ਕੇਂਦਰੀ ਮੰਤਰੀ ਨਿਤਿਨ ਗਡਕਰੀ ਕੀ ਕਹਿ ਰਹੇ ਹਨ ਅਤੇ ਕਿਉਂ ਕਹਿ ਰਹੇ ਹਨ!

Thursday, Oct 03, 2024 - 03:08 AM (IST)

ਕੇਂਦਰੀ ਮੰਤਰੀ ਨਿਤਿਨ ਗਡਕਰੀ ਕੀ ਕਹਿ ਰਹੇ ਹਨ ਅਤੇ ਕਿਉਂ ਕਹਿ ਰਹੇ ਹਨ!

ਭਾਜਪਾ ਦੇ ਸਪੱਸ਼ਟਵਾਦੀ ਆਗੂਆਂ ’ਚੋਂ ਇਕ, ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਆਪਣੇ ਕੰਮ ਦਾ ਪ੍ਰਚਾਰ ਕਰਨ ਦੀ ਥਾਂ ਚੁੱਪਚਾਪ ਕੰਮ ਕਰਨ ’ਚ ਵਿਸ਼ਵਾਸ ਰੱਖਦੇ ਹਨ ਅਤੇ ਪਾਰਟੀ ਵਲੋਂ ਤੈਅ ਮਾਪਦੰਡਾਂ ਦੇ ਅੰਦਰ ਰਹਿ ਕੇ ਆਪਣੀ ਗੱਲ ਨੂੰ ਬੇਬਾਕੀ ਨਾਲ ਕਹਿੰਦੇ ਰਹਿੰਦੇ ਹਨ ਜਿਸ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 27 ਜੂਨ, 2024 Ûਨੂੰ ਉਨ੍ਹਾਂ ਨੇ ਹਾਈਵੇਅ ’ਤੇ ਯਾਤਰਾ ਕਰਨ ਵਾਲੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਜ਼ੋਰ ਦੇ ਕੇ ਕਿਹਾ, ‘‘ਜੇ ਸੜਕਾਂ ਚੰਗੀ ਹਾਲਤ ’ਚ ਨਹੀਂ ਹਨ ਤਾਂ ਰਾਜਮਾਰਗ (ਹਾਈਵੇਅ) ਏਜੰਸੀਆਂ ਨੂੰ ‘ਟੋਲ’ ਨਹੀਂ ਲਾਉਣਾ ਚਾਹੀਦਾ। ਟੋਲ ਤਦ ਹੀ ਵਸੂਲਿਆ ਜਾਣਾ ਚਾਹੀਦਾ ਹੈ ਜਦ ਬਿਹਤਰੀਨ ਗੁਣਵੱਤਾ ਵਾਲੀਆਂ ਸੜਕਾਂ ਪ੍ਰਦਾਨ ਕੀਤੀਆਂ ਜਾਣ।’’
* 28 ਜੁਲਾਈ ਨੂੰ ਸ਼੍ਰੀ ਨਿਤਿਨ ਗਡਕਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਇਕ ਪੱਤਰ ਲਿਖ ਕੇ ਜੀਵਨ ਅਤੇ ਮੈਡੀਕਲ ਬੀਮਾ ਪ੍ਰੀਮੀਅਮ ’ਤੇ ਲਾਗੂ 18 ਫੀਸਦੀ ਜੀ. ਐੱਸ. ਟੀ. ਹਟਾਉਣ ਦੀ ਮੰਗ ਕਰਦੇ ਹੋਏ ਲਿਖਿਆ, ‘‘ਜੋ ਵਿਅਕਤੀ ਜੀਵਨ ਦੀਆਂ ਬੇਯਕੀਨੀਆਂ ਤੋਂ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਬੀਮਾ ਪ੍ਰੀਮੀਅਮ ਅਤੇ ਮੈਡੀਕਲ ਬੀਮਾ ਪ੍ਰੀਮੀਅਮ ਅਦਾ ਕਰਦਾ ਹੈ, ਉਸ ’ਤੇ ਇਹ ਟੈਕਸ ਨਹੀਂ ਲਾਉਣਾ ਚਾਹੀਦਾ।’’
‘‘ਜੀਵਨ ਬੀਮਾ ਪ੍ਰੀਮੀਅਮ ’ਤੇ ਜੀ. ਐੱਸ. ਟੀ. ਲਾਉਣਾ ਜੀਵਨ ਦੀਆਂ ਬੇਯਕੀਨੀਆਂ ’ਤੇ ਟੈਕਸ ਲਾਉਣ ਦੇ ਬਰਾਬਰ ਹੈ। ਇਸ ਲਈ ਜੀਵਨ ਅਤੇ ਮੈਡੀਕਲ ਬੀਮਾ ਪ੍ਰੀਮੀਅਮ ’ਤੇ ਜੀ. ਐੱਸ. ਟੀ. ਵਾਪਸ ਲੈਣ ਦੇ ਸੁਝਾਅ ’ਤੇ ਪਹਿਲ ਦੇ ਆਧਾਰ ’ਤੇ ਵਿਚਾਰ ਕਰੋ।’’
* 14 ਸਤੰਬਰ ਨੂੰ ਸ਼੍ਰੀ ਗਡਕਰੀ ਨੇ ਜਨਤਕ ਤੌਰ ’ਤੇ ਖੁਲਾਸਾ ਕੀਤਾ, ‘‘ਵਿਰੋਧੀ ਧਿਰ ਦੇ ਇਕ ਸੀਨੀਅਰ ਆਗੂ ਨੇ ਮੈਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਮੈਂ ਇਸ ਨੂੰ ਅਸਵੀਕਾਰ ਕਰ ਦਿੱਤਾ ਕਿਉਂਕਿ ਮੈਂ ਇਕ ਵਿਚਾਰਧਾਰਾ ਅਤੇ ਵਿਸ਼ਵਾਸ ਦੀ ਪਾਲਣਾ ਕਰਨ ਵਾਲਾ ਵਿਅਕਤੀ ਹਾਂ। ਮੈਂ ਇਕ ਅਜਿਹੀ ਪਾਰਟੀ ਵਿਚ ਹਾਂ, ਜਿਸ ਨੇ ਮੈਨੂੰ ਉਹ ਸਭ ਕੁਝ ਦਿੱਤਾ ਹੈ ਜਿਸ ਦੀ ਮੈਂ ਕਦੀ ਕਲਪਨਾ ਵੀ ਨਹੀਂ ਕੀਤੀ ਸੀ। ਕੋਈ ਵੀ ਪ੍ਰਸਤਾਵ ਮੈਨੂੰ ਲੁਭਾ ਨਹੀਂ ਸਕਦਾ।’’
(ਵਰਨਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਸਮੇਂ ਮੰਨਿਆ ਜਾ ਰਿਹਾ ਸੀ ਕਿ ਭਾਜਪਾ ਪੂਰਨ ਬਹੁਮਤ ਹਾਸਲ ਨਹੀਂ ਕਰੇਗੀ ਅਤੇ ਸਰਕਾਰ ਬਣਾਉਣ ਲਈ ਉਸ ਨੂੰ ਕੁਝ ਵਿਰੋਧੀ ਧਿਰ ਪਾਰਟੀਆਂ ਦੀ ਹਮਾਇਤ ਦੀ ਸਹਾਇਤਾ ਲੈਣੀ ਪੈ ਸਕਦੀ ਹੈ।)
* 23 ਸਤੰਬਰ ਨੂੰ ਉਨ੍ਹਾਂ ਨੇ ਨਾਗਪੁਰ ਵਿਚ ਇਕ ਪ੍ਰੋਗਰਾਮ ਵਿਚ ਕਿਹਾ, ‘‘ਕੇਂਦਰ ਵਿਚ ਭਾਜਪਾ ਚੌਥੀ ਵਾਰ ਸਰਕਾਰ ਬਣਾਵੇ ਇਸ ਦੀ ਕੋਈ ਗਾਰੰਟੀ ਨਹੀਂ ਹੈ।’’
* 27 ਸਤੰਬਰ ਨੂੰ ਜਦੋਂ ਇਕ ਪ੍ਰੋਗਰਾਮ ਵਿਚ ਇਕ ਸੀਨੀਅਰ ਵਿਰੋਧੀ ਧਿਰ ਆਗੂ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਦੇ ਵਿਸ਼ੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਦੀ ਪੁਸ਼ਟੀ ਕੀਤੀ ਕਿ, ‘‘ਲੋਕ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਕਈ ਵਾਰ ਪ੍ਰਧਾਨ ਮੰਤਰੀ ਬਣਾਉਣ ਦਾ ਪ੍ਰਸਤਾਵ ਮਿਲ ਚੁੱਕਾ ਹੈ ਪਰ ਪ੍ਰਧਾਨ ਮੰਤਰੀ ਬਣਨਾ ਮੇਰਾ ਟੀਚਾ ਨਹੀਂ ਹੈ। ਇਸ ਲਈ ਪ੍ਰਸਤਾਵ ਸਵੀਕਾਰ ਕਰਨ ਦਾ ਸਵਾਲ ਹੀ ਨਹੀਂ ਸੀ।’’ ਪਰ ਉਨ੍ਹਾਂ ਨੇ ਇੰਨਾ ਜ਼ਰੂਰ ਕਿਹਾ ਕਿ ਜੇ ਉਹ ਯੋਗ ਹਨ ਤਾਂ ਉਨ੍ਹਾਂ ਨੂੰ ਇਹ ਅਹੁਦਾ ਮਿਲੇਗਾ।
*27 ਸਤੰਬਰ ਨੂੰ ਹੀ ਸ਼੍ਰੀ ਗਡਕਰੀ ਨੇ ਛਤਰਪਤੀ ਸੰਭਾਜੀ ਨਗਰ ਵਿਚ ਇਕ ਸਮਾਰੋਹ ਵਿਚ ਕਿਹਾ, ‘‘ਸਿਆਸਤ ਸਮਾਜ-ਸੇਵਾ, ਰਾਸ਼ਟਰ ਨਿਰਮਾਣ ਅਤੇ ਵਿਕਾਸ ਦਾ ਦੂਜਾ ਨਾਂ ਹੈ ਪਰ ਅੱਜ ਇਸਦਾ ਅਰਥ ਸਿਰਫ ‘ਸੱਤਾ ਦੀ ਸਿਆਸਤ’ ਹੀ ਰਹਿ ਗਿਆ ਹੈ।’’
ਹੁਣ ਹੁਣ 1 ਅਕਤੂਬਰ ਨੂੰ ਉਨ੍ਹਾਂ ਨੇ ਵਿਦਰਭ ਖੇਤਰ ਵਿਚ ਨਿਵੇਸ਼ ਦੀ ਕਮੀ ਨੂੰ ਲੈ ਕੇ ਆਪਣੀ ਹੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਨਿਵੇਸ਼ਕਾਂ ਨਾਲ ਗੱਲਬਾਤ ਵਿਚ ਉਨ੍ਹਾਂ ਕਿਹਾ :
‘‘ਵਾਂਝੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਹਾਲ ਹੀ ਵਿਚ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਲਾਡਕੀ (ਲਾਡਲੀ) ਬਹਿਨ ਯੋਜਨਾ’ ਲਈ ਸੂਬਾ ਸਰਕਾਰ ਨੂੰ ਕੁਝ ਫੰਡ ਵੱਖਰੇ ਤੌਰ ’ਤੇ ਮੁਹੱਈਆ ਕਰਵਾਉਣਾ ਪਵੇਗਾ। ਇਸ ਲਈ ਹੋਰ ਸੈਕਟਰਾਂ ਨੂੰ ਮਿਲਣ ਵਾਲੀ ਸਬਸਿਡੀ ਪ੍ਰਭਾਵਿਤ ਹੋਵੇਗੀ। ਇਸ ਹਾਲਤ ਵਿਚ ਇਸ ਗੱਲ ਦਾ ਕੋਈ ਭਰੋਸਾ ਨਹੀਂ ਹੈ ਕਿ ਨਿਵੇਸ਼ਕਾਂ ਨੂੰ ਸਬਸਿਡੀ ਦਾ ਭੁਗਤਾਨ ਸਮੇਂ ਸਿਰ ਮਿਲੇਗਾ।’’
ਨਿਵੇਸ਼ਕਾਂ ਨੂੰ ਨਿਵੇਸ਼ ਲਈ ਖੁਦ ਅੱਗੇ ਆਉਣ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘‘ਤੁਸੀਂ ਲੋਕ ਸਰਕਾਰ ’ਤੇ ਨਿਰਭਰ ਨਾ ਰਹੋ। ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਰਕਾਰ ‘ਵਿਸ਼ ਕੰਨਿਆ’ ਵਾਂਗ ਹੁੰਦੀ ਹੈ, ਜਿਸ ਨਾਲ ਜਾਂਦੀ ਹੈ ਉਸ ਨੂੰ ਬਰਬਾਦ ਕਰ ਦਿੰਦੀ ਹੈ, ਇਸ ਲਈ ਇਸ ਚੱਕਰ ਵਿਚ ਨਾ ਪਵੋ।’’
ਸ਼੍ਰੀ ਗਡਕਰੀ ਨੇ ਇਹ ਟਿੱਪਣੀ ਅਜਿਹੇ ਸਮੇਂ ਵਿਚ ਕੀਤੀ ਹੈ, ਜਦੋਂ ਮਹਾਰਾਸ਼ਟਰ ਵਿਚ ਮਹਾਯੁਤੀ ਸਰਕਾਰ ਇਸੇ ਸਾਲ ਸੰਭਾਵਿਤ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਆਪਣੀ ਇਸ ਯੋਜਨਾ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰ ਰਹੀ ਹੈ।
‘ਲਾਡਕੀ ਬਹਿਨ ਯੋਜਨਾ’ ’ਤੇ ਸ਼੍ਰੀ ਗਡਕਰੀ ਦੀਆਂ ਟਿੱਪਣੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਵਿਰੋਧੀ ਧਿਰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸ. ਪੀ.) ਅਤੇ ਸ਼ਿਵ ਸੈਨਾ (ਯੂ. ਬੀ. ਟੀ.) ਨੇ ਕਿਹਾ ਹੈ ਕਿ ਜੇ ਸਰਕਾਰ ਵਿਚ ਸ਼ਾਮਲ ਲੋਕ ਹੀ ਕਹਿ ਰਹੇ ਹਨ ਕਿ ਸੂਬੇ ਦੀ ਅਰਥਵਿਵਸਥਾ ਸੰਕਟ ਵਿਚ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ।
ਸ਼੍ਰੀ ਨਿਤਿਨ ਗਡਕਰੀ ਦੀਆਂ ਉਪਰੋਕਤ ਬੇਬਾਕ ਟਿੱਪਣੀਆਂ ਦੇ ਮੱਦੇਨਜ਼ਰ ਨਿਰਸੰਕੋਚ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀਆਂ ਚੰਗੀਆਂ ਅਤੇ ਸੱਚੀਆਂ ਗੱਲਾਂ ਕਿਸੇ ਸਵਾਰਥ ਤੋਂ ਨਹੀਂ, ਸਗੋਂ ਰਾਸ਼ਟਰਵਾਦ ਦੀ ਭਾਵਨਾ ਤੋਂ ਹੀ ਪ੍ਰੇਰਿਤ ਹਨ।

-ਵਿਜੇ ਕੁਮਾਰ


author

Inder Prajapati

Content Editor

Related News