ਅੰਗਰੇਜ਼ੀ ਤੋਂ ਅੱਗੇ ਹੁਣ ਮਾਂ-ਬੋਲੀ ’ਚ ਕਿੱਤਾਮੁਖੀ ਸਿੱਖਿਆ

08/04/2021 1:07:21 PM

ਐੱਮ. ਵੈਂਕਈਆ ਨਾਇਡੂ 
ਮਾਣਯੋਗ ਉਪ ਰਾਸ਼ਟਰਪਤੀ

ਨਵੀਂ ਦਿੱਲੀ- ਹਰੇਕ ਵੱਡੀ ਤਬਦੀਲੀ ਇਕ ਇਨਕਲਾਬੀ ਕਦਮ ਨਾਲ ਆਰੰਭ ਹੁੰਦੀ ਹੈ। ਅੱਠ ਰਾਜਾਂ ਦੇ 14 ਇੰਜੀਨੀਅਰਿੰਗ ਕਾਲਜਾਂ ਵੱਲੋਂ ਨਵੇਂ ਅਕਾਦਮਿਕ ਵਰ੍ਹੇ ਤੋਂ ਆਪਣੀਆਂ ਚੋਣਵੀਆਂ ਸ਼ਾਖਾਵਾਂ ’ਚ ਖੇਤਰੀ ਭਾਸ਼ਾਵਾਂ ’ਚ ਕੋਰਸ ਕਰਵਾਉਣ ਦਾ ਹਾਲੀਆ ਫ਼ੈਸਲਾ ਦੇਸ਼ ਦੇ ਅਕਾਦਮਿਕ ਖੇਤਰ ਵਿਚ ਇਕ ਇਤਿਹਾਸਿਕ ਪਲ ਹੈ, ਜਿਸ ਉਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਨਿਰਭਰ ਹੋਵੇਗਾ। ਇਸ ਦੇ ਨਾਲ ਹੈ, ‘ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ’ ਵਲੋਂ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਦਿਆਂ 11 ਖੇਤਰੀ ਭਾਸ਼ਾਵਾਂ ਵਿਚ ਬੀ. ਟੈੱਕ. ਪ੍ਰੋਗਰਾਮਾਂ ਦੀ ਇਜਾਜ਼ਤ ਦੇਣਾ ਬੇਹੱਦ ਅਹਿਮ ਹੈ। ਇਸ ਇਤਿਹਾਸਿਕ ਕਦਮ ਨੇ ਹਿੰਦੀ, ਮਰਾਠੀ, ਤਮਿਲ, ਤੇਲਗੂ, ਕੰਨੜ, ਗੁਜਰਾਤੀ, ਮਲਿਆਲਮ, ਬੰਗਲਾ, ਅਸਮੀਆ, ਪੰਜਾਬੀ ਤੇ ਉੜੀਆ ਭਾਸ਼ਾਵਾਂ ਵਿਚ ਬੀ. ਟੈੱਕ ਕੋਰਸਾਂ ਦੇ ਵਿਦਿਆਰਥੀਆਂ ਲਈ ਮੌਕਿਆਂ ਦਾ ਇਕ ਸਮੁੱਚਾ ਵਿਸ਼ਵ-ਪੱਧਰੀ ਦਰ ਖੋਲ੍ਹ ਦਿੱਤਾ ਹੈ।

ਵਿਦਿਆਰਥੀ ਆਤਮ–ਵਿਸ਼ਵਾਸ ਨਾਲ ਭਰਪੂਰ ਹੋਣਗੇ
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ‘ਰਾਸ਼ਟਰੀ ਸਿੱਖਿਆ ਨੀਤੀ’ ਦੀ ਪਹਿਲੀ ਵਰ੍ਹੇਗੰਢ ਮੌਕੇ ਆਪਣੇ ਸੰਬੋਧਨ ’ਚ ਇਸ ਕਦਮ ਦੀ ਸ਼ਲਾਘਾ ਕਰਦਿਆਂ ਇਹ ਨੁਕਤਾ ਉਠਾਇਆ ਹੈ ਕਿ ‘ਰਾਸ਼ਟਰੀ ਸਿੱਖਿਆ ਨੀਤੀ’ ਵੱਲੋਂ ਪੜ੍ਹਾਈ ਦਾ ਮਾਧਿਅਮ ਮਾਂ–ਬੋਲੀ ’ਚ ਹੋਣ ਉਤੇ ਜ਼ੋਰ ਦੇਣ ਨਾਲ ਗ਼ਰੀਬ, ਦਿਹਾਤੀ ਤੇ ਕਬਾਇਲੀ ਪਿਛੋਕੜ ਵਾਲੇ ਵਿਦਿਆਰਥੀ ਆਤਮ–ਵਿਸ਼ਵਾਸ ਨਾਲ ਭਰਪੂਰ ਹੋਣਗੇ। ਉਨ੍ਹਾਂ ਮਹੱਤਵਪੂਰਨ ਢੰਗ ਨਾਲ ਇਹ ਵੀ ਕਿਹਾ ਕਿ ਪ੍ਰਾਇਮਰੀ ਸਿੱਖਿਆ ’ਚ ਵੀ ਮਾਂ-ਬੋਲੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਮੁੱਖ ਸੰਚਾਲਕਾਂ ਵਿਚੋਂ ਇਕ – ‘ਵਿਦਯਾ ਪ੍ਰਵੇਸ਼’ ਪ੍ਰੋਗਰਾਮ ਦਾ ਜ਼ਿਕਰ ਕੀਤਾ, ਜਿਸ ਨੂੰ ਇਸੇ ਮੌਕੇ ਲਾਂਚ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਇਸੇ ਵਰ੍ਹੇ ਫਰਵਰੀ ਮਹੀਨੇ ਵੱਲੋਂ 83,000 ਵਿਦਿਆਰਥੀਆਂ ’ਤੇ ਕਰਵਾਏ ਗਏ ਇਕ ਸਰਵੇਖਣ ’ਚ ਲਗਭਗ 44 ਫੀਸਦੀ ਵਿਦਿਆਰਥੀਆਂ ਨੇ ਆਪਣੀ ਮਾਂ–ਬੋਲੀ ਵਿਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਦੇ ਹੱਕ ਵਿਚ ਵੋਟ ਪਾਈ ਸੀ ਅਤੇ ਤਕਨੀਕੀ ਸਿੱਖਿਆ ਦੀ ਅਹਿਮ ਜ਼ਰੂਰਤ ਨੂੰ ਉਜਾਗਰ ਕੀਤਾ ਸੀ।

ਮਾਂ-ਬੋਲੀ ਸਕੂਲਾਂ ਵਿਚ ਦੂਸਰੀ/ਤੀਸਰੀ ਭਾਸ਼ਾ ਬਣ ਕੇ ਰਹਿ ਜਾਂਦੀ ਹੈ
ਪ੍ਰਗਤੀਸ਼ੀਲ ਤੇ ਦੂਰ–ਦ੍ਰਿਸ਼ਟੀ ਨਾਲ ਭਰਪੂਰ ‘ਰਾਸ਼ਟਰੀ ਸਿੱਖਿਆ ਨੀਤੀ’ 2020 ਪ੍ਰਾਇਮਰੀ ਸਕੂਲ ਦੇ ਪੱਧਰ ਤੋਂ ਹੀ ਬੱਚੇ ਦੀ ਮਾਂ–ਬੋਲੀ ਵਿਚ ਸਿੱਖਿਆ ਨੂੰ ਤਰਜੀਹ ਦਿੰਦੀ ਹੈ – ਇਸ ਨਾਲ ਬੱਚੇ/ਬੱਚੀ ਦੇ ਸਿੱਖਿਆ ਦੇ ਨਤੀਜਿਆਂ ਵਿਚ ਸੁਧਾਰ ਹੋਵੇਗਾ ਤੇ ਉਸ ਦੀ ਸੂਝ–ਬੂਝ ਦਾ ਵਿਕਾਸ ਇਸ ਉਤੇ ਹੀ ਨਿਰਭਰ ਕਰੇਗਾ। ਅਨੇਕ ਅਧਿਐਨਾਂ ਨੇ ਸਿੱਧ ਕੀਤਾ ਹੈ ਕਿ ਜਿਹੜੇ ਬੱਚੇ ਆਪਣੇ ਮੁੱਢਲੇ ਤੇ ਬੁਨਿਆਦੀ ਸਾਲਾਂ ਵਿਚ ਆਪਣੀ ਮਾਂ–ਬੋਲੀ ਸਿੱਖਦੇ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਉਨ੍ਹਾਂ ਬੱਚਿਆਂ ਦੇ ਮੁਕਾਬਲੇ ਬਿਹਤਰ ਹੁੰਦੀ ਹੈ, ਜਿਹੜੇ ਕਿਸੇ ਵਿਦੇਸ਼ੀ ਜਾਂ ਹੋਰ ਭਾਸ਼ਾ ਵਿਚ ਪੜ੍ਹਾਈ ਕਰਦੇ ਹਨ। ਯੂਨੈਸਕੋ ਅਤੇ ਹੋਰ ਸੰਗਠਨਾਂ ਨੇ ਇਸ ਤੱਥ ਉਤੇ ਜ਼ੋਰ ਦਿੱਤਾ ਹੈ ਕਿ ਮਾਂ–ਬੋਲੀ ਸਿੱਖਣ ਨਾਲ ਸਵੈ–ਮਾਣ ਤੇ ਸਵੈ–ਪਛਾਣ ਦੀ ਉਚਿੱਤ ਉਸਾਰੀ ਹੁੰਦੀ ਹੈ ਤੇ ਨਾਲ ਹੀ ਬੱਚੇ ਦਾ ਸਰਬਪੱਖੀ ਵਿਕਾਸ ਵੀ ਹੁੰਦਾ ਹੈ। ਮੰਦੇਭਾਗੀਂ ਕੁਝ ਸਿੱਖਿਆ ਸ਼ਾਸਤਰੀ ਤੇ ਮਾਪੇ ਹਾਲੇ ਵੀ ਅੰਗਰੇਜ਼ੀ ਨੂੰ ਬਿਨਾਂ ਕਿਸੇ ਦਲੀਲ ਦੇ ਸਰਬਉੱਚਤਾ ਪ੍ਰਦਾਨ ਕਰਦੇ ਹਨ, ਜਿਸ ਨਾਲ ਬੱਚੇ ਦੀ ਮਾਂ-ਬੋਲੀ ਸਕੂਲਾਂ ਵਿਚ ਦੂਸਰੀ/ਤੀਸਰੀ ਭਾਸ਼ਾ ਬਣ ਕੇ ਰਹਿ ਜਾਂਦੀ ਹੈ। ਇੱਥੇ ਮਹਾਨ ਭੌਤਿਕ ਵਿਗਿਆਨੀ ਅਤੇ ਨੋਬਲ ਪੁਰਸਕਾਰ ਜੇਤੂ ਸਰ ਸੀ.ਵੀ. ਰਮਨ, ਜਿਨ੍ਹਾਂ ਨੇ ਬੇਮਿਸਾਲ ਦੂਰ–ਦ੍ਰਿਸ਼ਟੀ ਦਾ ਪ੍ਰਦਰਸ਼ਨ ਕੀਤਾ ਸੀ, ਦੇ ਕਥਨ ਨੂੰ ਯਾਦ ਕਰ ਲੈਣਾ ਉਚਿਤ ਹੋਵੇਗਾ,‘ਸਾਨੂੰ ਜ਼ਰੂਰ ਹੀ ਵਿਗਿਆਨ ਵਿਸ਼ਾ ਆਪਣੀ ਮਾਂ–ਬੋਲੀ ਵਿਚ ਪੜ੍ਹਾਉਣਾ ਹੋਵੇਗਾ। ਨਹੀਂ ਤਾਂ ਵਿਗਿਆਨ ਬਹੁਤੇ–ਪੜ੍ਹੇ–ਲਿਖੇ ਲੋਕਾਂ ਦੀ ਗਤੀਵਿਧੀ ਬਣ ਕੇ ਰਹਿ ਜਾਵੇਗਾ। ਇਹ ਅਜਿਹੀ ਗਤੀਵਿਧੀ ਨਹੀਂ ਰਹੇਗੀ, ਜਿਸ ਵਿਚ ਸਾਰੇ ਲੋਕ ਸ਼ਿਰਕਤ ਕਰ ਸਕਣ।’

ਸਿੱਖਿਆ ਪ੍ਰਣਾਲੀ ਵਿਚ ਅਸਾਧਾਰਨ ਪ੍ਰਸਾਰ ਹੋਇਆ ਹੈ
ਸਾਡੀ ਸਿੱਖਿਆ ਪ੍ਰਣਾਲੀ ਵਿਚ ਅਸਾਧਾਰਨ ਪ੍ਰਸਾਰ ਹੋਇਆ ਹੈ ਕਿ ਇਹ ਅੰਤਰਰਾਸ਼ਟਰੀ ਪੱਧਰ ਦੇ ਵੱਕਾਰੀ ਇੰਜੀਨੀਅਰਿੰਗ, ਮੈਡੀਸਨ, ਕਾਨੂੰਨ ਤੇ ਹਿਊਮੈਨਿਟੀਜ਼ ਵਿਚ ਕੋਰਸ ਕਰਵਾਉਂਦੀ ਹੈ, ਲੇਕਿਨ ਇਸ ਮਾਮਲੇ ਦਾ ਵਿਰੋਧਾਭਾਸ ਇਹ ਹੈ ਕਿ ਅਸੀਂ ਇਸ ਨੂੰ ਆਪਣੇ ਹੀ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ। ਪਿਛਲੇ ਸਾਲਾਂ ਦੌਰਾਨ, ਅਕਾਦਮਿਕ ਖੇਤਰ ਵਿਚ ਕਈ ਤਰ੍ਹਾਂ ਦੇ ਅੜਿੱਕੇ ਪੈਦਾ ਹੋਏ ਹਨ, ਜਿਸ ਨਾਲ ਵੱਡੀ ਗਿਣਤੀ ’ਚ ਸਾਡੇ ਵਿਦਿਆਰਥੀਆਂ ਦੀ ਤਰੱਕੀ ਵੀ ਰੁਕ ਗਈ ਹੈ ਅਤੇ ਅਸੀਂ ਅੰਗਰੇਜ਼ੀ ਮਾਧਿਅਮ ’ਚ ਪੜ੍ਹਾਈ ਕਰਵਾਉਣ ਵਾਲੀਆਂ ਯੂਨੀਵਰਸਿਟੀਜ਼ ਤੇ ਕਾਲਜਾਂ ਦਾ ਨਿੱਕਾ ਜਿਹਾ ਭੁਕਾਨਾ ਫੁਲਾ ਕੇ ਸੰਤੁਸ਼ਟ ਹੋ ਕੇ ਬੈਠ ਗਏ ਹਾਂ, ਜਦਕਿ ਜੇ ਅਸੀਂ ਤਕਨੀਕੀ ਤੇ ਕਿੱਤਾਮੁਖੀ ਕੋਰਸਾਂ ਦੀ ਗੱਲ ਕਰੀਏ ਤਾਂ ਸਾਡੀਆਂ ਆਪਣੀਆਂ ਭਾਸ਼ਾਵਾਂ ਸੜਨ ਦੇ ਰਾਹ ਪੈ ਗਈਆਂ ਹਨ। ਉਚੇਰੀ–ਸਿੱਖਿਆ ਦੇ ਪੱਧਰ ’ਤੇ ਸਮੁੱਚੇ ਵਿਸ਼ਵ ’ਚ ਪੜ੍ਹਾਈ ਦੇ ਮਾਧਿਅਮ ਦੇ ਅਭਿਆਸਾਂ ਉਤੇ ਜੇ ਸਰਸਰੀ ਝਾਤ ਪਾਈ ਜਾਵੇ ਤਾਂ ਸਾਨੂੰ ਪਤਾ ਲਗਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ। ਜੀ–20 ਦੇਸ਼ਾਂ ਵਿਚੋਂ ਜ਼ਿਆਦਾਤਰ ਦੇਸ਼ਾਂ ’ਚ ਅਤਿ–ਆਧੁਨਿਕ ਯੂਨੀਵਰਸਿਟੀਜ਼ ਹਨ, ਜਿੱਥੇ ਉਸੇ ਭਾਸ਼ਾ ਵਿਚ ਪੜ੍ਹਾਈ ਕਰਵਾਈ ਜਾਂਦੀ ਹੈ, ਜਿਹੜੀ ਭਾਸ਼ਾ ’ਚ ਜਾਣਨ ਤੇ ਬੋਲਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੁੰਦੀ ਹੈ। ਏਸ਼ੀਆਈ ਦੇਸ਼ਾਂ ਨੂੰ ਹੀ ਲੈ ਲਵੋ, ਉਦਾਹਰਣ ਵਜੋਂ, ਕੋਰੀਆ ’ਚ ਲਗਭਗ 70 ਫੀਸਦੀ ਯੂਨੀਵਰਸਿਟੀਜ਼ ਕੋਰੀਆਈ ਭਾਸ਼ਾ ਵਿਚ ਪੜ੍ਹਾਉਂਦੀਆਂ ਹਨ ਪਰ ਫਿਰ ਵੀ ਉਹ ਅੰਤਰਰਾਸ਼ਟਰੀ ਮੰਚ ਉਤੇ ਭੂਮਿਕਾ ਨਿਭਾਉਣ ਦੇ ਖ਼ਾਹਿਸ਼ਮੰਦ ਹਨ। ਇਕ ਵਿਲੱਖਣ ਤਰੀਕੇ ਨਾਲ, ਮਾਪਿਆਂ ਵਿਚ ਅੰਗਰੇਜ਼ੀ ਸਿੱਖਣ ਦੀ ਵਧਦੀ ਸਨਕ ਨੂੰ ਦੇਖਦਿਆਂ ਕੋਰੀਆਈ ਸਰਕਾਰ ਨੇ ਸਾਲ 2018 ’ਚ ਸਕੂਲਾਂ ਵਿਚ ਤੀਸਰੀ ਜਮਾਤ ਤੋਂ ਪਹਿਲਾਂ ਅੰਗਰੇਜ਼ੀ ਪੜ੍ਹਾਉਣ ਉਤੇ ਰੋਕ ਲਾ ਦਿੱਤੀ ਸੀ ਕਿਉਂਕਿ ਵਿਦਿਆਰਥੀਆਂ ਦੀ ਕੋਰੀਆਈ ਭਾਸ਼ਾ ਵਿਚ ਮੁਹਾਰਤ ਘਟਣ ਲੱਗ ਪਈ ਸੀ। ਇਸੇ ਤਰ੍ਹਾਂ, ਜਾਪਾਨ ’ਚ ਬਹੁਤੇ ਯੂਨੀਵਰਸਿਟੀ ਪ੍ਰੋਗਰਾਮ ਜਪਾਨੀ ਭਾਸ਼ਾ ਵਿਚ ਹੀ ਪੜ੍ਹਾਏ ਜਾਂਦੇ ਹਨ ਅਤੇ ਚੀਨ ’ਚ ਵੀ ਬਿਲਕੁਲ ਇਹੋ ਜਿਹੀ ਸਥਿਤੀ ਹੈ, ਜਿੱਥੇ ਯੂਨੀਵਰਸਿਟੀਜ਼ ਮੈਂਡੈਰਿਨ ਭਾਸ਼ਾ ਵਿਚ ਪੜ੍ਹਾਈ ਕਰਵਾਉਂਦੀਆਂ ਹਨ।

ਭਾਰਤ ਵਿਚ ਜ਼ਿਆਦਾਤਰ ਕਿੱਤਾਮੁਖੀ ਕੋਰਸ ਅੰਗਰੇਜ਼ੀ ਭਾਸ਼ਾ ’ਚ ਪੜ੍ਹਾਏ ਜਾਂਦੇ ਹਨ
ਇਸ ਅੰਤਰਰਾਸ਼ਟਰੀ ਸੰਦਰਭ ਵਿਚ, ਇਹ ਇਕ ਵਿਅੰਗਾਤਮਕ ਸਥਿਤੀ ਹੀ ਹੈ ਕਿ ਭਾਰਤ ਵਿਚ ਜ਼ਿਆਦਾਤਰ ਕਿੱਤਾਮੁਖੀ ਕੋਰਸ ਅੰਗਰੇਜ਼ੀ ਭਾਸ਼ਾ ’ਚ ਪੜ੍ਹਾਏ ਜਾਂਦੇ ਹਨ। ਵਿਗਿਆਨ, ਇੰਜੀਨੀਅਰਿੰਗ, ਮੈਡੀਸਨ ਤੇ ਕਾਨੂੰਨ ਵਿਚ ਤਾਂ ਸਥਿਤੀ ਹੋਰ ਵੀ ਮਾੜੀ ਹੈ ਕਿਉਂਕਿ ਇਨ੍ਹਾਂ ਵਿਸ਼ਿਆਂ ਲਈ ਕੋਈ ਵੀ ਕੋਰਸ ਵਿਵਹਾਰਕ ਤੌਰ ਉਤੇ ਖੇਤਰੀ ਭਾਸ਼ਾ ਵਿਚ ਨਹੀਂ ਹੈ। ਖ਼ੁਸ਼ਕਿਸਮਤੀ ਨਾਲ, ਅਸੀਂ ਹੁਣ ਆਪਣੀਆਂ ਖ਼ੁਦ ਦੀਆਂ ਭਾਸ਼ਾਵਾਂ ਵਿਚ ਆਪਣੀ ਆਵਾਜ਼ ਲੱਭਣੀ ਸ਼ੁਰੂ ਕਰ ਰਹੇ ਹਾਂ। ਸਾਨੂੰ ਜ਼ਰੂਰ ਹੀ ਪ੍ਰਾਇਮਰੀ ਸਿੱਖਿਆ (ਘੱਟੋ–ਘੱਟ ਗ੍ਰੇਡ 5 ਤੱਕ) ਵਿਦਿਆਰਥੀ ਦੀ ਮਾਂ–ਬੋਲੀ ਵਿਚ ਦੇਣ ਨਾਲ ਸ਼ੁਰੂਆਤ ਕਰਨੀ ਹੋਵੇਗੀ ਅਤੇ ਫਿਰ ਹੌਲੀ–ਹੌਲੀ ਇਸ ਦਾ ਪੱਧਰ ਉੱਚਾ ਚੁੱਕਦੇ ਜਾਣਾ ਹੋਵੇਗਾ। ਮਾਂ-ਬੋਲੀ ਵਿਚ ਪੜ੍ਹਾਈ ਦਾ ਮਾਧਿਅਮ ਰੱਖਣ ਉਤੇ ਜ਼ੋਰ ਕੋਈ ਅਨੋਖੀ ਗੱਲ ਨਹੀਂ ਹੈ – ਕਿਉਂਕਿ ਮੈਂ ਅਕਸਰ ਆਖਦਾ ਹਾਂ ਕਿ ਸਭ ਨੂੰ ਹਰ ਸੰਭਵ ਹੱਦ ਤੱਕ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ ਪਰ ਇਸ ਲਈ ਮਾਂ-ਬੋਲੀ ਵਿਚ ਮਜ਼ਬੂਤ ਬੁਨਿਆਦ ਦੀ ਜ਼ਰੂਰਤ ਹੁੰਦੀ ਹੈ। ਦੂਸਰੇ ਸ਼ਬਦਾਂ ’ਚ, ਮੈਂ ‘ਮਾਂ-ਬੋਲੀ ਬਨਾਮ ਅੰਗਰੇਜ਼ੀ’ ਦੀ ਨਹੀਂ, ਸਗੋਂ ‘ਮਾਂ-ਬੋਲੀ ਪਲੱਸ ਅੰਗਰੇਜ਼ੀ’ ਪਹੁੰਚ ਦੀ ਵਕਾਲਤ ਕਰ ਰਿਹਾ ਹਾਂ। ਅਜੋਕੇ ਤੇਜ਼ੀ ਨਾਲ ਆਪਸ ’ਚ ਜੁੜੇ ਵਿਸ਼ਵ ਵਿਚ ਵਿਭਿੰਨ ਭਾਸ਼ਾਵਾਂ ’ਚ ਮੁਹਾਰਤ ਨੇ ਇਕ ਵਿਆਪਕ ਵਿਸ਼ਵ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ।


DIsha

Content Editor

Related News