ਦੁਨੀਆ ’ਚ ਗਾਂਧੀ ਵਰਗਾ ਕੋਈ ਹੋਰ ਨਹੀਂ
Sunday, Oct 03, 2021 - 03:46 AM (IST)

ਡਾ. ਵੇਦਪ੍ਰਤਾਪ ਵੈਦਿਕ
ਗਾਂਧੀ ਜੀ ਨੂੰ ਅਸੀਂ ਘੱਟ ਤੋਂ ਘੱਟ ਉਨ੍ਹਾਂ ਦੇ ਜਨਮਦਿਨ ’ਤੇ ਯਾਦ ਕਰ ਲੈਂਦੇ ਹਾਂ, ਇਹ ਵੀ ਵੱਡੀ ਗੱਲ ਹੈ। ਅਸੀਂ ਹੀ ਯਾਦ ਨਹੀਂ ਕਰਦੇ, ਸਾਰੀ ਦੁਨੀਆ ਉਨ੍ਹਾਂ ਨੂੰ ਯਾਦ ਕਰਦੀ ਹੈ। ਦੁਨੀਆ ’ਚ ਵੱਡੇ-ਵੱਡੇ ਰਾਜੇ-ਮਹਾਰਾਜੇ ਵੀ ਹੋਏ ਹਨ ਪਰ ਉਨ੍ਹਾਂ ਨੂੰ ਕੌਣ ਯਾਦ ਕਰਦਾ ਹੈ? ਭਾਰਤ ’ਚ ਹੀ ਦਰਜਨਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਹੋਏ ਹਨ ਪਰ ਨੌਜਵਾਨ ਪੀੜ੍ਹੀ ਕੋਲੋਂ ਪੁੱਛੋ ਤਾਂ ਉਨ੍ਹਾਂ ਨੂੰ ਨਾਂ ਤੱਕ ਯਾਦ ਨਹੀਂ ਹੈ। ਇਸ ਦਾ ਅਰਥ ਕੀ ਇਹ ਨਹੀਂ ਨਿਕਲਿਆ ਕਿ ਆਪਣੇ ਅਹੁਦੇ ਦਾ ਓਨਾ ਮਹੱਤਵ ਨਹੀਂ ਹੈ, ਜਿੰਨਾ ਕਿ ਤੁਹਾਡੀ ਆਪਣੀ ਸ਼ਖਸੀਅਤ ਦਾ ਹੈ।
ਗਾਂਧੀ ਜੀ ਦੀ ਸ਼ਖਸੀਅਤ ਇੰਨੀ ਨਿਰਾਲੀ ਸੀ ਕਿ ਮਹਾਨ ਵਿਗਿਆਨੀ ਅਲਬਰਟ ਆਈਂਸਟੀਨ ਦੇ ਸ਼ਬਦਾਂ ’ਚ ਹੀ ਉਸ ਦੀ ਸਹੀ ਵਿਆਖਿਆ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਕੀਨ ਹੀ ਨਹੀਂ ਹੋਵੇਗਾ ਕਿ ਗਾਂਧੀ ਵਰਗਾ ਕੋਈ ਹੱਡ-ਮਾਸ ਦਾ ਮਹਾਪੁਰਖ ਦੁਨੀਆ ’ਤੇ ਹੋਇਆ ਵੀ ਹੋਵੇਗਾ। ਉਂਝ ਤਾਂ ਮਹਾਪੁਰਖਾਂ ਦੀਆਂ ਕਥਾਵਾਂ ਅਸੀਂ ਸੁਣਦੇ ਰਹੇ ਹਾਂ ਪਰ ਅਸੀਂ ਲੋਕ ਕਿੰਨੇ ਕਿਸਮਤ ਵਾਲੇ ਹਾਂ ਕਿ ਅਸੀਂ ਗਾਂਧੀ ਵਰਗੇ ਮਹਾਪੁਰਖਾਂ ਨੂੰ ਆਪਣੀ ਅੱਖੀਂ ਵੇਖਿਆ ਹੈ ਜੋ ਉਨ੍ਹਾਂ ਲੋਕਾਂ ਦੇ ਨੇੜਤਾ ’ਚ ਰਹੇ, ਜੋ ਗਾਂਧੀ ਜੇ ਸਾਥੀ ਸਨ।
ਗਾਂਧੀ ਦੇ ਨਾਂ ’ਤੇ ਕੋਈ ਧਰਮ ਅਤੇ ਫਿਰਕਾ ਨਹੀਂ ਬਣਿਆ। ਬਣ ਵੀ ਨਹੀਂ ਸਕਦਾ ਕਿਉਂਕਿ ਗਾਂਧੀ ਕੋਰੇ ਸਿਧਾਂਤ ਨਹੀਂ ਹਨ, ਗਾਂਧੀ ਵਿਵਹਾਰ ਹਨ। ਗਾਂਧੀ ਦੀ ਤੁਲਨਾ ਪਲੈਟੋ, ਅਰਸਤੂ, ਹੀਗਲ ਅਤੇ ਮਾਰਕਸ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਗਾਂਧੀ ਨੇ ਕਿਸੇ ਦਾਰਸ਼ਨਿਕ ਜਾਂ ਵਿਚਾਰਕ ਵਾਂਗ ਕੋਰੇ ਸਿਧਾਂਤ ਨਹੀਂ ਘੜੇ ਪਰ ਉਨ੍ਹਾਂ ਨੇ ਕੁਝ ਸਿਧਾਂਤਾਂ ਦਾ ਆਪਣੀ ਜ਼ਿੰਦਗੀ ’ਚ ਪਾਲਣ ਇਸ ਤਰ੍ਹਾਂ ਕੀਤਾ ਕਿ ਦੁਨੀਆ ’ਚ ਗਾਂਧੀ ਬੇਮਿਸਾਲ ਹੋ ਗਏ ਹਨ। ਉਨ੍ਹਾਂ ਦੇ ਵਰਗਾ ਕੋਈ ਹੋਰ ਨਹੀਂ ਦਿਸਦਾ। ਉਨ੍ਹਾਂ ਦਾ ਵਿਵਹਾਰ ਹੀ ਸਿਧਾਂਤ ਬਣ ਗਿਆ।
ਜਿਵੇਂ ਇਸ ਸਿਧਾਂਤ ਨੂੰ ਸਾਰੇ ਧਰਮ ਮੰਨਦੇ ਹਨ ਕਿ ‘ਬ੍ਰਹਮ ਸਤਯਮ’ ਭਾਵ ਬ੍ਰਹਮ ਹੀ ਸੱਚ ਹੈ ਪਰ ਗਾਂਧੀ ਨੇ ਕਿਹਾ ਕਿ ਸੱਚ ਹੀ ਬ੍ਰਹਮ ਹੈ। ਸੱਚ ਦਾ ਪਾਲਣ ਹੀ ਸੱਚੀ ਈਸ਼ਵਰ ਭਗਤੀ ਹੈ। ਉਨ੍ਹਾਂ ਨੇ ਸਾਰੇ ਧਰਮਾਂ ਦੀ ਇਸ ਰਵਾਇਤੀ ਧਾਰਨਾ ਨੂੰ ਉਲਟ ਕੇ ਦੇਖਿਆ, ਪਰਖਿਆ ਅਤੇ ਉਸ ਨੂੰ ਕਰ ਕੇ ਦਿਖਾਇਆ। ਉਨ੍ਹਾਂ ਨੇ ਸੱਚ ਅਤੇ ਅਹਿੰਸਾ ਦਾ ਪਾਲਣ ਆਪਣੀ ਨਿੱਜੀ ਜ਼ਿੰਦਗੀ ’ਚ ਹੀ ਨਹੀਂ ਕਰ ਕੇ ਦਿਖਾਇਆ ਸਗੋਂ ਉਸ ਨੂੰ ਸੰਪੂਰਨ ਆਜ਼ਾਦੀ ਸੰਗਰਾਮ ਦੀ ਪ੍ਰਾਣਵਾਯੂ ਬਣਾ ਦਿੱਤਾ।
ਕਈ ਵਾਰ ਮੈਂ ਮਹਿਸੂਸ ਕਰਦਾ ਹਾਂ ਕਿ ਬਾਈਬਲ ਦੇ ਓਲਡ ਟੈਸਟਾਮੈਂਟ ’ਚ ਜੋ ਇਹ ਕਿਹਾ ਗਿਆ ਹੈ ਕਿ ‘‘ਈਸ਼ਵਰ ਮਨੁੱਖ ਦਾ ਪਿਤਾ ਹੈ’’, ਇਸ ਦਾ ਉਲਟਾ ਸੱਚ ਹੈ, ਭਾਵ ਮਨੁੱਖ ਹੀ ਈਸ਼ਵਰ ਦਾ ਪਿਤਾ ਹੈ। ਮਨੁੱਖਾਂ ਨੇ ਆਪਣੇ-ਆਪਣੇ ਮਨਪਸੰਦ ਦੇ ਈਸ਼ਵਰ ਘੜ ਲਏ ਹਨ। ਇਸੇ ਲਈ ਈਸ਼ਵਰ, ਯਹੋਵਾ, ਅੱਲ੍ਹਾ, ਅਹੁਰਮਜਦ ’ਚ ਕੋਈ ਬੁਨਿਆਦੀ ਫਰਕ ਨਹੀਂ ਹੈ। ਇਹ ਧਾਰਨਾ ਹੀ ਸਰਵਧਰਮ ਸਮਭਾਵ ਨੂੰ ਜਨਮ ਦਿੰਦੀ ਹੈ।
ਗਾਂਧੀ ਦੀ ਇਸ ਧਾਰਨਾ ਨੇ ਹੀ ਉਨ੍ਹਾਂ ਨੂੰ 1947 ’ਚ ਭਾਰਤ ਦੀ ਵੰਡ ਦੇ ਸਮੇਂ ਵਿਵਾਦਿਤ ਬਣਾ ਦਿੱਤਾ ਸੀ ਜਿਸ ਕਾਰਨ ਸੁਕਰਾਤ ਨੂੰ ਆਪਣੇ ਪ੍ਰਾਣ-ਵਿਸਰਜਨ ਕਰਨੇ ਪਏ, ਗਾਂਧੀ-ਵਧ ਦਾ ਵੀ ਕਾਰਨ ਉਹੀ ਬਣਿਆ ਪਰ ਜੇਕਰ ਅਸੀਂ ਹੁਣ ਗਾਂਧੀ ਦੇ ਸੁਪਨਿਆਂ ਦਾ ਭਾਰਤ ਬਣਿਆ ਹੋਇਆ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਸਿਰਫ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਹੀ ਨਹੀਂ, ਅਰਾਕਾਨ (ਮਿਆਂਮਾਰ) ਤੋਂ ਖੁਰਾਸਾਨ (ਈਰਾਨ) ਅਤੇ ਉਸ ’ਚ ਮੱਧ ਏਸ਼ੀਆ ਨੂੰ ਵੀ ਜੋੜ ਕੇ ਇਕ ਮਹਾਸੰਘ ਦਾ ਨਿਰਮਾਣ ਕਰਨਾ ਹੋਵੇਗਾ, ਜੋ ਗਾਂਧੀ ਦੇ ਨਾਲ-ਨਾਲ ਮਹਾਵੀਰ, ਬੁੱਧ ਅਤੇ ਦਯਾਨੰਦ ਦੇ ਸੁਪਨਿਆਂ ਦਾ ਆਰੀਆਵਰਤ ਹੋਵੇਗਾ।