ਨਵੀਂ ਖੇਤੀਬਾੜੀ ਨੀਤੀ ਨਾਲ ਸ਼ਹਿਰੀ ਖਪਤਕਾਰ ਵੀ ਪੀਸਿਆ ਜਾਵੇਗਾ

09/29/2020 2:58:37 AM

ਸ਼ੰਭੂਨਾਥ ਸ਼ੁਕਲ

ਕਿਸਾਨ ਦਾ ਸਭ ਤੋਂ ਨੇੜਲਾ ਰਿਸ਼ਤੇਦਾਰ ਵਪਾਰੀ ਨਹੀਂ ਸਗੋਂ ਉਹ ਖਪਤਕਾਰ ਹੈ ਜੋ ਉਸਦੀ ਪੈਦਾਵਾਰ ਨਾਲ ਆਪਣਾ ਢਿੱਡ ਭਰਦਾ ਹੈ। ਉਸੇ ਨੇ ਕਿਸਾਨ ਨੂੰ ਅੰਨਦਾਤਾ ਨਾਂ ਦਿੱਤਾ ਹੈ। ਵਪਾਰੀ ਤਾਂ ਕਿਸਾਨ ਅਤੇ ਖਪਤਕਾਰ ਦੇ ਦਰਮਿਆਨ ਦੀ ਕੜੀ ਹੈ ਪਰ ਨਵੇਂ ਖੇਤੀਬਾੜੀ ਕਾਨੂੰਨਾਂ ਨੇ ਇਹ ਰਿਸ਼ਤਾ ਖਤਮ ਕਰ ਦਿੱਤਾ ਹੈ। ਹੁਣ ਕਿਸਾਨ ਕੱਚੇ ਮਾਲ ਦਾ ਉਤਪਾਦਕ ਹੋਵੇਗਾ, ਕਾਰਪੋਰੇਟ ਉਸਦੇ ਇਸ ਮਾਲ ਤੋਂ ਪੈਕੇਟ ਪ੍ਰੋਡਕਟ ਤਿਆਰ ਕਰੇਗਾ ਅਤੇ ਉਹ ਖਪਤਕਾਰ ਨੂੰ ਵੇਚੇਗਾ। ਹੁਣ ਕਿਸਾਨ ਅੰਨਦਾਤਾ ਨਹੀਂ ਰਹੇਗਾ ਨਾ ਖਪਤਕਾਰ ਦੇ ਨਾਲ ਉਸਦਾ ਕੋਈ ਭਾਵਨਾਤਮਕ ਰਿਸ਼ਤਾ ਰਹੇਗਾ। ਖਪਤਕਾਰ ਭੁੱਲ ਜਾਵੇਗਾ ਕਿ ਕਣਕ ਕਦੋਂ ਬੀਜੀ ਜਾਂਦੀ ਹੈ ਜਾਂ ਅਰਹਰ ਕਦੋਂ ਪੱਕਦੀ ਹੈ। ਸਰੋਂ ਰੁੱਖ ’ਤੇ ਉੱਗਦੀ ਹੈ ਜਾਂ ਉਸਦਾ ਪੌਦਾ ਹੁੰਦਾ ਹੈ?

ਸਾਡਾ ਇਹ ਖੇਤੀ ਪ੍ਰਧਾਨ ਭਾਰਤ ਦੇਸ਼ ਯੂਰਪ ਦੇ ਦੇਸ਼ਾਂ ਵਾਂਗ ਪੱਥਰਾਂ ਦਾ ਦੇਸ਼ ਸਮਝਿਆ ਜਾਵੇਗਾ ਜਾਂ ਚਕਾਚੌਂਧ ਕਰ ਰਹੇ ਕਾਰਪੋਰੇਟ ਘਰਾਣਿਆਂ ਦਾ ਸਰੋਂ ਦੇ ਬੂਟਿਆਂ ਨਾਲ ਲੈਲਹਾਉਂਦੇ ਅਤੇ ਪੱਕੀ ਹੋਈ ਕਣਕ ਦੇ ਸਿੱਟਿਆਂ ਨੂੰ ਦੇਖ ਕੇ, ‘‘ ਅਹਾ, ਪਿੰਡਾਂ ਦੀ ਜ਼ਿੰਦਗੀ ਵੀ ਕੀ ਹੈ!’’ ਗਾਉਣ ਵਾਲੇ ਕਵੀ ਹੁਣ ਮੌਨ ਧਾਰ ਲੈਣਗੇ। ਕਿਸਾਨ ਸੰਗਠਨ ਵੀ ਹੁਣ ਮਾਯੂਸ ਹੋ ਜਾਣਗੇ ਜਾਂ ਬਾਹਰ ਹੋ ਜਾਣਗੇ। ਕਿਸਾਨ ਦਾ ਰਿਸ਼ਤਾ ਸ਼ਹਿਰੀ ਜ਼ਿੰਦਗੀ ਨਾਲੋਂ ਇਕ ਦਮ ਖਤਮ ਹੋ ਜਾਵੇਗਾ। ‘ਉੱਤਮ ਖੇਤੀ ਮੱਧਮ ਵਪਾਰ, ਨਖਿੱਧ ਚਾਕਰੀ ਭੀਖ..’ ਵਰਗੀਆਂ ਕਹਾਵਤਾਂ ਵੀ ਹੁਣ ਭੁੱਲ ਜਾਣਗੀਆਂ। ਹੁਣ ਕਿਸਾਨ ਦੂਰ ਕਿਤੇ ਫਸਲ ਬੀਜੇਗਾ ਅਤੇ ਦੂਰ-ਦੁਰੇਡੇ ਸ਼ਹਿਰ ’ਚ ਬੈਠਾ ਖਪਤਕਾਰ ਉਸਨੂੰ ਖਰੀਦੇਗਾ। ਇਸ ਫਸਲ ਦੀ ਕੀਮਤ ਅਤੇ ਉਸਦੀ ਉਪਲਬਧਤਾ ਕਾਰਪੋਰੇਟ ਤੈਅ ਕਰੇਗਾ। ਕੁਝ ਫਸਲਾਂ ਗਾਇਬ ਹੋ ਜਾਣਗੀਆਂ।

ਨਵੀਂ ਖੇਤੀ ਨੀਤੀ ਨਾ ਸਿਰਫ ਕਿਸਾਨ ਕੋਲੋਂ ਉਸਦੀ ਉਪਜ ਖੋਵੇਗੀ ਸਗੋਂ ਖੇਤੀ ਦੀ ਵੰਨ-ਸੁਵੰਨਤਾ ਵੀ ਤਬਾਹ ਕਰ ਦੇਵੇਗੀ, ਅਜੇ ਤਕ ਅਸੀਂ ਘੱਟ ਤੋਂ ਘੱਟ 10 ਤਰ੍ਹਾਂ ਦੇ ਅਨਾਜ ਅਤੇ 20 ਤਰ੍ਹਾਂ ਦੀਆਂ ਦਾਲਾਂ ਅਤੇ ਹਰੇਕ ਕਿਸਮ ਦੇ ਤਿਲਾਂ ਬਾਰੇ ਜਾਣਦੇ ਅਤੇ ਸਮਝਦੇ ਸੀ ਅਤੇ ਹੁਣ ਅਨਾਜ ਮੰਗਾਂਗੇ ਤਾਂ ਕਣਕ ਦਾ ਆਟਾ ਮਿਲੇਗਾ। ਦਾਲ ਮੰਗਣ ’ਤੇ ਅਰਹਰ ਅਤੇ ਤੇਲ ਮੰਗਣ ’ਤੇ ਕਿਸੇ ਵੱਡੀ ਕੰਪਨੀ ਦਾ ਕਿਸੇ ਵੀ ਬੀਜ ਦਾ ਤੇਲ ਫੜਾ ਦਿੱਤਾ ਜਾਵੇਗਾ। ਚੌਲ ਦੇ ਨਾਂ ’ਤੇ ਬਾਸਮਤੀ ਮਿਲੇਗੀ। ਕਣਕ, ਛੋਲੇ, ਜੌਂ, ਬਾਜਰਾ, ਮੱਕਾ, ਜਵਾਰ ਆਦਿ ਦਾ ਆਟਾ ਹੁਣ ਅਤੀਤ ਦੀ ਗੱਲ ਹੋ ਜਾਵੇਗੀ। ਇਹ ਵੀ ਹੋ ਸਕਦਾ ਹੈ ਕਿ ਆਟਾ ਹੁਣ ਨੰਬਰ ਦੇ ਆਧਾਰ ’ਤੇ ਵਿਕੇਗਾ ਜਿਵੇਂ ਏ-62 ਜਾਂ ਬੀ-68 ਦੇ ਨਾਂ ਨਾਲ। ਦਾਲ ਦਾ ਨਾਂ ਪੀ-44 ਹੋਵੇ, ਚੌਲ 1124 ਦੇ ਨਾਂ ਨਾਲ। ਤਦ ਆਉਣ ਵਾਲੀਆਂ ਪੀੜੀਆਂ ਕਿਵੇਂ ਸਮਝ ਸਕਣਗੀਆਂ ਕਿ ਕਣਕ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ ਜਾਂ ਛੋਲਿਅਾਂ ਦਾ ਕਿਹੋ ਜਿਹਾ। ਜਵਾਰ, ਬਾਜਰਾ, ਮੱਕਾ ਅਤੇ ਜੌਂ ’ਚ ਫਰਕ ਕੀ ਹੁੰਦਾ ਹੈ। ਅਰਹਰ ਦੇ ਇਲਾਵਾ ਮੂੰਗ, ਮਾਂਹ, ਮਸਰ, ਕਾਬਲੀ ਛੋਲੇ, ਰਾਜਮਾਂ ਜਾਂ ਲੋਬੀਆ ਤੇ ਮਟਰ ਵੀ ਦਾਲ ਵਾਂਗ ਵਰਤੋਂ ’ਚ ਲਿਆਂਦੇ ਜਾਂਦੇ ਹਨ। ਜਾਂ ਲੋਕ ਭੁੱਲ ਜਾਣਗੇ ਕਿ ਇਕ ਦਾਲ ਦੇ ਆਪਣੇ ਕਈ ਤਰ੍ਹਾਂ ਦੇ ਭੇਦ ਹਨ। ਜਿਵੇਂ ਮਾਂਹ ਦੀ ਦਾਲ ਕਾਲੀ ਵੀ ਹੁੰਦੀ ਹੈ ਅਤੇ ਹਰੀ। ਇਸੇ ਤਰ੍ਹਾਂ ਮਸਰ ਲਾਲ ਅਤੇ ਭੂਰੇ ਦੋਵਾਂ ਤਰ੍ਹਾਂ ਦੇ ਹੁੰਦੇ ਹਨ। ਛੋਲਿਆਂ ਦੀ ਦਾਲ ਵੀ ਖਾਧੀ ਜਾਂਦੀ ਹੈ ਅਤੇ ਆਟਾ ਵੀ। ਛੋਲਿਆਂ ਤੋਂ ਲੱਡੂ ਵੀ ਬਣਦੇ ਹਨ ਅਤੇ ਨਮਕੀਨ ਵੀ। ਪੇਟ ਖਰਾਬ ਹੋਣ ’ਤੇ ਛੋਲੇ ਰਾਮਬਾਣ ਹਨ। ਅਰਹਰ ’ਚ ਧੋਤੀ ਮੂੰਗੀ ਮਿਲਾ ਦੇਣ ਨਾਲ ਅਰਹਰ ਦੀ ਐਸਿਡਿਟੀ ਖਤਮ ਹੋ ਜਾਂਦੀ ਹੈ। ਕੌਣ ਦੱਸੇਗਾ ਕਿ ਮੂੰਗੀ ਦੀ ਦਾਲ ਰਾਤ ਨੂੰ ਵੀ ਖਾਧੀ ਜਾਂਦੀ ਹੈ। ਉਹ ਜੋ ਨਾਨੀ-ਦਾਦੀ ਦੇ ਨੁਸਖੇ ਸਨ ਲੋਕ ਭੁੱਲ ਜਾਣਗੇ, ਲੋਕਾਂ ਨੂੰ ਫਸਲਾਂ ਦੀ ਉਪਯੋਗਤਾ ਅਤੇ ਉਸਦੇ ਦਵਾਈਅਾਂ ਵਾਲੇ ਗੁਣ ਵਿਸਰ ਹੀ ਜਾਣਗੇ।

ਖੇਤੀ ਪੈਦਾਵਾਰਾਂ ਨਾਲ ਸਾਡਾ ਢਿੱਡ ਹੀ ਨਹੀਂ ਭਰਦਾ ਸਗੋਂ ਇਨ੍ਹਾਂ ਅਨਾਜ, ਦਾਲ ਅਤੇ ਤੇਲ ਖਾਣ ਨਾਲ ਅਸੀਂ ਨਿਰੋਗ ਵੀ ਰਹਿੰਦੇ ਹਾਂ ਅਤੇ ਰਿਸ਼ਟ-ਪੁਸ਼ਟ ਵੀ ਬਣਦੇ ਹਾਂ ਪਰ ਇਹ ਤਾਂ ਹੀ ਸੰਭਵ ਹੈ ਜਦੋਂ ਸਾਨੂੰ ਇਹ ਪਤਾ ਹੋਵੇ ਕਿ ਕਿਹੜੇ ਮੌਸਮ ’ਚ ਅਤੇ ਦਿਨ ਦੇ ਕਿਹੜੇ ਸਮੇਂ ’ਚ ਅਸੀਂ ਕੀ ਖਾਣਾ ਹੈ। ਜਿਵੇਂ ਸ਼ਾਮ ਨੂੰ ਠੰਡਾ ਦਹੀਂ ਜਾਂ ਲੱਸੀ ਵਾਯੂਕਾਰਕ (ਗੈਸੀਅਸ) ਹੈ ਅਤੇ ਸਵੇਰੇ ਨਾਸ਼ਤੇ ’ਚ ਦਾਲ, ਚੌਲ ਨਹੀਂ ਖਾਣੇ ਚਾਹੀਦੇ। ਠੰਡ ਦੇ ਮੌਸਮ ’ਚ ਦਹੀਂ ਅਤੇ ਮਿੱਠਾ ਨੁਕਸਾਨ ਕਰ ਸਕਦਾ ਹੈ ਅਤੇ ਲੂ ਦੇ ਮੌਸਮ ’ਚ ਪੂਰੀਆਂ। ਇਸਦੇ ਇਲਾਵਾ ਭਾਰਤ ਕਿਉਂਕਿ ਇਕ ਊਸ਼ਣਕਟੀਬੰਧੀ ਦੇਸ਼ ਹੈ, ਇਸ ਲਈ ਇਥੇ ਖਾਣ-ਪੀਣ’ਚ ਵੰਨ-ਸੁਵੰਨਤਾ ਹੈ। ਸਾਡੀਅਾਂ ਕਹਾਵਤਾਂ ਅਤੇ ਹਜ਼ਾਰਾਂ ਸਾਲ ਤੋਂ ਜੋ ਨੁਸਖੇ ਸਾਨੂੰ ਪਤਾ ਲੱਗੇ ਹਨ, ਉਨ੍ਹਾਂ ’ਚ ਹਰ ਮਹੀਨੇ ਦੇ ਲਿਹਾਜ ਨਾਲ ਖਾਣ-ਪੀਣ ਦੀ ਪਾਬੰਦੀ ਵੀ ਨਿਰਧਾਰਿਤ ਹੈ। ਜਿਵੇਂ ਮੈਦਾਨੀ ਇਲਾਕਿਆਂ ’ਚ ਚੇਤਰ (ਅਪ੍ਰੈਲ) ’ਚ ਗੁੜ ਖਾਣ ਦੀ ਮਨਾਹੀ ਹੈ ਤਾਂ ਇਸਦੇ ਬਾਅਦ ਵਿਸਾਖ ’ਚ ਤੇਲ ਅਤੇ ਜੇਠ (ਜੂਨ ) ’ਚ ਬੇਲੋੜਾ ਪੈਦਲ ਘੁੰਮਣ ਦੀ ਮਨਾਹੀ ਹੈ। ਹਾੜ੍ਹ ਦੇ ਮਹੀਨੇ ’ਚ ਬੇਲ ਨਾ ਖਾਓ ਅਤੇ ਸਾਉਣ ’ਚ ਹਰੀਆਂ ਪੱਤੇਦਾਰ ਸਬਜ਼ੀਆਂ, ਭਾਦੋਂ (ਅਗਸਤ) ਤੋਂ ਮੱਠਾ ਲੈਣਾ ਬੰਦ ਕਰ ਦਿਓ। ਅੱਸੂ (ਸਤੰਬਰ) ’ਚ ਕਰੇਲਾ ਨੁਕਸਾਨਦੇਹ ਹੈ ਅਤੇ ਕਤਕ ’ਚ ਦਹੀਂ। ਮੱਘਰ ਦੇ ਮਹੀਨੇ ’ਚ ਜੀਰਾ ਅਤੇ ਪੋਹ ’ਚ ਧਨੀਆ ਖਾਣ ਦੀ ਮਨਾਹੀ ਹੈ। ਮਾਘ ’ਚ ਮਿਸ਼ਰੀ ਨਾ ਖਾਓ ਅਤੇ ਫੱਗਣ ’ਚ ਛੋਲੇ ਖਾਣ ’ਤੇ ਰੋਕ ਹੈ। ਇਨ੍ਹਾਂ ਸਾਰੀਆਂ ਪਾਬੰਦੀਆਂ ਦਾ ਕੋਈ ਵਿਗਿਆਨਿਕ ਕਾਰਨ ਨਹੀਂ ਹੈ ਪਰ ਇਹ ਅਨੁਭਵ- ਜਾਣੂ ਵਿਦਿਆ ਹੈ। ਨਾਨੀ -ਦਾਦੀ ਦੇ ਨੁਸਖੇ ਹਨ। ਹੁਣ ਖੁਦ ਡਾਕਟਰ ਵੀ ਇਸ ਅਨੁਭਵ ਨੂੰ ਮੰਨਦੇ ਹਨ, ਇਸ ਤੋਂ ਸਪੱਸ਼ਟ ਹੈ ਕਿ ਕਿਸਾਨ ਦੀ ਉਪਯੋਗਤਾ ਸਿਰਫ ਉਸਦੇ ਅੰਨਦਾਤਾ ਰਹਿਣ ਤਕ ਹੀ ਨਹੀਂ ਸੀਮਤ ਹੈ, ਸਗੋਂ ਉਹ ਸਭ ਤੋਂ ਵੱਡਾ ਡਾਕਟਰ ਹੈ। ਕਿਸੇ ਵੀ ਰਵਾਇਤੀ ਪਰਿਵਾਰ ’ਚ ਪੈਦਾਵਾਰ ਦੀਆਂ ਇਹ ਵਿਸ਼ੇਸ਼ਤਾਵਾਂ ਸਾਰਿਆਂ ਨੂੰ ਪਤਾ ਹੁੰਦੀਆਂ ਹਨ। ਕਦੋਂ ਕਿਹੜੀ ਚੀਜ਼ ਖਾਧੀ ਜਾਵੇ ਅਤੇ ਕਦੋਂ ਉਸਨੂੰ ਨਾ ਖਾਧਾ ਜਾਵੇ। ਉਸ ਦੀਆਂ ਇਹੀ ਵਿਸ਼ੇਸ਼ਤਾਵਾਂ ਉਸਨੂੰ ਬਾਕੀ ਦੁਨੀਆ ਦੇ ਕਿਸਾਨਾਂ ਨਾਲੋਂ ਅਲੱਗ ਕਰਦੀਆਂ ਹਨ। ਇਥੇ ਕਿਸਾਨ ਆਪਣੀ ਪੈਦਾਵਾਰ ਨੂੰ ਵੇਚਣ ਵਾਲਾ ਵਪਾਰੀ ਨਹੀਂ ਸਗੋਂ ਪੂਰੇ ਦੇਸ਼ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਵਾਲਾ ਅੰਨਦਾਤਾ ਹੈ।

ਪਰ ਹੁਣ ਨਵੀਂ ਕਿਸਾਨ ਨੀਤੀ ਕਿਸਾਨ ਨੂੰ ਉਸਦੀ ਉਪਜ ਨੂੰ ਵਰਤਣ ਵਾਲੇ ਲੋਕਾਂ ਤੋਂ ਦੂਰ ਕਰ ਦੇਵੇਗੀ। ਹਾਲਾਂਕਿ ਇਸਦੇ ਯਤਨ ਬਹੁਤ ਪਹਿਲਾਂ ਤੋਂ ਚੱਲ ਰਹੇ ਸਨ। ਬਸ ਉਨ੍ਹਾਂ ਨੂੰ ਅਮਲੀਜਾਮਾ ਹੁਣ ਪਹਿਨਾਇਆ ਗਿਆ ਹੈ। ਕਿਸਾਨ ਦਾ ਆਪਣੇ ਖਪਤਕਾਰ ਤੋਂ ਦੂਰ ਹੋ ਜਾਣਾ ਦੁਖਦਾਇਕ ਹੈ। ਬੇਸ਼ੱਕ ਪਹਿਲਾਂ ਵੀ ਕਿਸਾਨ ਆਪਣੇ ਖਪਤਕਾਰ ਨਾਲ ਨਹੀਂ ਜੁੜਿਆ ਸੀ ਪਰ ਪਿੰਡ ਜਾਂ ਨੇੜੇ ਦੇ ਕਸਬੇ ਦੇ ਆੜ੍ਹਤੀਆਂ ਦਰਮਿਆਨ ਕੜੀ ਬਣਿਆ ਹੋਇਆ ਸੀ ਅਤੇ ਇਹ ਇਨ੍ਹਾਂ ਦੋਵਾਂ ਨੂੰ ਕੰਟਰੋਲ ਕਰਦੀਆਂ ਸਨ, ਸਰਕਾਰ ਦੀਆਂ ਨੀਤੀਆਂ। ਭਾਵ ਐੱਮ.ਐੱਸ.ਪੀ. ਜਾਂ ਘੱਟੋ-ਘੱਟ ਸਮਰਥਨ ਮੁੱਲ ਉਹ ਕੰਟ੍ਰੋਲਰ ਸੀ ਜੋ ਵਪਾਰੀ ਜਾਂ ਆੜ੍ਹਤੀਏ ਨੂੰ ਇਹ ਛੋਟ ਨਹੀਂ ਦਿੰਦਾ ਸੀ ਜੋ ਕਿਸਾਨ ਦੀ ਉਪਜ ਮਨਮਰਜ਼ੀ ਦੇ ਢੰਗ ਨਾਲ ਖਰੀਦ ਲਵੇ। ਇਸਦੇ ਨਾਲ ਹੀ ਹਰ ਜ਼ਿਲੇ ’ਚ ਖੇਤੀਬਾੜੀ ਮੰਡੀਆਂ ਵੀ ਸਨ। ਉਥੇ ਖਪਤਕਾਰ ਜਾਂ ਲੋੜਵੰਦ ਵਿਅਕਤੀ ਵੀ ਕਿਸਾਨ ਦੀ ਪੈਦਾਵਾਰ ਨੂੰ ਖਰੀਦ ਸਕਦਾ ਸੀ।


Bharat Thapa

Content Editor

Related News