ਆਤਮ-ਨਿਰਭਰ ਭਾਰਤ ’ਤੇ ਰੂੜੀਵਾਦੀਆਂ ਦਾ ਪ੍ਰਛਾਵਾਂ

08/25/2020 2:59:23 AM

ਡਾ. ਰੰਜਨਾ

ਦਿਨ ਐਤਵਾਰ! ਸਥਾਨ-ਦਹਿਆ ਖਾਪ ਦੀ ਬੜਾ ਪਿੰਡ ਨੇਹਰੀ ਦੀ ਪੰਚਾਇਤ। ਫੈਸਲਾ-ਸ਼ਾਨਦਾਰ। 805 ਸਾਲਾਂ ਤੋਂ ਚੱਲੀਆਂ ਆ ਰਹੀਆਂ 2 ਜੜ੍ਹ ਪ੍ਰੰਪਰਾਵਾਂ ਨੂੰ ਤੋੜ ਕੇ ਸਮਾਜ ’ਚ ਨਵੀਂ ਸਵੇਰ ਚੜ੍ਹਨ ਦਾ ਐਲਾਨ ਕਰਨਾ। ਬਿਨਾਂ ਸ਼ੱਕ ਨੌਜਵਾਨਾਂ ਦੀ ਪਹਿਲ ’ਤੇ ਪਿੰਡ ਦੇ ਬਜ਼ੁਰਗਾਂ ਨੂੰ ਸਮਝਾ-ਮਨਾ ਕੇ ਮੌਤ ਤੋਂ ਬਾਅਦ 13ਵੀਂ ’ਤੇ ਮ੍ਰਿਤੂਭੋਜ ’ਤੇ ਪਾਬੰਦੀ ਅਤੇ ਕੰਨਿਆ ਧਿਰ ਵੱਲੋਂ ‘ਖਰੜ ਕੀ ਮਾਨ’ ਨਾ ਲੈਣ ਵਰਗੇ ਫੈਸਲੇ ’ਤੇ ਮੋਹਰ ਲਗਾਉਣੀ ਅਜਿਹੇ ਫੈਸਲੇ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ-ਨਿਰਭਰ ਭਾਰਤ ਨਾਲ ਜੁੜੇ ਸੁਪਨੇ ’ਚ ਸੰਜੀਵਨੀ ਦਾ ਕੰਮ ਕਰਨਗੇ।

ਮਾਣਯੋਗ ਪ੍ਰਧਾਨ ਮੰਤਰੀ ਨੇ ‘ਵੋਕਲ ਤੋਂ ਲੋਕਲ’ ਹੋਣ ਦਾ ਜੋ ਸੰਦੇਸ਼ ਦਿੱਤਾ, ਉਸ ਨੂੰ ਪੂਰਾ ਕਰਨ ਲਈ ਸਥਾਨਕ ਲੋਕਾਂ ’ਚ ਜਾਗਰੂਕਤਾ ਹੋਣ ਦੇ ਨਾਲ-ਨਾਲ ਸਮਾਜ ਦਾ ਤੰਦਰੁਸਤ ਹੋਣਾ ਵੀ ਜ਼ਰੂਰੀ ਹੈ। ਜਦੋਂ ਤਕ ਸਮਾਜ ’ਚ ਪੁਰਾਣੀਆਂ ਰੀਤਾਂ ਦਾ ਕੋਵਿਡ ਰਹੇਗਾ, ਲੋਕਲ ਨਾ ਤਾਂ ਕਦੀ ਬ੍ਰਾਂਡ ਬਣ ਸਕੇਗਾ, ਨਾ ਕਦੀ ਵੋਕਲ ਹੋਵੇਗਾ। ਜਦੋਂ ਜ਼ਮੀਨ ਹੀ ਬੰਜਰ ਹੋਵੇਗੀ ਤਾਂ ਉਸ ’ਤੇ ਖੇਤੀ ਕਿਵੇਂ ਸੰਭਵ ਹੋ ਸਕਦੀ ਹੈ? ਇਸ ਤਰ੍ਹਾਂ ਜੇਕਰ ਸਮਾਜ ਜੜ੍ਹ ਪ੍ਰੰਪਰਾਵਾਂ ਦੇ ਰੋਗ ਨਾਲ ਗ੍ਰਸਤ ਅਤੇ ਤ੍ਰਸਤ ਹਨ। ਉਨ੍ਹਾਂ ਦੀ ਸੋਚ-ਵਿਚਾਰ ਦੀ ਸਮਰੱਥਾ ’ਤੇ ਪੁਰਾਤਨ ਰਵਾਇਤਾਂ ਦਾ ਮੁਲੰਮਾ ਚੜ੍ਹਿਆ ਹੋਇਆ ਹੈ ਤਾਂ ਕਿਹੋ ਜਿਹੀ ਆਤਮ-ਨਿਰਭਰਤਾ, ਕਿਹੋ ਜਿਹਾ ਵਿਕਾਸ, ਕਿਹੋ ਜਿਹਾ ਭਵਿੱਖ?

ਆਤਮ-ਨਿਰਭਰ ਭਾਰਤ ਮਿਸ਼ਨ ਤਹਿਤ ਬਣੀਆਂ ਯੋਜਨਾਵਾਂ ਵਿਚ ਸਥਾਨਕ ਲੋਕਾਂ ਸਾਹਮਣੇ ਉਹ ਕੱਲ ਖੜ੍ਹਾ ਹੈ, ਜੋ ਉਨ੍ਹਾਂ ਦੀ ਮਿਹਨਤ ਨੂੰ ਬ੍ਰਾਂਡ ’ਚ ਬਦਲਣ ਦਾ ਸੁਨਹਿਰੀ ਮੌਕਾ ਮੁਹੱਈਆ ਕਰ ਰਿਹਾ ਹੈ। ਇਸ ਮੌਕੇ ਦਾ ਉੱਚਿਤ ਲਾਭ ਉਠਾਉਣ ਲਈ ਜ਼ਰੂਰੀ ਹੈ ਕਿ ਦਿਹਾਤੀ ਸੰਸਾਰ ਪੜ੍ਹਿਆ-ਲਿਖਿਆ ਅਤੇ ਮੁਕੰਮਲ ਜਾਗਰੂਕ ਹੋਵੇ ਅਤੇ ਆਪਣੀ ਸੋਚ ਦਾ ਘੇਰਾ ਵੱਡਾ ਕਰਦਾ ਹੋਇਆ ਉਨ੍ਹਾਂ ਸਾਰੀਆਂ ਜੜ੍ਹ ਪ੍ਰੰਪਰਾਵਾਂ ਨੂੰ ਤੋੜ ਕੇ ਅੱਗੇ ਵਧੇ, ਜੋ ਉਨ੍ਹਾਂ ਦੇ ਪੈਰਾਂ ’ਚ ਬੇੜੀਆਂ ਬਣ ਚੁੱਕੀਆਂ ਹਨ। ਸਹੀ ਕਿਹਾ ਗਿਆ ਹੈ ਕਿ ਪੁਰਾਣੀਆਂ ਰੀਤਾਂ ਜਦੋਂ ਬੋਝ ਬਣਨ ਲੱਗਣ ਤਾਂ ਉਨ੍ਹਾਂ ਦਾ ਟੁੱਟ ਜਾਣਾ ਸਮਾਜ ਦੇ ਹਿੱਤ ’ਚ ਹੋਵੇਗਾ, ਨਹੀਂ ਤਾਂ ਉਹ ਸਮਾਜ ਨੂੰ ਤੰਗ ਕਰਨ ਲੱਗਦੀਆਂ ਹਨ। ਉਸ ਨੂੰ ਅੱਗੇ ਵਧਣ ਤੋਂ ਰੋਕਦੀਆਂ ਹਨ ਅਤੇ ਆਪਣਾ ਗੁਲਾਮ ਬਣਾ ਕੇ ਮਾਨਸਿਕ ਆਜ਼ਾਦੀ ਖੋਹ ਲੈਂਦੀਆਂ ਹਨ।

13ਵੀਂ ’ਤੇ ਮ੍ਰਿਤੂਭੋਜ ‘ਭੋਜ’ ਨਾ ਹੋ ਕੇ ਇਕ ‘ਬੋਝ’ ਹੈ, ਜਿਸ ਨੂੰ ਗਰੀਬ ਵਰਗ ਕਰਜ਼ਾ ਲੈ ਕੇ ਢੋਂਦਾ ਹੈ ਅਤੇ ਦਰਮਿਆਨਾ ਵਰਗ ਪੇਟ ਕੱਟ ਕੇ! ਸਮਾਜ ’ਚ ਅਮੀਰ-ਗਰੀਬ ਦਰਮਿਆਨ ਵਿਤਕਰੇ ਦਾ ਪਾੜਾ ਵਧਾਉਣ ਵਾਲੇ ਅਜਿਹੇ ਮ੍ਰਿਤੂੂਭੋਜ ’ਤੇ ਮੁਕੰਮਲ ਪਾਬੰਦੀ ਲੱਗਣੀ ਹੀ ਚਾਹੀਦੀ ਹੈ। ਜੇਕਰ ਮੁਕੰਮਲ ਪਾਬੰਦੀ ਸੰਭਵ ਨਾ ਹੋਵੇ ਤਾਂ ਇਸ ਸਬੰਧ ’ਚ 2 ਨਿਯਮ ਬਣਾਏ ਅਤੇ ਮੰਨੇ ਜਾਣੇ ਚਾਹੀਦੇ ਹਨ-1 ਲੋਕਲ ਲੋਕ ਭੋਜ ’ਚ ਸ਼ਾਮਲ ਨਾ ਹੋਣ, -2 ਬਾਹਰੋਂ ਆਏ ਪਰਿਵਾਰਕ ਮੈਂਬਰਾਂ ਲਈ ਭੋਜਨ ਬਣੇ ਪਰ ਸਾਦਾ। ‘ਖਰੜ ਕੀ ਮਾਨ’ ਅਜਿਹੀ ਪ੍ਰੰਪਰਾ ਹੈ-ਜਦੋਂ ਪਿੰਡ ’ਚ ਲੜਕੇ ਦੇ ਵਿਆਹ ’ਚ ਮੰਗਣੀ ਦੀ ਰਸਮ ਸਮਾਪਤ ਹੁੰਦੀ ਹੈ ਤਾਂ ਕੰਨਿਆ ਧਿਰ ਵਾਲਿਆਂ ਨੂੰ ਮੰਗਣੀ ਦੀ ਰਸਮ ਦਰਮਿਆਨ ਹਾਜ਼ਰ ਸਾਰੇ ਲੋਕਾਂ ਦਾ ਰੁਪਈਆਂ ਨਾਲ ਮਾਣ ਕਰਨਾ ਪੈਂਦਾ ਹੈ।

ਤ੍ਰਾਸਦੀ ਇਹ ਹੈ ਕਿ ਜਦੋਂ ਅੱਜ ਔਰਤਾਂ ਮਿਸ਼ਨ ਮੰਗਲ ਨੂੰ ਸਫਲ ਬਣਾ ਕੇ ਭਾਰਤ ਦੀ ਆਤਮ-ਨਿਰਭਰਤਾ ਦੇ ਝੰਡੇ ਨੂੰ ਪੁਲਾੜ ’ਚ ਲਹਿਰਾ ਚੁੱਕੀਆਂ ਹਨ, ਅਜਿਹੇ ’ਚ ‘ਖਰੜ ਕੀ ਮਾਨ’ ਅਤੇ ਇਸ ਵਰਗੀਆਂ ਹੋਰ ਰੂੜੀਵਾਦੀ ਰਸਮਾਂ ਕੰਨਿਆ ਧਿਰ ਦੇ ਗਲੇ ਦੀ ਹੱਡੀ ਬਣੀਆਂ ਰਹਿਣਗੀਆਂ ਤਾਂ ਬੇਟੀਆਂ ਬੋਝ ਵੀ ਹੋਣਗੀਆਂ ਅਤੇ ਮਾਂ ਦੀ ਕੁੱਖ ਉਨ੍ਹਾਂ ਦੀ ਕਬਰਗਾਹ ਵੀ ਹੋਵੇਗੀ। ਅਜਿਹੇ ’ਚ ਲੋੜ ਇਸ ਗੱਲ ਦੀ ਹੈ ਕਿ ਭਾਰਤ ਦੇ ਹਰ ਪਿੰਡ ਦੀ ਪੰਚਾਇਤ ਆਪਣੀਆਂ ਦਿਹਾਤੀ ਰਵਾਇਤਾਂ ਦਾ ਮੁੜ ਮੁਲਾਂਕਣ ਕਰੇ ਅਤੇ ਉਨ੍ਹਾਂ ਪੁਰਾਣੀਆਂ ਪ੍ਰੰਪਰਾਵਾਂ ਨੂੰ ਤਿਲਾਂਜਲੀ ਦੇਵੇ, ਜੋ ਉਨ੍ਹਾਂ ਦੀ ਤਰੱਕੀ ’ਚ ਅੜਿੱਕਾ ਹਨ, ਜੋ ਔਰਤਾਂ ਕੋਲੋਂ ਉਨ੍ਹਾਂ ਦਾ ਆਤਮ-ਵਿਸ਼ਵਾਸ ਅਤੇ ਸਵਾਭਿਮਾਨ ਖੋਹ ਲੈਂਦੀਆਂ ਹਨ।

ਕੋਵਿਡ-19 ਕਾਰਨ ਵਿਆਹ ’ਚ 30-50 ਲੋਕਾਂ ਦੀ ਹਾਜ਼ਰੀ ਮਜਬੂਰੀ ਬਣੀ ਹੈ ਪਰ ਇਸ ਮਜਬੂਰੀ ਦਾ ਸੁਖਦ ਪਹਿਲੂ ਇਹ ਰਿਹਾ ਕਿ ਲੋਕਾਂ ਨੇ ਇਸਦੀ ਬਹੁਤ ਸ਼ਲਾਘਾ ਕੀਤੀ। ਕਾਰਨ ਇਸ ਨਾਲ ਵਿਆਹ ਵਰਗੇ ਮੌਕਿਆਂ ’ਤੇ ਹੋਣ ਵਾਲੀ ਫਜ਼ੂਲਖਰਚੀ ਤੋਂ ਦੋਵੇਂ ਧਿਰਾਂ ਬਚ ਗਈਆਂ। ਵਿਚਾਰਨਯੋਗ ਗੱਲ ਹੈ ਕਿ ਕਿਉਂ ਨਾ ਇਸ ਸਿਸਟਮ ਨੂੰ ਭਵਿੱਖ ਲਈ ਸਿੱਖਿਆ ਬਣਾ ਲਿਆ ਜਾਵੇ ਅਤੇ ਵਿਆਹਾਂ ’ਚ ਸੀਮਿਤ ਗਿਣਤੀ ਤੇ ਸਾਦਗੀ ਨੂੰ ਅਪਣਾਇਆ ਜਾਵੇ ਤਾਂ ਕਿ ਗਰੀਬ ਅਤੇ ਦਰਮਿਆਨਾ ਵਰਗ ਸੁੱਖ ਦਾ ਸਾਹ ਲੈ ਸਕੇ।

ਕਹਿਣਾ ਨਹੀਂ ਹੋਵੇਗਾ ਕਿ ਸਮਾਜ ਦੇ ਹਿੱਤ ’ਚ ਕੀਤੀ ਗਈ ਤਬਦੀਲੀ ਹਮੇਸ਼ਾ ਸੁਖਾਵੇਂ ਨਤੀਜੇ ਹੀ ਲਿਆਉਂਦੀ ਹੈ ਤਾਂ ਕਿਉਂ ਨਾ ਨੇਹਰੀ ਪਿੰਡ ਨੂੰ ਮਿਸਾਲ ਬਣਾ ਕੇ ਭਾਰਤ ਦਾ ਹਰ ਪਿੰਡ ਆਪਣੇ ਸਮਾਜ ਦਾ ਮੁੜ ਨਿਰਮਾਣ ਕਰ ਕੇ ਲੋਕਲ ਨੂੰ ਨਵਾਂ ਕੱਲ ਅਤੇ ਨਵਾਂ ਸਰੂਪ ਮੁਹੱਈਆ ਕਰ ਕੇ ਰਾਸ਼ਟਰ ਦੇ ਨਿਰਮਾਣ ’ਚ ਆਪਣਾ ਯੋਗਦਾਨ ਪਾਵੇ।


Bharat Thapa

Content Editor

Related News