ਵਾਜਪਾਈ ਤੋਂ ਥਰੂਰ : ਪਾਕਿਸਤਾਨ ਵਿਰੋਧੀ ਕੂਟਨੀਤਿਕ ਸ਼ਤਰੰਜ ਦਾ ਵਿਰੋਧਾਭਾਸ
Thursday, May 22, 2025 - 06:56 PM (IST)

ਭਾਜਪਾ ਕਦੇ ਵੀ ਕਾਂਗਰਸ ਨੂੰ ਕਮਜ਼ੋਰ ਕਰਨ ਦਾ ਕੋਈ ਮੌਕਾ ਨਹੀਂ ਖੁੰਝਾਉਂਦੀ ਅਤੇ ਇਸਦਾ ਤਾਜ਼ਾ ਕਦਮ ਇਕ ਮਾਸਟਰਸਟ੍ਰੋਕ ਦੇ ਬਰਾਬਰ ਹੈ। ਪਾਕਿਸਤਾਨੀ ਅੱਤਵਾਦੀਆਂ ਨਾਲ ਜੁੜੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਅਤੇ ਪਹਿਲਗਾਮ ’ਚ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਦੁਆਰਾ 26 ਸੈਲਾਨੀਆਂ ਦੇ ਬੇਰਹਿਮੀ ਨਾਲ ਕਤਲੇਆਮ ਕਰਨ ਪ੍ਰਤੀ ਭਾਰਤ ਦੇ ਫੈਸਲਾਕੁੰਨ ਜਵਾਬ ਦਾ ਬਚਾਅ ਕਰਨ ਲਈ ਅਮਰੀਕਾ ਜਾਣ ਵਾਲੇ ਭਾਰਤੀ ਵਫ਼ਦ ਦੀ ਅਗਵਾਈ ਕਰਨ ਲਈ ਕੇਰਲ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਨਿਯੁਕਤ ਕਰ ਕੇ ਮੋਦੀ ਸਰਕਾਰ ਨੇ ਕਾਂਗਰਸ ਨੂੰ ਸਿਆਸੀ ਦੁਚਿੱਤੀ ’ਚ ਪਾ ਦਿੱਤਾ ਹੈ।
ਥਰੂਰ ਦਾ ਨਾਂ ਕਾਂਗਰਸ ਦੀ ਅਧਿਕਾਰਤ ਸੂਚੀ ’ਚ ਨਹੀਂ ਹੈ, ਜਿਸ ’ਚ ਸੰਯੁਕਤ ਰਾਸ਼ਟਰ ਦੇ ਵਫ਼ਦ ਲਈ ਚਾਰ ਸੰਸਦ ਮੈਂਬਰ-ਆਨੰਦ ਸ਼ਰਮਾ (ਸਾਬਕਾ ਕੇਂਦਰੀ ਮੰਤਰੀ), ਗੌਰਵ ਗੋਗੋਈ (ਲੋਕ ਸਭਾ ’ਚ ਉੱਪ ਨੇਤਾ), ਡਾ. ਸਈਦ ਨਸੀਰ ਹੁਸੈਨ (ਰਾਜ ਸਭਾ ਮੈਂਬਰ) ਅਤੇ ਰਾਜਾ ਬਰਾੜ (ਲੋਕ ਸਭਾ ਮੈਂਬਰ) ਸ਼ਾਮਲ ਹਨ। ਕਾਂਗਰਸ ਨੇ ਭਾਜਪਾ ’ਤੇ ਪਾਰਟੀ ਪੱਧਰ ਦੇ ਮੁਕਾਬਲੇ ’ਚ ਵੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ, ਜਦੋਂ ਕਿ ਅਜਿਹੀ ਰਾਜਨੀਤੀ ਤੋਂ ਬਚਣਾ ਚਾਹੀਦਾ ਹੈ।
ਥਰੂਰ ਦਾ ਦੋਹਰਾ ਅਕਸ : ਕਾਂਗਰਸ ਤੋਂ ਬਾਹਰ ਅਤੇ ਸਰਕਾਰ ਦਾ ਸਰੋਤ : ਕਾਂਗਰਸ ਵੱਲੋਂ ਥਰੂਰ ਨੂੰ ਬਾਹਰ ਕੱਢਣਾ ਅਤੇ ਮੋਦੀ ਸਰਕਾਰ ਵੱਲੋਂ ਉਨ੍ਹਾਂ ਦੀ ਤਰੱਕੀ ਰਾਜਨੀਤਿਕ ਚਲਾਕੀ ਦੀ ਬਾਰੀਕੀ ਹੈ। ਇਹ ਨਾ ਸਿਰਫ਼ ਕਾਂਗਰਸ ਲੀਡਰਸ਼ਿਪ ਦੀ ਅਸਹਿਜਤਾ ਨੂੰ ਦਰਸਾਉਂਦਾ ਹੈ ਸਗੋਂ ਥਰੂਰ ਨੂੰ ਪਾਰਟੀ ਦੇ ਹੁਕਮਾਂ ਤੋਂ ਮੁਕਤ ਇਕ ਸੁਤੰਤਰ ਨੇਤਾ ਵਜੋਂ ਵੀ ਪੇਸ਼ ਕਰਦਾ ਹੈ। ਇਸ ਘਟਨਾ ਨਾਲ ਥਰੂਰ ਦੀ ਕਾਂਗਰਸ ਤੋਂ ਦੂਰੀ ਹੋਰ ਵਧਣ ਦਾ ਖ਼ਤਰਾ ਹੈ, ਜਿਸ ਨਾਲ ਉਹ ਰਾਜਨੀਤਿਕ ਤੌਰ ’ਤੇ ਅਲੱਗ-ਥਲੱਗ ਹੋ ਸਕਦੇ ਹਨ, ਜਿਵੇਂ ਕਿ ਪਹਿਲਾਂ ਗੁਲਾਮ ਨਬੀ ਆਜ਼ਾਦ ਨਾਲ ਹੋਇਆ ਸੀ, ਜਿਸ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਜਨਤਕ ਤੌਰ ’ਤੇ ਪ੍ਰਸ਼ੰਸਾ ਕੀਤੀ ਗਈ ਸੀ ਪਰ ਬਾਅਦ ’ਚ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ ਸੀ ਅਤੇ ਹੁਣ ਉਨ੍ਹਾਂ ਦੀ ਪਾਰਟੀ ਹਾਸ਼ੀਏ ’ਤੇ ਹੈ।
ਇਸ ਤੋਂ ਇਲਾਵਾ ਆਲੋਚਕ ਮੰਨਦੇ ਹਨ ਕਿ ਕੇਰਲ ’ਚ ਸੱਤਾਧਾਰੀ ਖੱਬੇਪੱਖੀ ਲੋਕਤੰਤਰੀ ਮੋਰਚਾ (ਐੱਲ. ਡੀ. ਐੱਫ.) ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂ. ਡੀ. ਐੱਫ. ਨਾਲ ਮੁਕਾਬਲਾ ਕਰਨ ਲਈ ਕੋਈ ਪ੍ਰਭਾਵੀ ਭਾਜਪਾ ਨੇਤਾ ਨਾ ਹੋਣ ਕਾਰਨ ਪਾਰਟੀ ਥਰੂਰ ਨੂੰ ਆਕਰਸ਼ਿਤ ਕਰ ਰਹੀ ਹੈ। ਥਰੂਰ ਦਾ ‘ਆਪ੍ਰੇਸ਼ਨ ਸਿੰਧੂਰ’ ਦਾ ਖੁੱਲ੍ਹ ਕੇ ਸਮਰਥਨ ਅਤੇ ਸਾਬਕਾ ਸੰਯੁਕਤ ਰਾਸ਼ਟਰ ਡਿਪਲੋਮੈਟ ਦੇ ਰੂਪ ’ਚ ਉਨ੍ਹਾਂ ਦੀ ਮਜ਼ਬੂਤ ਦਿੱਖ ਮੋਦੀ ਸਰਕਾਰ ਲਈ ਇਕ ਕੂਟਨੀਤਿਕ ਸੰਪਤੀ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ ’ਤੇ ਵਰਤਣਾ ਚਾਹੁੰਦੀ ਹੈ।
ਥਰੂਰ-ਵਾਜਪਾਈ ਦੀ ਤੁਲਨਾ ਨਾਲ ਬਹਿਸ ਛਿੜੀ : ਜ਼ਿਆਦਾਤਰ ਟੀ. ਵੀ. ਚੈਨਲਾਂ ਨੇ 2025 ’ਚ ਮੋਦੀ ਸਰਕਾਰ ਵਲੋਂ ਸ਼ਸ਼ੀ ਥਰੂਰ ਦੀ ਨਿਯੁਕਤੀ ਅਤੇ 1994 ’ਚ ਨਰਸਿਮ੍ਹਾ ਰਾਓ ਸਰਕਾਰ ਵਲੋਂ ਅਟਲ ਬਿਹਾਰੀ ਵਾਜਪਾਈ ਨੂੰ ਨਿਯੁਕਤ ਕਰਨ ਦੇ ਵਿਚਾਲੇ ਸਮਾਨਤਾ ਸਿੱਧ ਕਰਨ ਲਈ ਇਕ ਅਥੱਕ ਮੁਹਿੰਮ ਸ਼ੁਰੂ ਕੀਤੀ ਹੈ। ਹਾਲਾਂਕਿ ਇਹ ਦੋਵੇਂ ਘਟਨਾਵਾਂ ਉਦੇਸ਼, ਸੰਦਰਭ ਅਤੇ ਸਿਆਸੀ ਪ੍ਰਭਾਵ ’ਚ ਬਿਲਕੁਲ ਵੱਖ ਹੈ। ਨਰਸਿਮ੍ਹਾ ਰਾਓ ਨੇ 1994 ’ਚ ਵਾਜਾਪਈ, ਜੋ ਉਸ ਸਮੇਂ ਆਪੋਜ਼ੀਸ਼ਨ ਦੇ ਨੇਤਾ ਸਨ, ਨੂੰ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਵਫਦ ਦੀ ਅਗਵਾਈ ਕਰਨ ਦਾ ਫੈਸਲਾ ਇਕ ਕੂਟਨੀਤਿਕ ਮਾਸਟਰਸਟ੍ਰੋਕ ਦੇ ਰੂਪ ’ਚ ਲਿਆ ਸੀ ਤਾਂ ਕਿ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦੇ ਝੂਠੇ ਪ੍ਰਚਾਰ ਨੂੰ ਸੰਯੁਕਤ ਭਾਰਤੀ ਮੋਰਚਾ ਦਿਖਾਇਆ ਜਾ ਸਕੇ। ਵਾਜਪਾਈ ਜੋ ਇਕ ਤੇਜ਼-ਤਰਾਰ ਬੁਲਾਰੇ ਅਤੇ ਰਾਜਨੇਤਾ ਸਨ, ਨੇ ਪਾਕਿਸਤਾਨ ਦੀ ਭਾਰਤ ਵਿਰੋਧੀ ਕਥਾ ਦਾ ਜ਼ਬਰਦਸਤ ਖੰਡਨ ਕੀਤਾ ਅਤੇ ਜੰਮੂ-ਕਸ਼ਮੀਰ ’ਤੇ ਭਾਰਤ ਦੇ ਅਧਿਕਾਰ ਨੂੰ ਸਪੱਸ਼ਟ ਕਰਨ ਨਾਲ ਹੀ ਪਾਕਿਸਤਾਨ ਦੇ ਅੱਤਵਾਦ ਸਮਰਥਕ ਰਵੱਈਏ ਨੂੰ ਬੇਨਕਾਬ ਕੀਤਾ।
ਉਲਟ ਸੰਦਰਭ : ਰਾਓ ਦੀ ਏਕਤਾ ਬਨਾਮ ਮੋਦੀ ਦੀ ਰਾਜਨੀਤਿਕ ਚਾਲ : ਇਸ ਦੇ ਉਲਟ, ਮੋਦੀ ਸਰਕਾਰ ਵਲੋਂ ਸ਼ਸ਼ੀ ਥਰੂਰ ਨੂੰ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਵਫ਼ਦ ਦੀ ਅਗਵਾਈ ਕਰਨ ਦਾ ਫੈਸਲਾ ਪਾਕਿਸਤਾਨ ਦੇ ਅੱਤਵਾਦ ਸਬੰਧਾਂ ਨੂੰ ਉਜਾਗਰ ਕਰਨ ਅਤੇ ‘ਆਪ੍ਰੇਸ਼ਨ ਸਿੰਧੂਰ’ ਤਹਿਤ ਭਾਰਤ ਦੀਆਂ ਜਵਾਬੀ ਕਾਰਵਾਈਆਂ ਨੂੰ ਸਹੀ ਠਹਿਰਾਉਣ ਲਈ ਵਿਵਾਦਪੂਰਨ ਰਿਹਾ ਹੈ। ਥਰੂਰ ਇਕ ਕਾਂਗਰਸੀ ਸੰਸਦ ਮੈਂਬਰ ਅਤੇ ਇਕ ਤਜਰਬੇਕਾਰ ਡਿਪਲੋਮੈਟ ਹਨ ਪਰ ਉਨ੍ਹਾਂ ਦੀ ਪਾਰਟੀ ਦੇ ਅੰਦਰ ਸਵਾਗਤ ਨਹੀਂ ਕੀਤਾ ਗਿਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਥਰੂਰ ਨੂੰ ਸੰਯੁਕਤ ਰਾਸ਼ਟਰ ਦੇ ਚਾਰ ਮੈਂਬਰੀ ਕਾਂਗਰਸ ਵਫ਼ਦ ’ਚੋਂ ਬਾਹਰ ਰੱਖਿਆ ਹੈ ਜੋ ਉਨ੍ਹਾਂ ਦੀ ਨਾਖੁਸ਼ੀ ਦਾ ਸੰਕੇਤ ਹੈ।
ਦੋ-ਦਲੀ ਏਕਤਾ ਤੋਂ ਸਪੱਸ਼ਟ ਤੌਰ ’ਤੇ ਹਟਣਾ : ਇਹ ਸਥਿਤੀ 1994 ਤੋਂ ਬਹੁਤ ਵੱਖਰੀ ਹੈ, ਜਦੋਂ ਵਾਜਪਾਈ ਦੀ ਨਿਯੁਕਤੀ ਇਕ ਮਹੱਤਵਪੂਰਨ ਵਿਦੇਸ਼ ਨੀਤੀ ਦੇ ਮੁੱਦੇ ’ਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ ਸੀ। ਥਰੂਰ ਦੇ ਮਾਮਲੇ ’ਚ, ਮੋਦੀ ਸਰਕਾਰ ਦਾ ਇਹ ਕਦਮ ਵੱਡੇ ਪੱਧਰ ’ਤੇ ਰਾਜਨੀਤਿਕ ਜਾਪਦਾ ਹੈ, ਕਾਂਗਰਸ ਲੀਡਰਸ਼ਿਪ ਨੂੰ ਬਾਈਪਾਸ ਕਰ ਕੇ ਅਤੇ ਸਿੱਧੇ ਤੌਰ ’ਤੇ ਇਕ ਵਿਰੋਧੀ ਸੰਸਦ ਮੈਂਬਰ ਨੂੰ ਚੁਣਨਾ ਜਿਸ ਦੇ ਆਪਣੀ ਪਾਰਟੀ ਨਾਲ ਮਤਭੇਦ ਰਹੇ ਹਨ। ਆਲੋਚਕਾਂ ਦਾ ਤਰਕ ਹੈ ਕਿ ਇਹ ਨਿਯੁਕਤੀ ਦੋ-ਦਲੀ ਏਕਤਾ ਦੀ ਬਜਾਏ ਕਾਂਗਰਸ ਦੇ ਅੰਦਰ ਅੰਦਰੂਨੀ ਮਤਭੇਦਾਂ ਦਾ ਸਿਆਸੀ ਫਾਇਦਾ ਉਠਾਉਣ ਦੀ ਕੋਸ਼ਿਸ਼ ਹੈ, ਜਦਕਿ ਇਸ ਦੇ ਪਿੱਛੇ ਪਾਰਦਰਸ਼ੀ ਬਹੁਪੱਖੀ ਸਮਰਥਨ ਦਾ ਨਕਾਬ ਵੀ ਹੈ।
ਸਪੱਸ਼ਟ ਅੰਤਰ : ਵਾਜਪਾਈ ਦੀ ਕੂਟਨੀਤੀ ਅਤੇ ਥਰੂਰ ਦੀ ਸਥਿਤੀ : ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਵਾਜਪਾਈ ਵਿਰੋਧੀ ਧਿਰ ਦੇ ਨੇਤਾ ਵਜੋਂ ਇਕ ਸਤਿਕਾਰਯੋਗ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਸਨ, ਜਦੋਂ ਕਿ ਥਰੂਰ, ਭਾਵੇਂ ਇਕ ਯੋਗ ਬੁਲਾਰੇ ਅਤੇ ਕੂਟਨੀਤਿਕ ਹਨ, ਸਿਰਫ਼ ਇਕ ਸੰਸਦ ਮੈਂਬਰ ਹਨ। ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਇਹ ਸਵਾਲ ਉੱਠਦਾ ਹੈ ਕਿ ਕੀ ਇਹ ਸੱਚਮੁੱਚ ਪਾਕਿਸਤਾਨ ਦੇ ਅੱਤਵਾਦ ਨੂੰ ਬੇਨਕਾਬ ਕਰਨ ਲਈ ਇਕ ਮਜ਼ਬੂਤ ਭਾਰਤੀ ਆਵਾਜ਼ ਚਾਹੁੰਦੀ ਹੈ, ਜਾਂ ਕਾਂਗਰਸ ਲੀਡਰਸ਼ਿਪ ਨੂੰ ਦੂਰ ਕਰਦੇ ਹੋਏ ਬਹੁਪੱਖੀ ਸਮਰਥਨ ਪ੍ਰਾਪਤ ਕਰਨ ਲਈ ਥਰੂਰ ਦੀ ਵਰਤੋਂ ਕਰ ਰਹੀ ਹੈ।
ਭਾਜਪਾ ਦਾ ਤਰਕ : ਰਾਸ਼ਟਰੀ ਹਿੱਤਾਂ ਨੂੰ ਰਾਜਨੀਤਿਕ ਰੰਜਿਸ਼ ਤੋਂ ਉੱਪਰ ਰੱਖਣਾ : ਥਰੂਰ ਦਾ ‘ਆਪ੍ਰੇਸ਼ਨ ਸਿੰਧੂਰ’ ਦਾ ਸਮਰਥਨ ਅਤੇ ਇਕ ਸਾਬਕਾ ਯੂ. ਐੱਨ. ਡਿਪਲੋਮੈਟ ਦੇ ਰੂਪ ’ਚ ਇਕ ਮਜ਼ਬੂਤ ਅੰਤਰਰਾਸ਼ਟਰੀ ਸਾਖ ਮੋਦੀ ਸਰਕਾਰ ਲਈ ਇਕ ਵੱਡਾ ਲਾਭ ਹੈ, ਜਿਸ ਨੂੰ ਉਹ ਕਾਂਗਰਸ ਦੇ ਅੰਦਰ ਦਰਾਰਾਂ ਨੂੰ ਡੂੰਘਾ ਕਰਨ ਦੇ ਖਤਰੇ ’ਤੇ ਵੀ ਹਾਸਲ ਕਰਨਾ ਚਾਹੁੰਦੀ ਹੈ।
ਭਾਜਪਾ ਨੇਤਾ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਸੌੜੀ ਰਾਜਨੀਤਿਕ ਸੋਚ ਤੋਂ ਉੱਪਰ ਉੱਠਣਾ ਚਾਹੀਦਾ ਹੈ ਅਤੇ ਰਾਸ਼ਟਰੀ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ, ਖਾਸ ਕਰ ਕੇ ਜਦੋਂ ਪਾਕਿਸਤਾਨ ਅੱਤਵਾਦ ਦਾ ਸਮਰਥਨ ਕਰਨ ਲਈ ਸਬੂਤਾਂ ਦੇ ਘੇਰੇ ’ਚ ਹੈ। ਉਹ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਸੰਸਾਰਕ ਮੰਚ ’ਤੇ ਭਾਰਤੀ ਫੌਜ ਦੀ ਫੈਸਲਾਕੁੰਨ ਪ੍ਰਤੀਕਿਰਿਆ ਨੂੰ ਮਜ਼ਬੂਤੀ ਨਾਲ ਪੇਸ਼ ਕਰਨਾ ਜ਼ਰੂਰੀ ਹੈ।
ਕੇ. ਐੱਸ. ਤੋਮਰ