ਹੈਲੋ ਮਿਸਟਰ ਟਰੰਪ...ਹੈਲੋ

Friday, Aug 15, 2025 - 02:56 PM (IST)

ਹੈਲੋ ਮਿਸਟਰ ਟਰੰਪ...ਹੈਲੋ

ਅਜਿਹਾ ਹੋਣਾ ਜ਼ਰੂਰੀ ਨਹੀਂ ਸੀ। ਭਾਰਤ-ਅਮਰੀਕਾ ਸੰਬੰਧਾਂ ਨੂੰ ‘ਆਪ੍ਰੇਸ਼ਨ ਸਾਲਵੇਜ’ ਅਤੇ ਇਕ ਮੁੜ ਸਥਾਪਨਾ ਵਾਲੇ ਸਪਰਸ਼ ਦੀ ਸਖਤ ਲੋੜ ਹੈ। ਡੋਨਾਲਡ ਟਰੰਪ ਦੇ ਨਿਰਾਦਰ ਅਤੇ ਭਾਰਤ ’ਤੇ ਕੁੱਲ 50 ਫੀਸਦੀ ਤੱਕ ਦੇ ਬੜੇ ਹੀ ਜ਼ਿਆਦਾ ਟੈਰਿਫ ਸਬੰਧਾਂ ਨੂੰ ਖਤਮ ਕਰਨ ਦਾ ਖਤਰਾ ਪੈਦਾ ਕਰ ਰਹੇ ਹਨ, ਅਜਿਹਾ ਹਸ਼ਰ ਕੋਈ ਵੀ ਧਿਰ ਨਹੀਂ ਚਾਹੁੰਦੀ।

ਤੁਸੀਂ ਕਹਿ ਸਕਦੇ ਹੋ ਕਿ ਇਹ ਵੀ ਲੰਘ ਜਾਵੇਗਾ ਅਤੇ ਭਾਰਤ ਇਸ ਤੋਂ ਵੀ ਉੱਠ ਪਵੇਗਾ, ਪਰ ਹੁਣੇ ਲਏ ਗਏ ਫੈਸਲੇ, ਜਦੋਂ ਗੁੱਸਾ ਸਿਖਰ ’ਤੇ ਹੈ ਅਤੇ ਦੂਰਦਰਸ਼ਤਾ ਧੁੰਦਲੀ ਹੈ, ਆਉਣ ਵਾਲੇ ਸਾਲਾਂ ਤੱਕ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਟਰੰਪ ਅਤੇ ਨਰਿੰਦਰ ਮੋਦੀ ਦੀ ਪ੍ਰਸਿੱਧ ਦੋਸਤੀ ਪਹਿਲਾਂ ਹੀ ਇਸ ਸੰਕਟ ਦੀ ਭੇਟ ਚੜ੍ਹ ਚੁੱਕੀ ਹੈ।

ਇਹ ਸਪੱਸ਼ਟ ਹੈ ਕਿ ਟਰੰਪ ਹੀ ਸਾਰੇ ਵੱਡੇ ਫੈਸਲੇ ਲੈਂਦੇ ਹਨ, ਭਾਵੇਂ ਉਹ ਦੂਜੇ ਦੇਸ਼ਾਂ ਦੇ ਸਬੰਧਾਂ ਨੂੰ ਮੋੜਨਾ ਹੋਵੇ, ਸੁਧਾਰਨਾ ਹੋਵੇ ਜਾਂ ਵਿਗਾੜਨਾ ਹੋਵੇ, ਉਹੀ ਇਕੋ-ਇਕ ਵਿਅਕਤੀ ਹਨ ਜੋ ਮਾਅਨੇ ਰੱਖਦੇ ਹਨ, ਪਰ ਅਜਿਹਾ ਜਾਪਦਾ ਹੈ ਕਿ ਭਾਰਤ ਕੋਲ ਉਨ੍ਹਾਂ ਤੱਕ ਪਹੁੰਚਣ ਲਈ ਕੋਈ ਅਸਰਦਾਇਕ ਵਸੀਲਾ ਨਹੀਂ ਹੈ, ਜਿਸ ਨੂੰ ਕੋਈ ਦੇਖ ਸਕੇ। ਇਹ ਭਾਰਤ ਦੀ ਕੂਟਨੀਤੀ ’ਚ ਸਭ ਤੋਂ ਵੱਡੀ ਘਾਟ ਸਾਬਤ ਹੋ ਰਹੀ ਹੈ।

ਇਸ ਦਰਮਿਆਨ ਅਸੀਮ ਮੁਨੀਰ 2 ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਦੂਜੀ ਵਾਰ ਅਮਰੀਕਾ ਦੇ ਦੌਰੇ ’ਤੇ ਸਨ, ਜਿੱਥੇ ਉਨ੍ਹਾਂ ਨੇ ਕਥਿਤ ਤੌਰ ’ਤੇ ਭਾਰਤ ਵਿਰੁੱਧ ਪ੍ਰਮਾਣੂ ਧਮਕੀ ਦਿੱਤੀ ਅਤੇ ਨਾਲ ਹੀ ਸੈਂਟਕਾਮ ਕਮਾਂਡਰ ਮਾਈਕਲ ਕੁਰਿੱਲਾ ਦੇ ਵਿਦਾਇਗੀ ਸਮਾਗਮ ’ਚ ਸ਼ਾਮਲ ਹੋਏ।

ਨਵੀਂ ਦਿੱਲੀ, ਜੋ ਸਪੱਸ਼ਟ ਤੌਰ ’ਤੇ ਟਰੰਪ ਦੇ ਪੱਖ ’ਚ ਨਹੀਂ ਹੈ, ਵਾਸ਼ਿੰਗਟਨ ’ਚ ਐਂਟਰੀ ਲਈ ਇਕ ਬਾਹਰੀ ਦਰਵਾਜ਼ੇ ਦੀ ਭਾਲ ’ਚ ਹੈ। ਵਾਲਦੀਮੀਰ ਪੁਤਿਨ ਅਤੇ ਅਰਮੀਨੀਆ ਅਤੇ ਅਜਰਬੈਜ਼ਾਨ ਦੇ ਨਾਲ ਟਰੰਪ ਦੇ ਸ਼ਾਂਤੀ ਯਤਨਾਂ ਦਾ ਵਿਦੇਸ਼ ਮੰਤਰਾਲਾ ਵਲੋਂ ਕੀਤਾ ਗਿਆ ਨਿੱਘਾ ਸਵਾਗਤ ਧਿਆਨ ਦੇਣ ਯੋਗ ਸੀ।

ਸਬੰਧਾਂ ’ਚ ਗਿਰਾਵਟ ‘ਮਾਗਾ’ ਈਕੋਤੰਤਰ ’ਚ ਵਧਦੀ ਭਾਰਤ ਵਿਰੋਧੀ ਭਾਵਨਾ ਦੇ ਪਿਛੋਕੜ ’ਚ ਆਈ ਹੈ। ‘ਮਾਗਾ’ ਦੇ ਪ੍ਰਮੁੱਖ ਸੁਰ ਸੋਸ਼ਲ ਮੀਡੀਆ ’ਤੇ ਭਾਰਤੀਆਂ ਵਿਰੁੱਧ ਨੌਕਰੀਆਂ ਚੋਰੀ ਕਰਨ ਵਾਲੇ, ਭੂਰੇ ਰੰਗ ਦੇ ਗਿਰੋਹ, ‘ਮੂਰਤੀ ਪੂਜਕ ਮੰਦਰ’ ਬਣਾਉਣ ਵਾਲੇ ਅਤੇ ਅਜੀਬੋ-ਗਰੀਬ ਦਿਸਣ ਵਾਲੇ ਦੇਵਤਿਆਂ ਦੇ ਪੈਰੋਕਾਰ ਕਹਿ ਕੇ ਜ਼ਹਿਰ ਉਗਲ ਰਹੇ ਹਨ। ਇਹ ਭਿਆਨਕ ਹੈ। ਟਰੰਪ ਦੇ ਚੋਟੀ ਦੇ ਕੂਟਨੀਤਿਕ ਅਤੇ ਇਮੀਗ੍ਰੇਸ਼ਨ ਸਲਾਹਕਾਰ ਸਟੀਫਨ ਮਿੱਲਰ, ਇਸ ਦੋਸ਼ ਦੀ ਅਗਵਾਈ ਕਰ ਰਹੇ ਹਨ। ਭਾਰਤੀਆਂ ਨੂੰ ਬਦਨਾਮ ਕਰਨ ਦੀ ਕੋਈ ਸਿਆਸੀ ਕੀਮਤ ਨਹੀਂ ਅਦਾ ਕਰਨੀ ਪਵੇਗੀ।

ਜੋ ਲੋਕ ਸੋਚਦੇ ਹਨ ਕਿ ਆਰਥਿਕ ਮਜਬੂਰੀਆਂ ਕਾਰਨ ਟਰੰਪ ਅੜਿੱਕਾ ਲਾਉਣਗੇ, ਉਨ੍ਹਾਂ ਨੂੰ ਝਟਕਾ ਲੱਗ ਸਕਦਾ ਹੈ। ਉਹ ਭਾਰਤ ਪ੍ਰਤੀ ਆਪਣੇ ਸਮਰਥਕਾਂ ਨੂੰ ਨਾਰਾਜ਼ ਨਹੀਂ ਕਰਨਗੇ, ਖਾਸ ਕਰਕੇ ਉਦੋਂ ਜਦੋਂ ਉਹ ਭਾਰਤ ਦੇ ਕਾਰਜਾਂ ਤੋਂ ਦੁਖੀ ਮਹਿਸੂਸ ਕਰਦੇ ਹਨ।

ਭਾਰਤੀ ਅਧਿਕਾਰੀਆ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਤੱਕ ਪਹੁੰਚਣ ਲਈ ਕਈ ਵਸੀਲੇ ਕੰਮ ਕਰ ਰਹੇ ਹਨ ਪਰ ਕੋਈ ਸਫਲਤਾ ਹੱਥ ਨਹੀਂ ਲੱਗੀ ਹੈ। ਵਿਸ਼ਾਲ ਤਕਨੀਕੀ ਈਕੋਤੰਤਰ ਨੂੰ ਅਜੇ ਤੱਕ ਸਰਗਰਮ ਨਹੀਂ ਕੀਤਾ ਿਗਆ ਹੈ। ਪ੍ਰਵਾਸੀ ਅਤੇ ਭਾਰਤੀ-ਅਮਰੀਕੀ ਦਾਨਦਾਤਿਆਂ ਲਈ ਵੀ ਇਹੀ ਸਥਿਤੀ ਹੈ, ਜਿਨ੍ਹਾਂ ’ਚੋਂ ਇਕ ਨੇ ਮਦਦ ਦੀ ਪੇਸ਼ਕਸ਼ ਜਨਤਕ ਤੌਰ ’ਤੇ ਕੀਤੀ ਹੈ।

ਰਿਪਬਲਿਕਨ ਨੈਸ਼ਨਲ ਕਮੇਟੀ ਨੂੰ ਲਗਭਗ 25 ਲੱਖ ਡਾਲਰ ਦਾ ਦਾਨ ਦੇਣ ਵਾਲੀ ਸਭ ਤੋਂ ਵੱਡੇ ਦਾਨਦਾਤਿਆਂ ’ਚੋਂ ਇਕ, ਆਸ਼ਾ ਜਡੇਜਾ ਮੋਟਵਾਨੀ, ਜੋ ਜੇ. ਡੀ. ਵੇਂਸ ਅਤੇ ਵਣਜ ਸਕੱਤਰ ਹਾਵਰਡ ਲੁਟਨਿਕ ਨੂੰ ਜਾਣਦੀ ਹੈ, ਨੇ ਵਾਰ-ਵਾਰ ਕਿਹਾ ਕਿ ਉਹ ਭਾਰਤ ਵਲੋਂ ਦਖਲਅੰਦਾਜ਼ੀ ਕਰ ਸਕਦੀ ਹੈ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਦੂਤਘਰ ਤੋਂ ਕੋਈ ਸੂਚਨਾ ਨਹੀਂ ਮਿਲੀ ਹੈ।

ਆਪ੍ਰੇਸ਼ਨ ਸਿੰਧੂਰ ਦੇ ਬਾਅਦ ਭਾਰਤ ਪ੍ਰਤੀ ਟਰੰਪ ਦੀ ਨਾਰਾਜ਼ਗੀ ਮੁੱਖ ਸਮੱਸਿਆ ਸਾਬਤ ਹੋਈ ਹੈ, ਜੋ ਹਰ ਲੰਘਦੇ ਦਿਨ ਦੇ ਨਾਲ ਵਧਦੀ ਜਾ ਰਹੀ ਹੈ। ਤੀਜੀ ਵਾਰ ਜਦੋਂ ਟਰੰਪ ਨੇ ਜੰਗਬੰਦੀ ਦਾ ਸਿਹਰਾ ਲਿਆ, ਤਾਂ ਇਹ ਸਪੱਸ਼ਟ ਹੋ ਜਾਣਾ ਚਾਹੀਦਾ ਸੀ ਕਿ ਉਨ੍ਹਾਂ ਦੀ ਨਾਰਾਜ਼ਗੀ ਸੀ ਅਤੇ ਉਸ ਨੂੰ ਇਕ ਕੂਟਨੀਤਿਕ ਸਪਰਸ਼ ਦੀ ਲੋੜ ਸੀ। ਸ਼ਾਇਦ ਇਸ ਨੂੰ ‘ਟਰੰਪ ਤਾਂ ਟਰੰਪ ਹੀ ਹੈ’ ਕਹਿ ਕੇ ਖਾਰਿਜ ਕਰਨਾ ਨਾਸਮਝੀ ਸੀ। ਜਿਵੇਂ ਕਿ ਸਾਡੇ ਨਾਲ ਵਧੇਰੇ ਲੋਕਾਂ ਨੇ ਕੀਤਾ। ਸ਼ੁਰੂਆਤੀ ਗੱਲਬਾਤ ਤੋਂ ਮਦਦ ਮਿਲ ਸਕਦੀ ਸੀ, ਪਰ ਕੂਟਨੀਤਿਕ ਸਮਝਦਾਰੀ ਨੇ ਕੁਝ ਹੋਰ ਹੀ ਤੈਅ ਕੀਤਾ।

ਜਿਵੇਂ ਕਿ ਦੂਜੇ ਲੋਕਾਂ ਨੇ ਕਿਹਾ, ਮੋਦੀ ਫੋਨ ਕਰ ਸਕਦੇ ਸਨ, ਪੂਰੀ ਗੱਲ ਨੂੰ ਸੁਲਝਾ ਸਕਦੇ ਸਨ ਅਤੇ ਕਸ਼ਮੀਰ ’ਚ ਕਿਸੇ ਤੀਜੀ ਧਿਰ ਦੀ ਵਿਚੋਲਗੀ ਦਾ ਰਸਤਾ ਛੱਡੇ ਬਿਨਾਂ ਉਨ੍ਹਾਂ ਨੂੰ ‘ਸ਼ਾਂਤੀ ਪਸੰਦ ਰਾਸ਼ਟਰਪਤੀ’ ਵਜੋਂ ਪ੍ਰਵਾਨ ਕਰ ਸਕਦੇ ਸਨ। ਇਹ ‘ਅੰਗੂਠੀ ਚੁੰਮਣ’ ਦਾ ਤਰਕ ਨਹੀਂ ਹੈ, ਸਗੋਂ ਇਸ ਫੋਨ ਕਾਲ ਦੀ ਵਰਤੋਂ ਰਚਨਾਤਮਕ ਢੰਗ ਨਾਲ ਟਰੰਪ ਨੂੰ ਭਾਰਤ ਦੇ ਪਾਲੇ ’ਚ ਲਿਆਉਣ, ਪਾਕਿਸਤਾਨ ’ਤੇ ਜੰਗਬੰਦੀ ਲਈ ‘ਦਬਾਅ’ ਪਾਉਣ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਨ ਅਤੇ ਉਨ੍ਹਾਂ ਨੂੰ ਯਾਦ ਦਿਵਾਉਣ ਲਈ ਕੀਤੀ ਜਾ ਸਕਦੀ ਸੀ ਕਿ ਉਹ ਹਮੇਸ਼ਾ ਤੋਂ ਅੱਤਵਾਦ ਦੇ ਵਿਰੁੱਧ ਰਹੇ ਹਨ ਅਤੇ ਦੱਖਣ ਏਸ਼ੀਆ ’ਚ ਸ਼ਾਂਤੀ ਸਰਹੱਦ ਪਾਰ ਅੱਤਵਾਦ ਦੇ ਖਾਤਮੇ ’ਤੇ ਨਿਰਭਰ ਕਰਦੀ ਹੈ।

ਮੰਨ ਲਿਆ ਜਾਵੇ ਕਿ ਪਿੱਛੇ ਮੁੜ ਕੇ ਦੇਖਣ ’ਤੇ ਸਭ ਕੁਝ ਸਪੱਸ਼ਟ ਹੁੰਦਾ ਹੈ ਅਤੇ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ ਕਿ ਟਰੰਪ ਕੀ ਪ੍ਰਤੀਕਿਰਿਆ ਦਿੰਦੇ ਪਰ ਇਕ ਜ਼ਿਆਦਾ ਨਵੇਂ ਤਰੀਕੇ ਨੂੰ ਅਜ਼ਮਾਉਣਾ ਜ਼ਰੂਰੀ ਸੀ। ਇਸ ਦੀ ਬਜਾਏ ਟਰੰਪ ਦੀ ਮਨਮਾਨੀ ਅਤੇ ਸ਼ੋਸ਼ਣਕਾਰੀ ਰਣਨੀਤੀ, ਭਾਰਤ ਦੀ ਸਖਤ ਕੂਟਨੀਤੀ ਨਾਲ ਮਿਲ ਕੇ ਸੰਬੰਧਾਂ ਨੂੰ ਇਕ ਅਨਿਸ਼ਚਿਤ ਸਥਿਤੀ ’ਚ ਲੈ ਗਈ ਹੈ, ਨਿੱਜੀ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਭਾਰੀ ਕੀਮਤ ਅਦਾ ਕਰਨੀ ਪਈ।

ਸੀਮਾ ਸਿਰੋਹੀ


author

Rakesh

Content Editor

Related News