‘ਅਸੀਂ 75 ਸਾਲ ਗੁਆ ਦਿੱਤੇ ਅਤੇ ਹਾਸਲ ਕੁਝ ਵੀ ਨਹੀਂ’ ; ਨਵਾਜ਼ ਸ਼ਰੀਫ ਦੀ ਸਹੀ ਸੋਚ!

Saturday, Oct 19, 2024 - 02:35 AM (IST)

ਹਾਲ ਹੀ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸਲਾਮਾਬਾਦ ’ਚ ‘ਸ਼ੰਘਾਈ ਸਹਿਯੋਗ ਸੰਗਠਨ’ (ਐੱਸ. ਸੀ. ਓ.) ਦੀ ਬੈਠਕ ਦੌਰਾਨ ਪਾਕਿਸਤਾਨ ਦੀ ਸ਼ਹਿਬਾਜ਼ ਸ਼ਰੀਫ ਸਰਕਾਰ ਦਾ ਨਾਂ ਲਏ ਬਿਨਾਂ ਉਸ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਨਸੀਹਤ ਦਿੱਤੀ ਕਿ ‘‘ਵਪਾਰ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ।’’

ਇਸ ਦੌਰਾਨ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਵੱਡੇ ਭਰਾ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਕ ਵਾਰ ਫਿਰ ਭਾਰਤ ਨਾਲ ਸੰਬੰਧ ਬਹਾਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਲਗਭਗ ਇਕ ਸਾਲ ਪਹਿਲਾਂ ਵੀ ਨਵਾਜ਼ ਸ਼ਰੀਫ ਭਾਰਤ ਨਾਲ ਵਿਗੜੇ ਹੋਏ ਰਿਸ਼ਤੇ ਸੁਧਾਰਨ ਦੀ ਗੱਲ ਕਰ ਚੁੱਕੇ ਹਨ।

ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ’ਚ ਨਵਾਜ਼ ਸ਼ਰੀਫ ਨੇ ਜ਼ੋਰ ਦੇ ਕੇ ਕਿਹਾ, ‘‘ਐੱਸ. ਜੈਸ਼ੰਕਰ ਦੀ ਇਸਲਾਮਾਬਾਦ ਯਾਤਰਾ ਇਕ ਚੰਗੀ ਸ਼ੁਰੂਆਤ ਅਤੇ ਬਿਹਤਰ ਪਹਿਲ ਸੀ। ਹੁਣ ਦੋਵਾਂ ਹੀ ਦੇਸ਼ਾਂ ਨੂੰ ਉਥੋਂ ਅੱਗੇ ਦੀ ਦਿਸ਼ਾ ’ਚ ਕਦਮ ਵਧਾਉਣੇ ਚਾਹੀਦੇ ਹਨ।’’

ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਅਤੇ ਆਪਣੀ ਬੇਟੀ ਮਰੀਅਮ ਸ਼ਰੀਫ ਦੇ ਲਾਹੌਰ ਸਥਿਤ ਦਫਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਾਜ਼ ਸ਼ਰੀਫ ਬੋਲੇ, ‘‘ਗੱਲ ਜੋ ਹੈ ਇੰਝ ਹੀ (ਅੱਗੇ) ਵਧਦੀ ਹੈ... ਗੱਲ ਖਤਮ ਨਹੀਂ ਹੋਣੀ ਚਾਹੀਦੀ... ਚੰਗਾ ਹੁੰਦਾ ਜੇਕਰ ਮੋਦੀ ਸਾਹਿਬ ਖੁਦ ਤਸ਼ਰੀਫ ਲਿਆਉਂਦੇ। ਅਸੀਂ ਜਿਥੋਂ ਗੱਲ ਛੱਡੀ ਸੀ, ਉਥੋਂ ਹੀ ਸਾਨੂੰ ਸ਼ੁਰੂਆਤ ਕਰਨੀ ਚਾਹੀਦੀ।’’

ਸ਼੍ਰੀ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਸੰਬਰ, 2015 ’ਚ ਅਚਾਨਕ ਪਾਕਿਸਤਾਨ ਯਾਤਰਾ ਦੇ ਮੌਕੇ ’ਤੇ ਉਨ੍ਹਾਂ ਨਾਲ ਹੋਈ ਆਪਣੀ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ, ‘‘ਅਸੀਂ 75 ਸਾਲ ਗੁਆ ਦਿੱਤੇ ਹਨ ਇਸ ਲਈ ਹੁਣ (ਸਾਨੂੰ) ਅਗਲੇ 75 ਸਾਲਾਂ ਬਾਰੇ ਸੋਚਣਾ ਚਾਹੀਦਾ ਹੈ।’’

ਕਾਰਗਿਲ ਜੰਗ ਅਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ ਨਾਲ ਮੁਲਾਕਾਤ ਪਿੱਛੋਂ ਪਾਕਿਸਤਾਨ ਸਥਿਤ ਅੱਤਵਾਦੀਆਂ ਵੱਲੋਂ ਹਮਲਿਆਂ ਦਾ ਜ਼ਿਕਰ ਕਰਦਿਆਂ ਨਵਾਜ਼ ਸ਼ਰੀਫ ਨੇ ਕਿਹਾ, ‘‘ਮੈਂ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵਾਰ-ਵਾਰ ਤਾਰਪੀਡੋ ਕੀਤਾ ਗਿਆ।’’

‘‘ਅਸੀਂ ਗੁਆਂਢੀ ਹਾਂ। ਅਸੀਂ ਆਪਣੇ ਗੁਆਂਢੀਆਂ ਨੂੰ ਨਹੀਂ ਬਦਲ ਸਕਦੇ... ਸਾਨੂੰ ਬੀਤੇ ਦਾ ਰੋਣਾ ਛੱਡ ਕੇ ਭਵਿੱਖ ਵੱਲ ਦੇਖਣਾ ਚਾਹੀਦਾ ਹੈ। ਦੋਵਾਂ ਧਿਰਾਂ ਦੇ ਗਿਲੇ-ਸ਼ਿਕਵੇ ਹਨ। ਸਾਨੂੰ ਆਪਸ ’ਚ ਬੈਠ ਕੇ ਹਰ ਚੀਜ਼ ’ਤੇ ਗੰਭੀਰਤਾਪੂਰਵਕ ਸੋਚਣਾ ਚਾਹੀਦਾ ਹੈ।’’ ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਸੰਭਾਵਿਤ ਆਪਸੀ ਸਹਿਯੋਗ ਲਈ ਵਪਾਰ, ਨਿਵੇਸ਼, ਉਦਯੋਗ ਅਤੇ ਸੈਰ-ਸਪਾਟੇ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਕਿਹਾ, ‘‘ਵਾਜਪਾਈ ਦੀ ਲਾਹੌਰ ਯਾਤਰਾ ਅੱਜ ਵੀ ਬਹੁਤ ਮੁਹੱਬਤ ਨਾਲ ਯਾਦ ਕੀਤੀ ਜਾਂਦੀ ਹੈ। ਉਨ੍ਹਾਂ ਦਾ ਭਾਸ਼ਣ ਬਹੁਤ ਚੰਗਾ ਸੀ। ਕਦੀ-ਕਦੀ ਮੈਂ ਉਨ੍ਹਾਂ ਦੀਆਂ ਚੰਗੀਆਂ ਯਾਦਾਂ ਤਾਜ਼ੀਆਂ ਕਰਨ ਲਈ ਉਨ੍ਹਾਂ ਦੀ ਯਾਤਰਾ ਦੇ ਵੀਡੀਓ ਦੇਖਦਾ ਅਤੇ ਭਾਸ਼ਣ ਸੁਣਦਾ ਹਾਂ।’’

2015 ’ਚ ਨਰਿੰਦਰ ਮੋਦੀ ਦੀ ਅਚਾਨਕ ਲਾਹੌਰ ਯਾਤਰਾ ਬਾਰੇ ਉਨ੍ਹਾਂ ਨੇ ਕਿਹਾ, ‘‘ਮੋਦੀ ਦੀ ਯਾਤਰਾ ਇਕ ਸੁਖਦ ਹੈਰਾਨੀ ਸੀ। ਉਨ੍ਹਾਂ ਨੇ ਕਾਬੁਲ ਤੋਂ ਮੈਨੂੰ ਫੋਨ ਕਰ ਕੇ ਮੈਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਉਹ ਮੇਰੇ ਘਰ ਆਏ, ਮੇਰੀ ਮਾਂ ਅਤੇ ਪਤਨੀ ਨੂੰ ਮਿਲੇ। ਇਹ ਕੋਈ ਛੋਟੀ ਗੱਲ ਨਹੀਂ ਸੀ। ਅਜਿਹੀਆਂ ਗੱਲਾਂ ਭੁਲਾਉਣੀਆਂ ਨਹੀਂ ਚਾਹੀਦੀਆਂ।’’

ਦੋਵਾਂ ਦੇਸ਼ਾਂ ਦਰਮਿਆਨ ਰੇਲ ਅਤੇ ਬੱਸ ਸੇਵਾ ਸ਼ੁਰੂ ਕਰਨ ਬਾਰੇ ਪੁੱਛਣ ’ਤੇ ਉਨ੍ਹਾਂ ਨੇ ਕਿਹਾ, ‘‘ਕਿਉਂ ਨਹੀਂ, ਭਾਰਤ ਅਤੇ ਪਾਕਿਸਤਾਨ ਇਕ ਹੀ ਤਾਂ ਸਨ। ਮੇਰੇ ਪਿਤਾ ਦੇ ਪਾਸਪੋਰਟ ’ਤੇ ਉਨ੍ਹਾਂ ਦਾ ਜਨਮ ਸਥਾਨ ਅੰਮ੍ਰਿਤਸਰ, ਇੰਡੀਆ ਲਿਖਿਆ ਹੋਇਆ ਹੈ। ਦੋਵਾਂ ਦੇਸ਼ਾਂ ਦੀ ਸਾਂਝੀ ਭਾਸ਼ਾ, ਰਵਾਇਤਾਂ, ਭੋਜਨ ਅਤੇ ਰਸਮਾਂ-ਰਿਵਾਜ ਹਨ। ਤਾਂ ਫਿਰ ਫਰਕ ਕੀ ਹੈ? ਰਿਸ਼ਤਿਆਂ ’ਚ ਲੰਬੇ ਠਹਿਰਾਅ ’ਤੇ ਮੈਂ ਖੁਸ਼ ਨਹੀਂ ਹਾਂ। ਲੋਕਾਂ ਦੇ ਪੱਧਰ ’ਤੇ ਆਪਸੀ ਰਿਸ਼ਤੇ ਬਹੁਤ ਚੰਗੇ ਹਨ... ਸਿਆਸੀ ਪੱਧਰ ’ਤੇ ਸੋਚ ਬਦਲਣੀ ਪਵੇਗੀ।’’

‘‘ਵਾਜਪਾਈ ਤੋਂ ਮੋਦੀ ਤਕ ਸਾਡੇ ਰਿਸ਼ਤਿਆਂ ਦੀਆਂ ਸੰਭਾਵਨਾਵਾਂ ਬਹੁਤ ਚੰਗੀਆਂ ਰਹੀਆਂ, ਮੈਂ ਭਾਰਤ ਨਾਲ ਸੰਬੰਧਾਂ ਬਾਰੇ ਬੇਹੱਦ ਸਕਾਰਾਤਮਕਤਾ ਨਾਲ ਸੋਚਦਾ ਹਾਂ। ਅਸੀਂ ਚਾਹਾਂਗੇ ਕਿ ਨਰਿੰਦਰ ਮੋਦੀ ਦੁਬਾਰਾ ਰਸਮੀ ਤੌਰ ’ਤੇ ਪਾਕਿਸਤਾਨ ਆਉਣ।’’

ਇਹ ਪੁੱਛਣ ’ਤੇ ਕਿ ਕੀ ਅਗਲੇ ਮਹੀਨੇ ਅਜ਼ਰਬਾਈਜਾਨ ’ਚ ਹੋਣ ਵਾਲੀ ਯੂ. ਐੱਨ. ‘ਕਲਾਈਮੇਟ ਚੇਂਜ ਕਾਨਫਰੰਸ’ ਦੀ ਮੀਟਿੰਗ ’ਚ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਮਿਲਣਾ ਚਾਹੀਦਾ ਹੈ, ਉਨ੍ਹਾਂ ਨੇ ‘ਹਾਂ’ ’ਚ ਜਵਾਬ ਦਿੰਦੇ ਹੋਏ ਕਿਹਾ, ‘‘ਪਿਛਲੇ 75 ਸਾਲਾਂ ’ਚ ਅਸੀਂ ਬਹੁਤ ਕੁਝ ਗੁਆ ਦਿੱਤਾ ਹੈ ਪਰ ਹਾਸਲ ਕੁਝ ਵੀ ਨਹੀਂ ਕੀਤਾ।’’

ਇਸ ਗੱਲਬਾਤ ਦੌਰਾਨ ਜਿਥੇ ਨਵਾਜ਼ ਸ਼ਰੀਫ ਦੇ ਕੋਲ ਬੈਠੀ ਮਰੀਅਮ ਨਵਾਜ਼ ਨੇ ਵੀ ਭਾਰਤ (ਪੰਜਾਬ) ਆਉਣ ਦੀ ਇੱਛਾ ਜਤਾਈ, ਉਥੇ ਹੀ ਨਵਾਜ਼ ਸ਼ਰੀਫ ਨੇ ਕਿਹਾ, ‘‘ਮਰੀਅਮ ਦਿੱਲੀ, ਚੇਨਈ ਅਤੇ ਲਖਨਊ ਵੀ ਜਾਏਗੀ।’’

ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ’ਚ ਨਵਾਜ਼ ਸ਼ਰੀਫ ਨੇ ਜਿਸ ਭੁੱਲ ਨੂੰ ਸਵੀਕਾਰ ਕੀਤਾ ਹੈ, ਹੁਣ ਉਸ ਨੂੰ ਸੁਧਾਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਚੰਗਾ ਕੰਮ ਸ਼ੁਰੂ ਕਰਨ ਲਈ ਕੋਈ ਵੀ ਸਮਾਂ ‘ਬੁਰਾ’ ਨਹੀਂ ਹੁੰਦਾ।

ਪਰ ਜੋ ਗੱਲਾਂ ਨਵਾਜ਼ ਸ਼ਰੀਫ ਨੇ ਭਾਰਤੀ ਪੱਤਰਕਾਰਾਂ ਨੂੰ ਕਹੀਆਂ ਹਨ, ਉਹੀ ਗੱਲਾਂ ਉਨ੍ਹਾਂ ਨੂੰ ਆਪਣੇ ਭਰਾ (ਸ਼ਹਿਬਾਜ਼ ਸ਼ਰੀਫ) ਨੂੰ ਸਮਝਾਉਣ ਦੀ ਲੋੜ ਹੈ ਕਿਉਂਕਿ ਅਜੇ ਵੀ ਪਾਕਿਸਤਾਨ ਵੱਲੋਂ ਭਾਰਤ ’ਚ ਹਿੰਸਾ ਲਈ ਤਬਾਹੀ ਦਾ ਸਾਮਾਨ ਅਤੇ ਅੱਤਵਾਦੀਆਂ ਨੂੰ ਭੇਜਣਾ ਜਾਰੀ ਹੈ।

–ਵਿਜੇ ਕੁਮਾਰ


Harpreet SIngh

Content Editor

Related News