ਚੀਨੀ ਸਮੁੰਦਰੀ ਫੌਜੀਆਂ ਦੀ ਕਾਰਜਕੁਸ਼ਲਤਾ ''ਚ ਹੈ ਕਮੀ

10/12/2023 2:06:50 PM

ਚੀਨ ਦੀ ਸਮੁੰਦਰੀ ਫੌਜ ਭਾਵੇਂ ਹੀ ਆਕਾਰ ’ਚ ਦੁਨੀਆ ਦੀ ਸਭ ਤੋਂ ਵੱਡੀ ਸਮੁੰਦਰੀ ਫੌਜ ਹੈ ਜਿਸ ’ਚ ਸਾਜ਼ੋ-ਸਾਮਾਨ ਦੀ ਕੋਈ ਕਮੀ ਨਹੀਂ ਹੈ ਪਰ ਜੇ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਚੀਨ ਦੀ ਤਕਨੀਕੀ ਮੁਹਾਰਤ ’ਚ ਅਤੇ ਉਸ ਦੇ ਸਮੁੰਦਰੀ ਫੌਜੀਆਂ ਦੀ ਹੁਨਰਮੰਦੀ ’ਤੇ। ਪੱਛਮੀ ਦੇਸ਼ਾਂ ਦੇ ਮੀਡੀਆ ’ਚ ਅਕਸਰ ਫੌਜੀ ਮਾਹਿਰਾਂ ਦਾ ਇਹ ਦਾਅਵਾ ਰਿਹਾ ਹੈ ਕਿ ਚੀਨ ਦੀ ਥਲ ਫੌਜ ਆਕਾਰ ’ਚ ਵੱਡੀ ਹੈ, ਉਸ ਦੇ ਕੋਲ ਅਸਲਾ ਵੀ ਹੈ ਪਰ ਚੀਨ ਦੇ ਫੌਜੀਆਂ ਨੂੰ ਜੰਗ ਦਾ ਕੋਈ ਤਜਰਬਾ ਨਹੀਂ ਹੈ। ਕੁਝ ਮਾਹਿਰਾਂ ਨੇ ਇਹ ਵੀ ਕਿਹਾ ਹੈ ਕਿ ਚੀਨ ਦੇ ਕੋਲ ਕੁਝ ਮਿਜ਼ਾਈਲਾਂ ਨੂੰ ਛੱਡ ਦਈਏ ਤਾਂ ਬਾਕੀ ਹਥਿਆਰਾਂ ਦੀ ਸਥਿਤੀ ਉਵੇਂ ਨਹੀਂ ਹੈ ਜਿਵੇਂ ਕਿ ਉਹ ਦੁਨੀਆ ਨੂੰ ਦਿਖਾਉਂਦਾ ਹੈ। ਠੀਕ ਇਹੀ ਹਾਲ ਚੀਨ ਦੀ ਹਵਾਈ ਫੌਜ ਦਾ ਹੈ, ਜੇ-17 ਲੜਾਕੂ ਜਹਾਜ਼ਾਂ ਦਾ ਚੀਨ ਬਹੁਤ ਬਖਾਨ ਕਰਦਾ ਹੈ ਪਰ ਅਸਲ ’ਚ ਜੇ ਸੀਰੀਜ਼ ਦੇ ਜਹਾਜ਼ਾਂ ’ਚ ਰੂਸੀ ਜਹਾਜ਼ ਕੰਪਨੀ ਮਿਗ ਦਾ ਇੰਜਣ ਲੱਗਾ ਹੈ। ਇਸ ਦੇ ਇਲਾਵਾ ਚੀਨੀ ਹਵਾਈ ਫੌਜ ’ਚ ਜਿੰਨੇ ਵੀ ਲੜਾਕੂ ਜਹਾਜ਼ ਹਨ ਉਹ ਅਮਰੀਕਾ, ਫਰਾਂਸ, ਇਜ਼ਰਾਈਲ, ਬਰਤਾਨੀਆ ਅਤੇ ਰੂਸੀ ਜਹਾਜ਼ਾਂ ਦੀ ਨਕਲ ਭਰ ਹਨ ਪਰ ਇਨ੍ਹਾਂ ਜਹਾਜ਼ਾਂ ’ਚ ਲੱਗੇ ਇੰਜਣ ਆਧੁਨਿਕ ਨਹੀਂ ਹਨ। ਉਂਝ ਵੀ ਚੀਨ ਆਪਣੀ ਅੰਦਰ ਦੀ ਖਬਰ ਕਦੀ ਬਾਹਰ ਨਹੀਂ ਆਉਣ ਦਿੰਦਾ ਅਤੇ ਦੁਨੀਆ ਨੂੰ ਹਾਥੀ ਦੇ ਦੰਦ ਵਾਂਗ ਦਿਖਾਉਣ ਦੇ ਹੋਰ ਅਤੇ ਖਾਣ ਦੇ ਦੰਦ ਵੱਖਰੇ ਹਨ। ਅਗਸਤ ਮਹੀਨੇ ’ਚ ਚੀਨ ਦੀ ਸਮੁੰਦਰੀ ਫੌਜ ’ਚ ਇਕ ਹਾਦਸਾ ਵਾਪਰਿਆ ਜਿਸ ਨੂੰ ਬਹੁਤ ਘੱਟ ਵਿਦੇਸ਼ੀ ਮੀਡੀਆ ਨੇ ਉਠਾਇਆ ਸੀ ਪਰ ਚੀਨ ਨੇ ਆਪਣੇ ਦੇਸ਼ ’ਚ ਉਹ ਖਬਰ ਕਦੀ ਨਹੀਂ ਚਲਾਈ।

ਬਰਤਾਨੀਆ ਦੀ ਖੁਫੀਆ ਏਜੰਸੀ ਐੱਮ.ਆਈ-6 ਤੋਂ ਖਬਰ ਨਿਕਲ ਕੇ ਆ ਰਹੀ ਹੈ ਕਿ 21 ਅਗਸਤ ਨੂੰ ਚੀਨ ਦੀ ਇਕ ਪ੍ਰਮਾਣੂ ਪਣਡੁੱਬੀ ਚੀਨ ਅਤੇ ਕੋਰੀਆ ਵਿਚਾਲੇ ਪੀਲੇ ਸਾਗਰ ’ਚ ਹਾਦਸਾਗ੍ਰਸਤ ਹੋ ਕੇ ਡੁੱਬ ਗਈ ਅਤੇ ਉਸ ’ਚ ਸਵਾਰ 55 ਚੀਨੀ ਸਮੁੰਦਰੀ ਫੌਜੀ ਵੀ ਮਾਰੇ ਗਏ। ਹਾਲਾਂਕਿ ਚੀਨ ਇਸ ਘਟਨਾ ਤੋਂ ਨਾਂਹ ਕਰ ਰਿਹਾ ਹੈ। ਚੀਨੀ ਸਮੁੰਦਰੀ ਫੌਜ ਦੀ ਇਸ ਪ੍ਰਮਾਣੂ ਪਣਡੁੱਬੀ ਦੇ ਆਕਸੀਜਨ ਸਿਸਟਮ ’ਚ ਆਈ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਪਰ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਸਿਸਟਮ ਦੀ ਖਰਾਬੀ ਕਾਰਨ ਸਾਰੇ ਫੌਜੀ ਪਣਡੁੱਬੀ ’ਚ ਫਸ ਕੇ ਮਾਰੇ ਗਏ ਜਾਂ ਫਿਰ ਉਨ੍ਹਾਂ ਦੀ ਮੌਤ ਸਾਹ ਘੁਟਣ ਨਾਲ ਹੋਈ। ਇਸ ’ਚ 9 ਛੋਟੇ ਅਫਸਰ, 7 ਅਫਸਰ ਕੈਡੇਟ, 22 ਅਫਸਰ ਅਤੇ 17 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਮਾਰੇ ਜਾਣ ਵਾਲਿਆਂ ’ਚ ਕੈਪਟਨ ਸੂਏ ਯੋਂਗ ਫੰਗ ਦਾ ਨਾਂ ਵੀ ਆ ਰਿਹਾ ਹੈ। ਬ੍ਰਿਟਿਸ਼ ਖੁਫੀਆ ਏਜੰਸੀ ਐੱਮ.ਆਈ.-6 ਤੋਂ ਖਬਰ ਨਿਕਲ ਕੇ ਆ ਰਹੀ ਹੈ ਕਿ ਇਹ ਪ੍ਰਮਾਣੂ ਪਣਡੁੱਬੀ ਸਮੁੰਦਰ ਹੇਠਾਂ ਚੀਨੀ ਸਮੁੰਦਰੀ ਫੌਜ ਦੇ ਕਿਸੇ ਵੱਡੇ ਜਹਾਜ਼ ਦੇ ਲੰਗਰ ਦੀ ਜ਼ੰਜੀਰ ਨਾਲ ਟਕਰਾਅ ਕੇ ਨੁਕਸਾਨਗ੍ਰਸਤ ਹੋ ਗਈ ਸੀ। ਇਕ ਦੂਜੀ ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਸਮੁੰਦਰ ਦੇ ਹੇਠਾਂ ਚੀਨ ਨੇ ਅਮਰੀਕੀ ਜਹਾਜ਼ਾਂ ਅਤੇ ਪੱਛਮੀ ਦੇਸ਼ਾਂ ਦੇ ਜਹਾਜ਼ਾਂ ਨੂੰ ਪੀਲੇ ਸਾਗਰ ਤੋਂ ਦੂਰ ਰੱਖਣ ਲਈ ਪਾਣੀ ਦੇ ਅੰਦਰ ਧਮਾਕਾਖੇਜ਼ ਸਮੱਗਰੀ ਲਾਈ ਹੋਈ ਸੀ, ਜੋ ਜ਼ੰਜੀਰਾਂ ਨਾਲ ਜੁੜੇ ਸਨ, ਉਨ੍ਹਾਂ ’ਚੋਂ ਹੀ ਇਕ ਜ਼ੰਜੀਰ ਨਾਲ ਚੀਨੀ ਪਣਡੁੱਬੀ ਟਕਰਾਅ ਗਈ।

ਇਸ ਖਬਰ ਨੂੰ ਦੱਖਣੀ ਕੋਰੀਆ ਅਤੇ ਤਾਈਵਾਨ ਦੀ ਮੀਡੀਆ ਨੇ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਦੁਨੀਆ ਨੂੰ ਦੱਸਿਆ ਕਿ ਚੀਨ ਦੀ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣੂ ਪਣਡੁੱਬੀ ਹਾਦਸਾਗ੍ਰਸਤ ਹੋ ਗਈ ਅਤੇ ਉਸ ’ਚ ਸਵਾਰ ਸਾਰੇ 55 ਫੌਜੀਆਂ ਦੀ ਮੌਤ ਹੋ ਚੁੱਕੀ ਹੈ ਪਰ ਚੀਨ ਇਹ ਗੱਲ ਆਪਣੇ ਲੋਕਾਂ ਕੋਲੋਂ ਲੁਕਾ ਰਿਹਾ ਹੈ ਅਤੇ ਉਸ ਨੇ ਅਜੇ ਤੱਕ ਆਪਣੇ 55 ਫੌਜੀਆਂ ਦੇ ਮਾਰੇ ਜਾਣ ਦੀ ਖਬਰ ਨਾ ਤਾਂ ਦੁਨੀਆ ਨੂੰ ਦੱਸੀ ਹੈ ਅਤੇ ਨਾ ਹੀ ਫੌਜੀਆਂ ਦੇ ਰਿਸ਼ਤੇਦਾਰਾਂ ਨੂੰ ਦੱਸੀ। ਫੌਜੀਆਂ ਦੇ ਰਿਸ਼ਤੇਦਾਰਾਂ ਨੂੰ ਚੀਨ ਦੀ ਫੌਜ ਸਿਰਫ ਇਹ ਦੱਸ ਰਹੀ ਹੈ ਕਿ ਉਹ ਲੋਕ ਅਜੇ ਲਾਪਤਾ ਹਨ ਅਤੇ ਉਨ੍ਹਾਂ ਨੂੰ ਲੱਭਿਆ ਜਾ ਰਿਹਾ ਹੈ।


Rakesh

Content Editor

Related News