ਖਾਣ ਲਈ ਰੋਟੀ ਨਹੀਂ ਪਰ ਕਸ਼ਮੀਰ ਨੂੰ ਹਾਸਲ ਕਰਨਾ ਚਾਹੁੰਦਾ ਹੈ ਪਾਕਿ

Thursday, Mar 07, 2024 - 03:04 PM (IST)

ਖਾਣ ਲਈ ਰੋਟੀ ਨਹੀਂ ਪਰ ਕਸ਼ਮੀਰ ਨੂੰ ਹਾਸਲ ਕਰਨਾ ਚਾਹੁੰਦਾ ਹੈ ਪਾਕਿ

ਪਾਕਿਸਤਾਨੀ ਪੱਤਰਕਾਰ, ਸਾਬਕਾ ਮੰਤਰੀ, ਆਰਥਿਕ ਵਿਸ਼ਲੇਸ਼ਕ ਅਤੇ ਟੀ. ਵੀ. ਟਿੱਪਣੀਕਾਰ ਸਈਅਦ ਮੁਹੰਮਦ ਸ਼ੱਬਰ ਜੈਦੀ ਨੇ ਪਾਕਿਸਤਾਨ ਟੀ. ਵੀ. ਨੂੰ ਦਿੱਤੀ ਇੰਟਰਿਵਊ ’ਚ ਬੇਬਾਕ ਕਿਹਾ ਹੈ ਕਿ ਜੇ ਪਾਕਿਸਤਾਨ ਦਾ ਫੌਜੀ ਬਜਟ ਭਾਰਤ ਦੇ ਫੌਜੀ ਬਜਟ ਦੇ ਬਰਾਬਰ ਕੀਤਾ ਜਾਵੇ ਤਾਂ ਉਸ ਨਾਲ ਪਾਕਿਸਤਾਨ ਤਬਾਹ ਹੋ ਜਾਏਗਾ ਕਿਉਂਕਿ ਉਸ ਕੋਲ ਇੰਨੇਂ ਸੋਮੇ ਹੀ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਸ਼ਾ ਹੀ ਗਲਤ ਹੈ ਕਿਉਂਕਿ ਭਾਰਤ ਨਾਲ ਪਾਕਿਸਤਾਨ ਨੂੰ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪੂਰਬ ’ਚ ਸਥਿਤ ਹਿੰਦੁਸਤਾਨ ਦਾ ਫੌਜੀ ਬਜਟ ਪਾਕਿਸਤਾਨ ਨਾਲੋਂ ਸੱਤ ਗੁਣਾ ਵੱਧ ਹੈ ਤਾਂ ਕੀ ਤੁਸੀਂ ਹਿੰਦੁਸਤਾਨ ਨਾਲ ਲੜਨਾ ਚਾਹੁੰਦੇ ਹੋ?

ਜੇ ਲੜਨਾ ਨਹੀਂ ਚਾਹੁੰਦੇ ਤਾਂ ਕਿ ਉਸਦੀ ਬਰਾਬਰੀ ਕਰਨਾ ਚਾਹੁੰਦੇ ਹੋ। ਜੇ ਬਰਾਬਰੀ ਕਰਨ ਦੀ ਇੱਛਾ ਹੈ ਤਾਂ ਕੀ ਪਾਕਿਸਤਾਨ ਕੋਲ ਇੰਨਾ ਪੈਸਾ ਹੈ? ਜੇ ਪਾਕਿਸਤਾਨ ਕੋਲ ਪੈਸੇ ਨਹੀਂ ਹਨ ਤਾਂ ਇਹ ਗੱਲ ਪਾਕਿਸਤਾਨੀਆਂ ਨੂੰ ਆਪਣੇ ਦਿਮਾਗ ’ਚੋਂ ਕੱਢ ਦੇਣੀ ਚਾਹੀਦੀ ਹੈ ਕਿ ਪਾਕਿਸਤਾਨ ਹਿੰਦੁਸਤਾਨ ਨਾਲ ਮੁਕਾਬਲਾ ਕਰ ਸਕਦਾ ਹੈ? ਪਾਕਿਸਤਾਨੀ ਸਿਰਫ ਇੰਨਾ ਹੀ ਸੋਚਦੇ ਹਨ ਕਿ ਜੇ ਹਿੰਦੁਸਤਾਨ ਨਾਲ ਜੰਗ ਛੇੜੀ ਜਾਏ ਤਾਂ ਉਨ੍ਹਾਂ ਕੋਲ ਇਕ ਹੀ ਹਥਿਆਰ ਹੈ ਅਤੇ ਉਹ ਹੈ ਪ੍ਰਮਾਣੂ ਬੰਬ।

ਜੇ ਪਾਕਿਸਤਾਨ ਸੋਚੇ ਕਿ ਅਸੀਂ ਹਿੰਦੁਸਤਾਨ ਵਾਂਗ ਹੀ ਆਪਣੇ ਕੋਲ ਟੈਂਕ, ਮਿਜ਼ਾਈਲਾਂ ਅਤੇ ਲੜਾਕੂ ਹਵਾਈ ਜਹਾਜ਼ ਰੱਖਾਂਗੇ ਤਾਂ ਇਹ ਬੇਵਕੂਫੀ ਹੋਵੇਗੀ। ਪਾਕਿਸਤਾਨ ’ਚ ਅਜਿਹੀਆਂ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਹਨ? ਕੀ ਲੋਕਾਂ ਨੂੰ ਭੁੱਖਿਆਂ ਮਾਰਨ ਦੀ ਇੱਛਾ ਹੈ?

ਪਾਕਿਸਤਾਨ ਕੋਲ ਭਾਰਤ ਨਾਲ ਜੰਗ ਕਰਨ ਲਈ ਕੋਈ ਮੁੱਦਾ ਨਹੀਂ ਹੈ। ਜਿੱਥੋਂ ਤੱਕ ਕਸ਼ਮੀਰ (ਪੀ. ਓ. ਕੇ.) ਦਾ ਮਾਮਲਾ ਹੈ, ਉਹ ਪਾਕਿਸਤਾਨ ਹੱਥੋਂ ਨਿਕਲ ਚੁੱਕਾ ਹੈ। ਮੈਂ ਕਸ਼ਮੀਰ ਸਬੰਧੀ ਗੱਲ ਨਹੀਂ ਕਰਨਾ ਚਾਹੁੰਦਾ। ਕੀ ਪਾਕਿਸਤਾਨ ਜੰਗ ਲੜ ਕੇ ਕਸ਼ਮੀਰ ਨੂੰ ਹਾਸਲ ਕਰ ਲਏਗਾ, ਇਹ ਇਨ੍ਹਾਂ ਸੌਖਾ ਨਹੀਂ ਹੈ। ਤਿੰਨ ਵਾਰ ਪਾਕਿਸਤਾਨ ਅਜਿਹੀਆਂ ਹਰਕਤਾਂ ਕਰ ਚੁੱਕਾ ਹੈ। ਕਾਰਗਿਲ ਜੰਗ ਦੌਰਾਨ ਵੀ ਉਸ ਨੇ ਅਜਿਹਾ ਕਰਨਾ ਚਾਹਿਆ ਪਰ ਪਾਕਿਸਤਾਨ ਨੂੰ ਅਜੇ ਵੀ ਅਕਲ ਨਹੀਂ ਆਈ ਅਤੇ ਉਸ ਨੂੰ ਹਰ ਵਾਰ ਮੂੰਹ ਦੀ ਖਾਣੀ ਪਈ ਹੈ।

ਆਰਟੀਕਲ 370 ਨੂੰ ਲੈ ਕੇ ਪਾਕਿਸਤਾਨ ਸਿਰਫ ਕਸ਼ਮੀਰੀਆਂ ਦੀ ਜਜ਼ਬਾਤੀ ਤੌਰ ’ਤੇ ਹਮਾਇਤ ਕਰ ਸਕਦਾ ਹੈ। ਇਸ ਤੋਂ ਵੱਧ ਕੁਝ ਵੀ ਨਹੀਂ। ਆਜ਼ਾਦ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਕਦੇ ਵੀ ਨਹੀਂ ਬਣ ਸਕਦਾ। ਇਸ ਮਸਲੇ ’ਤੇ ਇਨਸਾਨ ਬਣ ਕੇ ਸੋਚਿਆ ਜਾਏ।

ਭਾਰਤ ਨੇ ਤਾਂ ਕਸ਼ਮੀਰ ’ਚ ਰੇਲਗੱਡੀ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਪਾਕਿਸਤਾਨ ਕਿਹੜੀ ਦੁਨੀਆ ’ਚ ਬੈਠਾ ਹੈ। ਹਿੰਦੁਸਤਾਨ ਦੀ ਸਿਰਫ ਇਕ ਕੰਪਨੀ ਟਾਟਾ ਦਾ ਲਾਭ ਹੀ ਪਾਕਿਸਤਾਨ ਦੀ ਜੀ. ਡੀ. ਪੀ. ਦੇ ਬਰਾਬਰ ਹੋ ਗਿਆ ਹੈ ਅਤੇ ਤੁਸੀਂ ਹਿੰਦੁਸਤਾਨ ਨਾਲ ਜੰਗ ਲੜਨ ਦੀਆਂ ਗੱਲਾਂ ਕਰਦੇ ਹੋ। ਖਾਣ ਲਈ ਰੋਟੀ ਨਹੀਂ ਅਤੇ ਕਸ਼ਮੀਰ ਨੂੰ ਹਾਸਲ ਕਰਨਾ ਚਾਹੁੰਦੇ ਹੋ। ਕਸ਼ਮੀਰੀ ਖੁਦ ਆਜ਼ਾਦੀ ਲੈਣਗੇ ਜੇ ਉਹ ਲੈ ਸਕੇ ਤਾਂ।


author

Rakesh

Content Editor

Related News