ਜਲਵਾਯੂ ਤਬਦੀਲੀ ਨਾਲ ਨਜਿੱਠਣ ਦੀ ਤਤਕਾਲ ਲੋੜ ਹੈ

Saturday, Apr 13, 2024 - 04:01 PM (IST)

ਜਲਵਾਯੂ ਤਬਦੀਲੀ ਨਾਲ ਨਜਿੱਠਣ ਦੀ ਤਤਕਾਲ ਲੋੜ ਹੈ

ਜਲਵਾਯੂ ਤਬਦੀਲੀ ਹੁਣ ਕੋਈ ਦੂਰ ਦੀ ਚਿੰਤਾ ਨਹੀਂ ਸਗੋਂ ਮੌਜੂਦਾ ਅਸਲੀਅਤ ਹੈ ਜਿਸ ’ਤੇ ਫੌਰੀ ਧਿਆਨ ਦੇਣ ਦੀ ਲੋੜ ਹੈ। ਗਰਮ ਮੌਸਮ ਤੋਂ ਲੈ ਕੇ ਸਮੁੰਦਰ ਦੇ ਵਧਦੇ ਪੱਧਰ ਅਤੇ ਸੋਮਿਆਂ ਦੀ ਕਮੀ ਤਕ ਇਸ ਦਾ ਪ੍ਰਭਾਵ ਵਿਸ਼ਵ ਪੱਧਰ ’ਤੇ ਮਹਿਸੂਸ ਕੀਤਾ ਜਾ ਰਿਹਾ ਹੈ।

ਹਾਲਾਂਕਿ, ਇਨ੍ਹਾਂ ਚੁਣੌਤੀਆਂ ਅੰਦਰ ਵਾਤਾਵਰਣ ਪ੍ਰਤੀ ਸੁਚੇਤ ਫੈਸਲੇ ਲੈਣ ਦੇ ਮੌਕੇ ਵੀ ਹਨ। ਸ਼ਹਿਰੀ ਖੇਤੀ, ਜਿਸ ਨੂੰ ਕਦੇ ਖਾਸ ਮੰਨਿਆ ਜਾਂਦਾ ਸੀ, ਹੁਣ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਇਕ ਵਿਹਾਰਕ ਪ੍ਰਤੀਕਿਰਿਆ ਵਜੋਂ ਪਛਾਣੀ ਜਾਂਦੀ ਹੈ।

ਸ਼ਹਿਰੀ ਥਾਵਾਂ ਨੂੰ ਟਿਕਾਊ ਈਕੋ-ਸਿਸਟਮ ’ਚ ਬਦਲ ਕੇ ਸ਼ਹਿਰੀ ਖੇਤੀ ’ਚ ਸਾਡੇ ਵਾਤਾਵਰਣੀ ਪ੍ਰਬੰਧਨ ਨੂੰ ਬਦਲਣ ਅਤੇ ਵੱਧ ਲਚੀਲਾ ਭਵਿੱਖ ਬਣਾਉਣ ਦੀ ਸਮਰੱਥਾ ਹੈ।

ਜਲਵਾਯੂ ਤਬਦੀਲੀ ਨਾਲ ਨਜਿੱਠਣ ਦੀ ਫੌਰੀ ਲੋੜ ਹੈ। ਡਬਲਯੂ. ਐੱਚ. ਓ. ਦਾ ਅਨੁਮਾਨ ਹੈ ਕਿ 2030 ਦੇ ਦਹਾਕੇ ਤਕ ਮਲੇਰੀਆ ਅਤੇ ਤਟੀ ਹੜ੍ਹ ਵਰਗੀਆਂ ਜਲਵਾਯੂ ਸਬੰਧੀ ਬੀਮਾਰੀਆਂ ਕਾਰਨ ਸਾਲਾਨਾ 2,50,000 ਵਾਧੂ ਮੌਤਾਂ ਹੋ ਸਕਦੀਆਂ ਹਨ।

ਤਾਪਮਾਨ, ਪਿਘਲਦੀ ਬਰਫ ਦੀਆਂ ਪਰਤਾਂ ਅਤੇ ਜ਼ਿਆਦਾ ਵਾਰ ਹੋਣ ਵਾਲੀਆਂ ਗਰਮ ਮੌਸਮ ਦੀਆਂ ਘਟਨਾਵਾਂ ਅਸਥਿਰ ਪ੍ਰਥਾਵਾਂ ਦੇ ਨਤੀਜਿਆਂ ’ਚੋਂ ਹਨ। ਹੁਣ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ ਅਤੇ ਸ਼ਹਿਰੀ ਖੇਤੀ ਅੱਗੇ ਵਧਣ ਦਾ ਇਕ ਆਸਾਵਾਦੀ ਰਸਤਾ ਪੇਸ਼ ਕਰਦੀ ਹੈ।

ਸ਼ਹਿਰੀ ਖੇਤੀ : ਸ਼ਹਿਰੀ ਖੇਤੀ ’ਚ ਸ਼ਹਿਰਾਂ ਦੇ ਅੰਦਰ ਅਤੇ ਆਲੇ-ਦੁਆਲੇ ਦੀਆਂ ਫਸਲਾਂ ਦੀ ਖੇਤੀ ਸ਼ਾਮਲ ਹੈ। ਇਹ ਪ੍ਰਥਾ ਨਾ ਸਿਰਫ ਤਾਜ਼ਾ, ਸਥਾਨਕ ਰੂਪ ਨਾਲ ਉਗਾਈ ਗਈ ਉਪਜ ਪ੍ਰਦਾਨ ਕਰਦੀ ਹੈ ਸਗੋਂ ਇਸ ਦੇ ਕਈ ਵਾਤਾਵਰਣੀ ਲਾਭ ਵੀ ਹਨ। ਭੋਜਨ ਦੀ ਲੰਬੀ ਦੂਰੀ ਦੀ ਟਰਾਂਸਪੋਰਟ ਦੀ ਲੋੜ ਨੂੰ ਘੱਟ ਕਰਕੇ, ਸ਼ਹਿਰੀ ਖੇਤੀ ਕਾਰਬਨ ਨਿਕਾਸੀ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ, ਜੈਵਿਕ ਖੇਤੀ ਪ੍ਰਣਾਲੀਆਂ ਦੀ ਵਰਤੋਂ ਨਾਲ ਮਿੱਟੀ ਦੀ ਸਿਹਤ ਅਤੇ ਜੈਵ ਵਿਭਿੰਨਤਾ ’ਚ ਸੁਧਾਰ ਹੋ ਸਕਦਾ ਹੈ, ਜੋ ਜਲਵਾਯੂ ਲਚੀਲੇਪਨ ’ਚ ਹੋਰ ਯੋਗਦਾਨ ਦੇ ਸਕਦਾ ਹੈ।

ਸ਼ਹਿਰ ਦੀਆਂ ਥਾਵਾਂ ਨੂੰ ਬਦਲਣਾ : ਸ਼ਹਿਰੀ ਖੇਤੀ ਦੇ ਪ੍ਰਮੁੱਖ ਲਾਭਾਂ ’ਚੋਂ ਇਕ ਘੱਟ ਵਰਤੋਂ ਵਾਲੀਆਂ ਸ਼ਹਿਰੀ ਥਾਵਾਂ ਨੂੰ ਜੈਵਿਕ ਖੁਰਾਕ ਉਤਪਾਦਨ ਕੇਂਦਰਾਂ ’ਚ ਬਦਲਣ ਦੀ ਸਮਰੱਥਾ ਹੈ। ਖਾਲੀ ਥਾਵਾਂ, ਛੱਤਾਂ, ਬਾਲਕਨੀਆਂ ਅਤੇ ਇਥੋਂ ਤਕ ਕਿ ਖੜ੍ਹੀਆਂ ਸਤਹਾਂ ਨੂੰ ਖੇਤੀ ਲਈ ਦੁਬਾਰਾ ਵਰਤਿਆ ਜਾ ਸਕਦਾ ਹੈ, ਜਿਸ ਨਾਲ ਸ਼ਹਿਰੀ ਖੇਤਰਾਂ ’ਚ ਹਰਿਤ ਥਾਂ ਤਿਆਰ ਕੀਤੀ ਜਾ ਸਕਦੀ ਹੈ। ਇਹ ਨਾ ਸਿਰਫ਼ ਸ਼ਹਿਰਾਂ ਦੀ ਸੁੰਦਰਤਾ ਨੂੰ ਵਧਾਉਂਦੀ ਹੈ, ਸਗੋਂ ਸ਼ਹਿਰੀ ਤਾਪ ਟਾਪੂ ਪ੍ਰਭਾਵ ਨੂੰ ਘਟਾਉਣ ’ਚ ਵੀ ਮਦਦ ਕਰਦੀ ਹੈ, ਜੋ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਵਧਾ ਸਕਦੀ ਹੈ।

ਭਾਈਚਾਰਕ ਰੁਝੇਵੇਂ : ਸ਼ਹਿਰੀ ਖੇਤੀ ਭਾਈਚਾਰਕ ਭਾਗੀਦਾਰੀ ਅਤੇ ਸਮਾਜਿਕ ਏਕਤਾ ਨੂੰ ਵੀ ਉਤਸ਼ਾਹਿਤ ਕਰਦੀ ਹੈ। ਭੋਜਨ ਉਗਾਉਣ ਅਤੇ ਸਾਂਝਾ ਕਰਨ ਲਈ ਲੋਕਾਂ ਨੂੰ ਇਕੱਠੇ ਲਿਆ ਕੇ, ਸ਼ਹਿਰੀ ਫਾਰਮ ਸਮਾਜਿਕ ਬੰਧਨ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਅਪਣੇਪਨ ਦੀ ਭਾਵਨਾ ਪੈਦਾ ਕਰ ਸਕਦੇ ਹਨ।

ਇਹ ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰਾਂ ’ਚ ਮੁੱਖ ਤੌਰ ’ਤੇ ਮਹੱਤਵਪੂਰਨ ਹੋ ਸਕਦਾ ਹੈ ਜਿਥੇ ਸਮਾਜਿਕ ਵਖਰੇਵਾਂ ਇਕ ਵਧਦੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ, ਸ਼ਹਿਰੀ ਖੇਤੀ ਸਥਾਨਕ ਵਾਸੀਆਂ, ਵਿਸ਼ੇਸ਼ ਤੌਰ ’ਤੇ ਵਾਂਝੇ ਭਾਈਚਾਰਿਆਂ ਲਈ ਆਰਥਿਕ ਮੌਕਾ ਪ੍ਰਦਾਨ ਕਰ ਸਕਦੀ ਹੈ।

ਨੀਤੀ ਸਮਰਥਨ : ਸ਼ਹਿਰੀ ਖੇਤੀ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਨਾਲ ਸਾਕਾਰ ਕਰਨ ਲਈ ਸਹਾਇਕ ਨੀਤੀਆਂ ਅਤੇ ਪ੍ਰੋਤਸਾਹਨਾਂ ਦੀ ਲੋੜ ਹੈ, ਜਦ ਕਿ ਕੁਝ ਸੂਬਾਂ ਸਰਕਾਰਾਂ ਨੇ ਸਬਸਿਡੀ ਪ੍ਰਦਾਨ ਕਰ ਕੇ ਆਪਣਾ ਸਮਰਥਨ ਵਧਾਇਆ ਹੈ ਅਤੇ ਇਸ ਤਰ੍ਹਾਂ ਸ਼ਹਿਰੀ ਖੇਤੀ ਲਈ ਇਕ ਸਮਰੱਥ ਵਾਤਾਵਰਣ ਤਿਆਰ ਕੀਤਾ ਹੈ। ਨੀਤੀ ਨਿਰਮਾਤਾ ਇਸ ਸਥਾਈ ਅਭਿਆਸ ਨੂੰ ਵਧਾਉਣ ਅਤੇ ਇਸ ਨੂੰ ਵੱਧ ਲੋਕਾਂ ਲਈ ਆਸਾਨ ਬਣਾਉਣ ’ਚ ਮਦਦ ਕਰ ਸਕਦੇ ਹਨ।

ਜ਼ਮੀਨੀ ਪੱਧਰ : ਸ਼ਹਿਰੀ ਖੇਤੀ ’ਚ ਜਲਵਾਯੂ ਤਬਦੀਲੀ ਵਿਰੁੱਧ ਲੜਾਈ ’ਚ ਗੇਮ ਚੇਂਜਰ ਬਣਨ ਦੀ ਸਮਰੱਥਾ ਹੈ। ਸ਼ਹਿਰੀ ਥਾਵਾਂ ਨੂੰ ਟਿਕਾਊ ਪਨਾਹਗਾਹਾਂ ’ਚ ਬਦਲ ਕੇ, ਸ਼ਹਿਰੀ ਖੇਤੀ ਕਾਰਬਨ ਨਿਕਾਸੀ ਨੂੰ ਘਟਾਉਣ, ਭੋਜਨ ਸੁਰੱਖਿਆ ’ਚ ਸੁਧਾਰ ਕਰਨ ਅਤੇ ਸ਼ਹਿਰੀ ਖੇਤਰਾਂ ਦਾ ਲਚੀਲਾਪਣ ਵਧਾਉਣ ’ਚ ਮਦਦ ਕਰ ਸਕਦੀ ਹੈ।

ਹਾਲਾਂਕਿ, ਇਸ ਸਮਰੱਥਾ ਨੂੰ ਸਾਕਾਰ ਕਰਨ ਲਈ ਨੀਤੀ ਨਿਰਮਾਤਾਵਾਂ, ਭਾਈਚਾਰਿਆਂ ਅਤੇ ਵਿਅਕਤੀਆਂ ਦੇ ਠੋਸ ਯਤਨਾਂ ਦੀ ਲੋੜ ਹੋਵੇਗੀ। ਹੁਣ ਸਮਾਂ ਆ ਗਿਆ ਹੈ ਕਿ ਜਲਵਾਯੂ ਤਬਦੀਲੀ ਦੇ ਹੱਲ ਦੇ ਰੂਪ ’ਚ ਸ਼ਹਿਰੀ ਖੇਤੀ ਨੂੰ ਅਪਣਾਇਆ ਜਾਵੇ ਅਤੇ ਜ਼ਿਆਦਾ ਟਿਕਾਊ ਭਵਿੱਖ ਦੀ ਦਿਸ਼ਾ ’ਚ ਕੰਮ ਕੀਤਾ ਜਾਵੇ।

ਮਨਿੰਦਰ ਸਿੰਘ


author

Rakesh

Content Editor

Related News