ਜੁਦਾ ਹੋ ਗਿਆ ਨਹੁੰ ਨਾਲੋਂ ਮਾਸ ਦਾ ਰਿਸ਼ਤਾ
Tuesday, Nov 07, 2023 - 03:35 PM (IST)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕ ਬਹੁਤ ਹੀ ਨੇਕ ਇਨਸਾਨ ਹਨ, ਜਿਨ੍ਹਾਂ ਦੀ ਮੈਂ ਦਿਲੋਂ ਇੱਜ਼ਤ ਕਰਦਾ ਹਾਂ। ਉਨ੍ਹਾਂ ਨੂੰ ਕਦੇ ਵੀ ਗੁੱਸੇ ’ਚ ਨਹੀਂ ਵੇਖਿਆ ਪਰ ਉਨ੍ਹਾਂ ਦਾ ਸੰਤਲੁਨ ਮੈਂ ਉਸ ਦਿਨ ਵਿਗੜਦਾ ਵੇਖਿਆ ਜਦੋਂ ਉਹ ਅਕਾਲੀ ਦਲ ਦੀ ਕੈਨੇਡਾ ਇਕਾਈ ਨਾਲ ਇਕ ਵਰਚੁਅਲ ਮੀਟਿੰਗ ਕਰ ਰਹੇ ਸਨ। ਸ਼ਾਇਦ ਇਹ ਸਿਆਸੀ ਭੰਵਰ ’ਚ ਫਸੇ ਹੋਣ ਦਾ ਜਾਂ ਫਿਰ ਸਿਆਸੀ ਅਸਥਿਰਤਾ ਦਾ ਨਤੀਜਾ ਸੀ।
ਮੈਂ ਉਨ੍ਹਾਂ ਵੱਲੋਂ ਦਿੱਤੇ ਗਏ ਭਾਸ਼ਣ ਨੂੰ ਬਹੁਤ ਧਿਆਨ ਨਾਲ ਵਾਰ-ਵਾਰ ਸੁਣਿਆ, ਜਿਸ ’ਚ ਉਨ੍ਹਾਂ ਵੱਲੋਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹੋਏ ਤਖਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ ’ਤੇ ਭਾਜਪਾ ਵੱਲੋਂ ਕਬਜ਼ਾਂ ਕੀਤੇ ਜਾਣ ਦੀ ਗੱਲ ਕਹੀ ਗਈ ਸੀ। ਸੁਖਬੀਰ ਸਿੱਖ ਧਰਮ ’ਚ ਇਨ੍ਹਾਂ ਦੋਹਾਂ ਤਖਤ ਸਾਹਿਬਾਨ ਦੀ ਅਹਿਮੀਅਤ, ਕਾਨੂੰਨੀ ਪ੍ਰਾਸੰਗਿਕਤਾ ਅਤੇ ਅਨੋਖੀ ਪ੍ਰਬੰਧਕੀ ਪ੍ਰਣਾਲੀ ਤੋਂ ਅਨਜਾਣ ਨਹੀਂ ਹਨ। ਸਵਾਲ ਇਹ ਉੱਠਦਾ ਹੈ ਕਿ ਜੇ ਉਨ੍ਹਾਂ ਦੇ ਦਾਅਵੇ ’ਚ ਰੱਤੀ ਭਰ ਵੀ ਸੱਚਾਈ ਹੈ ਤਾਂ ਉਕਤ ਕਬਜ਼ੇ ਵਰਗੀ ਵਿਵਸਥਾ ਨੂੰ ਛੁਡਵਾਉਣ ਲਈ ਉਨ੍ਹਾਂ ਨੇ ਕਾਨੂੰਨ ਅਤੇ ਨਿਯਮਾਂ ’ਚ ਤਬਦੀਲੀ ਵਰਗੀ ਕੋਈ ਵੀ ਸੋਧ ਨਾ ਕਰਵਾ ਕੇ ਸਿੱਖ ਪੰਥ ਨਾਲ ਧੋਖਾ ਕਿਉਂ ਕੀਤਾ, ਜਦੋਂ ਕਿ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀ ਭਾਜਪਾ ਨਾਲ 60 ਸਾਲ ਦੀ ਸਿਆਸੀ ਸਾਂਝ ਰਹੀ ਹੈ।
ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਹੱਥੋਂ ਨਿਕਲ ਜਾਣ ਅਤੇ ਪਾਰਟੀ ਦੀ ਦਿੱਲੀ ਇਕਾਈ ਨੇ ਹਰਮੀਤ ਸਿੰਘ ਕਾਲਕਾ ਦੀ ਅਗਵਾਈ ’ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ ਤਾਂ ਕੀ ਇਹ ਸੁਖਬੀਰ ਦੀ ਸਿਆਸੀ ਆਯੋਗਤਾ ਦਾ ਨਤੀਜਾ ਨਹੀਂ ਹੈ? ਜਦੋਂ ਕਿ ਹਰਿਆਣਾ ’ਚ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ’ਚ ਆਉਣ ਪਿੱਛੋਂ ਆਪਣੀਆਂ ਕਮਜ਼ੋਰੀਆਂ ਬਾਰੇ ਚਿੰਤਨ ਕਰਨ ਦੀ ਲੋੜ ਸੀ। ਅੱਜ ਦੀ ਸਥਿਤੀ ’ਚ ਸ਼੍ਰੋਮਣੀ ਕਮੇਟੀ ਸਮੂਹ ਸਿੱਖ ਭਾਈਚਾਰੇ ਬਾਰੇ ਫੈਸਲਾ ਲੈਣ ਦੀ ਤਾਕਤ ਗੁਆ ਚੁੱਕੀ ਹੈ। ਇਸ ਸਮੇਂ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਅਮਲ ’ਚ ਲਿਆਉਣਾ ਹੀ ਪੰਥ ਦੀ ਬਿਹਤਰੀ ਦਾ ਹੱਲ ਹੈ।
ਕੀ ਇਹ ਸੱਚਾਈ ਨਹੀਂ ਕਿ ਸਿਆਸੀ ਸਵਾਰਥਾਂ ਕਾਰਨ ਬਾਦਲ ਪਰਿਵਾਰ ਇਸ ਨੂੰ ਲਾਗੂ ਨਹੀਂ ਹੋਣ ਦੇ ਰਿਹਾ। ਅਕਾਲੀ ਦਲ ਸਿੱਖ ਭਾਈਚਾਰੇ ਦੀ ਇਕ ਨੁਮਾਇੰਦਾ ਜਥੇਬੰਦੀ ਹੈ। ਅਕਾਲੀ ਦਲ ਮਜ਼ਬੂਤ ਹੈ ਤਾਂ ਸਿੱਖ ਭਾਈਚਾਰਾ ਮਜ਼ਬੂਤ ਹੈ। ਜੇ ਇਹ ਕਮਜ਼ੋਰ ਹੈ ਤਾਂ ਪੰਥ ਕਮਜ਼ੋਰ ਹੈ ਕਿਉਂਕਿ ਸੁਖਬੀਰ ਬਾਦਲ ਲਈ ਅਕਾਲੀ ਦਲ ਹੀ ਪੰਥ ਹੈ।
ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਸਿੱਖ ਪੰਥ ਤੋਂ ਕਿਨਾਰਾ ਕਰਨ ਵਾਲਿਆਂ ਨੂੰ ਅੱਜ ਮੁੜ ਸਿੱਖ ਪੰਥ ਯਾਦ ਆ ਗਿਆ ਹੈ। ਅੱਜ ਉਹੀ ਪੰਥ ਮੁੜ ਖਤਰੇ ’ਚ ਹੈ, ਜਿਸ ਦੀ ਸਿਆਸੀ ਜਮਾਤ ਨੂੰ 1996 ਦੀ ਮੋਗਾ ਰੈਲੀ ਦੌਰਾਨ ਗੈਰ-ਪੰਥਕ ਦੱਸਦਿਆਂ ਕੌਮ ਨੂੰ ਧੋਖਾ ਦੇਣ ਸਮੇਂ ਬਾਦਲਾਂ ਨੇ ਬਿਲਕੁੱਲ ਵੀ ਸੋਚਿਆ ਨਹੀਂ ਸੀ ਜਾਂ ਫਿਰ ਸਿਆਸੀ ਲਾਲਸਾ ਹੀ ਇੰਨੀ ਵਧ ਗਈ ਕਿ ਪੰਥ ਨੂੰ ਆਪਣੀ ਜਾਇਦਾਦ ਸਮਝ ਲਿਆ।
ਅਕਾਲੀ ਦਲ ਸਿਆਸਤ ਕਰਨ ਲਈ ਨਹੀਂ ਬਣਾਇਆ ਗਿਆ ਸਗੋਂ ‘ਗੁਰਦੁਆਰਾ ਸੇਵਕ ਦਲ’ ਵਜੋਂ ਸੇਵਾ ਨਿਭਾਉਣ ਲਈ ਬਣਾਇਆ ਗਿਆ ਸੀ। ਪੁਰਾਣੇ ਅਕਾਲੀ ਨੇਤਾ ਦੂਰ-ਅੰਦੇਸ਼ੀ , ਤਿਆਗ ਕਰਨ ਵਾਲੇ , ਬੈਰਾਗੀ ਅਤੇ ਪੰਥਕ ਕੀਮਤਾਂ ਕਦਰਾਂ ਦੇ ਰਖਵਾਲੇ ਸਨ। ਸਿਰਫ ਸੱਚੇ ਸਿੱਖ ਅਤੇ ਗੁਰਮਤਿ ਦੇ ਪੈਰੋਕਾਰਾਂ ਨੂੰ ਹੀ ਅਕਾਲੀ ਦਲ ਦਾ ਮੈਂਬਰ ਬਣਾਇਆ ਜਾਂਦਾ ਸੀ। ਅਜਿਹੀ ਸਿਹਤਮੰਦ ਰਵਾਇਤ ਹੁਣ ਕਿੱਥੇ ਚਲੀ ਗਈ?
ਕੀ ਟੱਬਰਵਾਦ ਨੂੰ ਸਿਆਸਤ ’ਤੇ ਭਾਰੀ ਨਹੀਂ ਕਰ ਲਿਆ ਗਿਆ? ਅਕਾਲੀ ਦਲ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਦੇ ਮੁਖੀ ਨੇ ਆਪਣੇ ਬੇਟੇ ਨੂੰ ਜਾਣਛੀਨ ਬਣਾ ਲਿਆ ਹੋਵੇ। ਅਕਾਲੀ ਦਲ ਦੇ ਪ੍ਰਧਾਨ ਦੀ ਇਹ ਕਿੰਨੀ ਵਧੀਆ ਦਲੀਲ ਹੈ ਕਿ ਸਾਡੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਇਸ ਲਈ ਹੀ ਅਸੀਂ ਸੱਚੇ ਸਿੱਖ ਹਾਂ। ਫਿਰ ਤੁਹਾਨੂੰ ਸ਼ਬਦ ਗੁਰੂ ਦੀ ਬੇਅਦਬੀ ਨਾਲ ਸਬੰਧਤ ਮਾਮਲਿਆਂ ’ਚ ਅਦਾਲਤਾਂ ’ਚ ਕਿਉਂ ਧੱਕੇ ਖਾਣੇ ਪੈ ਰਹੇ ਹਨ?
ਬਾਦਲ ਪਰਿਵਾਰ ਸੱਤਾ ’ਚ ਰਹਿਣ ਸਮੇਂ ਪੰਥਕ ਨਬਜ਼ ਨੂੰ ਕਿਉਂ ਨਹੀਂ ਪਛਾਣ ਸਕਿਆ, ਜਿਸ ਦੇ ਸਹਾਰੇ ਸਿਆਸੀ ਤਾਕਤ ਹਾਸਲ ਕੀਤੀ ਗਈ ਸੀ। ਗੁਰੂ ਅਤੇ ਪੰਥ ਨਾਲ ਕੀਤੇ ਗਏ ਧੋਖੇ ਲਈ ਵਾਰ-ਵਾਰ ਮਾਫੀ ਵੀ ਮੰਗੀ ਗਈ। 2018 ’ਚ ਭੁੱਲ ਬਖਸ਼ਾਉਣ ਦੇ ਨਾਂ ’ਤੇ ਬਾਦਲ ਪਰਿਵਾਰ ਨੇ ਜੋ ਕੁੱਝ ਕੀਤਾ , ਉਸਦੀ ਭਾਰੀ ਆਲੋਚਨਾ ਹੋਈ। ਵਧੇਰੇ ਲੋਕਾਂ ਨੇ ਇਸ ਨੂੰ ਕੋਰਾ-ਪਾਖੰਡ ਕਰਾਰ ਦਿੱਤਾ ਕਿਉਂਕਿ ਕੀਤੀਆਂ ਗਈਆਂ ਭੁੱਲਾਂ ਸਬੰਧੀ ਦੱਸਿਆ ਨਹੀਂ ਗਿਆ ਸੀ।
ਨਾ ਹੀ ਉਨ੍ਹਾਂ ਕੋਲ ਜਵਾਬ ਸੀ। ਅੱਜ ਵੀ ਸਿੱਖ ਸੰਗਤ ਦਾ ਰੋਸ ਸ਼ਾਂਤ ਨਹੀਂ ਹੋਇਆ ਹੈ। ਸਿੱਖ ਸੰਗਤ ਨੂੰ ਭਰੋਸਾ ਦਿਵਾਉਣ ’ਚ ਉਹ ਨਾਕਾਮ ਰਹੇ। 1997 , 2007 ਅਤੇ 2012 ’ਚ ਅਕਾਲੀ ਦਲ ਵੱਲੋਂ ਭਾਜਪਾ ਨਾਲ ਮਿਲ ਕੇ ਬਣਾਈਆਂ ਗਈਆਂ ਸਰਕਾਰਾਂ ਦੌਰਾਨ ਬੁਨਿਆਦੀ ਢਾਂਚੇ ਅਤੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਗਈ ਪਰ ਕੀ ਇਹ ਸੱਚਾਈ ਨਹੀਂ ਕਿ ਅਕਾਲੀ ਦਲ ਸੱਤਾ ’ਚ ਆ ਕੇ ਮੂਲ ਸਿਧਾਂਤਾਂ, ਵਿਚਾਰਧਾਰਾ ਅਤੇ ਪੰਥ ਪੰਜਾਬ ਦੇ ਰਵਾਇਤੀ ਸੰਸਕਾਰਾਂ ਤੋਂ ਦੂਰ ਜਾਣ ਅਤੇ ਪੰਜਾਬ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਸਹੀ ਰੁਖ ਨਾ ਅਪਣਾਉਣ ਕਾਰਨ ਪੰਥਕ ਕੇਡਰ ਦੇ ਭਰੋਸੇ ਨੂੰ ਸੱਟ ਲੱਗੀ ਅਤੇ ਪਾਰਟੀ ਆਪਣਾ ਰਵਾਇਤੀ ਵੋਟ ਬੈਂਕ ਗੁਆ ਬੈਠੀ।
ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਪ੍ਰਸਾਰਣ ਲਈ ਆਪਣਾ ਚੈਨਲ ਚਲਾਉਣ ਦੇ ਹੁਕਮ ਦਿੱਤੇ, ਫਿਰ ਵੀ ਨਿੱਜੀ ਚੈਨਲ ਰਾਹੀਂ ਗੁਰਬਾਣੀ ’ਤੇ ਅਜਾਰੇਦਾਰੀ ਬਣਾਈ ਗਈ। ਬਾਦਲ ਪਰਿਵਾਰ ਦੇ 10 ਸਾਲ ਦੇ ਰਾਜ ਦੌਰਾਨ ਪੰਜਾਬ ਨਸ਼ਿਆਂ ਦੀ ਦਲਦਲ ’ਚ ਧਸ ਗਿਆ। ਹਜ਼ਾਰਾਂ ਨੌਜਵਾਨ ਨਸ਼ਿਆਂ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰਨ ’ਤੇ ਤੁਰ ਪਏ। ਕੁੱਝ ਸਾਲਾਂ ਬਾਅਦ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਚੋਟੀ ਦੇ ਆਗੂਆਂ ਨੂੰ ਧੱਕੇਸ਼ਾਹੀ ਨਾਲ ਸਿਆਸਤ ਕਰਨ ਕਾਰਨ ਅਕਾਲੀ ਦਲ ਅੰਦਰ ਨੈਤਿਕਤਾ ਦੀ ਕਮੀ ਆਈ ਅਤੇ ਅਪਰਾਧੀਕਰਨ ਅਤੇ ਗੈਂਗਸਟਰਾਂ ਦਾ ਪ੍ਰਭਾਵ ਵਧ ਗਿਆ।
ਅਕਾਲੀ ਦਲ ਦਾ ਸੰਕਟ ਅਸਲ ’ਚ ਬਾਦਲ ਪਰਿਵਾਰ ਦਾ ਸੰਕਟ ਹੈ। ਚੋਣਾਂ ਦੌਰਾਨ ਟਿਕਟ ਲੈਣ ਲਈ ਲੋਕਾਂ ਦਾ ਜੇਲ ਜਾਣਾ ਜਾਂ ਕੁਰਬਾਨੀ ਦੇਣਾ ਪੈਮਾਨਾ ਹੁੰਦਾ ਸੀ। ਹੁਣ ਮਹਿੰਗੇ ਚਿੱਟੇ ਕੁੜਤੇ, ਪਜਾਮੇ, ਬੂਟ, ਲੈਂਡ ਕਰੂਜ਼ਰ ਅਤੇ ਫਾਰਚਿਊਨਰ ਮੋਟਰ ਗੱਡੀਆਂ ਨਾਲ ਲੈਸ ਲੋਕਾਂ ਨੇ ਥਾਂ ਲਈ ਹੈ। ਨਹੁੰ ਅਤੇ ਮਾਸ ਵਰਗੇ ਰਿਸ਼ਤੇ ਦੇ ਟੁੱਟਣ ’ਤੇ ਭਾਜਪਾ ਨੂੰ ਝੂਠ ਦੇ ਆਧਾਰ ’ਤੇ ਕੋਸਿਆ ਜਾਂਦਾ ਹੈ। ਇਹ ਰਿਸ਼ਤਾ ਅੱਜ ਕਿੱਥੇ ਗਿਆ।