IPL 2024 :ਦਿੱਲੀ ਨੂੰ ਚੁੱਭੀ ਪੰਤ ਦੀ ਕਮੀ, ਬੈਂਗਲੁਰੂ ਹੱਥੋਂ 47 ਦੌੜਾਂ ਨਾਲ ਹਾਰ ਕੇ ਪਲੇਆਫ਼ ਦੀ ਰੇਸ 'ਚੋਂ ਹੋਈ ਬਾਹਰ
Sunday, May 12, 2024 - 11:49 PM (IST)
ਸਪੋਰਟਸ ਡੈਸਕ- ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਕਪਤਾਨ ਰਿਸ਼ਭ ਪੰਤ ਤੋਂ ਬਗੈਰ ਖੇਡ ਰਹੀ ਦਿੱਲੀ ਕੈਪੀਟਲਸ ਨੂੰ 47 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਲਗਾਤਾਰ 5ਵੀਂ ਜਿੱਤ ਦਰਜ ਕਰ ਲਈ ਹੈ ਤੇ ਪਲੇਆਫ਼ ਵੱਲ ਇਕ ਹੋਰ ਕਦਮ ਵਧਾ ਲਿਆ ਹੈ, ਜਦਕਿ ਦਿੱਲੀ ਦੀਆਂ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਲਗਭਗ ਖ਼ਤਮ ਹੋ ਗਈਆਂ ਹਨ। ਇਸ ਹਾਰ 'ਚ ਕਪਤਾਨ ਰਿਸ਼ਭ ਪੰਤ ਦਾ ਮੌਜੂਦ ਨਾ ਹੋਣਾ ਤੇ ਦਿੱਲੀ ਦੀ ਖ਼ਰਾਬ ਫੀਲਡਿੰਗ ਸਭ ਤੋਂ ਵੱਡਾ ਕਾਰਨ ਰਹੀ। ਬੈਂਗਲੁਰੂ ਦੀ ਬੱਲੇਬਾਜ਼ੀ ਦੌਰਾਨ ਦਿੱਲੀ ਦੇ ਫੀਲਡਰਾਂ ਨੇ ਕਾਫ਼ੀ ਕੈਚ ਛੱਡੇ, ਜਿਸ ਕਾਰਨ ਬੈਂਗਲੁਰੂ ਵੱਡਾ ਸਕੋਰ ਖੜ੍ਹਾ ਕਰਨ 'ਚ ਕਾਮਯਾਬ ਹੋ ਸਕੀ।
ਇਸ ਤੋਂ ਪਹਿਲਾਂ ਇਕ ਮੈਚ ਦਾ ਬੈਨ ਝੱਲ ਰਹੇ ਦਿੱਲੀ ਦੇ ਨਿਯਮਿਤ ਕਪਤਾਨ ਰਿਸ਼ਭ ਪੰਤ ਦੀ ਗੈਰ-ਮੌਜੂਦਗੀ 'ਚ ਅਕਸ਼ਰ ਪਟੇਲ ਨੇ ਦਿੱਲੀ ਦੀ ਕਮਾਨ ਸੰਭਾਲੀ ਤੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਜਤ ਪਾਟੀਦਾਰ (52), ਵਿਲ ਜੈਕਸ (41), ਕੈਮਰਨ ਗ੍ਰੀਨ (32*) ਤੇ ਵਿਰਾਟ ਕੋਹਲੀ (27) ਦੀਆਂ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 9 ਵਿਕਟਾਂ ਗੁਆ ਕੇ 187 ਦੌੜਾਂ ਬਣਾਈਆਂ ਸਨ।
ਇਸ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਓਪਨਰ ਡੇਵਿਡ ਵਾਰਨਰ ਪਹਿਲੇ ਹੀ ਓਵਰ 'ਚ 1 ਦੌੜ ਬਣਾ ਕੇ ਸਵਪਨਿਲ ਸਿੰਘ ਦਾ ਸ਼ਿਕਾਰ ਬਣ ਗਏ। ਅਭਿਸ਼ੇਕ ਪੋਰੇਲ ਵੀ ਸਿਰਫ਼ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਇਸ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਨੂੰ ਪੰਤ ਦੀ ਗੈਰ ਮੌਜੂਦਗੀ ਖ਼ੂਬ ਚੁੱਭੀ ਤੇ ਟੀਮ ਦੀ ਬੱਲੇਬਾਜ਼ੀ ਸ਼ੁਰੂ ਤੋਂ ਹੀ ਲੜਖੜਾਉਂਦੀ ਰਹੀ।
ਜੇਕ ਫ੍ਰੇਜ਼ਰ ਮੈਕਗਰਗ ਬਦਕਿਸਮਤ ਰਿਹਾ ਤੇ 8 ਗੇਂਦਾਂ 'ਚ 21 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਕੁਮਾਰ ਕੁਸ਼ਾਗਰਾ ਵੀ 2 ਦੌੜਾਂ ਬਣਾ ਕੇ ਮੁਹੰਮਦ ਸਿਰਾਜ ਦੀ ਗੇਂਦ 'ਤੇ ਐੱਲ.ਬੀ.ਡਬਲਯੂ. ਆਊਟ ਹੋ ਗਿਆ। ਸ਼ਾਈ ਹੋਪ ਨੇ ਕੁਝ ਚੰਗੇ ਸ਼ਾਟ ਖੇਡੇ, ਪਰ ਉਹ ਵੀ 23 ਗੇਂਦਾਂ 'ਚ 29 ਦੌੜਾਂ ਬਣਾ ਕੇ ਲੌਕੀ ਫਾਰਗੁਸਨ ਦਾ ਸ਼ਿਕਾਰ ਬਣਿਆ।
ਅੰਤ 'ਚ ਜ਼ਿੰਮੇਵਾਰੀ ਕਪਤਾਨ ਅਕਸ਼ਰ ਪਟੇਲ ਦੇ ਮੋਢਿਆਂ 'ਤੇ ਆ ਗਈ। ਉਸ ਨੇ ਪੂਰੀ ਕੋਸ਼ਿਸ਼ ਕੀਤੀ ਟੀਮ ਨੂੰ ਜਿੱਤ ਦਿਵਾਉਣ ਦੀ, ਤੇ ਕੁਝ ਚੰਗੇ ਸ਼ਾਟ ਵੀ ਖੇਡੇ। ਪਰ ਉਹ 39 ਗੇਂਦਾਂ 'ਚ 5 ਚੌਕੇ ਤੇ 3 ਛੱਕਿਆਂ ਦੀ ਬਦੌਲਤ 57 ਦੌੜਾਂ ਬਣਾ ਕੇ ਯਸ਼ ਦਿਆਲ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ। ਦਿੱਲੀ ਦੀਆਂ ਉਮੀਦਾਂ ਵੀ ਉਸ ਦੀ ਵਿਕਟ ਨਾਲ ਡਿੱਗ ਗਈਆਂ। ਟੀਮ 19.1 ਓਵਰਾਂ 'ਚ 140 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ 47 ਦੌੜਾਂ ਨਾਲ ਮੁਕਾਬਲਾ ਹਾਰ ਗਈ।
ਇਸ ਹਾਰ ਤੋਂ ਬਾਅਦ ਦਿੱਲੀ ਦੀਆਂ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਲਗਭਗ ਖ਼ਤਮ ਹੋ ਗਈਆਂ ਹਨ, ਜਦਕਿ ਬੈਂਗਲੁਰੂ ਨੇ ਪਲੇਆਫ਼ ਵੱਲ ਇਕ ਹੋਰ ਕਦਮ ਵਧਾ ਲਿਆ ਹੈ। ਹਾਲਾਂਕਿ ਬੈਂਗਲੁਰੂ ਦਾ ਵੀ ਰਾਹ ਸੌਖਾ ਨਹੀਂ ਹੋਵੇਗਾ, ਉਸ ਨੂੰ ਆਪਣੀ ਜਿੱਤ ਦੇ ਨਾਲ-ਨਾਲ ਬਾਕੀ ਟੀਮਾਂ ਦੇ ਨਤੀਜੇ 'ਤੇ ਵੀ ਨਿਰਭਰ ਰਹਿਣਾ ਪਵੇਗਾ। ਉੱਥੇ ਹੀ ਦਿੱਲੀ ਨੂੰ ਪਲੇਆਫ਼ 'ਚ ਕੁਆਲੀਫਾਈ ਕਰਨ ਲਈ ਲਖਨਊ ਖ਼ਿਲਾਫ਼ ਆਪਣਾ ਅਗਲਾ ਮੁਕਾਬਲਾ ਵੱਡੇ ਫ਼ਰਕ ਨਾਲ ਜਿੱਤਣਾ ਪਵੇਗਾ, ਉੱਥੇ ਹੀ ਬੈਂਗਲੁਰੂ ਤੇ ਹੈਦਰਾਬਾਦ ਦੇ ਵੀ ਅਗਲੇ ਮੁਕਾਬਲਿਆਂ 'ਚ ਬਹੁਤ ਵੱਡੇ ਫ਼ਰਕ ਨਾਲ ਹਾਰ ਜਾਣ 'ਤੇ ਦਿੱਲੀ ਦੇ ਰਾਹ ਖੁੱਲ੍ਹ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e