ਅਮਰੀਕਾ ਤੋਂ ਹਜ਼ਾਰਾਂ ਨੌਜਵਾਨਾਂ ਦਾ ਡਿਪੋਰਟ ਹੋਣਾ ਪੰਜਾਬ ਲਈ ਬਣ ਸਕਦੀ ਹੈ ਵੱਡੀ ਮੁਸੀਬਤ
Thursday, Feb 06, 2025 - 11:37 AM (IST)
ਕਪੂਰਥਲਾ (ਭੂਸ਼ਣ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸ਼ੁਰੂ ਕੀਤੀ ਗਈ ਸਖ਼ਤ ਮੁਹਿੰਮ ਦੇ ਹਿੱਸੇ ਵਜੋਂ ਮੰਗਲਵਾਰ ਨੂੰ 104 ਭਾਰਤੀਆਂ ਨਾਲ ਭਰੇ ਜਹਾਜ਼ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭੇਜਣ ਦੀ ਘਟਨਾ ਨੇ ਸੂਬੇ ਭਰ ’ਚ ਰਹਿਣ ਵਾਲੇ ਲੋਕਾਂ ’ਚ ਦਹਿਸ਼ਤ ਫੈਲਾ ਦਿੱਤੀ ਹੈ, ਜਿਨ੍ਹਾਂ ਨੇ 40-45 ਲੱਖ ਰੁਪਏ ਦੀ ਵੱਡੀ ਰਕਮ ਲਗਾ ਕੇ ਆਪਣੇ ਪੁੱਤਰਾਂ ਨੂੰ ਖ਼ਤਰਨਾਕ ਰਸਤਿਆਂ ਰਾਹੀਂ ਅਮਰੀਕਾ ਭੇਜਿਆ ਸੀ।
ਇਸ ਦੇ ਨਾਲ ਹੀ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 18000 ਭਾਰਤੀਆਂ ਵਿੱਚੋਂ ਪੰਜਾਬ ਨਾਲ ਸਬੰਧਤ ਘੱਟੋ-ਘੱਟ 8000 ਨੌਜਵਾਨਾਂ ਨੂੰ ਡਿਪੋਰਟ ਕਰਨ ਦੀਆਂ ਖ਼ਬਰਾਂ ਨੇ ਸੂਬੇ ’ਚ ਇਕ ਨਵੀਂ ਦਹਿਸ਼ਤ ਫੈਲਾ ਦਿੱਤੀ ਹੈ, ਜਿਸ ਦਾ ਭਾਰੀ ਅਸਰ ਆਉਣ ਵਾਲੇ ਦਿਨਾਂ ਵਿਚ ਵੇਖਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਆਪਣੇ ਸਖ਼ਤ ਰੁਖ਼ ਲਈ ਜਾਣੇ ਜਾਂਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਅਪ੍ਰਵਾਸ ਖ਼ਿਲਾਫ਼ ਵਿਰੁੱਧ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਭਰੇ ਜਹਾਜ਼ ਉਨ੍ਹਾਂ ਦੇ ਜੱਦੀ ਦੇਸ਼ਾਂ ਨੂੰ ਭੇਜਣੇ ਸ਼ੁਰੂ ਕਰ ਦਿੱਤੇ ਹਨ, ਜਿਸ ਤੋਂ ਬਾਅਦ ਸੋਮਵਾਰ ਨੂੰ 205 ਭਾਰਤੀਆਂ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਨੌਜਵਾਨਾਂ ਨਾਲ ਭਰੇ ਫ਼ੌਜੀ ਜਹਾਜ਼ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਭੇਜਣ ਦੇ ਮਾਮਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨ ਪੰਜਾਬ ਲਈ ਚੰਗੇ ਨਹੀਂ ਹਨ।
ਇਹ ਵੀ ਪੜ੍ਹੋ : ਫਾਇਰਿੰਗ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਸਾਬਕਾ ਮਹਿਲਾ ਸਰਪੰਚ ਦੇ ਘਰ ਚੱਲੀਆਂ ਗੋਲ਼ੀਆਂ
18000 ਭਾਰਤੀਆਂ ’ਚੋਂ ਘੱਟੋ-ਘੱਟ 8000 ਨੌਜਵਾਨ ਪੰਜਾਬ ਨਾਲ ਸਬੰਧਤ
ਗੌਰ ਹੋਵੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ’ਤੇ ਅਮਰੀਕੀ ਅਧਿਕਾਰੀਆਂ ਨੇ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ’ਚ ਰਹਿ ਰਹੇ 18,000 ਭਾਰਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹੈ। ਹੁਣ ਇਨ੍ਹਾਂ ਭਾਰਤੀਆਂ ਦੇ ਜਲਦੀ ਡਿਪੋਰਟ ਹੋਣ ਦੀ ਖ਼ਬਰ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਚ ਬਹੁਤ ਦਹਿਸ਼ਤ ਪੈਦਾ ਕਰ ਦਿੱਤੀ ਹੈ।
ਦੱਸਿਆ ਜਾਂਦਾ ਹੈ ਕਿ ਇਨ੍ਹਾਂ 18000 ਭਾਰਤੀਆਂ ਵਿਚੋਂ ਘੱਟੋ-ਘੱਟ 8000 ਪੰਜਾਬ ਨਾਲ ਸਬੰਧਤ ਹਨ, ਜੋ ਘੱਟੋ-ਘੱਟ 40 ਤੋਂ 50 ਲੱਖ ਰੁਪਏ ਖ਼ਰਚ ਕਰਕੇ ਅਮਰੀਕਾ ਪਹੁੰਚੇ ਸਨ ਅਤੇ ਟਰੰਪ ਸਰਕਾਰ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਪਿਛਲੇ ਕਈ ਸਾਲਾਂ ਤੋਂ ਫਾਰਮ ਹਾਊਸਾਂ, ਸਟੋਰਾਂ ਤੇ ਗੋਦਾਮਾਂ ’ਚ ਕੰਮ ਕਰਕੇ ਚੰਗੀ ਕਮਾਈ ਕਰ ਰਹੇ ਸਨ ਪਰ ਹੁਣ ਉਨ੍ਹਾਂ ਦੇ ਡਿਪੋਰਟ ਦੀ ਖ਼ਬਰ ਨੇ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਰੋਜ਼ੀ-ਰੋਟੀ ਦੀ ਸਮੱਸਿਆ ਪੈਦਾ ਕਰ ਦਿੱਤੀ ਹੈ। ਜੇਕਰ ਅਸੀਂ ਇਨ੍ਹਾਂ 8000 ਪੰਜਾਬੀ ਪਰਿਵਾਰਾਂ ਨੂੰ ਅਮਰੀਕਾ ਭੇਜਣ ਦੇ ਨਾਮ ’ਤੇ ਖ਼ਰਚ ਕੀਤੀ ਗਈ ਕੁੱਲ੍ਹ ਰਕਮ ’ਤੇ ਨਜ਼ਰ ਮਾਰੀਏ ਤਾਂ ਇਹ ਰਕਮ 3200 ਕਰੋੜ ਰੁਪਏ ਤੋਂ 4000 ਕਰੋੜ ਰੁਪਏ ਤੱਕ ਪਹੁੰਚਦੀ ਹੈ, ਜੋਕਿ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਲਈ ਇੱਕ ਵੱਡਾ ਝਟਕਾ ਹੈ।
ਇਹ ਵੀ ਪੜ੍ਹੋ : Alert 'ਤੇ ਪੰਜਾਬ, ਥਾਣਿਆਂ ਦੀਆਂ ਕੰਧਾਂ ਕਰ 'ਤੀਆਂ ਉੱਚੀਆਂ, ਰਾਤ ਸਮੇਂ ਇਹ ਰਸਤੇ ਰਹਿਣਗੇ ਬੰਦ
ਜਾਅਲੀ ਟਰੈਵਲ ਏਜੰਟਾਂ ’ਚ ਡਰ ਦਾ ਮਾਹੌਲ
ਜ਼ਿਕਰਯੋਗ ਹੈ ਕਿ ਪੰਜਾਬ ਲੰਬੇ ਸਮੇਂ ਤੋਂ ਫਿਰੌਤੀ, ਲੁੱਟ ਤੇ ਨਸ਼ਿਆਂ ਦੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ। ਹੁਣ ਆਉਣ ਵਾਲੇ ਕੁਝ ਮਹੀਨਿਆਂ ’ਚ ਇਨ੍ਹਾਂ 8000 ਨੌਜਵਾਨਾਂ ਦੀ ਵਾਪਸੀ ਨਾਲ ਸਥਿਤੀ ਹੋਰ ਵੀ ਵਿਗੜਨ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੇਰੋਜ਼ਗਾਰੀ ਦੇ ਸ਼ਿਕਾਰ ਵੱਡੀ ਗਿਣਤੀ ’ਚ ਨੌਜਵਾਨ ਗੈਰ-ਕਾਨੂੰਨੀ ਕਾਰੋਬਾਰਾਂ ’ਚ ਸ਼ਾਮਲ ਹੋ ਗਏ ਹਨ ਤੇ ਰਾਤੋ-ਰਾਤ ਅਮੀਰ ਬਣਨ ਦੀ ਇੱਛਾ ’ਚ ਸੈਂਕੜੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਖ਼ਤਰਨਾਕ ਮਾਮਲਿਆਂ ਵਿਚ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ।
ਅਮਰੀਕਾ ’ਚ 2 ਤੋਂ 2.5 ਲੱਖ ਰੁਪਏ ਮਹੀਨਾਵਾਰ ਆਮਦਨ ਕਮਾਉਣ ਵਾਲੇ ਇਨ੍ਹਾਂ ਨੌਜਵਾਨਾਂ ਵਿਚੋਂ ਜ਼ਿਆਦਾਤਰ ਨੂੰ ਪੰਜਾਬ ਪਹੁੰਚਦੇ ਹੀ ਬੇਰੋਜ਼ਗਾਰੀ ਦੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਅਮਰੀਕਾ ਦੀ ਚਮਕਦਾਰ ਜ਼ਿੰਦਗੀ ਛੱਡ ਕੇ ਦੋਬਾਰਾ ਪੰਜਾਬ ਵਾਪਸ ਆਉਣ ਵਾਲੇ ਇਨ੍ਹਾਂ ਨੌਜਵਾਨਾਂ ਵਿਚ ਵੱਡੀ ਗਿਣਤੀ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਦਾ ਡਰ ਸਤਾਉਣ ਲੱਗਾ ਹੈ। ਜੋਕਿ ਆਉਣ ਵਾਲੇ ਸਮੇਂ ’ਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਲਈ ਇਕ ਵੱਡੀ ਸਮੱਸਿਆ ਬਣ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਡਿਪੋਰਟ ਹੋਣ ਦੀ ਖ਼ਬਰ ਨੇ ਉਨ੍ਹਾਂ ਜਾਅਲੀ ਟਰੈਵਲ ਏਜੰਟਾਂ ’ਚ ਬਹੁਤ ਡਰ ਪੈਦਾ ਕਰ ਦਿੱਤਾ ਹੈ, ਜਿਨ੍ਹਾਂ ਨੇ ਉਨ੍ਹਾਂ ਤੋਂ ਅਰਬਾਂ ਰੁਪਏ ਇਕੱਠੇ ਕੀਤੇ ਹਨ ਅਤੇ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਹਜ਼ਾਰਾਂ ਨੌਜਵਾਨਾਂ ਦੇ ਅਮਰੀਕਾ ਤੋਂ ਡਿਪੋਰਟ ਹੋਣ ਕਾਰਨ ਬੇਰੋਜ਼ਗਾਰੀ ਸਮੇਤ ਕਈ ਹੋਰ ਗੰਭੀਰ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਨਾਲ ਮਿਲੇ ਮੰਤਰੀ ਧਾਲੀਵਾਲ, ਦਿੱਤਾ ਵੱਡਾ ਬਿਆਨ
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧੀ ਐੱਸ. ਐੱਸ. ਪੀ. ਗੌਰਵ ਤੂਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਮਾਸੂਮ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਵਾਲੇ ਫਰਜ਼ੀ ਟਰੈਵਲ ਏਜੰਟਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਅਜਿਹੇ ਨੌਜਵਾਨਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਪਾਏ ਜਾਣ ਵਾਲੇ ਜਾਅਲੀ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ 'ਚ ਦੋ ਵਿਅਕਤੀ ਹੁਸ਼ਿਆਰਪੁਰ ਦੇ ਵੀ ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e