ਬੱਚਿਆਂ ਨੂੰ ਖਤਰੇ ’ਚ ਪਾ ਕੇ ਵੀ ਸਾਨੂੰ ਡਾਲਰ ਚਾਹੀਦੇ ਹਨ

Tuesday, May 06, 2025 - 05:36 PM (IST)

ਬੱਚਿਆਂ ਨੂੰ ਖਤਰੇ ’ਚ ਪਾ ਕੇ ਵੀ ਸਾਨੂੰ ਡਾਲਰ ਚਾਹੀਦੇ ਹਨ

ਆਪਣੇ ਦੇਸ਼ ’ਚ ਪਿਛਲੇ ਦਿਨੀਂ ਨਾਜਾਇਜ਼ ਤੌਰ ’ਤੇ ਰਹਿਣ ਵਾਲੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਨ੍ਹਾਂ ’ਚ ਅਜਿਹੇ ਲੋਕ ਵੀ ਦੇਖੇ ਗਏ, ਜੋ ਇਥੇ ਰਹੇ ਅਤੇ ਪੜ੍ਹੇ-ਲਿਖੇ ਵੀ ਇਥੇ। ਸਾਲਾਂ ਤਕ ਨੌਕਰੀ ਵੀ ਕਰਦੇ ਰਹੇ ਪਰ ਉਹ ਪਾਕਿਸਤਾਨੀ ਨਾਗਰਿਕ ਹੀ ਸਨ। ਇਕ ਪਾਸੇ ਕਿਹਾ ਜਾਂਦਾ ਹੈ ਕਿ ਭਾਰਤ ਮੁਸਲਮਾਨਾਂ ਲਈ ਸੁਰੱਖਿਅਤ ਨਹੀਂ ਹੈ ਤਾਂ ਦੂਜੇ ਪਾਸੇ ਇਹ ਲੋਕ ਭਾਰਤ ਤੋਂ ਜਾਣਾ ਹੀ ਨਹੀਂ ਚਾਹੁੰਦੇ ਹਨ। ਭਾਰਤ ’ਚ ਲਗਾਤਾਰ ਬੰਗਲਾਦੇਸ਼ੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬਹੁਤ ਸਾਰੇ ਘੁਸਪੈਠੀਏ ਭਾਰਤ ’ਚ ਪਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਕਾਰਨ ਸਾਰੇ ਜਾਇਜ਼ ਕਾਗਜ਼ਾਤ ਬਣਵਾ ਲੈਂਦੇ ਹਨ। ਸਾਰੀਆਂ ਸਰਕਾਰੀ ਸਹੂਲਤਾਂ ਦਾ ਲਾਭ ਉਠਾਉਂਦੇ ਹਨ। ਜਦੋਂ ਵੀ ਇਨ੍ਹਾਂ ਨੂੰ ਹਟਾਉਣ ਦੀ ਗੱਲ ਹੁੰਦੀ ਹੈ ਤਾਂ ਤਰ੍ਹਾਂ-ਤਰ੍ਹਾਂ ਦੀਆਂ ਅੜਚਨਾਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ।

ਜਿਥੋਂ ਉਹ ਆਏ ਹਨ, ਉਹ ਦੇਸ਼ ਇਨ੍ਹਾਂ ਨੂੰ ਲੈਣ ਲਈ ਤਿਆਰ ਵੀ ਨਹੀਂ ਹੁੰਦੇ। ਹੋਣ ਵੀ ਕਿਉਂ, ਇਨ੍ਹਾਂ ਦੇ ਕੋਲ ਇਥੋਂ ਦੇ ਸਾਰੇ ਜਾਇਜ਼ ਕਾਗਜ਼ਾਤ ਹੁੰਦੇ ਹਨ। ਫਿਰ ਮਨੁੱਖੀ ਅਧਿਕਾਰ ਵਾਦੀ ਸਮੂਹ ਵੀ ਸਰਗਰਮ ਹੋ ਜਾਂਦੇ ਹਨ। ਇਕ ਵਾਰ ਇਕ ਵੱਡੇ ਅਖਬਾਰ ਨੇ ਲਿਖਿਆ ਸੀ ਕਿ ਸਰਹੱਦਾਂ ’ਤੇ ਨਾਜਾਇਜ਼ ਤੌਰ ’ਤੇ ਦਾਖਲ ਹੋਣਾ ਇਕ ਮੁਰਗੇ ਜਾਂ ਸ਼ਰਾਬ ਦੀ ਬੋਤਲ ਨਾਲ ਵੀ ਸੰਭਵ ਹੈ। ਖੈਰ, ਸੱਚਾਈ ਜੋ ਵੀ ਹੋਵੇ, ਆਪਣੇ ਦੇਸ਼ ’ਚ ਇਹ ਸਮੱਸਿਆ ਸੁਰਸਾ ਦੇ ਮੂੰਹ ਵਾਂਗ ਵਧਦੀ ਜਾ ਰਹੀ ਹੈ ਪਰ ਨਾਜਾਇਜ਼ ਘੁਸਪੈਠੀਆਂ ਦੀ ਸਮੱਸਿਆ ਸਿਰਫ ਭਾਰਤ ਵਿਚ ਹੀ ਨਹੀਂ ਹੈ।

ਯੂਰਪ ਦੇ ਬਹੁਤ ਸਾਰੇ ਦੇਸ਼ ਅਤੇ ਅਮਰੀਕਾ ਦੀ ਰਾਜਨੀਤੀ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਡੋਨਾਲਡ ਟਰੰਪ ਦੇ ਦੁਬਾਰਾ ਚੁਣੇ ਜਾਣ ਵਿਚ ਨਾਜਾਇਜ਼ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਵਾਅਦੇ ਨੇ ਉਨ੍ਹਾਂ ਨੂੰ ਸੱਤਾ ਸੌਂਪਣ ’ਚ ਪ੍ਰਮੁੱਖ ਭੂਮਿਕਾ ਨਿਭਾਈ।

ਦੁਨੀਆ ਦੇ ਬਹੁਤ ਸਾਰੇ ਲੋਕ ਅਮਰੀਕਾ ਜਾਣਾ ਚਾਹੁੰਦੇ ਹਨ। ਕਈ ਸਾਲ ਪਹਿਲਾਂ ਖਬਰ ਸੀ ਕਿ ਦੁਨੀਆ ਦੇ 10 ਕਰੋੜ ਲੋਕ ਅਮਰੀਕਾ ਜਾਣਾ ਹੀ ਨਹੀਂ ਚਾਹੁੰਦੇ, ਸਗੋਂ ਉਥੇ ਵੱਸਣਾ ਵੀ ਚਾਹੁੰਦੇ ਹਨ। ਇਸ ਦੇ ਲਈ ਕਾਨੂੰਨ ਵੀ ਛਿੱਕੇ ’ਤੇ ਟੰਗਣਾ ਪਵੇ ਤਾਂ ਚੱਲੇਗਾ। ਭਾਰਤ ’ਚ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਕਿਸੇ ਤਰ੍ਹਾਂ ਇਕ ਵਾਰ ਅਮਰੀਕਾ ’ਚ ਪਹੁੰਚ ਜਾਣ ਤਾਂ ਉਨ੍ਹਾਂ ਦੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਡਾਲਰ ਵਰ੍ਹਨ ਲੱਗਣਗੇ ਜਦਕਿ ਅਸਲੀਅਤ ’ਚ ਅਜਿਹਾ ਨਹੀਂ ਹੈ।

ਪਿਛਲੇ ਦਿਨੀਂ ਅਮਰੀਕਾ ਤੋਂ ਆਈ ਇਕ ਰਿਪੋਰਟ ਪੜ੍ਹ ਰਹੀ ਸੀ , ਜਿਸ ’ਚ ਦੱਸਿਆ ਗਿਆ ਸੀ ਕਿ ਭਾਰਤੀ ਮਾਤਾ-ਪਿਤਾ ਆਪਣੇ ਛੋਟੇ ਬੱਚਿਆਂ ਅਤੇ ਅੱਲ੍ਹੜਾਂ ਨੂੰ ਅਮਰੀਕਾ-ਮੈਕਸੀਕੋ ਬਾਰਡਰ ਜਾਂ ਅਮਰੀਕਾ-ਕੈਨੇਡਾ ਬਾਰਡਰ ’ਤੇ ਇਕੱਲਿਆਂ ਛੱਡ ਦਿੰਦੇ ਹਨ। ਇਨ੍ਹਾਂ ਦੀ ਉਮਰ 6 ਸਾਲ ਤੋਂ 17 ਸਾਲ ਦੀ ਹੁੰਦੀ ਹੈ। ਇਨ੍ਹਾਂ ਦੇ ਕੋਲ ਜ਼ਰੂਰਤ ਦਾ ਕੁਝ ਸਾਮਾਨ ਤੇ ਇਕ ਪਰਚੀ ਹੁੰਦੀ ਹੈ। ਇਨ੍ਹਾਂ ’ਚ ਇਨ੍ਹਾਂ ਦਾ ਨਾਂ ਅਤੇ ਮਾਤਾ ਪਿਤਾ ਦਾ ਫੋਨ ਨੰਬਰ ਲਿਖਿਆ ਹੁੰਦਾ ਹੈ।

ਬੱਚਿਆਂ ਨੂੰ ਇਸ ਤਰ੍ਹਾਂ ਦੇ ਹਾਲਾਤ ’ਚ ਬਿਲਕੁਲ ਇਕੱਲਿਆਂ ਛੱਡਣ ਦਾ ਕੰਮ ਉਹ ਮਾਤਾ-ਪਿਤਾ ਕਰ ਰਹੇ ਹਨ ਜੋ ਖੁਦ ਵੀ ਅਮਰੀਕਾ ’ਚ ਨਾਜਾਇਜ਼ ਤੌਰ ’ਤੇ ਰਹਿ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਮਨੁੱਖੀ ਅਧਿਕਾਰ ਦੇ ਕਾਰਨ ਅਮਰੀਕਾ ’ਚ ਇਨ੍ਹਾਂ ਬੱਚਿਆਂ ਨੂੰ ਆਉਣ ਦਿੱਤਾ ਜਾਵੇਗਾ। ਉਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਕੋਲ ਭੇਜਿਆ ਜਾਵੇਗਾ। ਉਥੋਂ ਦੇ ਕਾਨੂੰਨ ਅਨੁਸਾਰ ਸਿੱਖਿਆ ਅਤੇ ਸਿਹਤ ਦੀਆਂ ਸਹੂਲਤਾਂ ਮੁਫਤ ਮਿਲਣਗੀਆਂ। ਉਨ੍ਹਾਂ ਨੂੰ 6-8 ਮਹੀਨਿਆਂ ਦੇ ਅੰਦਰ ਹੀ ਗ੍ਰੀਨ ਕਾਰਡ ਮਿਲ ਜਾਏਗਾ ਅਤੇ ਅਖੀਰ ਮਾਤਾ-ਪਿਤਾ ਨੂੰ ਗ੍ਰੀਨ ਕਾਰਡ ਅਤੇ ਨਾਗਰਿਕਤਾ ਵੀ ਮਿਲ ਜਾਏਗੀ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਲੋਕ ਇਨ੍ਹਾਂ ਬੱਚਿਆਂ ਨੂੰ ਸਰਹੱਦਾਂ ’ਤੇ ਇਕੱਲਿਆਂ ਛੱਡਦੇ ਹਨ ਉਹ ਇਨ੍ਹਾਂ ਨੂੰ ਆਪਣਾ ਗ੍ਰੀਨ ਕਾਰਡ ਮੰਨਦੇ ਹਨ। ਉਹ ਨਹੀਂ ਜਾਣਦੇ ਕਿ ਜਦੋਂ ਇਨ੍ਹਾਂ ਬੱਚਿਆਂ ਨੂੰ ਕਿਸੇ ਅਣਜਾਨ ਜਗ੍ਹਾ ਜਾਂ ਮੁਸ਼ਕਿਲ ਮੌਸਮ ’ਚ ਇਕੱਲਿਆਂ ਛੱਡਿਆ ਜਾਂਦਾ ਹੈ ਤਾਂ ਉਹ ਕਿੰਨੇ ਡਰ ਅਤੇ ਅਸੁਰੱਖਿਆ ਵਿਚੋਂ ਲੰਘਦੇ ਹਨ।

ਇਹ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਵਿਚ ਕਿਉਂਕਿ ਆਉਣਾ-ਜਾਣਾ ਬੰਦ ਹੋ ਗਿਆ ਸੀ ਤਾਂ ਇਨ੍ਹਾਂ ਦੀ ਗਿਣਤੀ ਘਟ ਗਈ ਸੀ। ਯੂ. ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਰਿਪੋਰਟ ’ਚ ਦੱਸਿਆ ਗਿਆ ਸੀ ਕਿ 24 ਅਕਤੂਬਰ ਤੋਂ ਇਸ ਸਾਲ ਦੇ ਫਰਵਰੀ ਮਹੀਨੇ ਤਕ ਅਜਿਹੇ 77 ਬੱਚੇ ਪਾਏ ਗਏ ਸਨ। 2022 ’ਚ 409, 2023 ’ਚ 730, 2024 ’ਚ 517 ਭਾਰਤੀ ਇਕੱਲੇ ਬੱਚੇ ਅਮਰੀਕੀ ਸਰਹੱਦਾਂ ’ਤੇ ਮਿਲੇ। ਇਹ ਗਿਣਤੀ ਵਧਦੀ ਹੀ ਜਾ ਰਹੀ ਹੈ। ਅਮਰੀਕਾ ’ਚ 2019 ਤੋਂ ਨਾਜਾਇਜ਼ ਤੌਰ ’ਤੇ ਰਹਿਣ ਵਾਲੇ ਇਕ ਜੋੜੇ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਭਾਰਤ ’ਚ ਹੀ ਛੱਡ ਆਏ ਸਨ। ਉਦੋਂ ਉਹ ਸਿਰਫ 2 ਸਾਲ ਦਾ ਸੀ।

ਇਹ ਲੋਕ ਜਦ ਖੁਦ ਹੀ ਨਾਜਾਇਜ਼ ਸਨ ਤਾਂ ਆਪਣੇ ਬੱਚਿਆਂ ਨੂੰ ਕਿਵੇਂ ਬੁਲਾਉਣ। ਫਿਰ ਕੋਰੋਨਾ ’ਚ ਸਭ ਕੁਝ ਰੁਕ ਗਿਆ ਸੀ। ਇਸ ਜੋੜੇ ਦੇ ਮਰਦ ਨੇ ਦੱਸਿਆ ਕਿ 2022 ’ਚ ਉਸ ਦਾ ਚਚੇਰਾ ਭਰਾ ਵੀ ਨਾਜਾਇਜ਼ ਤੌਰ ’ਤੇ ਅਮਰੀਕਾ ’ਚ ਆ ਰਿਹਾ ਸੀ। ਹੁਣ ਤਕ ਬੇਟਾ 5 ਸਾਲ ਦਾ ਹੋ ਚੁੱਕਾ ਸੀ।

ਮੈਂ ਉਸ ਨੂੰ ਕਿਹਾ ਕਿ ਮੇਰੇ ਬੇਟੇ ਨੂੰ ਵੀ ਨਾ ਲੈ ਆਓ ਅਤੇ ਅਮਰੀਕਾ ਦੀ ਸਰਹੱਦ ’ਤੇ ਦੱਸੀ ਗਈ ਥਾਂ ’ਤੇ ਛੱਡ ਦਿਓ। ਬੱਚੇ ਦੇ ਕੋਲ ਪਿਤਾ ਦਾ ਫੋਨ ਨੰਬਰ ਵੀ ਲਿਖ ਕੇ ਰੱਖ ਦੇਈਓ। ਭਰਾ ਨੇ ਅਜਿਹਾ ਹੀ ਕੀਤਾ। ਅਧਿਕਾਰੀਆਂ ਨੇ ਬੱਚੇ ਦੇ ਪਿਤਾ ਨੂੰ ਲੱਭ ਲਿਆ ਅਤੇ ਬੱਚਾ ਉਨ੍ਹਾਂ ਨੂੰ ਮਿਲ ਗਿਆ।

ਇਹ ਸਭ ਇਸ ਲਈ ਹੋ ਰਿਹਾ ਹੈ ਕਿ ਅਮਰੀਕਾ ’ਚ ਉਦਾਰਤਾ ਹੈ। ਉਥੇ ਦਾ ਲੋਕਤੰਤਰ ਅਤੇ ਕਾਨੂੰਨ ਬੱਚਿਆਂ ਨੂੰ ਇਕੱਲਾ ਛੱਡਣ ਅਤੇ ਮੁਸ਼ਕਿਲ ਸਥਿਤੀਆਂ ’ਚ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਥੋਂ ਦੀ ਸਰਕਾਰ ਨੂੰ ਮਾਤਾ-ਪਿਤਾ ਦੁਆਰਾ ਹੀ ਆਪਣੇ ਬੱਚਿਆਂ ਦੇ ਇਸ ਤਰ੍ਹਾਂ ਦੇ ਸ਼ੋਸ਼ਣ ਖਿਲਾਫ ਕਾਰਵਾਈ ਕਰਨੀ ਚਾਹੀਦੀ।

ਟਰੰਪ ਦੇ ਆਉਣ ਤੋਂ ਬਾਅਦ ਸਮਝਿਆ ਜਾ ਰਿਹਾ ਹੈ ਕਿ ਅਮਰੀਕਾ ’ਚ ਨਾਜਾਇਜ਼ ਪ੍ਰਵਾਸੀਆਂ ਦਾ ਆਉਣਾ ਅਤੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਾਲ ਇਕੱਲੇ ਛੱਡਣਾ, ਯਕੀਨੀ ਤੌਰ ’ਤੇ ਘਟ ਹੋ ਜਾਏਗਾ। ਕੀ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਆਪਣੇ ਇਥੇ ਨਾਜਾਇਜ਼ ਰੂਪ ਨਾਲ ਰਹਿਣ ਵਾਲਿਆਂ ਅਤੇ ਸਰਕਾਰੀ ਸਹੂਲਤਾਂ ਦਾ ਲਾਭ ਚੁੱਕਣ ਵਾਲਿਆਂ ਖਿਲਾਫ ਸਹੀ ਕਾਰਵਾਈ ਕਦੋਂ ਹੋਵੇਗੀ।

ਸ਼ਮਾ ਸ਼ਰਮਾ


author

Rakesh

Content Editor

Related News