ਬੱਚੇ ਨਹੀਂ ਸੁਣਨਾ ਚਾਹੁੰਦੇ ‘ਨਾਂਹ’

Wednesday, Oct 22, 2025 - 04:11 PM (IST)

ਬੱਚੇ ਨਹੀਂ ਸੁਣਨਾ ਚਾਹੁੰਦੇ ‘ਨਾਂਹ’

ਹਾਲ ਹੀ ’ਚ ਮਸ਼ਹੂਰ ਸ਼ੋਅ ਕੇ. ਬੀ. ਸੀ. ਕਿੱਡਜ਼ ’ਚ ਗੁਜਰਾਤ ਦੇ ਇਕ 10 ਸਾਲ ਦੇ ਬੱਚੇ ਨੇ ਹੋਸਟ, ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ, ਵੱਧ ਹੁਸ਼ਿਆਰੀ ਦਿਖਾਈ, ਜਿਹੋ ਜਿਹੀ ਭਾਸ਼ਾ ਬੋਲੀ, ਜਿਸ ਤਰ੍ਹਾਂ ਦੇ ਹਾਵ-ਭਾਵ ਦਿਖਾਏ, ਉਸ ਨਾਲ ਸੋਸ਼ਲ ਮੀਡੀਆ ’ਤੇ ਬਹਿਸ ਛਿੜ ਗਈ। ਕੁਝ ਲੋਕ ਇਸ ਨੂੰ ਬੜਾ ਖਰਾਬ ਦੱਸਣ ਲੱਗੇ। ਆਖਿਰ ਮਾਤਾ-ਪਿਤਾ ਬੱਚਿਆਂ ’ਤੇ ਧਿਆਨ ਕਿਉਂ ਨਹੀਂ ਦਿੰਦੇ। ਕਿਉਂਕਿ ਬੱਚੇ ਉਹੀ ਤਾਂ ਸਿੱਖਦੇ, ਜੋ ਦੇਖਦੇ ਹਨ, ਸੁਣਦੇ ਹਨ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਵਿਵਹਾਰ ’ਤੇ ਸ਼ੋਅ ’ਚ ਬੈਠੇ ਉਸ ਦੇ ਮਾਤਾ-ਪਿਤਾ ਤਾੜੀਆਂ ਵਜਾ ਰਹੇ ਸਨ। ਖੂਬ ਹੱਸ ਰਹੇ ਸਨ। ਕੁਝ ਨੇ ਕਿਹਾ ਕਿ ਅੱਜਕੱਲ ਅਕਸਰ ਪਰਿਵਾਰਾਂ ’ਚ ਇਕ ਬੱਚੇ ਦਾ ਰਿਵਾਜ ਹੈ। ਇਸ ਬੱਚੇ ਨੂੰ ਦਾਦਾ-ਦਾਦੀ, ਮਾਤਾ-ਪਿਤਾ ਸਭ ਦਾ ਭਰਪੂਰ ਪਿਆਰ ਮਿਲਦਾ, ਉਸ ਦੀ ਹਰ ਇੱਛਾ ਪੂਰੀ ਕੀਤੀ ਜਾਂਦੀ ਹੈ ਪਰ ਉਸ ਨੂੰ ਇਹ ਕਦੇ ਨਹੀਂ ਦੱਸਿਆ ਜਾਂਦਾ ਕਿ ਉਹ ਗਲਤੀ ਵੀ ਕਰਦਾ ਹੈ। ਨਾਲ ਹੀ ਉਸ ਨੂੰ ਦੂਜਿਆਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਨਾ ਹੈ। ਉਸ ਨੂੰ ਹਮੇਸ਼ਾ ਦੱਸਿਆ ਜਾਂਦਾ ਹੈ ਕਿ ਉਹ ਸਰਵੋਤਮ ਹੈ।

ਦੂਜੇ ਕਹਿਣ ਲੱਗੇ ਕਿ ਬੱਚਾ ਤਾਂ ਬੱਚਾ ਹੀ ਹੁੰਦਾ ਹੈ, ਆਖਿਰ ਉਸ ਦੇ ਨਾਲ ਅਜਿਹਾ ਕਰ ਕੇ ਚੈਨਲ ਨੂੰ ਕੀ ਮਿਲਿਆ, ਸਿਵਾਏ ਇਸ ਦੇ ਆਪਣੇ ਸਕੂਲ ਅਤੇ ਨੇੜੇ-ਤੇੜੇ ਵਾਲਿਆਂ ’ਚ ਹਮੇਸ਼ਾ ਉਹ ਇਕ ਬਦਤਮੀਜ਼ ਬੱਚੇ ਦੇ ਰੂਪ ’ਚ ਜਾਣਿਆ ਜਾਵੇਗਾ। ਆਖਿਰ ਕਿਹੜੇ ਪ੍ਰੋਗਰਾਮ ’ਚ ਕੀ ਜਾਵੇਗਾ, ਇਹ ਪਹਿਲਾਂ ਤੋਂ ਪਤਾ ਹੁੰਦਾ ਹੈ, ਇਸ ਦੀ ਰਿਹਰਸਲ ਵੀ ਹੁੰਦੀ ਹੈ। ਉਦੋਂ ਅਜਿਹਾ ਤਾਂ ਨਹੀਂ ਹੋਵੇਗਾ ਕਿ ਪ੍ਰੋਗਰਾਮ ਕਰਨ ਵਾਲਿਆਂ ਨੂੰ ਇਸ ਬਾਰੇ ’ਕੁਝ ਪਤਾ ਨਹੀਂ ਸੀ।

ਉਨ੍ਹਾਂ ਨੇ ਟੀ. ਆਰ. ਪੀ. ਲਈ ਅਜਿਹਾ ਕੀਤਾ, ਉਹ ਬੱਚੇ ਦੇ ਚੁਲਬੁਲੇਪਣ ਨੂੰ ਦਿਖਾ ਕੇ ਪ੍ਰਸਿੱਧ ਹੋਣਾ ਚਾਹੁੰਦੇ ਸਨ, ਜਿਸ ਨਾਲ ਕਿ ਵੱਧ ਤੋਂ ਵੱਧ ਇਸ਼ਤਿਹਾਰ ਬਟੋਰ ਸਕਣ ਅਤੇ ਉਹ ਆਪਣੀ ਕੋਸ਼ਿਸ਼ ’ਚ ਸਫਲ ਵੀ ਹੋਏ ਕਿ ਇਸ ਬਾਰੇ ਲਗਾਤਾਰ ਸੋਸ਼ਲ ਮੀਡੀਆ ’ਤੇ ਚਰਚਾ ਹੁੰਦੀ ਰਹੀ। ਲੇਖ ਲਿਖੇ ਜਾਂਦੇ ਰਹੇ, ਅਜੇ ਇਸ ਬਾਰੇ ਬਹਿਸ ਹੋ ਰਹੀ ਸੀ ਕਿ ਇਕ ਦੂਜੀ ਬੱਚੀ ਨੇ ਅਮਿਤਾਭ ਬੱਚਨ ਨਾਲ ਕੁਝ ਅਜਿਹਾ ਹੀ ਕੀਤਾ। ਤਕ ਉਨ੍ਹਾਂ ਨੇ ਲਿਖਿਆ-ਪਤਾ ਨਹੀਂ, ਇਹ ਅੱਜਕੱਲ ਦੇ ਬੱਚਿਆਂ ਨੂੰ ਕੀ ਹੁੰਦਾ ਜਾ ਰਿਹਾ ਹੈ।

ਇਸ ਲੇਖਿਕਾ ਨੇ ਬੱਚਿਆਂ ਦੇ ਦਰਮਿਆਨ ਜ਼ਿੰਦਗੀ ਭਰ ਕੰਮ ਕੀਤਾ ਹੈ ਅਤੇ ਮਹਿਸੂਸ ਕੀਤਾ ਹੈ ਕਿ ਸਮੇਂ ਦੇ ਨਾਲ ਬੱਚਿਆਂ ਦੀ ਜੀਵਨਸ਼ੈਲੀ ’ਚ ਬੜਾ ਬਦਲਾਅ ਆ ਗਿਆ ਹੈ। ਅੱਜ ਤੋਂ 50 ਸਾਲ ਪਹਿਲਾਂ ਦੀ ਪੀੜ੍ਹੀ ’ਚ ਵਧੇਰੇ ਲੋਕ ਸਾਂਝੇ ਪਰਿਵਾਰ ’ਚ ਰਹਿੰਦੇ ਸਨ। ਦਾਦਾ-ਦਾਦੀ, ਤਾਇਆ, ਚਾਚਾ, ਭੂਆ, ਉਨ੍ਹਾਂ ਦੇ ਬੱਚੇ, ਭਰਾ-ਭੈਣ ਸਾਰੇ ਮਿਲਾ ਕੇ ਇਕ ਵੱਡਾ ਟੱਬਰ ਬਣਦਾ ਸੀ। ਸਾਧਨ ਘੱਟ ਸਨ, ਇਸ ਲਈ ਘੱਟ ’ਚ ਕਿਵੇਂ ਕੰਮ ਚਲਾਉਣਾ ਹੈ, ਇਹ ਬੱਚਿਆਂ ਨੂੰ ਖੂਬ ਸਿਖਾਇਆ ਜਾਂਦਾ ਸੀ।

ਇਸ ਦੇ ਇਲਾਵਾ ਆਪਣੇ ਵੱਡਿਆਂ ਨਾਲ ਕਿਵੇਂ ਵਿਵਹਾਰ ਕਰਨਾ ਹੈ, ਆਪਣੇ ਅਧਿਆਪਕਾਂ ਨਾਲ ਕਿਹੋ-ਜਿਹਾ, ਆਪਣੇ ਭਰਾ-ਭੈਣ, ਹਮਉਮਰ ਨਾਲ ਰਲ-ਮਿਲ ਕੇ ਰਹਿਣਾ ਹੈ, ਨਾਲ ਹੀ ਬੱਚਿਆਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਸੀ ਕਿ ਸਕੂਲ ਤੋਂ ਉਨ੍ਹਾਂ ਦੀ ਕੋਈ ਸ਼ਿਕਾਇਤ ਕਦੇ ਨਹੀਂ ਆਉਣੀ ਚਾਹੀਦੀ। ਆਪਣੇ ਅਧਿਆਪਕਾਂ ਦੀ ਗੱਲ ਮੰਨਣੀ ਚਾਹੀਦੀ ਹੈ। ਉਨ੍ਹਾਂ ਦਾ ਸਤਿਕਾਰ ਵੀ ਉਵੇਂ ਹੀ ਕਰਨਾ ਜਿਵੇਂ ਆਪਣੇ ਘਰ ਦੇ ਬਜ਼ੁਰਗਾਂ ਦਾ ਕਰਦੇ ਹਨ। ਵੱਡਿਆਂ ਦੀ ਝਿੜਕ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ। ਜੇਕਰ ਦੋ ਬੱਚਿਆਂ ’ਚ ਲੜਾਈ ਹੋ ਜਾਂਦੀ ਤਾਂ ਦੂਜੇ ਦੇ ਬੱਚਿਆਂ ਦੇ ਮੁਕਾਬਲੇ ਆਪਣੇ ਹੀ ਬੱਚੇ ਨੂੰ ਝਿੜਕਿਆ ਜਾਂਦਾ। ਇਸ ਨਾਲ ਲੜਾਈ, ਝਗੜਾ ਕਦੇ ਅੱਗੇ ਨਾ ਵਧਦਾ, ਬੱਚਿਆਂ ਨੂੰ ਰਲ-ਮਿਲ ਕੇ ਰਹਿਣਾ ਤੇ ਆਪਣਾ ਕੰਮ ਖੁਦ ਕਰਨਾ ਸਿਖਾਇਆ ਜਾਂਦਾ।

ਉਸ ਸਮੇਂ ਦੀ ਉਹੀ ਪੀੜ੍ਹੀ ਅੱਜ ਦਾਦਾ-ਦਾਦੀ ਬਣ ਰਹੀ ਹੈ। ਆਖਿਰਕਾਰ ਅਜਿਹਾ ਕੀ ਹੋਇਆ ਕਿ ਇਸ ਪੀੜ੍ਹੀ ਨੇ ਆਪਣੇ ਬੱਚਿਆਂ ਜਾਂ ਦੋਹਤੇ-ਪੋਤਿਆਂ ਨੂੰ ਉਹ ਗੱਲਾਂ ਨਹੀਂ ਸਿਖਾਈਆਂ ਜੋ ਖੁਦ ਸਿੱਖੀਆਂ ਸਨ। ਇਸ ਦੇ ਉੱਤਰ ’ਚ ਕਿਹਾ ਜਾ ਸਕਦਾ ਸੀ ਕਿ ਜਿਵੇਂ-ਜਿਵੇਂ ਸਾਧਨ ਵਧੇ, ਸਾਂਝੇ ਪਰਿਵਾਰ ਤੋਂ ਸਿੰਗਲ ਵੱਲ ਪਹੁੰਚੇ, ਪਰਿਵਾਰਾਂ ’ਚ ਬੱਚਿਆਂ ਦੀ ਗਿਣਤੀ ਘੱਟ ਹੋਈ, ਬੱਚਿਆਂ ਦੀ ਹਰ ਮੰਗ ਪੂਰੀ ਕੀਤੀ ਜਾਣ ਲੱਗੀ, ਗੱਲ-ਗੱਲ ’ਤੇ ਅਧਿਆਪਕਾਂ ਕੋਲੋਂ ਇਹ ਪੁੱਛਿਆ ਜਾਣ ਲੱਗਾ ਕਿ ਸਾਡੇ ਬੱਚੇ ਨੂੰ ਕਿਉਂ ਝਿੜਕਿਆ ਹੈ ਤਾਂ ਅਜਿਹੇ ’ਚ ਬੱਚਿਆਂ ’ਚ ਐਰੋਗੈਂਸ ਨਹੀਂ ਵਧੇਗੀ ਤਾਂ ਕੀ ਹੋਵੇਗਾ।

ਪੀੜ੍ਹੀਆਂ ਨੂੰ ਭਾਵੇਂ ‘ਜੈੱਨ-ਜੀ’ ਕਹੀਏ, ਭਾਵੇਂ ਅਲਫਾ, ਬੀਟਾ, ਸਾਡੀਆਂ ਮੂਲ ਪ੍ਰਵਿਰਤੀਆਂ ਕਦੇ ਬਦਲਦੀਆਂ ਨਹੀਂ। ਇਸ ਦੇ ਇਲਾਵਾ ਵਿਵਹਾਰ ਬਾਰੇ ਹਮੇਸ਼ਾ ਸੋਚਣਾ ਪੈਂਦਾ ਹੈ। ਬੱਚਾ ਹੋਵੇ ਤਾਂ ਉਸ ਨੂੰ ਦੱਸਣਾ ਪੈਂਦਾ ਹੈ, ਝਿੜਕਣਾ ਪੈਂਦਾ ਹੈ ਪਰ ਜਦੋਂ ਤੋਂ ਇਹ ਰਿਵਾਜ ਸ਼ੁਰੂ ਹੋਇਆ ਕਿ ਬੱਚੇ ਨੂੰ ਕਦੇ ਕੁਝ ਕਹਿਣਾ ਹੀ ਨਹੀਂ, ਉਦੋਂ ਤੋਂ ਆਫਤ ਹੋਰ ਵਧੀ। ਆਖਿਰ ਜੇਕਰ ਬੱਚਾ ਕੁਝ ਗਲਤ ਕਰ ਰਿਹਾ ਹੈ, ਤਾਂ ਉਸ ਨੂੰ ਟੋਕਣਾ ਤਾਂ ਪਵੇਗਾ ਹੀ। ਜੇਕਰ ਕੋਈ ਬੱਚਾ ਅੱਗ ਨਾਲ ਛੇੜਛਾੜ ਕਰ ਰਿਹਾ ਹੈ, ਤਾਂ ਰੋਕੇਗਾ ਨਹੀਂ, ਸੜਕ ਦੇ ਦਰਮਿਆਨ ਖੜ੍ਹਾ ਹੈ ਤਾਂ ਉਸ ਨੂੰ ਉਥੋਂ ਹਟਾਵਾਂਗੇ ਹੀ।

ਪਰ ਨਾ ਰੋਕਣ ਦੇ ਵਿਚਾਰ ਦਾ ਅਸਰ ਇਹ ਪਿਆ ਕਿ ਬੱਚੇ ‘ਨਾ’ ਨਹੀਂ ਸੁਣਨਾ ਚਾਹੁੰਦੇ। ਉਹ ਹਰ ਇੱਛਾ ਅਤੇ ਜ਼ਿੱਦ ਨੂੰ ਪੂਰੀ ਕਰਾਉਣਾ ਚਾਹੁੰਦੇ ਹਨ। ਮਾਤਾ-ਪਿਤਾ ਵੀ ਬੜੇ ਹੰਕਾਰ ਨਾਲ ਕਹਿੰਦੇ ਹਨ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਨੂੰ ਕਦੇ ਮਹਿਸੂਸ ਹੋਵੇ ਕਿ ਉਸ ਦੀ ਕੋਈ ਇੱਛਾ ਅਧੂਰੀ ਰਹਿ ਗਈ। ਮਾਤਾ-ਪਿਤਾ ਇਹ ਭੁੱਲ ਜਾਂਦੇ ਹਨ ਕਿ ਬੱਚਾ ਹਮੇਸ਼ਾ ਬੱਚਾ ਨਹੀਂ ਰਹੇਗਾ, ਉਹ ਜ਼ਿੰਦਗੀ ’ਚ ਅੱਗੇ ਵਧੇਗਾ। ਨੌਕਰੀ ਕਰੇਗਾ ਜਾਂ ਕੋਈ ਆਪਣਾ ਕੰਮ ਅਤੇ ਜ਼ਿੰਦਗੀ ਇੰਨੀ ਸੌਖੀ ਨਹੀਂ ਕਿ ਉਥੇ ਹਰ ਇੱਛਾ ਪੂਰੀ ਹੋ ਜਾਂਦੀ ਹੈ। ਪਤਾ ਨਹੀਂ ਕਿੰਨੀਆਂ ਚੁਣੌਤੀਆਂ ਵਾਰ-ਵਾਰ ਆਉਂਦੀਆਂ ਹਨ। ਉਨ੍ਹਾਂ ਨਾਲ ਨਜਿੱਠਣਾ ਹੀ ਪੈਂਦਾ ਹੈ। ਅਜਿਹੇ ’ਚ ਜਿਸ ਬੱਚੇ ਨੇ ਕਦੇ ਨਾਂਹ ਸੁਣੀ ਹੀ ਨਹੀਂ ਉਸ ਦਾ ਕੀ ਹੋਵੇਗਾ। ਬਹੁਤ ਸਾਰੇ ਮਾਨਸਿਕ ਸਿਹਤ ਸੰਬੰਧੀ ਮਾਹਿਰ ਕਹਿੰਦੇ ਹਨ ਕਿ ਬੱਚਿਆਂ ਨੂੰ ਜੇਕਰ ਸ਼ੁਰੂ ਤੋਂ ਹੀ ਔਕੜਾਂ ਦਾ ਸਾਹਮਣਾ ਕਰਨਾ ਨਹੀਂ ਸਿਖਾਵਾਂਗੇ, ਤਾਂ ਵੱਡੇ ਹੋ ਕੇ ਉਹ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਨਹੀਂ ਕਰ ਸਕਣਗੇ।

ਸ਼ਮਾ ਸ਼ਰਮਾ
 


author

Rakesh

Content Editor

Related News