ਉਹ ਪਲ ਜੋ ਅਨੰਤ ਬਣ ਗਿਆ

Sunday, Jan 28, 2024 - 02:38 PM (IST)

22 ਜਨਵਰੀ ਨੂੰ ਅਯੁੱਧਿਆ ’ਚ ਰਾਮ ਜਨਮ ਭੂਮੀ ਮੰਦਰ ਦਾ ਅਭਿਸ਼ੇਕ ਦੇਖਣਾ ਸ਼ਾਨਦਾਰ ਸੀ। ਬੇਸ਼ੱਕ, ਨਰਿੰਦਰ ਮੋਦੀ ਨੇ ਗਲਿਆਰੇ ਤੋਂ ਉਸ ਥਾਂ ਤੱਕ ਆਪਣੇ ਮਕਸਦਪੂਰਨ ਮਾਰਚ ਨਾਲ ਸ਼ੋਅ ਨੂੰ ਚੋਰੀ ਕਰ ਲਿਆ ਜਿੱਥੇ ਬਾਲਕ ਰਾਜਾ ਰਾਮ ਦੀ ਨਵੀਂ ਸਥਾਪਿਤ ਮੂਰਤੀ ਸਥਿਤ ਸੀ। ਉੱਥੇ ਇਕੱਠੇ ਹੋਏ 7000 ਮੰਨੇ-ਪ੍ਰਮੰਨੇ ਵਿਅਕਤੀਆਂ ਨੂੰ ਯਾਦਗਾਰੀ ਸੰਬੋਧਨ ਕੀਤਾ। ਉਸ ਭਾਸ਼ਣ ਨੂੰ ਨਾ ਤਾਂ 7000 ਲੋਕ ਭੁੱਲਣਗੇ, ਨਾ ਹੀ ਸਾਡੇ ਵਰਗੇ ਬਿਨਾਂ ਬੁਲਾਏ ਲੋਕ।

ਮੌਕੇ ਦਾ ਸਰਾਸਰ ਜਾਦੂ ਅਤੇ 7000 ’ਚੋਂ ਹਰ ਇਕ ਦੇ ਚਿਹਰੇ ’ਤੇ ਭਗਤੀ ਦੀ ਝਲਕ, ਹਿੰਦੂ ਹੋਣ ਦਾ ਮਾਣ ਜੋ ਸਾਰਿਆਂ ਦੇ ਅਤੇ ਇੱਥੋਂ ਤੱਕ ਕਿ ਦੁਨੀਆ ਦੇ ਕੁਝ ਦੂਰ-ਦੁਰਾਡੇ ਦੇ ਕੋਨਿਆਂ ’ਚ ਪ੍ਰਵਾਸੀ ਭਾਰਤੀਆਂ ਦੇ ਚਿਹਰਿਆਂ ’ਤੇ ਦਿਖਾਈ ਦੇ ਰਿਹਾ ਸੀ, ਨੇ ਇਕ ਨਵਾਂ ਕੋਣ ਦਿੱਤਾ। ਸਾਡੇ ਲੋਕਾਂ ਅਤੇ ਸਾਡੇ ਪੂਰਵਜਾਂ ਦਾ ਧਰਮ। ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਨੇ ਬੇਨਤੀ ਕੀਤੀ ਸੀ, ਮੈਂ ਆਪਣੀ ਘਰੇਲੂ ਸਹਾਇਕਾ ਨੂੰ ਦੀਵਾ ਬਾਲਣ ਦਾ ਹੁਕਮ ਦੇਣ ਲਈ ਪ੍ਰੇਰਿਤ ਕੀਤਾ। ਇੱਥੋਂ ਤੱਕ ਕਿ ਮੈਂ ਵੀ, ਜੋ ਆਮ ਤੌਰ ’ਤੇ ਸਰਕਾਰ ਦਾ ਆਲੋਚਕ ਸੀ, ਉਸ ਪਲ ਤੋਂ ਪ੍ਰਭਾਵਿਤ ਹੋ ਗਿਆ।

ਮੰਦਰ ਦਾ ਨਿਰਮਾਣ ਅਗਲੇ ਸਾਲ 2025 ’ਚ ਪੂਰਾ ਹੋ ਜਾਵੇਗਾ ਪਰ ਅਪ੍ਰੈਲ ਜਾਂ ਮਈ ’ਚ ਸੰਭਾਵਤ ਲੋਕ ਸਭਾ ਚੋਣਾਂ ਤੋਂ ਕਾਫੀ ਪਹਿਲਾਂ 22 ਜਨਵਰੀ ਨੂੰ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਕੀਤੀ ਗਈ। 2024 ’ਚ ਮੰਦਰ ਉਹੀ ਭੂਮਿਕਾ ਨਿਭਾਵੇਗਾ ਜੋ ਬਾਲਾਕੋਟ ਨੇ 2019 ’ਚ ਲੋਕ ਸਭਾ ਚੋਣਾਂ ’ਚ ਭਾਜਪਾ ਲਈ ਨਿਭਾਈ ਸੀ। ਨਰਿੰਦਰ ਮੋਦੀ ਦੇ ਤੀਜੀ ਵਾਰ ਸੱਤਾ ’ਚ ਆਉਣ ਦੀ ਉਮੀਦ ਹੈ। ਆਪਣੀ ਜਿੱਤ ਦੇ ਫਰਕ ਦੇ ਆਧਾਰ ’ਤੇ ਮੋਦੀ ਕੋਲ ਮੁਕਾਬਲਾ ਕਰਨ ਲਈ ਕੋਈ ਵਿਵਹਾਰੀ ਵਿਰੋਧੀ ਧਿਰ ਹੋ ਵੀ ਸਕਦੀ ਹੈ ਅਤੇ ਨਹੀਂ ਵੀ।

ਜੇ ‘ਇੰਡੀਆ’ ਗੱਠਜੋੜ ਨੇ ਇਸੇ ਮਹੀਨੇ ’ਚ ਆਪਣੇ ਕਦਮ ਨਾ ਚੁੱਕੇ ਤਾਂ ਭਾਰਤ ਲੋਕਤੰਤਰ ਬਾਰੇ ਭੁੱਲ ਸਕਦਾ ਹੈ। ਸਾਰੇ ਲੋਕਤੰਤਰਾਂ ਦੀ ਜਨਨੀ (ਸਾਡੇ ਪ੍ਰਧਾਨ ਮੰਤਰੀ ਦੇ ਆਪਣੇ ਸ਼ਬਦਾਂ ’ਚ) ਇਕ ਤਾਨਾਸ਼ਾਹ ਸ਼ਾਸਨ ’ਚ ਤਬਦੀਲ ਹੋ ਜਾਵੇਗੀ। ਰਾਹੁਲ ਗਾਂਧੀ ਦੇ ਇਹ ਸੰਕੇਤ ਦੇਣ ਪਿੱਛੋਂ ਵੀ ਕਿ ਉਹ ਗੱਠਜੋੜ ਦੇ ਆਗੂ ਨਹੀਂ ਹੋਣਗੇ ਸਗੋਂ ਉਨ੍ਹਾਂ ਵੱਲੋਂ ਨਾਮਜ਼ਦ ਖੜਗੇ ਹੀ ਚੁਣੇ ਗਏ ਹਨ, ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਟੀ. ਐੱਮ. ਸੀ. ਬੰਗਾਲ ’ਚ ਲੋਕ ਸਭਾ ਸੀਟਾਂ ਆਪਣੇ ਦਮ ’ਤੇ ਲੜੇਗੀ। ਕਾਂਗਰਸ ਪਾਰਟੀ ਇਸ ਗੱਲ ਤੋਂ ਨਾਖੁਸ਼ ਹੈ ਕਿ ਟੀ. ਐੱਮ. ਸੀ. ਨੇ ਉਸ ਨੂੰ ਪ੍ਰਸਤਾਵਿਤ 42 ’ਚੋਂ ਸਿਰਫ 2 ਸੀਟਾਂ ਅਲਾਟ ਕੀਤੀਆਂ ਹਨ।

ਅਰਵਿੰਦ ਕੇਜਰੀਵਾਲ ਆਲ ਇੰਡੀਆ ਪੈੜਾਂ ਦੇ ਨਿਸ਼ਾਨ ਚਾਹੁੰਦੇ ਹਨ। ਉਹ ਗੁਜਰਾਤ, ਹਰਿਆਣਾ ਅਤੇ ਗੋਆ ’ਚ ਸੀਟਾਂ ਦੀ ਮੰਗ ਕਰਦੇ ਹਨ ਜਿੱਥੇ ਉਨ੍ਹਾਂ ਦੀ ਪਹਿਲਾਂ ਤੋਂ ਹੀ ਥੋੜ੍ਹੀ ਹਾਜ਼ਰੀ ਹੈ। ਨਿਤੀਸ਼ ਕੁਮਾਰ ਨੂੰ ਸਪੱਸ਼ਟ ਤੌਰ ’ਤੇ ਅਹੁਦੇ ’ਤੇ ਬਿਰਾਜਮਾਨ ਹੋਣ ਦੀ ਉਮੀਦ ਸੀ। ਉਹ ਨਿਰਾਸ਼ ਹਨ ਕਿਉਂਕਿ ਉਨ੍ਹਾਂ ਨੂੰ ਕਾਂਗਰਸ ਦੇ ਦਲਿਤ ਨੇਤਾ ਖੜਗੇ ਨਾਲ ਸਨਮਾਨ ਸਾਂਝਾ ਕਰਨਾ ਪੈ ਰਿਹਾ ਹੈ।

ਇੱਥੋਂ ਤੱਕ ਕਿ ਉੱਤਰ ਪ੍ਰਦੇਸ਼ ’ਚ ਯੋਗੀ ਵੱਲੋਂ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰ ਦਿੱਤੇ ਗਏ ਅਖਿਲੇਸ਼ ਯਾਦਵ ਨੇ ਵੀ ਸੋਚਿਆ ਕਿ ਉਹ ਮੱਧ ਪ੍ਰਦੇਸ਼ ’ਚ ਕੁਝ ਪ੍ਰਤੀਨਿਧਤਾ ਦੇ ਹੱਕਦਾਰ ਹਨ। ਕੁਲ ਮਿਲਾ ਕੇ ‘ਇੰਡੀਆ’ ਗੱਠਜੋੜ ਭਾਜਪਾ ਦੇ ਰੱਥ ਸਾਹਮਣੇ ਨਿਰਾਸ਼ਾਜਨਕ ਰੂਪ ’ਚ ਖੜ੍ਹਾ ਹੈ ਅਤੇ ਅਯੁੱਧਿਆ ’ਚ ਰਾਮ ਮੰਦਰ ਨੂੰ ਐੱਲ. ਕੇ. ਅਡਵਾਨੀ ਦੀ ਥਾਂ ਮੋਦੀ ਦੇ ਚਿਹਰੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਯੋਗੀ ਆਦਿੱਤਿਆਨਾਥ ਨੇ ਸਿਰਫ ਇਕ ਵੱਡੀ ਪ੍ਰਾਪਤੀ ਨਾਲ ਉੱਤਰ ਪ੍ਰਦੇਸ਼ (ਜੋ 80 ਲੋਕ ਸਭਾ ਸੀਟਾਂ ਦਾ ਦਾਅਵਾ ਕਰਦਾ ਹੈ) ਦੇ ਨਿਵਾਸੀਆਂ ਦੀ ਕਲਪਨਾ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਸੂਬੇ ’ਚ ਅਪਰਾਧ ਅਤੇ ਅਪਰਾਧੀਆਂ ਨੂੰ ਖਤਮ ਕਰ ਦਿੱਤਾ ਹੈ। ਆਪਣੇ ਸ਼ਾਸਨਕਾਲ ਦੀ ਸ਼ੁਰੂਆਤ ’ਚ ਉਨ੍ਹਾਂ ਨੇ ਕਾਨੂੰਨ ਤੋੜਨ ਵਾਲਿਆਂ ਦੇ ਮਨ ’ਚ ਡਰ ਪੈਦਾ ਕਰਨ ਲਈ ਪੁਲਸ ਨੂੰ ‘ਮੁਕਾਬਲਿਆਂ’ ਰਾਹੀਂ ਉਨ੍ਹਾਂ ਕੋਲੋਂ ਛੁਟਕਾਰਾ ਪਾਉਣ ਦਾ ਹੁਕਮ ਦੇ ਕੇ ਗੈਰ-ਰਵਾਇਤੀ, ਇੱਥੋਂ ਤੱਕ ਕਿ ਨਾਜਾਇਜ਼ ਤਰੀਕਿਆਂ ਦੀ ਵਰਤੋਂ ਕੀਤੀ। ਸੰਦੇਸ਼ ਪ੍ਰਸਾਰਿਤ ਕੀਤਾ ਗਿਆ ਅਤੇ ਉਸ ’ਤੇ ਕਾਰਵਾਈ ਕੀਤੀ ਗਈ। ਬਾਅਦ ’ਚ ਸਮਝਦਾਰ ਵਕੀਲਾਂ ਨੇ ਦਖਲਅੰਦਾਜ਼ੀ ਕੀਤੀ ਅਤੇ ਯੋਗੀ ਨੂੰ ਆਪਣਾ ਰੁਖ ਬਦਲਣ ਦੀ ਸਲਾਹ ਦਿੱਤੀ। ਹਰ ਤਰ੍ਹਾਂ ਨਾਲ ਦੇਖਣ ’ਤੇ ਮੈਨੂੰ ਅਜਿਹਾ ਲੱਗਦਾ ਹੈ ਕਿ ਰਵਾਇਤੀ ਤਰੀਕੇ (ਬੁਲਡੋਜ਼ਰ ਨੂੰ ਛੱਡ ਕੇ) ਮੌਜੂਦਾ ਸਮੇਂ ’ਚ ਵਰਤੇ ਜਾ ਰਹੇ ਹਨ।

ਵਿਰੋਧੀ ਧਿਰ ਪਾਰਟੀਆਂ ਲਈ ਯੂ. ਪੀ. ਨਾਲ ਤਾਲਮੇਲ ਬਿਠਾਉਣਾ ਲਗਭਗ ਅਸੰਭਵ ਹੋਵੇਗਾ। ਮੁੱਖ ਮੰਤਰੀ ਦੀ ਹਰਮਨਪਿਆਰਤਾ, ਸੰਘ ਦੇ ਕਿਸੇ ਵੀ ਸੂਬੇ ’ਚ ਸਰਕਾਰ ਬਣਾਉਣ ਦਾ ਸੁਫਨਾ ਦੇਖਣ ਵਾਲਿਆਂ ਨੂੰ ਯੂ. ਪੀ. ਦੀ ਰਾਹ ’ਤੇ ਤੁਰਨਾ ਪਵੇਗਾ। ਅਪਰਾਧ ਅਤੇ ਅਪਰਾਧੀਆਂ ਨੂੰ ਕੰਟ੍ਰੋਲ ਕਰਨ ਲਈ ਉਨ੍ਹਾਂ ਨੇ ਕਾਨੂੰਨੀ ਕਦਮ ਉਠਾਏ ਹਨ। ਸਾਡੇ ਪ੍ਰਧਾਨ ਮੰਤਰੀ ਜਿਸ ‘ਵਿਕਾਸ’ ਦਾ ਢਿੰਡੋਰਾ ਪਿੱਟਦੇ ਹਨ, ਉਸ ਤੋਂ ਵੱਧ ਆਮ ਨਾਗਰਿਕ ਜੀਵਨ ਅਤੇ ਜਾਇਦਾਦ ਦੀ ਸੁਰੱਖਿਆ ਚਾਹੁੰਦੇ ਹਨ।

ਇਸ ਦਰਮਿਆਨ, ਨਰਿੰਦਰ ਮੋਦੀ ਚੋਣ ਲਾਭ ਲਈ ਭਗਵਾਨ ਰਾਮ ਪ੍ਰਤੀ ਕੱਟੜ ਹਿੰਦੂ ਦੀ ਭਗਤੀ ਦਾ ਫਾਇਦਾ ਉਠਾਉਣਗੇ। ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਲੋਕਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨ ਲਈ ਕਿਸੇ ਸਿਆਸੀ ਆਗੂ ਨੂੰ ਸ਼ਾਇਦ ਹੀ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਇਕੋ ਇਕ ਅਫਸੋਸ ਸੰਵੇਦਨਸ਼ੀਲ ਭਾਜਪਾ ਨੂੰ ਹੈ। ਚੇਲੇ ਦਾ ਸੰਭਵ ਤੌਰ ’ਤੇ ਇਹ ਕਾਰਨ ਹੋ ਸਕਦਾ ਹੈ ਕਿ ਰਾਮ ਰੱਥ ਯਾਤਰਾ ਸ਼ੁਰੂ ਕਰਨ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਪਰ ਇਹ ਖੇਡ ਅਜਿਹੀ ਹੈ ਜੋ ਖਾਹਿਸ਼ਮੰਦ ਸਿਆਸੀ ਆਗੂ ਖੇਡਦੇ ਹਨ। ਮੌਕਾ ਮਿਲਣ ’ਤੇ ਉਹ ਆਪਣੇ ਮੁਕਾਬਲੇਬਾਜ਼ਾਂ ਨੂੰ ਆਪਣੀ ਹੀ ਪਾਰਟੀ ’ਚ ਸ਼ਾਮਲ ਕਰ ਲੈਂਦੇ ਹਨ। ਸਿਆਸਤ ਇਕ ਔਖਾ ਉੱਦਮ ਹੈ। ਜੋ ਖੇਡ ’ਚ ਮਾਹਿਰ ਹੈ, ਉਹੀ ਚੋਟੀ ’ਤੇ ਆਉਂਦਾ ਹੈ।

ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਇਨ੍ਹੀਂ ਦਿਨੀਂ ਨਰਿੰਦਰ ਮੋਦੀ ਨੂੰ ਆਪਣੇ ਘਰ ’ਚ ਗਾਂ ਚਾਰਦੇ ਅਤੇ ਕੇਰਲ ਅਤੇ ਆਂਧਰਾ ਪ੍ਰਦੇਸ਼, ਦੋਵਾਂ ਦੱਖਣੀ ਸੂਬਿਆਂ ’ਚ ਮੰਦਰਾਂ ਦਾ ਦੌਰਾ ਕਰਦੇ ਹੋਏ ਦਿਖਾਉਂਦਾ ਹੈ, ਜਿੱਥੇ ਉਹ ਆਪਣੀ ਪਾਰਟੀ ਲਈ ਖਾਤਾ ਖੋਲ੍ਹਣ ਦੇ ਇੱਛੁਕ ਹਨ। ਜਨਤਾ ਦੀ ਯਾਦ ਸ਼ਕਤੀ ਬੇਹੱਦ ਕਮਜ਼ੋਰ ਹੈ। ਵੋਟਰ ਸਾਡੇ ਪ੍ਰਧਾਨ ਮੰਤਰੀ ਦੀ ਧਾਰਮਿਕਤਾ ਨੂੰ ਭੁੱਲ ਸਕਦੇ ਹਨ ਅਤੇ ਕੇਰਲ ’ਚ ਕਮਿਊਨਿਸਟਾਂ ਜਾਂ ਕਾਂਗਰਸ ਅਤੇ ਜਗਨ ਮੋਹਨ ਰੈੱਡੀ ਜਾਂ ਉਨ੍ਹਾਂ ਦੀ ਭੈਣ ਨੂੰ ਚੁਣ ਸਕਦੇ ਹਨ ਜਿਨ੍ਹਾਂ ਨੇ ਆਂਧਰਾ ’ਚ ਕਾਂਗਰਸ ਨੂੰ ਮੁੜ-ਸੁਰਜੀਤ ਕਰਨ ਦੀ ਜ਼ਿੰਮੇਵਾਰੀ ਲਈ ਹੈ।

ਲਗਭਗ 200 ਸੇਵਾਮੁਕਤ ਕੂਟਨੀਤੀਵਾਨਾਂ, ਸਿਵਲ ਸੇਵਕਾਂ ਅਤੇ ਪੁਲਸ ਅਧਿਕਾਰੀਆਂ ਦੇ ਇਕ ਸਮੂਹ ਜਿਸ ਨੂੰ ਸੰਵਿਧਾਨਕ ਆਚਰਨ ਸਮੂਹ (ਸੀ. ਸੀ. ਜੀ.) ਕਿਹਾ ਜਾਂਦਾ ਹੈ, ਜਿਸ ਦਾ ਮੈਂ ਇਕ ਹਿੱਸਾ ਹਾਂ, ਨੇ ਸਾਡੇ ਪ੍ਰਧਾਨ ਮੰਤਰੀ ਲਈ ਇਕ ਖੁੱਲ੍ਹਾ ਪੱਤਰ ਤਿਆਰ ਕੀਤਾ ਸੀ ਜਿਸ ’ਚ ਇਸ ਤੱਥ ’ਤੇ ਅਫਸੋਸ ਪ੍ਰਗਟ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਖੁਦ ਦੇ ਉੱਚ ਸੰਵਿਧਾਨਕ ਦਫਤਰਾਂ ਨੂੰ ਸ਼ਾਮਲ ਕੀਤਾ ਹੈ ਅਤੇ ਅਯੁੱਧਿਆ ਮੰਦਰ ’ਚ ਰਾਮ ਮੂਰਤੀ ਦੀ ਸਥਾਪਨਾ ਦੀ ਤਿਆਰੀ ’ਚ ਸਰਕਾਰੀ ਏਜੰਸੀਆਂ ਨੂੰ ਵੀ ਸ਼ਾਮਲ ਕੀਤਾ ਹੈ। ਇਕ ਧਰਮਨਿਰਪੱਖ ਦੇਸ਼, ਜਿਸ ਨੂੰ ਸੰਵਿਧਾਨਕ ਤੌਰ ’ਤੇ ਰਾਜ ਤੋਂ ਧਰਮ ਨੂੰ ਸਖਤੀ ਨਾਲ ਵੱਖ ਕਰਨ ਦਾ ਹੁਕਮ ਦਿੱਤਾ ਿਗਆ ਹੈ, ਨੂੰ ਆਪਣੇ ਪ੍ਰਧਾਨ ਮੰਤਰੀ ਵੱਲੋਂ ਵੱਖ-ਵੱਖ ਦੱਖਣ ਭਾਰਤੀ ਮੰਦਰਾਂ ’ਚ ਅਤੇ ਅਖੀਰ ਰਾਮ ਮੰਦਰ ’ਚ ਪੂਜਾ ਕਰਨ ਦੇ ਤਮਾਸ਼ੇ ਦਾ ਸਾਹਮਣਾ ਕਰਨਾ ਪਿਆ।

ਪ੍ਰਧਾਨ ਮੰਤਰੀ ਨੂੰ ਇਕ ਨਿੱਜੀ ਵਿਅਕਤੀ ਵਜੋਂ ਆਪਣੇ ਭਗਵਾਨ ਕੋਲ ਜਾਣ ਅਤੇ ਪ੍ਰਾਰਥਨਾ ਕਰਨ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਦੇਸ਼ ਦੇ ਪ੍ਰਮੁੱਖ ਚੁਣੇ ਹੋਏ ਆਗੂ ਦੇ ਤੌਰ ’ਤੇ ਅਜਿਹਾ ਕਰਨਾ ਅਤੇ ਸਰਕਾਰ ਦੇ ਸਾਧਨਾਂ ਨੂੰ ਇਸ ਆਯੋਜਨ ਲਈ ਸਮਰਪਿਤ ਕਰਨਾ ਨਾ ਤਾਂ ਸੰਵਿਧਾਨਕ ਤੌਰ ’ਤੇ ਸਵੀਕਾਰਯੋਗ ਹੈ ਅਤੇ ਨਾ ਹੀ ਨੈਤਿਕ ਹੈ। ਇਹ ਚੋਣ ਲਾਭ ਲਈ ਅਹੁਦੇ ਅਤੇ ਮੌਕੇ ਦੀ ਦੁਰਵਰਤੋਂ ਦੇ ਸਮਾਨ ਹੈ। ਕੇਂਦਰੀ ਚੋਣ ਕਮਿਸ਼ਨ ਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਵੋਟ ਹਾਸਲ ਕਰਨ ਲਈ ਧਰਮ ਦੀ ਵਰਤੋਂ ’ਤੇ ਚੋਣ ਕਾਨੂੰਨਾਂ ਤਹਿਤ ਇਸ ਦੀ ਆਗਿਆ ਹੈ ਜਾਂ ਨਹੀਂ।

ਸਾਡੇ ਗੁਆਂਢੀ ਪਾਕਿਸਤਾਨ ਨੇ ਮੁਸਲਮਾਨਾਂ ਲਈ ਇਕ ਵੱਖਰਾ ਦੇਸ਼ ਸੁਰੱਖਿਅਤ ਕਰਨ ਲਈ ਧਰਮ ਦਾ ਇਸਤੇਮਾਲ ਕੀਤਾ। ਜਨਰਲ ਜ਼ਿਆ ਦੇ ਫੌਜੀ ਸ਼ਾਸਨ ਨੇ ਇਸ ਦਾ ਪੂਰੀ ਤਰ੍ਹਾਂ ਨਾਲ ਇਸਲਾਮੀਕਰਨ ਕਰ ਦਿੱਤਾ। ਅਜਿਹੀ ਧਾਰਮਿਕਤਾ ਦੇ ਨਤੀਜੇ ਸਾਡੇ ਸਾਰਿਆਂ ਦੇ ਸਾਹਮਣੇ ਹਨ। ਪਾਕਿਸਤਾਨ ਨੂੰ ਅੱਜ ਅਮਰੀਕਾ ਦੀ ਲੋੜ ਹੈ ਅਤੇ ਹੁਣ ਚੀਨ ਇਸ ਨੂੰ ਚਾਲੂ ਰੱਖੇਗਾ। ਅੱਜ ਅਜਿਹੇ ਬਹੁਤ ਸਾਰੇ ਰਾਸ਼ਟਰ ਨਹੀਂ ਹਨ ਜੋ ਸ਼ਾਸਨ ’ਚ ਧਰਮ ਨੂੰ ਸ਼ਾਮਲ ਕਰਦੇ ਹੋਣ। ਜੋ ਲੋਕ ਉਸ ਰਸਤੇ ’ਤੇ ਚੱਲਦੇ ਹਨ ਉਹ ਖੁਸ਼ਹਾਲ ਨਹੀਂ ਹੋਏ।

ਅਯੁੱਧਿਆ ’ਚ ਰਾਮ ਜਨਮ ਭੂਮੀ ਮੰਦਰ ਦਾ ਨਿਰਮਾਣ ਹਿੰਦੂ ਦੇ ਆਪਣੇ ਧਰਮ ਪ੍ਰਤੀ ਮਾਣ ਨੂੰ ਮੁੜ-ਸੁਰਜੀਤ ਕਰਨ ’ਚ ਸਫਲ ਰਿਹਾ ਹੈ। ਇਹ ਇਕ ਸਕਾਰਾਤਮਕ ਵਿਕਾਸ ਹੈ। ਨਰਿੰਦਰ ਮੋਦੀ ਲਈ ਜੋ ਕੁਝ ਬਚਿਆ ਹੈ ਉਹ ਸਾਰਿਆਂ ਨੂੰ ਨਿਆਂ ਦਿਵਾਉਣ ’ਚ ਭਗਵਾਨ ਰਾਮ ਨਾਲ ਜੁੜੇ ਚੰਗੇ ਸ਼ਾਸਨ ਦੇ ਸਿਧਾਂਤਾਂ ਨੂੰ ਅਪਣਾਉਣਾ ਹੈ। ਉਸ ਪ੍ਰਾਚੀਨ ਕਾਲ ’ਚ ਭਾਰਤ ’ਚ ਕੋਈ ਮੁਸਲਮਾਨ ਅਤੇ ਇਸਾਈ ਨਹੀਂ ਸਨ ਪਰ ਉਹ ਹੁਣ ਉੱਥੇ ਹੀ ਹਨ। ਉਨ੍ਹਾਂ ਦੀ ਮੋਦੀ ਜੀ ਨੂੰ ਇਕੋ ਇਕ ਬੇਨਤੀ ਹੈ ਕਿ ਉਨ੍ਹਾਂ ਨੂੰ ਭਾਰਤ ਦੇ ਬਰਾਬਰ ਨਾਗਰਿਕਾਂ ਦੇ ਤੌਰ ’ਤੇ ਸ਼ਾਮਲ ਕੀਤਾ ਜਾਵੇ, ਜਿਹਾ ਕਿ ਨਿਆਂ ਅਤੇ ਚੰਗੇ ਸ਼ਾਸਨ ਦੇ ਪ੍ਰਤੀਕ ਭਗਵਾਨ ਰਾਮ ਨੇ ਕੀਤਾ ਹੋਵੇਗਾ।

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)


Rakesh

Content Editor

Related News