ਟੀਪੂ ਸੁਲਤਾਨ ਨੇ ਕੀਤੀ ਸੀ ਰਾਕੇਟ ਪ੍ਰਣਾਲੀ ਦੀ ਖੋਜ

08/25/2023 3:34:26 PM

ਚੰਦਰਯਾਨ-3 ਦੀ ਗੂੰਜ ਪੂਰੇ ਵਿਸ਼ਵ ’ਚ ਸੁਣਾਈ ਦੇ ਰਹੀ ਹੈ। ਇਸ ਦੇ ਪਿੱਛੇ ਰਾਕੇਟ ਲਾਂਚਿੰਗ ਦੀ ਇਕ ਇਤਿਹਾਸਕ ਦਾਸਤਾਂ ਜੁੜੀ ਹੋਈ ਹੈ। ਇਹ ਘਟਨਾ ਹੈ ਭਾਰਤ ਦੇ ਇਤਿਹਾਸ ਦੀ ਲਗਭਗ 350 ਸਾਲ ਪੁਰਾਣੀ। ਪੂਰੀ ਦੁਨੀਆ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਭਾਰਤ ਨੇ ਰਾਕੇਟ ਲਾਂਚਿੰਗ ਦੀ ਖੋਜ ਕੀਤੀ ਹੈ। ਰਾਕੇਟ ਪ੍ਰਣਾਲੀ ਨਾਲ ਚੱਲਣ ਵਾਲੀਆਂ ਮਿਜ਼ਾਈਲਾਂ ਦਾ ਇਤਿਹਾਸ ਭਾਰਤ ’ਚ ਦਰਜ ਹੈ। ਇੰਨਾ ਹੀ ਨਹੀਂ, ਇਤਿਹਾਸ ਦਾ ਇਹ ਪੰਨਾ ਅਮਰੀਕਾ ਦੇ ਪੁਲਾੜ ਰਿਸਰਚ ਸੈਂਟਰ ਨਾਸਾ ਤਕ ’ਚ ਦਰਜ ਹੈ।

ਨਾਸਾ ਦੀ ਗੈਲਰੀ ’ਚ ਇਕ ਅਜਿਹੀ ਤਸਵੀਰ ਲੱਗੀ ਹੋਈ ਹੈ ਜੋ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਹਵਾ ’ਚ ਚੱਲਣ ਵਾਲੀ ਇਸ ਪ੍ਰਣਾਲੀ ਦੀ ਖੋਜ ਭਾਰਤ ’ਚ ਹੋਈ। ਇੱਥੋਂ ਇਹ ਪ੍ਰਣਾਲੀ ਪੱਛਮੀ ਦੇਸ਼ਾਂ ’ਚ ਜਾ ਕੇ ਬਣੀ ਅਤੇ ਉੱਨਤ ਹੋਈ। ਇਹ ਰਾਕੇਟ ਇਸ ਮਾਅਨੇ ’ਚ ਕ੍ਰਾਂਤੀਕਾਰੀ ਕਹੇ ਜਾ ਸਕਦੇ ਹਨ ਕਿ ਇਨ੍ਹਾਂ ਨੇ ਭਵਿੱਖ ’ਚ ਰਾਕੇਟ ਬਣਾਉਣ ਦੀ ਨੀਂਹ ਰੱਖੀ।

ਟੀਪੂ ਸੁਲਤਾਨ, ਜਿਸ ਨੂੰ ਟੀਪੂ ਸਾਹਿਬ ਜਾਂ ਮੈਸੂਰ ਦੇ ਟਾਈਗਰ ਵਜੋਂ ਵੀ ਜਾਣਿਆ ਜਾਂਦਾ ਹੈ, ਦੱਖਣੀ ਭਾਰਤ ’ਚ ਸਥਿਤ ਮੈਸੂਰ ਸਾਮਰਾਜ ਦੇ ਹਾਕਮ ਅਤੇ ਰਾਕੇਟ ਤੋਪਖਾਨੇ ਦੇ ਮੋਹਰੀ ਸਨ। ਅਮਰੀਕਨ ਸਪੇਸ ਰਿਸਰਚ ਏਜੰਸੀ ਨਾਸਾ ਦੀ ਰਿਸੈਪਸ਼ਨ ਲਾਬੀ ’ਚ ਇਕ ਪੇਂਟਿੰਗ ਹੈ ਜਿਸ ’ਚ ਲੜਾਈ ਦਾ ਇਕ ਦ੍ਰਿਸ਼ ਦਿਖਾਇਆ ਗਿਆ ਹੈ ਅਤੇ ਨਾਲ ਹੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਰਾਕੇਟ ਦੇ ਇਤਿਹਾਸ ਨਾਲ ਇਕ ਯੋਧੇ ਨੇ ਵਿਸ਼ਾਲ ਬਰਤਾਨਵੀ ਫੌਜ ਨੂੰ ਹਰਾਇਆ ਸੀ ਅਤੇ ਇਹ ਯੋਧਾ ਕੋਈ ਹੋਰ ਨਹੀਂ ਟੀਪੂ ਸੁਲਤਾਨ ਸੀ।

ਭਾਰਤ ਦੇ ਮਿਜ਼ਾਈਲ ਪ੍ਰੋਗਰਾਮ ਦੇ ਜਨਕ ਏ. ਪੀ. ਜੇ. ਅਬਦੁਲ ਕਲਾਮ ਨੇ ਆਪਣੀ ਕਿਤਾਬ ‘ਵਿੰਗਜ਼ ਆਫ ਫਾਇਰ’ ’ਚ ਲਿਖਿਆ ਹੈ ਕਿ ਉਨ੍ਹਾਂ ਨੇ ਨਾਸਾ ਦੇ ਇਕ ਸੈਂਟਰ ’ਚ ਟੀਪੂ ਦੀ ਫੌਜ ਦੀ ਰਾਕੇਟ ਵਾਲੀ ਪੇਂਟਿੰਗ ਦੇਖੀ ਸੀ। ਕਲਾਮ ਲਿਖਦੇ ਹਨ, ‘‘ਮੈਨੂੰ ਇਹ ਲੱਗਾ ਕਿ ਧਰਤੀ ਦੇ ਦੂਜੇ ਸਿਰੇ ’ਤੇ ਜੰਗ ’ਚ ਸਭ ਤੋਂ ਪਹਿਲਾਂ ਵਰਤੀ ਹੋਈ ਰਾਕੇਟ ਅਤੇ ਉਨ੍ਹਾਂ ਦੀ ਵਰਤੋਂ ਕਰਨ ਵਾਲੇ ਸੁਲਤਾਨ ਦੀ ਦੂਰਦ੍ਰਿਸ਼ਟੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ। ਉੱਥੇ ਹੀ ਸਾਡੇ ਦੇਸ਼ ’ਚ ਲੋਕ ਇਹ ਗੱਲ ਜਾਂ ਤਾਂ ਜਾਣਦੇ ਨਹੀਂ ਜਾਂ ਉਸ ਨੂੰ ਤਵੱਜੋਂ ਨਹੀਂ ਦਿੰਦੇ।’’

ਲਗਭਗ 350 ਸਾਲ ਪਹਿਲਾਂ ਟੀਪੂ ਸੁਲਤਾਨ ਨੇ ਇਕ ਅਜਿਹਾ ਹਥਿਆਰ ਬਣਾਇਆ ਜੋ ਦੁਸ਼ਮਣਾਂ ’ਤੇ ਭਾਰੀ ਪੈ ਗਿਆ ਸੀ। ਸੰਨ 1780 ’ਚ ਟੀਪੂ ਸੁਲਤਾਨ ਨੇ ਇਨ੍ਹਾਂ ਰਾਕੇਟਾਂ ਦੀ ਵਰਤੋਂ ਬ੍ਰਿਟਿਸ਼ ਸਰਕਾਰ ’ਤੇ ਹਮਲਾ ਕਰਨ ਲਈ ਕੀਤੀ ਸੀ। 19ਵੀਂ ਸਦੀ ਦੀ ਸ਼ੁਰੂਆਤ ’ਚ ਜਦੋਂ ਬ੍ਰਿਟਿਸ਼ ਫਰਾਂਸ ਵਿਰੁੱਧ ਨੈਪੋਲੀਅਨ ਦੀਆਂ ਜੰਗਾਂ ’ਚ ਫਸ ਗਿਆ ਸੀ ਤਾਂ ਉਸ ਨੇ ਇਕ ਫੌਜੀ ਹਥਿਆਰ ਪੇਸ਼ ਕੀਤਾ, ਜੋ ਸੀ ਕਾਂਗ੍ਰੀਵ ਰਾਕੇਟ।

ਕਾਂਗ੍ਰੀਵ ਰਾਕੇਟ 1806 ’ਚ ਈਸਟ ਇੰਡੀਆ ਕੰਪਨੀ ਦੇ ਇਕ ਖੋਜੀ ਸਰ ਵਿਲੀਅਮ ਕਾਂਗ੍ਰੀਵ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ। ਉਨ੍ਹਾਂ ਨੂੰ ਰਾਕੇਟ ਬਣਾਉਣ ਦਾ ਵਿਚਾਰ ਉਦੋਂ ਆਇਆ ਜਦੋਂ ਟੀਪੂ ਸੁਲਤਾਨ ਨੇ ਅਜਿਹੇ ਰਾਕੇਟਾਂ ਦੀ ਵਰਤੋਂ ਕਰ ਕੇ ਅੰਗਰੇਜ਼ ਫੌਜ ਦੇ ਛੱਕੇ ਛੁਡਾ ਦਿੱਤੇ ਸਨ।

ਇਹ ਰਾਕੇਟ ਹੁਣ ਤਕ ਯੂਰਪੀ ਮਹਾਦੀਪ ’ਚ ਪਹਿਲਾਂ ਕਦੀ ਕਿਸੇ ਵੀ ਦੇਸ਼ ਨੇ ਵਰਤਿਆ ਨਹੀਂ ਸੀ। ਕਾਂਗ੍ਰੀਵ ਰਾਕੇਟ ਨੂੰ 1800 ਦੇ ਦਹਾਕੇ ਦੀ ਸ਼ੁਰੂਆਤ ’ਚ ਬਹੁਤ ਪ੍ਰਯੋਗ ਪਿੱਛੋਂ ਫਰਾਂਸੀਸੀ ਫੌਜੀਆਂ ਵਿਰੁੱਧ ਤਾਇਨਾਤ ਕੀਤਾ ਗਿਆ ਸੀ।

ਇਨ੍ਹਾਂ ਰਾਕੇਟਾਂ ਦੀ ਤਾਕਤ ਅਤੇ ਪ੍ਰਭਾਵ ਅਜਿਹਾ ਸੀ ਕਿ ਇਨ੍ਹਾਂ ਨੇ ਤੁਰੰਤ ਸਾਰੇ ਦੇਸ਼ਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਜਲਦੀ ਹੀ ਡੈਨਮਾਰਕ, ਮਿਸਰ, ਫਰਾਂਸ, ਰੂਸ ਅਤੇ ਕਈ ਹੋਰ ਦੇਸ਼ਾਂ ਦੇ ਫੌਜੀ ਇੰਜੀਨੀਅਰਾਂ ਨੇ ਬ੍ਰਿਟਿਸ਼ ਇੰਜੀਨੀਅਰਾਂ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ।

ਹਾਲਾਂਕਿ 19ਵੀਂ ਸ਼ਤਾਬਦੀ ਦੇ ਮੱਧ ’ਚ, ਇਤਿਹਾਸਕਾਰਾਂ ਨੇ ਬ੍ਰਿਟਿਸ਼ ਫੌਜੀਆਂ ਦੇ ਅਤੀਤ ਬਾਰੇ ਪਤਾ ਲਾਇਆ, ਜਿਸ ਤੋਂ ਇਹ ਪਤਾ ਲੱਗਾ ਕਿ ਅਸਲ ’ਚ ਕਾਂਗ੍ਰੀਵ ਰਾਕੇਟ ਦੀਆਂ ਜੜ੍ਹਾਂ ਭਾਰਤੀ ਉਪ-ਮਹਾਦੀਪ ’ਚ ਟੀਪੂ ਸੁਲਤਾਨ ਦੇ ਸੂਬੇ ’ਚ ਸਨ।

ਟੀਪੂ ਸੁਲਤਾਨ ਨੇ 18ਵੀਂ ਸਦੀ ’ਚ ਅੰਗਰੇਜ਼ਾਂ ਦੀ ਨੱਕ ’ਚ ਦਮ ਕਰ ਦਿੱਤਾ ਸੀ। ਅੰਗਰੇਜ਼ਾਂ ਨੇ ਟੀਪੂ ਸੁਲਤਾਨ ਨਾਲ ਦੋਸਤੀ ਕਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਟੀਪੂ ਸੁਲਤਾਨ ਨੇ ਅੰਗਰੇਜ਼ਾਂ ਨਾਲ ਕਦੀ ਹੱਥ ਨਹੀਂ ਮਿਲਾਇਆ। ਇਸ ਲਈ ਅੰਗਰੇਜ਼ ਅਤੇ ਟੀਪੂ ਸੁਲਤਾਨ ਇਕ-ਦੂਜੇ ਦੇ ਦੁਸ਼ਮਣ ਬਣ ਗਏ।

ਇਸੇ ਦੁਸ਼ਮਣੀ ’ਚ ਟੀਪੂ ਸੁਲਤਾਨ ਤੇ ਉਸ ਦੇ ਪਿਤਾ ਹੈਦਰ ਅਲੀ ਨੇ 4 ਲੜਾਈਆਂ ਲੜੀਆਂ ਸਨ, ਜਿਨ੍ਹਾਂ ਨੂੰ ਅੱਜ ਆਂਗਲ-ਮੈਸੂਰ ਜੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਦ ਇਸ ਲੜਾਈ ’ਚ ਅੰਗਰੇਜ਼ਾਂ ਦੇ ਗੋਲਾ-ਬਾਰੂਦ ਟੀਪੂ ਸੁਲਤਾਨ ਦੀ ਤਲਵਾਰ ’ਤੇ ਹਾਵੀ ਹੋਣ ਲੱਗੇ, ਤਦ ਟੀਪੂ ਸੁਲਤਾਨ ਨੇ ਆਪਣੀ ਫੌਜ ਨੂੰ ਇਕ ਅਜਿਹਾ ਹਥਿਆਰ ਦਿੱਤਾ, ਜਿਸ ਨੂੰ ਇਤਿਹਾਸ ’ਚ ਮੈਸੂਰੀਅਨ ਰਾਕੇਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਮੈਸੂਰੀਅਨ ਰਾਕੇਟ ਭਾਰਤੀ ਫੌਜੀ ਹਥਿਆਰ ਸਨ, ਜੋ ਕਿ ਲੋਹੇ ਦੀ ਧਾਤ ਨਾਲ ਬਣੇ ਸਨ ਅਤੇ ਉਨ੍ਹਾਂ ਨੂੰ ਸਫਲਤਾਪੂਰਵਕ ਫੌਜੀ ਵਰਤੋਂ ਲਈ ਤਾਇਨਾਤ ਕੀਤਾ ਗਿਆ ਸੀ। ਹੈਦਰ ਅਲੀ ਅਤੇ ਟੀਪੂ ਸੁਲਤਾਨ ਦੀ ਅਗਵਾਈ ’ਚ ਮੈਸੂਰ ਦੀ ਫੌਜ ਨੇ 1780 ਅਤੇ 1790 ਦੇ ਦਹਾਕੇ ਦੌਰਾਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਰੁੱਧ ਪ੍ਰਭਾਵੀ ਢੰਗ ਨਾਲ ਇਨ੍ਹਾਂ ਰਾਕੇਟਾਂ ਦੀ ਵਰਤੋਂ ਕੀਤੀ। ਇਸ ਮਿਆਦ ਦੇ ਮੈਸੂਰ ਰਾਕੇਟ ਲੋਹੇ ਦੀਆਂ ਟਿਊਬਾਂ ਦੀ ਵਰਤੋਂ ਕਾਰਨ ਅੰਗਰੇਜ਼ਾਂ ਦੀ ਤੁਲਨਾ ’ਚ ਕਿਤੇ ਵੱਧ ਉੱਨਤ ਸਨ।

ਲਗਭਗ 1 ਪੌਂਡ (450 ਗ੍ਰਾਮ) ਪਾਊਡਰ ਲਿਜਾਣ ਵਾਲਾ ਇਕ ਰਾਕੇਟ ਲਗਭਗ 1000 ਗਜ਼ (910 ਮੀ.) ਦੀ ਯਾਤਰਾ ਕਰ ਸਕਦਾ ਸੀ। ਰਾਕੇਟਾਂ ਨੂੰ ਇਕ ਸਟੀਕ ਕੋਣ ’ਤੇ ਬਾਂਸ ’ਤੇ ਰੱਖਿਆ ਜਾਂਦਾ ਸੀ, ਇਸ ਗੱਲ ’ਤੇ ਨਿਰਭਰ ਕਰਦਾ ਸੀ ਕਿ ਉਹ ਕਿੰਨੀ ਦੂਰ ਡਿੱਗੇ ਅਤੇ ਇਸ ਪਿੱਛੋਂ ਉਸ ਨੂੰ ਉਡਾਇਆ ਜਾਂਦਾ ਸੀ। ਮੰਨਿਆ ਜਾਂਦਾ ਹੈ ਕਿ ਪੋਲੀਲੋਰ ਦੀ ਲੜਾਈ (ਅੱਜ ਦੇ ਤਮਿਲਨਾਡੂ ਦਾ ਕਾਂਚੀਪੁਰਮ) ’ਚ ਇਨ੍ਹਾਂ ਰਾਕੇਟਾਂ ਨੇ ਹੀ ਖੇਡ ਬਦਲ ਕੇ ਰੱਖ ਦਿੱਤੀ ਸੀ। ਸੰਨ 1780 ’ਚ ਹੋਈ ਇਸ ਲੜਾਈ ’ਚ ਇਕ ਰਾਕੇਟ ਸ਼ਾਇਦ ਅੰਗਰੇਜ਼ਾਂ ਦੀ ਬਾਰੂਦ ਵਾਲੀ ਗੱਡੀ ਨਾਲ ਜਾ ਟਕਰਾਇਆ ਸੀ। ਅੰਗਰੇਜ਼ ਇਹ ਜੰਗ ਹਾਰ ਗਏ ਸਨ।

ਬੀ. ਬੀ. ਸੀ. ਦੀ ਇਕ ਰਿਪੋਰਟ ਮੁਤਾਬਕ ਲੰਡਨ ਦੇ ਮਸ਼ਹੂਰ ਸਾਇੰਸ ਮਿਊਜ਼ੀਅਮ ’ਚ ਟੀਪੂ ਦੇ ਕੁਝ ਰਾਕੇਟ ਰੱਖੇ ਹਨ। ਇਹ ਉਨ੍ਹਾਂ ਰਾਕੇਟਾਂ ’ਚੋਂ ਸਨ ਜਿਨ੍ਹਾਂ ਨੂੰ ਅੰਗਰੇਜ਼ ਆਪਣੇ ਨਾਲ 18ਵੀਂ ਸਦੀ ਦੇ ਅਖੀਰ ’ਚ ਲੈ ਗਏ ਸਨ। ਇਹ ਦੀਵਾਲੀ ਵਾਲੇ ਰਾਕੇਟ ਤੋਂ ਥੋੜ੍ਹੇ ਹੀ ਲੰਬੇ ਹੁੰਦੇ ਸਨ। ਮੈਸੂਰੀਅਨ ਰਾਕੇਟ ਨਾਲ ਅਨੁਭਵ ਨੇ ਅਖੀਰ ਰਾਕੇਟ ਵੂਲਵਿਚ ਆਰਸੇਨਲ ਨੂੰ ਮੈਸੂਰੀਅਨ ਤਕਨਾਲੋਜੀ ਦੇ ਆਧਾਰ ’ਤੇ 1801 ’ਚ ਇਕ ਫੌਜੀ ਰਾਕੇਟ ਸੰਸਥਾਨ ਅਤੇ ਵਿਕਾਸ ਪ੍ਰੋਗਰਾਮ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ।

ਮੈਸੂਰ ਤੋਂ ਕਈ ਰਾਕੇਟ ਕਵਰ ਇਕੱਠੇ ਕੀਤੇ ਗਏ ਅਤੇ ਵਿਸ਼ਲੇਸ਼ਣ ਲਈ ਬਰਤਾਨੀਆ ਭੇਜੇ ਗਏ। ਠੋਸ-ਈਂਧਣ ਵਾਲੇ ਰਾਕੇਟ ਦਾ ਬਰਤਾਨੀਆ ਵੱਲੋਂ ਪਹਿਲਾ ਪ੍ਰਦਰਸ਼ਨ 1805 ’ਚ ਹੋਇਆ ਅਤੇ ਉਸ ਪਿੱਛੋਂ ਅਸਲਾ ਘਰ ਦੇ ਕਮਾਂਡੈਂਟ ਦੇ ਬੇਟੇ ਵਿਲੀਅਮ ਕਾਂਗ੍ਰੀਵ ਵੱਲੋਂ 1807 ’ਚ ਰਾਕੇਟ ਸਿਸਟਮ ਦੀ ਉਤਪਤੀ ਅਤੇ ਤਰੱਕੀ ਦੇ ਸੰਖੇਪ ਵੇਰਵੇ ਦਾ ਪ੍ਰਕਾਸ਼ਨ ਕੀਤਾ ਗਿਆ।

ਯੋਗੇਂਦਰ ਯੋਗੀ


Rakesh

Content Editor

Related News