰਤਾਂਤ ਦੱਸਿਆ।

ਤਦ ਉਸ ਦਾ ਪਤੀ ਬੋਲਿਆ, ‘‘ਜਾਓ ਅਤੇ ਉਨ੍ਹਾਂ ਨੂੰ ਕਹੋ ਕਿ ਮੈਂ ਘਰ ’ਚ ਹਾਂ ਤੇ ਉਨ੍ਹਾਂ ਨੂੰ ਸਤਿਕਾਰ ਸਹਿਤ ਅੰਦਰ ਲੈ ਆਓ।’’ ਔਰਤ ਬਾਹਰ ਗਈ ਅਤੇ ਤਿੰਨਾਂ ਨੂੰ ਅੰਦਰ ਆਉਣ ਲਈ ਸੱਦਾ ਦਿੱਤਾ। ਤਿੰਨਾਂ ਨੇ ਇਕ ਸੁਰ ’ਚ ਕਿਹਾ, ‘‘ਅਸੀਂ ਤਿੰਨੋਂ ਇਕੱਠੇ ਘਰ ’ਚ ਦਾਖਲ ਨਹੀਂ ਹੋ ਸਕਦੇ।’’ ਔਰਤ ਨੇ ਹੈਰਾਨੀ ਨਾਲ ਪੁੱਛਿਆ, ‘‘ਅਜਿਹਾ ਕਿਉਂ?’’

ਤਿੰਨਾਂ ਬੁੱਢੇ ਵਿਅਕਤੀਆਂ ’ਚੋਂ ਪਹਿਲੇ ਨੇ ਕਿਹਾ, ‘‘ਮੇਰਾ ਨਾਂ ‘ਦੌਲਤ’ ਹੈ, ਦੂਸਰੇ ਦਾ ਨਾਂ ‘ਸਫਲਤਾ’ ਅਤੇ ਤੀਸਰੇ ਦਾ ਨਾਂ ‘ਪਿਆਰ’ ਹੈ।’’ ਤਦ ਉਹ ਅੱਗੇ ਬੋਲਿਆ, ‘‘ਜਾਓ ਅਤੇ ਆਪਣੇ ਪਤੀ ਨਾਲ ਵਿਚਾਰ-ਵਟਾਂਦਰਾ ਕਰੋ ਕਿ ਸਾਡੇ ’ਚੋਂ ਕਿਸ ਨੂੰ ਘਰ ’ਚ ਪਹਿਲਾਂ ਪ੍ਰਵੇਸ਼ ਕਰਵਾਉਣਾ ਹੈ?’’

ਔਰਤ ਘਰ ਦੇ ਅੰਦਰ ਗਈ ਅਤੇ ਸਾਰੀ ਗੱਲ ਆਪਣੇ ਪਤੀ ਨਾਲ ਕੀਤੀ। ਉਸ ਦੇ ਪਤੀ ਨੇ ਖੁਸ਼ ਹੋ ਕੇ ਕਿਹਾ, ‘‘ਬਹੁਤ ਚੰਗਾ।’’ ਅਸੀਂ ਸਭ ਤੋਂ ਪਹਿਲਾਂ ਦੌਲਤ ਨੂੰ ਅੱਗੇ ਲਿਆਉਣਾ ਹੈ। ਉਸ ਨੂੰ ਅੱਗੇ ਆਉਣ ਦਿਓ ਅਤੇ ਇਸ ਨਾਲ ਸਾਡਾ ਘਰ ਪੈਸਿਆਂ ਨਾਲ ਭਰ ਜਾਵੇਗਾ।’’ ਉਸ ਦੀ ਪਤਨੀ ਇਸ ਗੱਲ ਨਾਲ ਸਹਿਮਤ ਨਾ ਹੋਈ ਅਤੇ ਬੋਲੀ, ‘‘ਪਿਆਰੇ! ਅਸੀਂ ਸਫਲਤਾ ਨੂੰ ਪਹਿਲਾਂ ਸੱਦਣਾ ਹੈ।’’ ਇੰਨੇ ’ਚ ਉਨ੍ਹਾਂ ਦੀ ਨੂੰਹ ਜੋ ਇਹ ਸਾਰੀ ਗੱਲ ਸੁਣ ਰਹੀ ਸੀ, ਆਪਣੇ ਵਿਚਾਰਾਂ ਦੇ ਨਾਲ ਅੱਗੇ ਆਈ ਅਤੇ ਬੋਲੀ, ‘‘ਇਹ ਚੰਗਾ ਹੋਵੇਗਾ ਕਿ ਜੇਕਰ ਅਸੀਂ ਪਿਆਰ ਨੂੰ ਘਰ ਦੇ ਅੰਦਰ ਪਹਿਲਾਂ ਸੱਦੀਏ। ਸਾਡਾ ਪੂਰਾ ਘਰ ਪਿਆਰ ਨਾਲ ਭਰ ਜਾਵੇਗਾ।’’

ਪਤੀ ਨੇ ਆਪਣੀ ਪਤਨੀ ਨੂੰ ਕਿਹਾ, ‘‘ਸਾਨੂੰ ਆਪਣੀ ਨੂੰਹ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਚਾਹੀਦਾ ਤੇ ਪਿਆਰ ਨੂੰ ਹੀ ਸਾਡੇ ਮਹਿਮਾਨ ਵਜੋਂ ਪਹਿਲਾਂ ਪ੍ਰਵੇਸ਼ ਕਰਵਾਉਣਾ ਚਾਹੀਦਾ ਹੈ।’’

ਔਰਤ ਘਰੋਂ ਬਾਹਰ ਗਈ ਅਤੇ ਤਿੰਨਾਂ ਵਿਅਕਤੀਆਂ ਨੂੰ ਬੋਲੀ, ‘‘ਤੁਹਾਡੇ ’ਚੋਂ ਪਿਆਰ ਕੌਣ ਹੈ?’’ ਕ੍ਰਿਪਾ ਕਰਕੇ ਅੰਦਰ ਆਓ।’’ ਪਿਆਰ ਉੱਠਿਆ ਅਤੇ ਘਰ ’ਚ ਦਾਖਲ ਹੋਣ ਲਈ ਅੱਗੇ ਵਧਿਆ। ਇੰਨੇ ’ਚ ਹੋਰਨਾਂ ਦੋ ਵਿਅਕਤੀਆਂ ਨੇ ਉਸ ਦਾ ਅਨੁਸਰਨ ਕੀਤਾ। ਔਰਤ ਨੇ ਹੈਰਾਨੀ ਨਾਲ ਦੌਲਤ ਅਤੇ ਸਫਲਤਾ ਕੋਲੋਂ ਪੁੱਛਿਆ ਕਿ ਮੈਂ ਤਾਂ ਸਿਰਫ ਪਿਆਰ ਨੂੰ ਸੱਦਾ ਦਿੱਤਾ ਹੈ। ਤੁਸੀਂ ਦੋਵੇਂ ਅੰਦਰ ਦਾਖਲ ਕਿਉਂ ਹੋ ਰਹੇ ਹੋ?’’ ਤਿੰਨੋਂ ਬੁੱਢੇ ਵਿਅਕਤੀ ਇਕੱਠੇ ਬੋਲੇ, ‘‘ਜੇਕਰ ਤੁਸੀਂ ਲੋਕ ਦੌਲਤ ਜਾਂ ਸਫਲਤਾ ਨੂੰ ਸੱਦਦੇ ਤਾਂ ਹੋਰਨਾਂ ਨੂੰ ਬਾਹਰ ਬੈਠਣਾ ਹੋਵੇਗਾ ਕਿਉਂਕਿ ਤੁਸੀਂ ਪਿਆਰ ਨੂੰ ਸੱਦਿਆ ਅਤੇ ਇਹ ਜਿਥੇ ਜਾਂਦਾ ਹੈ, ਅਸੀਂ ਇਸ ਦੇ ਨਾਲ ਨਿਸ਼ਚਿਤ ਤੌਰ ’ਤੇ ਆਉਂਦੇ ਹਾਂ। ਇਸ ਲਈ ਜਿਥੇ ਪਿਆਰ ਹੈ, ਉਥੇ ਹੀ ਦੌਲਤ ਤੇ ਸਫਲਤਾ ਹੁੰਦੀ ਹੈ।’’


Bharat Thapa

Content Editor

Related News