ਚੰਨ ਹੁਣ ਕਵੀਆਂ ਅਤੇ ਰੁਮਾਨੀ ਵਿਅਕਤੀਆਂ ਦੀ ਕਾਲਪਨਿਕ ਉਡਾਣ ਨਹੀਂ ਰਹਿ ਗਿਆ
Saturday, Aug 26, 2023 - 12:10 PM (IST)

ਚੰਨ ਹੁਣ ਕਵੀਆਂ ਅਤੇ ਰੁਮਾਨੀ ਵਿਅਕਤੀਆਂ ਦੀ ਕਾਪਲਨਿਕ ਉਡਾਣ ਨਹੀਂ ਰਹਿ ਗਿਆ। ਵਿਗਿਆਨ ਹੁਣ ਇਕ ਬੇਹੱਦ ਗੁੰਝਲਦਾਰ ਖੇਡ ਬਣ ਗਈ ਹੈ ਜਿਸ ਦਾ ਸੰਚਾਲਨ ਭਾਰਤ ਦੇ ਬੈਂਗਲੁਰੂ ਸਥਿਤ ਇਸਰੋ ਵੱਲੋਂ ਕੀਤਾ ਜਾਂਦਾ ਹੈ। ਚੰਦਰਯਾਨ-3 ਦਾ ਲੈਂਡਰ ਮਾਡਿਊਲ ‘ਊਰਜਾ’ ਅਤੇ ‘ਉਤਸ਼ਾਹ’ ਦਾ ਪ੍ਰਤੀਕ ਹੈ। ਇਸ ਨੇ ਬੁੱਧਵਾਰ ਸ਼ਾਮ ਨੂੰ ਤੈਅ ਪ੍ਰੋਗਰਾਮ ਮੁਤਾਬਕ ਚੰਦਰਮਾ ਦੀ ਸਤ੍ਹਾ ’ਤੇ ਸਾਫਟ ਲੈਂਡਿੰਗ ਕੀਤੀ।
ਇਹ ਭਾਰਤ ਦੇ ਪੁਲਾੜ ਇਤਿਹਾਸ ਲਈ ਇਕ ਮਹਾਨ ਪਲ ਸੀ। ਇਹ ਕੋਈ ਰਹੱਸ ਨਹੀਂ ਹੈ ਕਿ 5 ਦਹਾਕਿਆਂ ਤੋਂ ਵੱਧ ਦੇ ਚੰਦ੍ਰਮਾ ਮਿਸ਼ਨਾਂ ਦੇ ਪੁਲਾੜ ਖੋਜ ਕਰਨ ਵਾਲੇ ਦੇਸ਼ਾਂ ਲਈ ਚੰਦਰਮਾ ਦੀ ਸਤ੍ਹਾ ’ਤੇ ਸਾਫਟ ਲੈਂਡਿੰਗ ਇਕ ਵੱਡੀ ਚੁਣੌਤੀ ਰਹੀ ਹੈ। ਇਸਰੋ ਦੇ ਸਾਬਕਾ ਚੇਅਰਮੈਨ ਕੇ. ਸਿਵਨ ਵੱਲੋਂ ਚੰਦਰਯਾਨ-3 ਨੂੰ ਅਕਸਰ ‘ਕਹਿਰ ਦੇ 15 ਮਿੰਟ’ ਵਜੋਂ ਦਰਸਾਇਆ ਜਾਂਦਾ ਸੀ।
ਇਹ ਯਾਦ ਕੀਤਾ ਜਾ ਸਕਦਾ ਹੈ ਕਿ ਚੰਦਰਯਾਨ-2 ਦਾ ਵਿਕ੍ਰਮ ਲੈਂਡਰ ਇਸ ਤੋਂ ਬਚ ਨਹੀਂ ਸਕਿਆ। ਇਸ ਨੇ ਲੈਂਡਿੰਗ ਤੋਂ 2.3 ਕਿਲੋਮੀਟਰ ਦੀ ਉਚਾਈ ’ਤੇ ਹਾਰ ਮੰਨ ਲਈ ਅਤੇ ਬਾਅਦ ’ਚ ਇਸ ਦਾ ਗ੍ਰਾਊਂਡ ਸਟੇਸ਼ਨਾਂ ਨਾਲ ਸੰਪਰਕ ਟੁੱਟ ਗਿਆ। ਬਾਅਦ ’ਚ ਇਸਰੋ ਨੇ ਇਸ ਮਿਸ਼ਨ ਨੂੰ ਸਫਲ ਬਣਾਉਣ ਲਈ ਕਈ ਬਦਲਾਅ ਕੀਤੇ ਜਿਸ ’ਚ ਲੈਂਡਰਜ਼ ਦੇ ਪੈਰਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਇਸ ਦੇ ਇਲਾਵਾ ਇੰਜਣਾਂ ਦੀ ਗਿਣਤੀ ’ਚ ਕਮੀ, ਪ੍ਰੋਪੈਲਰਜ਼ ਦੀ ਗੁਣਵੱਤਾ ’ਚ ਵਾਧਾ ਅਤੇ ਨਵੇਂ ਸੈਂਸਰਾਂ ਨੂੰ ਵੀ ਸ਼ਾਮਲ ਕੀਤਾ ਗਿਆ।
ਦੱਸਣਯੋਗ ਹੈ ਕਿ ਚੰਦਰਯਾਨ-3 ਮਿਸ਼ਨ 14 ਜੁਲਾਈ ਨੂੰ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਿਗਆ ਸੀ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਚੰਦਰਮਾ ਧਰਤੀ ਤੋਂ 3,84,400 ਕਿਲੋਮੀਟਰ ਦੂਰ ਹੈ। ਇਸ ਦੇ ਇਲਾਵਾ ਚੰਦਰਮਾ ਦੇ ਆਰਬਿਟ ’ਤੇ ਵੱਖ-ਵੱਖ ਖਿਚਾਅ ਹੁੰਦੇ ਹਨ ਜੋ ਪੁਲਾੜ ਯਾਨ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਇਸ ਦੀ ਗੁੰਝਲਦਾਰ ਪ੍ਰਕਿਰਤੀ ਹੁੰਦੀ ਹੈ।
ਇਹ ਵੀ ਧਿਆਨ ਦਿੱਤਾ ਜਾ ਸਕਦਾ ਹੈ ਕਿ ਚੰਦਰਮਾ ਦੇ ਸਥਾਨ ’ਤੇ ਲਗਾਤਾਰ ਤਬਦੀਲੀ ਤੋਂ ਚੁਣੌਤੀ ਪੈਦਾ ਹੁੰਦੀ ਹੈ। ਚੰਦਰਯਾਨ-3 ਲੈਂਡਰ ਮਾਡਿਊਲ ਸ਼ਾਮ 6 ਵੱਜ ਕੇ 4 ਮਿੰਟ ’ਤੇ ਚੰਦਰਮਾ ’ਤੇ ਦੱਖਣੀ ਧਰੁਵ ਕੋਲ 17 ਮਿੰਟ ਦੀ ਊਰਜਾਵਾਨ ਉਤਾਰੇ ਪਿੱਛੋਂ ਉਤਰਿਆ। ਇਸ ਤਰ੍ਹਾਂ ਇਹ ਅਣਪਛਾਤੇ ਖੇਤਰ ’ਚ ਉਤਰਨ ਵਾਲਾ ਪਹਿਲਾ ਪੁਲਾੜ ਯਾਨ ਬਣ ਗਿਆ।
ਇਸ ਖੇਤਰ ਨੂੰ ਜੰਮੇ ਹੋਏ ਪਾਣੀ ਦਾ ਭੰਡਾਰ ਮੰਨਿਆ ਜਾਂਦਾ ਹੈ। ਚੰਨ ਭਵਿੱਖ ਦੀਆਂ ਪੁਲਾੜ ਮੁਹਿੰਮਾਂ ਦੀ ਚਾਬੀ ਹੈ। ਪੂਰੀ ਦੁਨੀਆ ਦੇ ਆਗੂਆਂ ਅਤੇ ਪੁਲਾੜ ਏਜੰਸੀਆਂ ਵੱਲੋਂ ਇਸ ਕੰਮ ਦੀ ਸ਼ਲਾਘਾ ਕੀਤੀ ਗਈ ਜੋ ਆਪਣੇ ਆਪ ’ਚ ਇਕ ਪ੍ਰਾਪਤੀ ਹੈ। ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਗਿਆ। 2019 ’ਚ ਚੰਦਰਯਾਨ-2 ਦੇ ਵਿਕ੍ਰਮ ਲੈਂਡਰ ਦੀ ਅਸਫਲਤਾ ਦੀਆਂ ਦਰਦਨਾਕ ਯਾਦਾਂ ਮਿਟ ਗਈਆਂ। ਸਭ ਕੁਝ ਯੋਜਨਾ ਮੁਤਾਬਕ ਹੋਇਆ। ਇਸ ਤਰ੍ਹਾਂ ਭਾਰਤ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸ਼ਾਂ ਦੀ ਖਾਸ ਸੂਚੀ ’ਚ ਸ਼ਾਮਲ ਹੋ ਗਿਆ ਹੈ। ਭਾਰਤ ਚੰਦਰਮਾ ਦੇ ਧਰੁਵੀ ਖੇਤਰ ਨੂੰ ਛੂਹਣ ਵਾਲਾ ਪਹਿਲਾ ਦੇਸ਼ ਵੀ ਹੈ।
ਸਾਰੇ ਨਜ਼ਰੀਏ ਤੋਂ ਇਹ ਭਾਰਤ ਦੀ ਪੁਲਾੜ ਏਜੰਸੀ ਦੀ ਇਕ ਵਰਨਣਯੋਗ ਯਾਤਰਾ ਰਹੀ ਹੈ। ਸਫਲ ਲੈਂਡਿੰਗ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਅਫਰੀਕਾ ਤੋਂ ਰਾਸ਼ਟਰ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਭਾਰਤ ਦਾ ਸਫਲ ਚੰਦਰਮਾ ਮਿਸ਼ਨ ਦਿਖਾਵਾ ਨਹੀਂ ਹੈ। ਮੋਦੀ ਨੇ ਕਿਹਾ,‘‘ਸਾਡਾ ਦ੍ਰਿਸ਼ਟੀਕੋਣ ਮਨੁੱਖ ਕੇਂਦਰਿਤ ਹੈ, ਮੈਨੂੰ ਯਕੀਨ ਹੈ ਕਿ ਦੁਨੀਆ ਦੇ ਸਾਰੇ ਦੇਸ਼ ਜਿਸ ’ਚ ਉਹ ਵੀ ਸ਼ਾਮਲ ਹਨ, ਅਜਿਹੀ ਪ੍ਰਾਪਤੀ ਹਾਸਲ ਕਰਨ ’ਚ ਸਮਰੱਥ ਹਨ। ਅਸੀਂ ਸਾਰੇ ਚੰਦਰਮਾ ਅਤੇ ਉਸ ਤੋਂ ਅੱਗੇ ਦੀਆਂ ਖਾਹਿਸ਼ਾਂ ਕਰ ਸਕਦੇ ਹਾਂ।’’
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਰੋਵਰ ਅਗਲੇ 14 ਦਿਨਾਂ ’ਚ ਚੰਦਰਮਾ ਦੀ ਸਤ੍ਹਾ ਦਾ ਰਸਾਇਣਿਕ ਵਿਸ਼ਲੇਸ਼ਣ ਕਰੇਗਾ। ਲੈਂਡਰ ਅਤੇ ਰੋਵਰ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਖੁਦ ਦੇ ਮਿਸ਼ਨਾਂ ਨੂੰ ਅੱਗੇ ਵਧਾਉਣ ਦੇ ਇਲਾਵਾ ਪਹਿਲੇ ਦੇ ਮਿਸ਼ਨਾਂ ਦੇ ਗਿਆਨ ’ਤੇ ਵੀ ਕੰਮ ਕਰਨਗੇ।
ਜਿਵੇਂ ਕਿ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ। ਆਰਿਆ ਭੱਟ ਤੋਂ ਲੈ ਕੇ ਚੰਦਰਯਾਨ-3 ਤਕ ਭਾਰਤ ਦੀ ਪੁਲਾੜ ਖੋਜ ਦੀ ਯਾਤਰਾ ਵਰਨਣਯੋਗ ਰਹੀ ਹੈ। ਭਾਰਤ ਨੇ ਚੰਦਰਮਾ ਦੇ ਹਨੇਰੇ ਹਿੱਸੇ ਨੂੰ ਖਾਸ ਤੌਰ ’ਤੇ ਰੋਸ਼ਨ ਕਰ ਦਿੱਤਾ ਹੈ। ਇਸ ਨੇ ਸਾਡੇ ਨੌਜਵਾਨ ਵਿਗਿਆਨੀਆਂ ’ਚ ਨਵੀਆਂ ਉਮੀਦਾਂ ਵੀ ਜਗਾਈਆਂ ਹਨ।
ਨੌਜਵਾਨ ਵਿਗਿਆਨੀ ਆਪਣੇ ਅਤੇ ਦੇਸ਼ ਦੇ ਰੋਸ਼ਨ ਭਵਿੱਖ ਲਈ ਤਰੱਕੀ ਦੀ ਰਾਹ ’ਤੇ ਅੱਗੇ ਵਧ ਰਹੇ ਹਨ। ਚੰਦਰਯਾਨ-3 ਨੇ ਹੁਣ ਉਹ ਹਾਸਲ ਕਰ ਲਿਆ ਹੈ ਜੋ ਚੰਦਰਯਾਨ-2 ਨਹੀਂ ਕਰ ਸਕਿਆ। ਖੈਰ, ਇਹ ਸਫਰ ਕਾਫੀ ਸ਼ਾਨਦਾਰ ਰਿਹਾ ਹੈ। ਭਾਰਤ ਦੀ ਪੁਲਾੜ ਏਜੰਸੀ ਇਸਰੋ ਦੇ ਵਿਗਿਆਨੀਆਂ ਅਤੇ ਸਾਡੇ ਦੂਰਦਰਸ਼ੀ ਆਗੂਆਂ ਜਿਵੇਂ ਪੰ. ਜਵਾਹਰ ਲਾਲ ਨਹਿਰੂ, ਅਟਲ ਬਿਹਾਰੀ ਵਾਜਪਾਈ ਅਤੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦਾ ਸੁਫਨਾ ਪੂਰਾ ਹੋਇਆ।