ਕੇਰਲ ’ਚ ਜਿਊਣ ਦਾ ਇਹ ਨਾਯਾਬ ਤਰੀਕਾ
Monday, Nov 01, 2021 - 03:36 AM (IST)

ਵਿਨੀਤ ਨਾਰਾਇਣ
ਕੇਰਲ ਦੇ ਵਾਇਨਾਡ ਦਾ ਨਾਂ ਚਰਚਾ ’ਚ ਉਦੋਂ ਆਇਆ ਸੀ ਜਦੋਂ ਰਾਹੁਲ ਗਾਂਧੀ ਉਥੋਂ ਲੋਕ ਸਭਾ ਦੀ ਚੋਣ ਲੜਨ ਲਈ ਗਏ। ਇਸ ਤੋਂ ਪਹਿਲਾਂ ਮੈਨੂੰ ਵਾਇਨਾਡ ਸੰਬੰਧੀ ਕੁਝ ਵੀ ਪਤਾ ਨਹੀਂ ਸੀ। ਇਤਫਾਕ ਦੇਖੋ, ਪਿਛਲਾ ਹਫਤਾ ਅਸੀਂ ਦੋਹਾਂ ਨੇ ਵਾਇਨਾਡ ਦੀਆਂ ਪਹਾੜੀਆਂ ’ਤੇ ਬਿਤਾਇਆ। ਉਂਝ ਤਾਂ ਦੁਨੀਆ ਦੇ ਸਭ ਦੇਸ਼ਾਂ ’ਚ ਯਾਤਰਾ ਕਰਨ ਜਾਂ ਛੁੱਟੀਆਂ ਬਿਤਾਉਣ ਦਾ ਮੈਨੂੰ ਮੌਕਾ ਮਿਲਿਆ ਹੈ ਪਰ ਵਾਇਨਾਡ ਦਾ ਇਹ ਤਜਰਬਾ ਬਿਲਕੁਲ ਅਨੋਖਾ ਸੀ।
ਖਾਸ ਕਰ ਕੇ ਇਸ ਲਈ ਕਿ ਇਸ ਯਾਤਰਾ ਨੇ ਜ਼ਿੰਦਗੀ ਜਿਊਣ ਦਾ ਇਕ ਨਵਾਂ ਤਰੀਕਾ ਦਿਖਾਇਆ। ਵਾਇਨਾਡ ਦੀ ਅਲੌਕਿਕ ਖੂਬਸੂਰਤੀ ਦੀ ਚਰਚਾ ਬਾਅਦ ’ਚ ਕਰਾਂਗਾ, ਪਹਿਲਾਂ ਇਸ ਨਵੇਂ ਤਜਰਬੇ ਨੂੰ ਸਾਂਝਾ ਕਰ ਲਵਾਂ।
ਦਿੱਲੀ ਦੇ ਵੱਕਾਰੀ ਮਾਡਰਨ ਸਕੂਲ ’ਚ ਮੇਰੀ ਜੀਵਨ ਸਾਥੀ ਮੀਤਾ ਨਾਰਾਇਣ ਦੀ ਇਕ ਸਹਿਪਾਠੀ ਰਹੀ ਸੁਜਾਤਾ ਗੁਪਤਾ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਵਾਇਨਾਡ ਦੇ ਇਕ ਪਹਾੜ ’ਤੇ ਆਪਣੇ ਆਸ਼ਿਆਨੇ ਬਣਾਏ ਹਨ। ਇਸ ਦਾ ਨਾਂ ‘ਇਲਾਮਾਲਾ ਅਸਟੇਟ’ ਹੈ। ਸਮੁੰਦਰੀ ਸਤ੍ਹਾ ਤੋਂ 3000 ਫੁੱਟ ਉੱਚੇ ਪਹਾੜ ’ਤੇ ਸੰਘਣੇ ਜੰਗਲ ’ਚ ਰਹਿਣ ਦਾ ਇਹ ਅਨੋਖਾ ਅੰਦਾਜ਼ ਹਰ ਕਿਸੇ ਨੂੰ ਮੰਤਰਮੁਗਧ ਕਰਦਾ ਹੈ। ਸੱਤ ਦੋਸਤਾਂ ਦੀਆਂ ਸੱਤ ਕੌਟੇਜ ਬਹੁਤ ਹੀ ਕਲਾਤਮਕ ਦਿਲਚਸਪੀ ਨਾਲ ਬਣਾਈਆਂ ਅਤੇ ਸਜਾਈਆਂ ਗਈਆਂ ਹਨ। ਉਨ੍ਹਾਂ ਦੇ ਚਾਰੇ ਪਾਸੇ ਸੁੰਦਰ ਪੁਲ ਅਤੇ ਸੰਘਣੇ ਦਰੱਖਤ ਦਿਖਾਈ ਦਿੰਦੇ ਹਨ। ਕਿਸੇ ਵੀ ਘਰ ’ਚ ਭੋਜਨ ਨਹੀਂ ਪੱਕਦਾ। ਸਿਰਫ ਚਾਹ ਅਤੇ ਕੌਫੀ ਬਣਾਉਣ ਦਾ ਪ੍ਰਬੰਧ ਹੈ। ਸੱਤ ਦੋਸਤਾਂ ਨੇ ਪਹਾੜ ਦੀ ਚੋਟੀ ’ਤੇ ਇਕ ‘ਲੌਂਗ ਹਾਊਸ’ ਬਣਾਇਆ ਹੈ ਜਿਸ ਦੀ ਰਸੋਈ ’ਚ ਰਵਾਇਤੀ ਤੋਂ ਲੈ ਕੇ ਆਧੁਨਿਕ ਢੰਗ ਨਾਲ ਭੋਜਨ ਪਕਾਉਣ ਦੇ ਕਈ ਪ੍ਰਬੰਧ ਹਨ।
ਇਸ ਰਸੋਈ ’ਚ 10-12 ਵਿਅਕਤੀ ਇਕੋ ਵੇਲੇ ਭੋਜਨ ਪਕਾ ਸਕਦੇ ਹਨ। ਉਥੋਂ ਦਾ ਨਿਯਮ ਇਹ ਹੈ ਕਿ ਹਰ ਦਿਨ ਭੋਜਨ ਪਕਵਾਉਣ ਅਤੇ ਖੁਆਉਣ ਦਾ ਜ਼ਿੰਮਾ ਇਕ ਸਾਥੀ ਦਾ ਹੁੰਦਾ ਹੈ। ਉਸਦੇ ਨਿਰਦੇਸ਼ਨ ’ਚ ਰੋਜ਼ਾਨਾ ਤਿੰਨੋਂ ਸਮੇਂ ਨਾਸ਼ਤਾ ਅਤੇ ਖਾਣਾ ਬਣਾਇਆ ਜਾਂਦਾ ਹੈ। ਕਿਉਂਕਿ ਇਹ ਸੱਤ ਮੈਂਬਰ ਵੱਖ-ਵੱਖ ਸੂਬਿਆਂ ਤੋਂ ਹਨ, ਇਸ ਲਈ ‘ਇਲਾਮਾਲਾ ਅਸਟੇਟ’ ਦੇ ਡਾਈਨਿੰਗ ਰੂਮ ’ਚ ਰੋਜ਼ਾਨਾ ਵੱਖ-ਵੱਖ ਪਕਵਾਨਾਂ ਦਾ ਸਵਾਦ ਮਿਲਦਾ ਹੈ। ਉਥੇ ਸੱਤਾਂ ਕੌਟੇਜ ਦੇ ਲੋਕ ਦਿਨ ’ਚ ਤਿੰਨ ਵਾਰ ਇਕੱਠੇ ਹੁੰਦੇ ਹਨ ਅਤੇ ਭੋਜਨ ਦੇ ਨਾਲ ਵੱਖ-ਵੱਖ ਵਿਸ਼ਿਆਂ ’ਤੇ ਗੰਭੀਰ ਚਰਚਾ ਜਾਂ ‘ਇਨਡੋਰ ਗੇਮਜ਼’ ਦਾ ਆਨੰਦ ਲੈਂਦੇ ਹਨ। ਇਸ ‘ਲੌਂਗ ਹਾਊਸ’ ਦੀ ਬਾਲਕਨੀ ਤੋਂ ਚਾਰੇ ਪਾਸੇ ਜਿਥੇ ਵੀ ਨਜ਼ਰ ਜਾਂਦੀ ਹੈ, 50-50 ਮੀਲ ਦੂਰ ਤਕ ਸੰਘਣਾ ਜੰਗਲ ਅਤੇ ਸੁੰਦਰ ਪਹਾੜ ਹਨ, ਜਿਨ੍ਹਾਂ ’ਚ ਸਾਰਾ ਦਿਨ ਬੱਦਲ, ਮੀਂਹ, ਇੰਦਰਧਨੁਸ਼ ਅਠਖੇਲੀਆਂ ਕਰਦੇ ਰਹਿੰਦੇ ਹਨ।
ਇਥੇ ਚੰਦਨ, ਰੋਜ਼ਵੁੱਡ, ਸੁਪਾਰੀ ਅਤੇ ਨਾਰੀਅਲ ਵਰਗੇ ਅਤਿਅੰਤ ਕੀਮਤੀ ਵਸਤਾਂ ਦੇ ਹਜ਼ਾਰਾਂ ਦਰੱਖਤ ਹਨ। ਇਥੋਂ ਦਾ ਜੰਗਲੀ ਜੀਵਨ ਵੀ ਘੱਟ ਦਿਲਚਸਪ ਨਹੀਂ। ਅਕਸਰ ਹਿਰਨ ਤੁਹਾਡੇ ਬਰਾਂਡੇ ’ਚ ਆ ਕੇ ਖੜ੍ਹੇ ਹੋ ਜਾਂਦੇ ਹਨ। ਹਿੰਸਕ ਪਸ਼ੂ, ਕੋਬਰਾ ਅਤੇ ਜੰਗਲੀ ਹਾਥੀ ਵੀ ਕਦੇ-ਕਦਾਈਂ ਚੱਕਰ ਲਾ ਲੈਂਦੇ ਹਨ ਜਿਸ ਕਾਰਨ ਚੌਕਸੀ ਵਰਤਣੀ ਪੈਂਦੀ ਹੈ।
‘ਲੌਂਗ ਹਾਊਸ’ ਵਿਚ ਪਰਿਵਾਰ ਦੇ ਮਿੱਤਰਾਂ ਦੇ ਠਹਿਰਨ ਲਈ 4 ਆਧੁਨਿਕ ਕਮਰੇ ਵੀ ਹਨ ਜਿਨ੍ਹਾਂ ਦੀ ਸਜਾਵਟ ‘ਤਾਜ ਰਿਜ਼ਾਰਟ’ ਤੋਂ ਘੱਟ ਨਹੀਂ ਪਰ ਇਹ ਵਿਵਸਥਾ ਵਪਾਰਕ ਨਹੀਂ ਹੈ ਜਿਥੇ ਕਿਰਾਇਆ ਦੇ ਕੇ ਠਹਿਰਿਆ ਜਾ ਸਕੇ। ਸੱਤ ਦਿਨ ਕਿਵੇਂ ਬੀਤ ਗਏ, ਪਤਾ ਹੀ ਨਹੀਂ ਲੱਗਾ। ਕੁਦਰਤ ਦੇ ਇੰਨੇ ਨੇੜੇ ਇਸ ਅਲੌਕਿਕ ਵਾਤਾਵਰਣ ’ਚ ਬਾਕੀ ਦੁਨੀਆ ਨਾਲ ਸੰਪਰਕ ਰੱਖਣ ਦੀ ਇੱਛਾ ਹੀ ਨਹੀਂ ਹੁੰਦੀ। ਸਾਡੀ ਉਮਰ ਦੇ ਬਜ਼ੁਰਗਾਂ ਲਈ ਜੀਵਨ ਜਿਊਣ ਦਾ ਇਹ ਤਰੀਕਾ ਬਹੁਤ ਸੁਖਦ ਅਤੇ ਬੇਮਿਸਾਲ ਹੈ। ਜਦੋਂ ਤੁਸੀਂ ਇਕ-ਦੂਜੇ ਨਾਲ ਆਪਣਾ ਜੀਵਨ ਇਸ ਤਰ੍ਹਾਂ ਸਾਂਝਾ ਕਰ ਲੈਂਦੇ ਹੋ ਤਾਂ ਫਿਰ ਕਿਸੇ ਹੋਰ ਦੀ ਲੋੜ ਹੀ ਨਹੀਂ ਹੁੰਦੀ।
ਅਣਜਾਣੇ ਸੂਬੇ ’ਚ ਜਿਥੇ ਬੋਲੀ ਜਾਣ ਵਾਲੀ ਮਲਿਆਲਮ ਭਾਸ਼ਾ ਕੋਈ ਨਾ ਜਾਣਦਾ ਹੋਵੇ ਅਤੇ ਸਥਾਨਕ ਲੋਕ ਵੀ ਟੁੱਟੀ-ਭੱਜੀ ਅੰਗਰੇਜ਼ੀ ਬੋਲਦੇ ਹੋਣ, ਉਥੇ ਉੱਤਰੀ ਭਾਰਤ ਦੇ ਲੋਕਾਂ ਦਾ ਰਹਿਣਾ ਕਿੰਨਾ ਔਖਾ ਹੋਵੇਗਾ ਪਰ ਇਥੇ ਅਜਿਹਾ ਨਹੀਂ ਹੈ। ‘ਇਲਾਮਾਲਾ ਅਸਟੇਟ’ ਦੇ ਸਭ ਮੁਲਾਜ਼ਮ ਬੇਹੱਦ ਨਿਮਰਤਾ ਵਾਲੇ ਅਤੇ ਕੰਮ ਪ੍ਰਤੀ ਸਮਰਪਿਤ ਹਨ। ਹਾਂ, ਕੇਰਲ ’ਚ ਬਣੀਆਂ ਮੁਲਾਜ਼ਮ ਯੂਨੀਅਨਾਂ ਦੀ ਸੰਸਕ੍ਰਿਤੀ ਕਾਰਨ ਮੁਲਾਜ਼ਮਾਂ ਕੋਲੋਂ ਕੰਮ ਕਰਵਾਉਣ ਦੀਆਂ ਸ਼ਰਤਾਂ ਬਿਲਕੁਲ ਸਪੱਸ਼ਟ ਹਨ। ਇਨ੍ਹਾਂ ’ਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਂਦੀ ਪਰ ਜੋ ਗੱਲ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ, ਉਹ ਇਹ ਕਿ ਪੂਰਾ ਕੇਰਲ ਬੇਹੱਦ ਅਨੁਸ਼ਾਸਿਤ ਸੂਬਾ ਹੈ। ਇਥੋਂ ਦੇ ਲੋਕ ਨਿਯਮਾਂ ਅਤੇ ਕਾਨੂੰਨਾਂ ਦੀ ਪੂਰੀ ਜ਼ਿੰਮੇਵਾਰੀ ਨਾਲ ਪਾਲਣਾ ਕਰਦੇ ਹਨ।
ਬਾਕੀ ਭਾਰਤ ’ਚ ਤੁਹਾਨੂੰ ਸ਼ਾਇਦ ਹੀ ਕੋਈ ਦੁਕਾਨ ਅਜਿਹੀ ਮਿਲੇ ਜਿਸ ਦਾ ਸਾਮਾਨ ਦੁਕਾਨ ਦੇ ਬਾਹਰ ਫੁੱਟਪਾਥ ਜਾਂ ਸੜਕ ’ਤੇ ਫੈਲਿਆ ਨਾ ਹੋਵੇ। ਕੇਰਲ ’ਚ ਕਿਸ ਤਰ੍ਹਾਂ ਦੀ ਵੀ ਕੋਈ ਦੁਕਾਨ ਕਿਉਂ ਨਾ ਹੋਵੇ, ਤੁਹਾਨੂੰ ਸੜਕ ’ਤੇ ਕੁਝ ਵੀ ਰੱਖਿਆ ਨਹੀਂ ਮਿਲੇਗਾ। ਸਭ ਕੁਝ ਦੁਕਾਨ ਦੇ ਸ਼ਟਰ ਦੇ ਅੰਦਰ ਤਕ ਹੀ ਸੀਮਿਤ ਰਹਿੰਦਾ ਹੈ।
ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਲੋਕਾਂ ਦੇ ਘਰ ਦੇ ਬਾਹਰ ਸੜਕ ਦੇ ਕੰਢੇ ਐੱਲ. ਪੀ. ਜੀ. ਦੇ ਲਾਲ ਸਿਲੰਡਰ 24 ਘੰਟੇ ਪਏ ਰਹਿੰਦੇ ਹਨ ਅਤੇ ਕੋਈ ਉਨ੍ਹਾਂ ਦੀ ਚੋਰੀ ਨਹੀਂ ਕਰਦਾ। ਗੈਸ ਦੀ ਸਪਲਾਈ ਕਰਨ ਵਾਲੀ ਗੱਡੀ ਭਰਿਆ ਸਿਲੰਡਰ ਰੱਖ ਜਾਂਦੀ ਹੈ ਅਤੇ ਖਾਲੀ ਸਿਲੰਡਰ ਚੁੱਕ ਕੇ ਲੈ ਜਾਂਦੀ ਹੈ। ਇਸੇ ਤਰ੍ਹਾਂ ਦੁੱਧ ਦੇ ਵੱਡੇ-ਵੱਡੇ ਕੈਨ ਸੜਕ ਕੰਢੇ ਰੱਖੇ ਜਾਂਦੇ ਹਨ। ਦੋਧੀ ਉਨ੍ਹਾਂ ਨੂੰ ਚੁੱਕ ਕੇ ਘਰ-ਘਰ ਦੁੱਧ ਵੰਡ ਕੇ ਮੁੜ ਸੜਕ ’ਤੇ ਰੱਖ ਦਿੰਦੇ ਹਨ ਅਤੇ ਦੁੱਧ ਵਾਲੀ ਗੱਡੀ ਖਾਲੀ ਕੈਨ ਚੁੱਕ ਕੇ ਲੈ ਜਾਂਦੀ ਹੈ ਅਤੇ ਭਰੇ ਛੱਡ ਜਾਂਦੀ ਹੈ।
ਆਂਢ-ਗੁਆਂਢ ਦਰਮਿਆਨ ਭਰੋਸੇ ਦਾ ਰਿਸ਼ਤਾ ਇਸ ਤਰ੍ਹਾਂ ਦਾ ਹੈ ਕਿ ਦੋ ਘਰਾਂ ਦਰਮਿਆਨ ਬਾਊਂਡਰੀ ਵਾਲ ਨਹੀਂ ਬਣਦੀ। ਹਰ ਘਰ ਦੇ ਚਾਰੇ ਪਾਸੇ ਸੁਪਾਰੀ ਜਾਂ ਨਾਰੀਅਲ ਆਦਿ ਦੇ ਵੱਡੇ-ਵੱਡੇ ਰੁੱਖ ਹੁੰਦੇ ਹਨ। ਕੇਰਲ ਦੀਆਂ ਵਧੇਰੇ ਸੜਕਾਂ ਘੁੰਮਾਅਦਾਰ ਹਨ ਅਤੇ ਸਿਰਫ ਦੋ ਮਾਰਗ ਦੀਆਂ ਹੁੰਦੀਆਂ ਹਨ, ਇਕ ਜਾਣ ਲਈ ਅਤੇ ਇਕ ਆਉਣ ਲਈ। ਉੱਤਰੀ ਭਾਰਤ ਵਾਂਗ ਇਥੇ ਕਦੇ ਵੀ ਟ੍ਰੈਫਿਕ ਜਾਮ ਦੀ ਸਮੱਸਿਆ ਨਹੀਂ ਆਉਂਦੀ ਕਿਉਂਕਿ ਸਭ ਵਾਹਨ ਚਾਲਕ ਇਕ ਸਿੱਧੀ ਕਤਾਰ ’ਚ ਚੱਲਦੇ ਹਨ। ਕੋਈ ਵੀ ਕਾਹਲੀ ’ਚ ਓਵਰਟੇਕ ਕਰ ਕੇ ਸਾਹਮਣੇ ਤੋਂ ਆ ਰਹੀਆਂ ਮੋਟਰਗੱਡੀਆਂ ਦਾ ਰਾਹ ਨਹੀਂ ਰੋਕਦਾ।
ਵਾਇਨਾਡ ’ਚ ਹਿੰਦੂਆਂ ਦੀ ਆਬਾਦੀ ਅੱਧੀ ਹੈ। ਬਾਕੀ ਦੇ ਮੁਸਲਮਾਨ ਅਤੇ ਈਸਾਈ ਹਨ। ਸਭ ਇਕ-ਦੂਜੇ ਨਾਲ ਮਿਲ-ਜੁਲ ਕੇ ਰਹਿੰਦੇ ਹਨ। ਇਸੇ ਲਈ ਇਲਾਮਾਲਾ ਅਸਟੇਟ ਦੇ ਸਾਡੇ ਇਨ੍ਹਾਂ ਦੋਸਤਾਂ ਨੂੰ ਆਪਣੇ ਇਲਾਕੇ ਤੋਂ 2000 ਮੀਲ ਦੂਰ ਰਹਿ ਕੇ ਵੀ ਕੋਈ ਮੁਸ਼ਕਲ ਨਹੀਂ ਹੁੰਦੀ।
ਵਾਇਨਾਡ ’ਚ ਬਾਣਾਸੁਰ ਡੈਮ, ਪ੍ਰਾਗ ਇਤਿਹਾਸਕ ਗੁਫਾਵਾਂ, ਪਹਾੜਾਂ ’ਤੇ ਸੁੰਦਰ ਪਾਣੀ ਦੀ ਪ੍ਰਾਪਤੀ, ਪੁਰਾਤਨ ਮੰਦਿਰ ਅਤੇ ਵਾਈਲਡ ਲਾਈਫ ਸੈਂਚੁਰੀ ਵਰਗੇ ਕਈ ਸੈਲਾਨੀ ਕੇਂਦਰ ਵੀ ਹਨ। ਇਥੋਂ ਦੀ ਸਭ ਤੋਂ ਵੱਡੀ ਖਿੱਚ ਹੈ ਇਥੇ ਹੋਣ ਵਾਲੀ ਚਾਹ, ਕੌਫੀ ਅਤੇ ਮਸਾਲਿਆਂ ਦੀ ਖੇਤੀ। ਜਿਥੋਂ ਤਕ ਤੁਹਾਡੀ ਨਜ਼ਰ ਜਾਂਦੀ ਹੈ ਉਥੋਂ ਤਕ ਤੁਹਾਨੂੰ ਇਹੀ ਹਰਿਆ-ਭਰਿਆ ਦ੍ਰਿਸ਼ ਨਜ਼ਰ ਆਉਂਦਾ ਹੈ। ਇਨ੍ਹਾਂ ਬਾਗਾਂ ’ਚ ਕੰਮ ਕਰਨ ਲਈ ਕਿਰਤੀ ਬਿਹਾਰ, ਬੰਗਾਲ ਅਤੇ ਆਸਾਮ ਤੋਂ ਵੱਡੀ ਗਿਣਤੀ ’ਚ ਇਥੇ ਆਉਂਦੇ ਹਨ। ਦੱਖਣੀ ਕੇਰਲ ਵਾਂਗ ਇਥੇ ਗਰਮੀ ਅਤੇ ਮੱਛਰਾਂ ਦਾ ਪ੍ਰਕੋਪ ਨਹੀਂ ਹੁੰਦਾ ਸਗੋਂ ਇਕ ਪਹਾੜੀ ਜ਼ਿਲਾ ਹੋਣ ਕਾਰਨ ਅਪ੍ਰੈਲ ਅਤੇ ਮਈ ਨੂੰ ਛੱਡ ਕੇ ਇਥੋਂ ਦਾ ਮੌਸਮ ਸੁਹਾਵਨਾ ਹੀ ਰਹਿੰਦਾ ਹੈ। ਅਜੇ ਤਕ ਵਾਇਨਾਡ ’ਚ ਸੈਲਾਨੀਆਂ ਦੀ ਆਮਦ ਸੀਮਿਤ ਮਾਤਰਾ ’ਚ ਹੀ ਰਹਿੰਦੀ ਹੈ ਕਿਉਂਕਿ ਇਸ ਜ਼ਿਲੇ ਦਾ ਵਿਕਾਸ ਸੈਰ-ਸਪਾਟੇ ਪੱਖੋਂ ਨਹੀਂ ਕੀਤਾ ਗਿਆ।
ਅਜਿਹੀ ਥਾਂ ਜਾ ਕੇ ਬਜ਼ੁਰਗਾਂ ਦਾ ਰਹਿਣਾ ਅਤੇ ਸਮੂਹਿਕ ਜੀਵਨ ਜਿਊਣ ਦਾ ਤਜਰਬਾ ਕਰਨਾ ਰੋਮਾਂਚਕ ਹੀ ਨਹੀਂ ਸੁਖਦ ਵੀ ਹੈ। ਬਾਕੀ ਭਾਰਤ ’ਚ ਜਿਥੇ ਬਜ਼ੁਰਗਾਂ ਨੂੰ ਇਕੱਲਾਪਨ ਲੱਗਦਾ ਹੋਵੇ ਜਾਂ ਉਨ੍ਹਾਂ ਦੇ ਬੱਚੇ ਉਨ੍ਹਾਂ ਦਾ ਧਿਆਨ ਰੱਖਣ ਲਈ ਹਰ ਸਮੇਂ ਉਪਲੱਬਧ ਨਾ ਹੋਣ, ਉਥੇ ਵੀ ਇਸ ਤਰ੍ਹਾਂ ਮਿਲ-ਜੁਲ ਕੇ ਰਹਿਣ ਦੇ ਤਜਰਬੇ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਬੁਢਾਪਾ ਖੁਸ਼ੀ ਨਾਲ ਬੀਤ ਜਾਏ।