ਰਾਸ਼ਟਰਵਾਦ ਦੀ ਇਕ ਮਜ਼ਬੂਤ ਆਵਾਜ਼ ਹੈ ਵੰਦੇ ਮਾਤਰਮ

Wednesday, Aug 19, 2026 - 04:57 PM (IST)

ਰਾਸ਼ਟਰਵਾਦ ਦੀ ਇਕ ਮਜ਼ਬੂਤ ਆਵਾਜ਼ ਹੈ ਵੰਦੇ ਮਾਤਰਮ

ਇਸ ਵਾਰ 80ਵੇਂ ਆਜ਼ਾਦੀ ਦਿਹਾੜੇ ’ਤੇ 15 ਅਗਸਤ ਨੂੰ ਲਾਲ ਕਿਲੇ ਤੋਂ ਪਹਿਲੀ ਵਾਰ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦਾ ਗਾਇਨ ਹੋਇਆ। ਵੰਦੇ ਮਾਤਰਮ ਦਾ ਦੇਸ਼ ਨਾਲ ਰੂਹ ਦਾ ਰਿਸ਼ਤਾ ਹੈ। ਵੰਦੇ ਮਾਤਰਮ ਹੀ ਆਜ਼ਾਦੀ ਲਈ ਦੇਸ਼ ਦੇ ਸੰਘਰਸ਼ ਦੌਰਾਨ ਭਾਰਤੀ ਕ੍ਰਾਂਤੀਕਾਰੀਆਂ ਅਤੇ ਰਾਸ਼ਟਰਵਾਦੀ ਆਗੂਆਂ ਦਾ ਮੂਲ ਗੀਤ ਸੀ। ਇਸ ਨੇ ਕਈ ਨੌਜਵਾਨ ਮਰਦਾਂ ਅਤੇ ਔਰਤਾਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਜੋ ਉਸ ਸਮੇਂ ਦੀ ਦੇਸ਼ ਭਗਤੀ ਦੀਆਂ ਭਾਵਨਾਵਾਂ ’ਚ ਰਮੇ ਹੋਏ ਸਨ।

ਬੰਕਿਮ ਚੰਦਰ ਚੱਟੋਪਾਧਿਆਏ ਨੇ 7 ਨਵੰਬਰ, 1875 ਨੂੰ ਬੰਗਾਲ ਦੇ ਕਾਂਤਲ ਪਾਡਾ ਨਾਂ ਦੇ ਪਿੰਡ ’ਚ ਇਸ ਗੀਤ ਦੀ ਰਚਨਾ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ 1882 ਦੇ ਬੰਗਾਲੀ ਨਾਵਲ ‘ਆਨੰਦਮਠ’ ’ਚ ਸ਼ਾਮਲ ਕੀਤਾ ਸੀ। ਆਨੰਦਮਠ ਦੀ ਕਹਾਣੀ 1772 ’ਚ ਪੂਰਨੀਆ, ਦਾਨਾਪੁਰ ਅਤੇ ਤਿਰਹੁਤ ’ਚ ਅੰਗਰੇਜ਼ਾਂ ਅਤੇ ਸਥਾਨਕ ਰਾਜੇ ਵਿਰੁੱਧ ਸੰਨਿਆਸੀਆਂ ਦੇ ਵਿਦਰੋਹ ਦੀ ਘਟਨਾ ਤੋਂ ਪ੍ਰੇਰਿਤ ਹੈ। ਆਨੰਦਮਠ ਦਾ ਸਾਰ ਇਹ ਹੈ ਕਿ ਕਿਸ ਤਰ੍ਹਾਂ ਸੰਨਿਆਸੀਆਂ ਨੇ ਜ਼ਾਲਮ ਹਾਕਮਾਂ ਨੂੰ ਹਰਾਇਆ।

ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਇਤਿਹਾਸਕ ਰਚਨਾ ਅਕਸ਼ੈ ਨੌਮੀ ਦੇ ਦਿਨ ਹੋਈ ਸੀ। ‘ਵੰਦੇ ਮਾਤਰਮ’ ਸਿਰਲੇਖ ਦਾ ਅਰਥ ਹੈ ‘ਮੈਂ ਤੁਹਾਡੇ ਅੱਗੇ ਸਿਰ ਝੁਕਾਉਂਦਾ ਹਾਂ, ਮਾਂ!’ ਵੰਦੇ ਮਾਤਰਮ ਗੀਤ ਦੇ ਪਹਿਲੇ 2 ਬੰਦ ਸੰਸਕ੍ਰਿਤ ’ਚ ਹਨ, ਜਦੋਂ ਕਿ ਬਾਕੀ ਬੰਦ ਬੰਗਲਾ ’ਚ ਹਨ। ਰਾਸ਼ਟਰ ਕਵੀ ਰਬਿੰਦਰਨਾਥ ਟੈਗੋਰ ਵੱਲੋਂ ਇਸ ਗੀਤ ਨੂੰ ਸੁਰਬੱਧ ਕੀਤਾ ਗਿਆ ਸੀ। ਪਹਿਲੀ ਵਾਰ ਇਸ ਗੀਤ ਨੂੰ 1896 ’ਚ ਕਾਂਗਰਸ ਦੇ ਕਲਕੱਤਾ ਇਜਲਾਸ ’ਚ ਗਾਇਆ ਗਿਆ ਸੀ। 1905 ’ਚ ਇਹ ਸਿਆਸੀ ਸਰਗਰਮੀ ਅਤੇ ਭਾਰਤੀ ਆਜ਼ਾਦੀ ਅੰਦੋਲਨ ਲਈ ਇਕ ਹਰਮਨਪਿਆਰਾ ਪ੍ਰੇਰਣਾਦਾਇਕ ਗੀਤ ਬਣ ਗਿਆ। ਅਰਬਿੰਦੋ ਘੋਸ਼ ਨੇ ਇਸ ਗੀਤ ਦਾ ਅੰਗਰੇਜ਼ੀ ’ਚ ਅਤੇ ਆਰਿਫ ਮੁਹੰਮਦ ਖਾਨ ਨੇ ਉਰਦੂ ’ਚ ਅਨੁਵਾਦ ਕੀਤਾ।

ਬੰਕਿਮ ਚੰਦਰ ਚੈਟਰਜੀ ਨੇ ਜਦੋਂ ਇਸ ਗੀਤ ਦੀ ਰਚਨਾ ਕੀਤੀ ਸੀ, ਉਦੋਂ ਭਾਰਤ ਬਰਤਾਨਵੀ ਹਕੂਮਤ ਅਧੀਨ ਸੀ ਅਤੇ ਉਸ ਦੌਰਾਨ ਹਰ ਸਮਾਗਮ ’ਚ ‘ਗੌਡ ਸੇਵ ਦਿ ਕਵੀਨ’ ਗੀਤ ਗਾਇਆ ਜਾਂਦਾ ਸੀ, ਜੋ ਕਿ ਭਾਰਤ ਵਾਸੀਆਂ ਨੂੰ ਬਹੁਤ ਬੁਰਾ ਲੱਗਦਾ ਸੀ। ਬੰਕਿਮ ਚੰਦਰ ਚੈਟਰਜੀ ਨੇ ਦੁਖੀ ਹੋ ਕੇ ਇਸ ਗੀਤ ਦੀ ਰਚਨਾ ਕੀਤੀ ਅਤੇ ਇਸ ਦਾ ਨਾਂ ‘ਵੰਦੇ ਮਾਤਰਮ’ ਰੱਖਿਆ। ਵੰਦੇ ਮਾਤਰਮ ਦਾ ਨਾਅਰਾ ਉਸ ਸਮੇਂ ਸਾਰੇ ਬੰਗਾਲ ’ਚ ਅੱਗ ਵਾਂਗ ਫੈਲ ਗਿਆ ਜਦੋਂ ਬਾਰੀਸਾਲ (ਹੁਣ ਬੰਗਲਾਦੇਸ਼ ’ਚ) ’ਚ ਕਿਸਾਨ ਆਗੂ ਐੱਮ. ਰਸੂਲ ਦੀ ਪ੍ਰਧਾਨਗੀ ਹੇਠ ਹੋ ਰਹੇ ਬੰਗਾਲ ਕਾਂਗਰਸ ਦੇ ਸੂਬਾਈ ਇਜਲਾਸ ’ਤੇ ਅੰਗਰੇਜ਼ ਫ਼ੌਜ ਨੇ ਵੰਦੇ ਮਾਤਰਮ ਗਾਉਣ ਕਾਰਨ ਬਹੁਤ ਜ਼ਾਲਮਾਨਾ ਹਮਲਾ ਕੀਤਾ।

ਰਾਤੋ-ਰਾਤ ਇਹ ਬੰਗਾਲ ਹੀ ਨਹੀਂ, ਸਗੋਂ ਸਾਰੇ ਦੇਸ਼ ’ਚ ਗੂੰਜਣ ਲੱਗਾ। ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ, ਰਾਜਗੁਰੂ, ਰਾਮਪ੍ਰਸਾਦ ਬਿਸਮਿਲ ਅਤੇ ਅਸ਼ਫ਼ਾਕ ਉੱਲਾ ਖ਼ਾਨ ਵਰਗੇ ਆਜ਼ਾਦੀ ਘੁਲਾਟੀਆਂ ਨੇ ਵੀ ਵੰਦੇ ਮਾਤਰਮ ਗਾਇਆ। ਇਹ ਨਾਅਰਾ ਸਾਂਝੇ ਰਾਸ਼ਟਰਵਾਦ ਦਾ ਮੰਤਰ ਬਣ ਗਿਆ ਸੀ, ਬਿਲਕੁਲ ਉਸੇ ਤਰ੍ਹਾਂ, ਜਿਵੇਂ ਇਨਕਲਾਬ ਜ਼ਿੰਦਾਬਾਦ ਸੀ।

ਆਜ਼ਾਦੀ ਦੇ ਸੰਘਰਸ਼ ਦੌਰਾਨ ਅਤੇ ਮੁੱਖ ਤੌਰ ’ਤੇ ਬੰਗਾਲ ਦੀ ਵੰਡ ਵੇਲੇ ਇਸ ਗੀਤ ਨੇ ਬਹੁਤ ਪ੍ਰਸਿੱਧੀ ਅਤੇ ਖਾਸ ਕੌਮੀ ਮਹੱਤਵ ਹਾਸਲ ਕੀਤਾ। ਇਹ ਰਬਿੰਦਰਨਾਥ ਟੈਗੋਰ ਸਨ, ਜਿਨ੍ਹਾਂ ਨੇ ਗੀਤ ਨੂੰ ਧੁਨ ਦਿੱਤੀ ਅਤੇ ਰਾਸ਼ਟਰਵਾਦ ਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਦੇ ਮੁਕੰਮਲ ਪ੍ਰਗਟਾਵੇ ਵਜੋਂ ਇਸ ਨੂੰ ਹਰਮਨਪਿਆਰਾ ਬਣਾਇਆ। ਇਸ ਨੂੰ ਰਾਸ਼ਟਰੀ ਗੀਤ ਲਈ ਢੁੱਕਵੀਂ ਬਣਤਰ ਦੇ ਦਿੱਤੀ। ਆਜ਼ਾਦੀ ਮਿਲਣ ਤੋਂ ਬਾਅਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਸੰਵਿਧਾਨ ਸਭਾ ’ਚ ਅਤੇ ਹੁਣ ਕੇਂਦਰ ਸਰਕਾਰ ਨੇ ਇਸ ਨੂੰ ਮਜ਼ਬੂਤ ਕਾਨੂੰਨੀ ਸੁਰੱਖਿਆ ਪ੍ਰਦਾਨ ਕਰ ਦਿੱਤੀ ਹੈ ਜੋ ਕਿ ਇਕ ਅਹਿਮ ਕਦਮ ਹੈ।

ਅੱਜ ਫਿਰ ਭਾਰਤ ਦੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਇਤਿਹਾਸਕ ਅਤੇ ਅਜੋਕੇ ਭਾਰਤ ’ਚ ਇਸ ਦੇ ਮਹੱਤਵ ਨੂੰ ਸਮਝਣਾ ਸਾਰਿਆਂ ਲਈ ਜ਼ਰੂਰੀ ਹੈ। ‘ਵੰਦੇ ਮਾਤਰਮ’ ਆਪਣੇ ਆਪ ’ਚ ਸੰਪੂਰਨ ਕੌਮੀ ਜੈਕਾਰਾ ਹੈ, ਜਿਵੇਂ ਕਿ ਸਤਯਮੇਵ ਜਯਤੇ ਹੈ। ਅਸਲ ’ਚ ‘ਵੰਦੇ ਮਾਤਰਮ’ ਸਿਰਫ਼ ਰਾਸ਼ਟਰੀ ਗੀਤ ਹੀ ਨਹੀਂ, ਸਗੋਂ ਭਾਰਤੀ ਰਾਸ਼ਟਰਵਾਦ ਅਤੇ ਸੱਭਿਆਚਾਰ ਦੀ ਇਕ ਤਾਕਤਵਰ ਆਵਾਜ਼ ਹੈ, ਜਿਸ ਨੂੰ ਹੋਰ ਬੁਲੰਦ ਕੀਤਾ ਜਾਣਾ ਚਾਹੀਦਾ ਹੈ।

-ਡਾ. ਵਰਿੰਦਰ ਭਾਟੀਆ


author

Harpreet SIngh

Content Editor

Related News