ਕੀ ਗੱਲ ਹੈ ਕਿ ਗੱਲ ਨਹੀਂ ਹੋ ਰਹੀ?

09/06/2020 3:49:03 AM

ਡਾ. ਵੇਦਪ੍ਰਤਾਪ ਵੈਦਿਕ

ਕੱਲ ਮਾਸਕੋ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਗੱਲਬਾਤ ਚੀਨ ਦੇ ਰੱਖਿਆ ਮੰਤਰੀ ਵੀ. ਫੰਗਹੇ ਨਾਲ ਹੋਈ। ਅਗਲੇ ਹਫਤੇ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀ ਮਿਲ ਕੇ ਗੱਲਬਾਤ ਕਰਨ ਵਾਲੇ ਹਨ। ਪਹਿਲਾਂ ਵੀ ਫੋਨ ’ਤੇ ਉਨ੍ਹਾਂ ਦੀ ਗੱਲ ਹੋਈ ਹੈ। ਪਿਛਲੇ ਪੰਜ ਦਿਨਾਂ ਤੋਂ ਦੋਵੇਂ ਦੇਸ਼ਾਂ ਦੇ ਫੌਜੀ ਅਫਸਰ ਵੀ ਚੁਸ਼ੂਲ ’ਚ ਬੈਠ ਕੇ ਗੱਲ ਕਰ ਰਹੇ ਹਨ। ਗੱਲਬਾਤ ਲਈ ਚੀਨ ਵਲੋਂ ਪਹਿਲ ਹੋਈ ਹੈ, ਇਸ ਤੋਂ ਕੀ ਸਾਬਿਤ ਹੁੰਦਾ ਹੈ? ਇਕ ਤਾਂ ਇਹ ਕਿ ਭਾਰਤ ਨੇ ਪੇਂਗਾਂਗ ਝੀਲ ਦੇ ਦੱਖਣ ’ਚ ਪਹਾੜੀਆਂ ’ਤੇ ਜੋ ਕਬਜ਼ਾ ਕੀਤਾ ਹੈ, ਉਸ ਤੋਂ ਚੀਨ ਨੂੰ ਪਤਾ ਲੱਗ ਗਿਆ ਹੈ ਕਿ ਉਸਦੇ ਵਾਂਗ ਭਾਰਤ ਵੀ ਜੁਆਬੀ ਕਾਰਵਾਈ ਕਰ ਸਕਦਾ ਹੈ।

ਦੂਸਰਾ, ਅੱਜਕਲ ਅਮਰੀਕਾ ਚੀਨ ਨਾਲ ਇੰਨਾ ਗੁੱਸੇ ’ਚ ਹੈ ਕਿ ਉਸਦੇ ਵਿਦੇਸ਼ ਅਤੇ ਰੱਖਿਆ ਮੰਤਰੀ ਲਗਭਗ ਰੋਜ਼ ਹੀ ਉਸਦੇ ਵਿਰੁੱਧ ਬਿਆਨ ਦੇ ਰਹੇ ਹਨ। ਇਨ੍ਹਾਂ ਬਿਆਨਾਂ ’ਚ ਉਹ ਲੱਦਾਖ ’ਚ ਹੋਈ ਚੀਨੀ ਵਿਸਤਾਰਵਾਦ ਦੀ ਹਰਕਤ ਦਾ ਜ਼ਿਕਰ ਜ਼ਰੂਰ ਕਰਦੇ ਹਨ। ਤੀਸਰਾ, ਅਮਰੀਕਾ, ਅਾਸਟ੍ਰੇਲੀਆ, ਜਾਪਾਨ ਅਤੇ ਭਾਰਤ ਦਾ ਜੋ ਚੌਗੁਟਾ ਬਣਿਆ ਹੋਇਆ ਹੈ, ਉਹ ਹੁਣ ਜੰਗੀ ਨਜ਼ਰੀਏ ਤੋਂ ਵੀ ਸਰਗਰਮ ਹੋ ਰਿਹਾ ਹੈ। ਚੀਨ ਲਈ ਇਹ ਕਈ ਦ੍ਰਿਸ਼ਟੀਆਂ ਤੋਂ ਨੁਕਸਾਨਦੇਹ ਹੈ। ਚੌਥਾ, ਭਾਰਤ ਨੇ ਗਲਵਾਨ ਘਾਟੀ ਹੱਤਿਆਕਾਂਡ ਕਾਰਨ ਚੀਨੀ ਮਾਲ, ਐਪਸ ਅਤੇ ਕਈ ਸਮਝੌਤਿਆਂ ਦਾ ਬਾਈਕਾਟ ਕਰ ਦਿੱਤਾ ਹੈ। ਭਾਰਤ ਦੀ ਦੇਖਾ-ਦੇਖੀ ਅਮਰੀਕਾ ਅਤੇ ਯੂਰਪ ਦੇ ਵੀ ਕੁਝ ਰਾਸ਼ਟਰ ਇਸੇ ਤਰ੍ਹਾਂ ਦਾ ਕਦਮ ਚੁੱਕਣ ਜਾ ਰਹੇ ਹਨ। ਉਹ ਚੀਨ ’ਚ ਲੱਗੀ ਆਪਣੀ ਪੂੰਜੀ ਵੀ ਵਾਪਸ ਖਿੱਚ ਰਹੇ ਹਨ।

ਦੂਸਰੇ ਸ਼ਬਦਾਂ ’ਚ ਕੋਰੋਨਾ ਅਤੇ ਗਲਵਾਨ, ਇਹ ਦੋਵੇਂ ਰਲ ਕੇ ਚੀਨ ਦੀ ਖੱਲ ਉਤਰਵਾ ਸਕਦੇ ਹਨ। ਇਸ ਲਈ ਚੀਨ ਹੁਣ ਆਪਣੀ ਆਕੜ ਛੱਡ ਕੇ ਗੱਲਬਾਤ ਦੀ ਮੁਦਰਾ ਧਾਰਨ ਕਰ ਰਿਹਾ ਹੈ, ਹਾਲਾਂਕਿ ਭਾਰਤੀ ਫੌਜ ਮੁਖੀ ਨੇ ਲੱਦਾਖ ਦਾ ਦੌਰਾ ਕਰਨ ਦੇ ਬਾਅਦ ਕਿਹਾ ਹੈ ਕਿ ਸਰਹੱਦ ਦੀ ਸਥਿਤੀ ਬੜੀ ਨਾਜ਼ੁਕ ਅਤੇ ਗੰਭੀਰ ਹੈ। ਇਸ ਮਾਮਲੇ ’ਚ ਮੇਰੀ ਰਾਏ ਇਹ ਹੈ ਕਿ ਦੋਵਾਂ ਪਾਸਿਆਂ ਤੋਂ ਹੁਣ ਯਤਨ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਨਵੇਂ ਇਲਾਕੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰਨ ਅਤੇ ਉਹ ਗੱਲਬਾਤ ਸਿਰਫ ਗਲਵਾਨ ਘਾਟੀ ਦੇ ਨੇੜੇ-ਤੇੜੇ ਦੀ ਹੀ ਨਾ ਕਰਨ ਸਗੋਂ 3500 ਕਿਲੋਮੀਟਰ ਦੀ ਸੰਪੂਰਨ ਅਸਲ ਕੰਟਰੋਲ ਰੇਖਾ ਨੂੰ ਸਪੱਸ਼ਟ ਤੌਰ ’ਤੇ ਨਿਸ਼ਾਨਦੇਹੀ ਅਤੇ ਨਿਰਧਾਰਤ ਕਰਨ ਦੀ ਗੱਲ ਕਰਨ। ਇਹ ਗੱਲ ਤਦ ਹੀ ਹੋ ਸਕਦੀ ਹੈ ਜਦ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਇਸ ਨੂੰ ਹਰੀ ਝੰਡੀ ਦੇ ਦੇਣ। ਅਜਿਹੀ ਕਿਹੜੀ ਗੱਲ ਹੈ ਕਿ ਦੋਵਾਂ ਦੇਸ਼ਾਂ ’ਚ ਗੱਲ ਨਹੀਂ ਹੋ ਰਹੀ ਹੈ? ਇਹ ਕੰਟਰੋਲ ਰੇਖਾ ਇੰਨੀ ਅਸਪੱਸ਼ਟ ਹੈ ਕਿ ਹਰ ਸਾਲ ਇਸ ਨੂੰ ਸਾਡੇ ਅਤੇ ਚੀਨੀ ਫੌਜੀ 300 ਜਾਂ 400 ਵਾਰ ਲੰਘ ਜਾਂਦੇ ਹਨ। ਪਿਛਲੇ ਕਈ ਦਹਾਕਿਆਂ ਤੋਂ ਅਪਰਿਭਾਸ਼ਿਤ ਸਰਹੱਦ ’ਤੇ ਜਿਸ ਤਰ੍ਹਾਂ ਦੀ ਸ਼ਾਂਤੀ ਬਣੀ ਹੋਈ ਸੀ, ਉਸਦੀ ਉਦਾਹਰਣ ਮੈਂ ਆਪਣੀਆਂ ਮੁਲਾਕਾਤਾਂ ’ਚ ਹਮੇਸ਼ਾ ਪਾਕਿਸਤਾਨੀ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਫੌਜ ਮੁਖੀਆਂ ਨੂੰ ਦਿੰਦਾ ਰਿਹਾ ਹਾਂ। ਸਾਨੂੰ ਕਿਸੇ ਵੀ ਮਹਾਸ਼ਕਤੀ ਦੀ ਭੜਕਾਹਟ ’ਚ ਆ ਕੇ ਕੋਈ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਪ੍ਰਮਾਣੂ ਸੰਪੰਨ ਗੁਆਂਢੀ ਆਪਸ ’ਚ ਭਿੜ ਜਾਣ।


Bharat Thapa

Content Editor

Related News