ਈਰਾਨ ਅਤੇ ਬਾਈਡੇਨ ਦੀ ਦੁਨੀਆ
Monday, Nov 30, 2020 - 03:55 AM (IST)

ਡਾ. ਵੇਦਪ੍ਰਤਾਪ ਵੈਦਿਕ
ਈਰਾਨ ਦੇ ਪ੍ਰਮਾਣੂ-ਵਿਗਿਆਨੀ ਮੋਹਸਿਨ ਫਖਰੀਜਾਦ ਦੀ ਮੌਤ ਇਕ ਅਜਿਹੀ ਘਟਨਾ ਹੈ, ਜੋ ਈਰਾਨ-ਇਸਰਾਈਲ ਸਬੰਧਾਂ ’ਚ ਤਾਂ ਭਿਆਨਕ ਤਣਾਅ ਪੈਦਾ ਕਰੇਗੀ ਹੀ, ਇਹ ਬਾਈਡੇਨ ਪ੍ਰਸ਼ਾਸਨ ਦੇ ਵਤੀਰੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਫਖਰੀਜਾਦ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ’ਚ ਮੋਹਰੀ ਵਿਗਿਆਨੀ ਸਨ। ਉਨ੍ਹਾਂ ਦਾ ਨਾਂ ਲੈ ਕੇ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਉਸ ਨੂੰ ਕਾਫੀ ਖਤਰਨਾਕ ਆਦਮੀ ਦੱਸਿਆ ਸੀ। ਈਰਾਨ ਸਰਕਾਰ ਦਾ ਦਾਅਵਾ ਹੈ ਕਿ ਤਹਿਰਾਨ ਨੇੜੇ ਆਬਸਰਦ ਨਾਂ ਦੇ ਇਕ ਪਿੰਡ ’ਚ ਇਸ ਵਿਗਿਆਨੀ ਦੀ ਹੱਤਿਆ ਇਸਰਾਈਲੀ ਜਾਸੂਸਾਂ ਨੇ ਕੀਤੀ।
ਇਸ ਤੋਂ ਪਹਿਲਾਂ ਇਸੇ ਸਾਲ ਜਨਵਰੀ ’ਚ ਬਗਦਾਦ ’ਚ ਈਰਾਨ ਦੇ ਪ੍ਰਸਿੱਧ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਅਮਰੀਕੀ ਫੌਜੀਆਂ ਨੇ ਕਰ ਦਿੱਤੀ ਸੀ। ਈਰਾਨ ਦੇ ਸਰਬਉੱਚ ਨੇਤਾ ਆਇਤੁੱਲਾ ਅਲੀ ਖਾਮਨੇਈ ਨੇ ਕਿਹਾ ਹੈ ਕਿ ਈਰਾਨ ਇਸ ਹੱਤਿਆ ਦਾ ਬਦਲਾ ਲੈ ਕੇ ਰਹੇਗਾ। ਉਂਝ ਵੀ ਪਿਛਲੇ 10 ਸਾਲਾਂ ’ਚ ਈਰਾਨ ਦੇ ਛੇ ਵਿਗਿਆਨੀਆਂ ਦੀ ਮੌਤ ਹੋਈ ਹੈ। ਉਸ ’ਚ ਇਸਰਾਈਲ ਦਾ ਹੱਥ ਦੱਸਿਆ ਗਿਆ ਸੀ। ਹੱਤਿਆ ਦੀ ਇਸ ਤਾਜ਼ਾ ਵਾਰਦਾਤ ’ਚ ਅਮਰੀਕਾ ਦਾ ਵੀ ਹੱਥ ਦੱਸਿਆ ਜਾ ਰਿਹਾ ਹੈ, ਕਿਉਂਕਿ ਟਰੰਪ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਪਿਛਲੇ ਹਫਤੇ ਹੀ ਇਸਰਾਈਲ ਗਏ ਸਨ ਅਤੇ ਉੱਥੇ ਉਨ੍ਹਾਂ ਨੇ ਸਾਊਦੀ ਸੁਲਤਾਨ ਅਤੇ ਨੇਤਨਯਾਹੂ ਨਾਲ ਮੁਲਾਕਾਤ ਕੀਤੀ ਸੀ।
ਈਰਾਨੀ ਸਰਕਾਰ ਨੂੰ ਖਦਸ਼ਾ ਹੈ ਕਿ ਟਰੰਪ ਪ੍ਰਸ਼ਾਸਨ ਅਗਲੀ 20 ਜਨਵਰੀ ਨੂੰ ਸੱਤਾ ਛੱਡਣ ਤੋਂ ਪਹਿਲਾਂ ਕੁਝ ਅਜਿਹੀਆਂ ਤਿਕੜਮ ਕਰ ਦੇਣੀਆਂ ਚਾਹੁੰਦਾ ਹੈ, ਜਿਸ ਕਾਰਨ ਬਾਈਡੇਨ ਪ੍ਰਸ਼ਾਸਨ ਚਾਹੁੰਦੇ ਹੋਏ ਵੀ ਈਰਾਨ ਨਾਲ ਤੋੜੇ ਗਏ ਪ੍ਰਮਾਣੂ ਸਮਝੌਤੇ ਨੂੰ ਮੁੜ ਜੀਵਿਤ ਨਾ ਕਰ ਸਕੇ।
ਓਬਾਮਾ ਪ੍ਰਸ਼ਾਸਨ ਅਤੇ ਯੂਰਪੀ ਦੇਸ਼ਾਂ ਨੇ ਈਰਾਨ ਨਾਲ ਜਿਹੜਾ ਪ੍ਰਮਾਣੂ ਸਮਝੌਤਾ ਕੀਤਾ ਸੀ, ਉਸ ਨੂੰ ਟਰੰਪ ਨੇ ਭੰਗ ਕਰ ਦਿੱਤਾ ਸੀ ਅਤੇ ਈਰਾਨ ਤੋਂ ਹਟੀ ਪਾਬੰਦੀ ਨੂੰ ਦੁਬਾਰਾ ਥੋਪ ਦਿੱਤਾ ਸੀ। ਹੁਣ ਈਰਾਨ ਗੁੱਸੇ ’ਚ ਆ ਕੇ ਜੇਕਰ ਅਮਰੀਕਾ ਦੇ ਕਿਸੇ ਵੱਡੇ ਸ਼ਹਿਰ ’ਚ ਕੋਈ ਜ਼ਬਰਦਸਤ ਹਿੰਸਾ ਕਰਵਾ ਦਿੰਦਾ ਹੈ ਤਾਂ ਬਾਈਡੇਨ ਪ੍ਰਸ਼ਾਸਨ ਨੂੰ ਈਰਾਨ ਤੋਂ ਦੂਰੀ ਬਣਾਈ ਰੱਖਣੀ ਉਸ ਦੀ ਮਜਬੂਰੀ ਹੋਵੇਗੀ। ਇਹ ਦੁਵਿਧਾ ਈਰਾਨੀ ਨੇਤਾ ਚੰਗੀ ਤਰ੍ਹਾਂ ਸਮਝ ਰਹੇ ਹੋਣਗੇ।
ਇਹ ਤਾਂ ਗਨੀਮਤ ਹੈ ਕਿ ਟਰੰਪ ਨੇ ਆਪਣੇ ਐਲਾਨ ਮੁਤਾਬਕ ਅਜੇ ਤੱਕ ਈਰਾਨ ’ਤੇ ਬੰਬ ਨਹੀਂ ਵਰ੍ਹਾਏ ਹਨ। ਆਪਣੀ ਹਾਰ ਦੇ ਬਾਵਜੂਦ ਹੀਰੋ ਬਣਨ ਦੇ ਫੇਰ ’ਚ ਜੇਕਰ ਟਰੰਪ ਈਰਾਨ ’ਤੇ ਜਾਂਦੇ-ਜਾਂਦੇ ਹਮਲਾ ਕਰ ਦੇਣ ਤਾਂ ਕੋਈ ਹੈਰਾਨੀ ਨਹੀਂ ਹੈ। ਉਂਝ ਵੀ ਉਨ੍ਹਾਂ ਨੇ ਪੱਛਮੀ ਏਸ਼ੀਆ ਦੇ ਈਰਾਨ ਵਿਰੋਧੀ ਰਾਸ਼ਟਰਾਂ-ਇਸਰਾਈਲ, ਸਾਊਦੀ ਅਰਬ, ਜਾਰਡਨ, ਯੂ. ਏ. ਈ., ਬਹਿਰੀਨ ਆਦਿ ਨੂੰ ਇਕ ਵੇਲ ਬੂਟਿਆਂ ਵਾਲੀ ਚਾਦਰ ’ਤੇ ਬਿਠਾਉਣ ’ਚ ਸਫਲਤਾ ਹਾਸਲ ਕੀਤੀ ਹੈ। ਬਾਈਡੇਨ ਪ੍ਰਸ਼ਾਸਨ ਨੂੰ ਦੁਵਿਧਾ ਇਹ ਹੈ ਕਿ ਉਹ ਇਸ ਇਸਰਾਈਲੀ ਹਮਲੇ ਦੀ ਖੁੱਲ੍ਹੀ ਨਿੰਦਾ ਨਹੀਂ ਕਰ ਸਕਦਾ ਪਰ ਉਹ ਕਿਸੇ ਨੂੰ ਵੀ ਦੋਸ਼ ਦਿੱਤੇ ਬਿਨਾਂ ਇਸ ਹੱਤਿਆ ਦੀ ਨਿੰਦਾ ਤਾਂ ਕਰ ਹੀ ਸਕਦਾ ਹੈ। ਈਰਾਨ ਅਤੇ ਬਾਈਡੇਨ ਪ੍ਰਸ਼ਾਸਨ ਨੂੰ ਇਸ ਮੁੱਦੇ ’ਤੇ ਫੂਕ-ਫੂਕ ਕੇ ਕਦਮ ਰੱਖਣੇ ਹੋਣਗੇ।