ਗੱਠਜੋੜ ’ਚ ਕਿਤੇ ਗੰਢ ਨਾ ਪੈ ਜਾਵੇ

Saturday, Sep 02, 2023 - 04:56 PM (IST)

ਗੱਠਜੋੜ ’ਚ ਕਿਤੇ ਗੰਢ ਨਾ ਪੈ ਜਾਵੇ

ਦੇਸ਼ ’ਚੋਂ ਅੰਗਰੇਜ਼ ਤਾਂ ਚਲੇ ਗਏ ਪਰ ਫੁੱਟ ਪਾਓ, ਰਾਜ ਕਰੋ ਦੀ ਉਨ੍ਹਾਂ ਦੀ ਨੀਤੀ ਅੱਜ ਵੀ ਕਾਇਮ ਹੈ, ਜਿਸ ਕਾਰਨ ਅੱਜ ਦੇਸ਼ ਦੀ ਸਿਆਸਤ ’ਚ ਕਈ ਛੋਟੇ-ਛੋਟੇ ਦਲ ਉੱਭਰੇ ਨਜ਼ਰ ਆ ਰਹੇ ਹਨ। ਇਸ ਕਾਰਨ ਵੋਟ ਵੰਡ ਦੀ ਪ੍ਰਕਿਰਿਆ ਜਾਰੀ ਹੈ ਜੋ ਫੁੱਟ ਪਾਓ, ਰਾਜ ਕਰੋ ਦੀ ਸਿਆਸਤ ਨੂੰ ਉਜਾਗਰ ਕਰਦੀ ਹੈ। ਇਸ ਤਰ੍ਹਾਂ ਦੇ ਮਾਹੌਲ ’ਚ ਸਵੈ-ਨਿਰਭਰਤਾ ਦੀ ਸਿਆਸਤ ਵੀ ਸਭ ਤੋਂ ਉਪਰ ਉੱਭਰੀ ਹੈ ਜੋ ਦੇਸ਼ ਦੀ ਸਿਆਸਤ ਨੂੰ ਅਸੰਤੁਲਿਤ ਕਰਨ ਦੀ ਭੂਮਿਕਾ ਨਿਭਾਅ ਰਹੀ ਹੈ।

ਬੇਮੇਲ ਜੋੜ, ਖਰੀਦਣ ਅਤੇ ਵੇਚਣ ਦੇ ਰੁਝਾਨ ਨੂੰ ਸਮਰਥਨ ਕਰ ਰਹੇ ਹਨ ਜਿਸ ਨਾਲ ਗੱਠਜੋੜ ’ਚ ਗੰਢ ਪੈਣ ਦੀ ਪ੍ਰਕਿਰਿਆ ਨੂੰ ਸਦਾ ਤਾਕਤ ਮਿਲੀ ਹੈ। ਇਸ ਸੰਦਰਭ ’ਚ ਜਨਤਾ ਵੱਲੋਂ ਚੁਣੀ ਸਰਕਾਰ ਦਾ ਡਿੱਗਣਾ, ਅਸਥਿਰ ਹੋਣਾ, ਮੁੱਲ-ਭਾਅ ਨੂੰ ਉਤਸ਼ਾਹ ਮਿਲਣਾ ਆਦਿ ਉੱਭਰਦੇ ਦ੍ਰਿਸ਼ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ ਜਿੱਥੇ ਕੇਂਦਰ ਅਤੇ ਸੂਬਿਆਂ ਦੀ ਬਹੁਮਤ ਦੀ ਸਰਕਾਰ ਘੱਟਗਿਣਤੀ ’ਚ ਆ ਜਾਣ ਕਾਰਨ ਸਮੇਂ ਤੋਂ ਪਹਿਲਾਂ ਹੀ ਡਿੱਗ ਗਈ, ਜਿਸ ਨਾਲ ਦੇਸ਼ ਨੂੰ ਮੱਧਵਰਗੀ ਚੋਣਾਂ ਦਾ ਬੇਲੋੜਾ ਬੋਝ ਉਠਾਉਣਾ ਪਿਆ। ਅੱਗੇ ਵੀ ਇਸ ਤਰ੍ਹਾਂ ਦੀ ਸਥਿਤੀ ਬਣ ਸਕਦੀ ਹੈ ਜੋ ਕਿ ਕਦੀ ਵੀ ਲੋਕਤੰਤਰ ਦੇ ਹਿੱਤ ’ਚ ਨਹੀਂ।

ਦੇਸ਼ ’ਚ ਵਰਤਮਾਨ ’ਚ ਸਿਆਸੀ ਦਲਾਂ ਦੀ ਗਿਣਤੀ ਭਾਵੇਂ ਬਹੁਤਾਤ ’ਚ ਹੈ ਪਰ ਇਹ ਸਾਰੇ ਸਿਆਸੀ ਦਲ ਮੁੱਖ ਤੌਰ ’ਤੇ 3 ਵਿਚਾਰਧਾਰਾਵਾਂ ਖੱਬੇ-ਪੱਖੀ, ਸੱਜੇ-ਪੱਖੀ ਅਤੇ ਧਰਮ ਨਾਲ ਜੁੜੇ ਹੋਏ ਹਨ। ਜਿੱਥੇ ਪ੍ਰਗਤੀਵਾਦੀ, ਉਦਾਰਵਾਦੀ, ਰੂੜੀਵਾਦੀ ਅਤੇ ਸਮਾਜਵਾਦੀ ਸਿਆਸੀ ਦ੍ਰਿਸ਼ਟੀਕੋਣ ਸ਼ਾਮਲ ਹਨ। ਕਾਂਗਰਸ, ਖੱਬੇ-ਪੱਖੀ ਦਲ, ਸਮਾਜਵਾਦੀ, ਜਨਸੰਘ, ਮੁਸਲਿਮ ਲੀਗ ਆਦਿ ਦਲ ਪਹਿਲਾਂ ਤੋਂ ਪ੍ਰਮੁੱਖ ਰਹੇ ਹਨ।

ਵਰਤਮਾਨ ’ਚ ਖੱਬੇ-ਪੱਖੀ ਦਲ, ਕਾਂਗਰਸ, ਭਾਜਪਾ, ਅਕਾਲੀ ਦਲ, ਐੱਨ. ਸੀ. ਪੀ., ਮੁਸਲਿਮ ਲੀਗ, ਜਦ (ਯੂ), ਰਾਜਦ, ਬਸਪਾ, ਸਪਾ, ਸ਼ਿਵ ਸੈਨਾ, ਝਾਮੁਓ, ਤ੍ਰਿਣਮੂਲ ਕਾਂਗਰਸ, ਬੀਜਦ, ਤੇਲਗੂਦੇਸ਼ਮ ਸਮੇਤ ਕਈ ਸਿਆਸੀ ਦਲ ਹਨ ਜਿਨ੍ਹਾਂ ’ਚੋਂ ਕੁਝ ਸੱਤਾ ਧਿਰ ਐੱਨ. ਡੀ. ਏ. ਦੇ ਨਾਲ ਹਨ ਤਾਂ ਕੁਝ ਵਿਰੋਧੀ ਧਿਰ ਆਈ. ਐੱਨ. ਡੀ. ਆਈ. ਏ. ਨਾਲ ਹਨ ਅਤੇ ਕੁਝ ਅਜੇ ਵੀ ਇਨ੍ਹਾਂ ਦੋਵਾਂ ਗੱਠਜੋੜਾਂ ’ਚੋਂ ਬਾਹਰ ਹਨ।

ਅੱਜ ਪ੍ਰਮੁੱਖ ਤੌਰ ’ਤੇ ਭਾਰਤੀ ਸਿਆਸਤ ’ਚ ਉੱਭਰੇ ਦੋ ਪ੍ਰਮੁੱਖ ਗੱਠਜੋੜ ਐੱਨ. ਡੀ. ਏ. ਅਤੇ ਆਈ. ਐੱਨ. ਡੀ. ਆਈ. ਏ. ’ਚ ਸ਼ਾਮਲ ਸਿਆਸੀ ਦਲਾਂ ਦੀਆਂ ਵਿਚਾਰਧਾਰਾਵਾਂ ਵੀ ਕਈ ਹਨ ਜਿੱਥੇ ਕਦੀ ਵੀ ਗੰਢ ਪੈ ਸਕਦੀ ਹੈ, ਜਿਸ ਨਾਲ ਗੱਠਜੋੜ ਟੁੱਟਣ ਦੇ ਆਸਾਰ ਆਪਣੇ ਆਪ ਹੀ ਬਣਨ ਲੱਗਦੇ ਹਨ। ਜਦ ਤੱਕ ਗੱਠਜੋੜ ’ਚ ਵੱਖ-ਵੱਖ ਵਿਚਾਰਧਾਰਾਵਾਂ ਅਤੇ ਸਵੈ-ਨਿਰਭਰ ਪ੍ਰਵਿਰਤੀ ਵਾਲੇ ਸ਼ਾਮਲ ਰਹਿਣਗੇ, ਗੱਠਜੋੜ ਟੁੱਟਣ ਦਾ ਖਤਰਾ ਬਣਿਆ ਹੀ ਰਹੇਗਾ।

ਭਾਰਤੀ ਲੋਕਤੰਤਰ ਵਰਤਮਾਨ ’ਚ ਗੱਠਜੋੜ ਦੀ ਸਿਆਸਤ ’ਤੇ ਟਿਕਿਆ ਹੋਇਆ ਹੈ। ਕੌਣ ਕਦ ਕਿਧਰ ਚਲਾ ਜਾਵੇ, ਕਿਹਾ ਨਹੀਂ ਜਾ ਸਕਦਾ। ਇਸ ਨਾਲ ਅਸਥਿਰਤਾ ਦਾ ਮਾਹੌਲ ਬਣਿਆ ਹੀ ਰਹੇਗਾ।

ਸਾਲ 2024 ’ਚ ਲੋਕ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਸੱਤਾ ਧਿਰ ਐੱਨ. ਡੀ. ਏ. ਅਤੇ ਵਿਰੋਧੀ ਧਿਰ ਆਈ. ਐੱਨ. ਡੀ. ਆਈ. ਏ. ਦੋਵੇਂ ਗੱਠਜੋੜ ਇਨ੍ਹਾਂ ਚੋਣਾਂ ’ਚ ਸੱਤਾ ਹਾਸਲ ਕਰਨ ਦੀ ਰਣਨੀਤੀ ਬਣਾ ਰਹੇ ਹਨ। ਸੱਤਾ ਧਿਰ ਐੱਨ. ਡੀ. ਏ. ’ਚ ਹਾਲ ਦੀ ਘੜੀ ਭਾਜਪਾ ਸਭ ਤੋਂ ਵੱਡਾ ਸਿਆਸੀ ਦਲ ਹੈ, ਜਿਸ ਦੇ ਗਲਬੇ ਦੇ ਸਾਹਮਣੇ ਉਸ ’ਚ ਸ਼ਾਮਲ ਦੂਜੇ ਸਿਆਸੀ ਦਲ ਬੌਣੇ ਹਨ। ਦੂਜੇ ਪਾਸੇ ਵਿਰੋਧੀ ਧਿਰ ਆਈ. ਐੱਨ. ਡੀ. ਆਈ. ਏ. ’ਚ ਕਾਂਗਰਸ ਸਭ ਤੋਂ ਵੱਡਾ ਸਿਆਸੀ ਦਲ ਤਾਂ ਜ਼ਰੂਰ ਹੈ ਪਰ ਦੂਸਰੇ ਸ਼ਾਮਲ ਆਪਣੇ ਆਪ ਨੂੰ ਘੱਟ ਨਾ ਸਮਝਣ ਵਾਲੇ ਸਿਆਸੀ ਦਲ ਹਨ ਜਿੱਥੇ ਆਪਸੀ ਤਾਲਮੇਲ ਬਿਠਾਉਣਾ ਕੁਝ ਟੇਢੀ ਖੀਰ ਹੈ।

ਆਈ. ਐੱਨ. ਡੀ. ਆਈ. ਏ. ’ਚ ਸ਼ਾਮਲ ਜ਼ਿਆਦਾਤਰ ਸਿਆਸੀ ਦਲ ਕਾਂਗਰਸ ’ਚੋਂ ਹੀ ਬਾਹਰ ਨਿਕਲੇ ਹੋਏ ਹਨ ਪਰ ਉਹ ਅੱਜ ਵੀ ਕਾਂਗਰਸ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਇਸ ਗੱਠਜੋੜ ’ਚ ਸ਼ਾਮਲ ‘ਆਪ’ ਸਭ ਤੋਂ ਵੱਧ ਖਾਹਿਸ਼ੀ ਨਜ਼ਰ ਆ ਰਹੀ ਹੈ ਜਿਸ ਦੇ ਆਗੂ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਹੁਣ ਤੋਂ ਹੀ ਦੇਖਣ ਲੱਗੇ ਹਨ।

ਆਈ. ਐੱਨ. ਡੀ. ਆਈ. ਏ. ਦੀ ਮੁੰਬਈ ਬੈਠਕ ’ਚ ‘ਆਪ’ ਹੁਣ ਤੋਂ ਹੀ ਦੇਸ਼ ਭਰ ’ਚ ਸੀਟਾਂ ਦੀ ਵੰਡ ਦੀ ਗੱਲ ਕਰਨ ਲੱਗੀ ਹੈ। ਕਿਤੇ ਇਸ ਮਾਮਲੇ ਨੂੰ ਲੈ ਕੇ ਗੱਠਜੋੜ ’ਚ ਗੰਢ ਨਾ ਪੈ ਜਾਵੇ। ਜੇ ਅਜਿਹਾ ਹੋਇਆ ਤਾਂ ਆਈ. ਐੱਨ. ਡੀ. ਆਈ. ਏ. ਚੋਣਾਂ ਤੋਂ ਪਹਿਲਾਂ ਖਿੱਲਰ ਨਾ ਜਾਵੇ। ਸੱਤਾ ਧਿਰ ਐੱਨ. ਡੀ. ਏ. ’ਚ ਹਾਲ ਦੀ ਘੜੀ ਅਜਿਹਾ ਕੁਝ ਨਜ਼ਰ ਨਹੀਂ ਆ ਰਿਹਾ ਹੈ ਜਿਸ ਨਾਲ ਐੱਨ. ਡੀ. ਏ. ਦਾ ਪੱਲਾ ਆਈ. ਐੱਨ. ਡੀ. ਆਈ. ਏ. ਤੋਂ ਵਜ਼ਨਦਾਰ ਲੱਗਣ ਲੱਗਾ ਹੈ।

ਇਸ ਤਾਜ ਨੂੰ ਸੱਤਾ ਧਿਰ ਕੋਲੋਂ ਹਾਸਲ ਕਰਨ ਲਈ ਆਈ. ਐੱਨ. ਡੀ. ਆਈ. ਏ. ਨੂੰ ਸੰਜਮ ਵਰਤਣ ਦੀ ਬਹੁਤ ਲੋੜ ਹੈ ਜਿਸ ਨਾਲ ਉਸ ’ਚ ਕਿਤਿਓਂ ਵੀ ਚੋਣਾਂ ਤੋਂ ਪਹਿਲਾਂ ਗੰਢ ਪੈਣ ਦੀ ਸੰਭਾਵਨਾ ਨਾ ਉੱਭਰੇ। ਇਸ ਦਿਸ਼ਾ ’ਚ ਕਾਂਗਰਸ ਤੋਂ ਬਾਹਰ ਗਏ ਕਾਂਗਰਸ ਜਨਾਂ ਅਤੇ ਉਸ ਨਾਲ ਜੁੜੇ ਸਿਆਸੀ ਦਲਾਂ ਦੀ ਘਰ ਵਾਪਸੀ ਦੀ ਯੋਜਨਾ ਗੱਠਜੋੜ ਨੂੰ ਮਜ਼ਬੂਤ ਬਣਾ ਸਕਦੀ ਹੈ। ਇਕ ਦੇਸ਼ ਇਕ ਚੋਣ ਦੀ ਵੀ ਵਕਾਲਤ ਸੱਤਾ ਧਿਰ ਵੱਲੋਂ ਕੀਤੀ ਜਾ ਸਕਦੀ ਹੈ। ਅਜਿਹੇ ਮਾਹੌਲ ’ਚ ਆਈ. ਐੱਨ. ਡੀ. ਆਈ. ਏ. ਦੀ ਜ਼ਿੰਮੇਵਾਰੀ ਹੋਰ ਵਧ ਜਾਵੇਗੀ ਜਿੱਥੇ ਕੇਂਦਰ ਤੇ ਸੂਬੇ ਦੀ ਜੰਗ ਇਕੱਠੀ ਲੜਨੀ ਪਵੇਗੀ।

ਡਾ. ਭਰਤ ਮਿਸ਼ਰ ਪ੍ਰਾਚੀ


author

Rakesh

Content Editor

Related News