ਟੁੱਟਦਾ ‘ਇੰਡੀਆ ਗਠਜੋੜ’ : ਕੀ ਇਹ ਏਕਤਾ ਦਾ ਅੰਤ ਹੈ?
Wednesday, Jan 15, 2025 - 05:34 PM (IST)
27 ਵਿਰੋਧੀ ਪਾਰਟੀਆਂ ਜੋ ਪਿਛਲੇ ਸਾਲ ਜੁਲਾਈ ਵਿਚ ਥੋੜ੍ਹੇ ਸਮੇਂ ਦੀਆਂ ਗਿਣਤੀਆਂ-ਮਿਣਤੀਆਂ, ਮਜਬੂਰੀਆਂ, ਹੰਕਾਰ ਅਤੇ ਇੱਛਾਵਾਂ ਕਾਰਨ ਭਾਜਪਾ ਵਿਰੁੱਧ ਬਹੁਤ ਧੂਮ-ਧਾਮ ਨਾਲ ਇਕੱਠੀਆਂ ਹੋਈਆਂ ਸਨ, ਹੁਣ ਖਿਲਰਦੀਆਂ ਜਾਪਦੀਆਂ ਹਨ। ਪਾਰਟੀਆਂ ਸੂਬਾਈ ਚੋਣਾਂ ’ਚ ਭਾਈਵਾਲਾਂ ਦੀ ਆਲੋਚਨਾ ਕਰ ਰਹੀਆਂ ਹਨ ਅਤੇ ਆਪਸ ਵਿਚ ਝਗੜ ਰਹੀਆਂ ਹਨ, ਜਿਸ ਕਾਰਨ ਅੰਦਰੂਨੀ ਦਰਾਰਾਂ ਵਧ ਰਹੀਆਂ ਹਨ ਅਤੇ ਇਸ ਤਰ੍ਹਾਂ ਨਾਲ ਇਸ ਧੜੇ ਦੀ ਮੌਤ ਬਾਰੇ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ।
ਇਸ ਧੜੇ ’ਤੇ ਹਮਲਾ ਕਰਨ ਵਾਲੇ ਸਭ ਤੋਂ ਪਹਿਲਾਂ ਆਰ. ਜੇ. ਡੀ. ਦੇ ਤੇਜਸਵੀ ਯਾਦਵ ਸਨ, ਜਿਨ੍ਹਾਂ ਨੇ ਕਿਹਾ ਕਿ ਖੇਤਰੀ ਆਗੂਆਂ ਨੇ ਸਿਰਫ਼ ਲੋਕ ਸਭਾ ਚੋਣਾਂ ਲਈ ਭਾਜਪਾ ਵਿਰੋਧੀ ਮੋਰਚੇ ਵਜੋਂ ‘ਇੰਡੀਆ’ ਬਣਾਇਆ ਸੀ। ਇਹ ਹੈਰਾਨੀਜਨਕ ਹੈ ਕਿਉਂਕਿ ਆਰ. ਜੇ. ਡੀ. 1990 ਦੇ ਦਹਾਕੇ ਤੋਂ ਕਾਂਗਰਸ ਦਾ ਪੱਕਾ ਸਹਿਯੋਗੀ ਰਿਹਾ ਹੈ। ਇਹ ਅਕਤੂਬਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਲਈ ਇਕ ਅਸ਼ੁੱਭ ਸੰਕੇਤ ਹੈ।
ਇਸ ਤੋਂ ਬਾਅਦ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਨੇ ਲੀਡਰਸ਼ਿਪ, ਖਿੱਚੋਤਾਣ, ਧੜੇਬੰਦੀ ਦੀ ਸਾਰਥਕਤਾ, ਸਹਿਯੋਗੀਆਂ ਵਿਚਕਾਰ ਤਾਲਮੇਲ, ਏਜੰਡੇ ’ਤੇ ਸਪੱਸ਼ਟਤਾ ਅਤੇ ਭਵਿੱਖ ਦੀ ਰਣਨੀਤੀ ਬਾਰੇ ਸਵਾਲ ਉਠਾਏ। ਉਨ੍ਹਾਂ ਕਿਹਾ, ‘‘ਇਹ ਸਪੱਸ਼ਟ ਨਹੀਂ ਹੈ ਕਿ ਇਹ ਗੱਠਜੋੜ ਜਾਰੀ ਰਹੇਗਾ ਜਾਂ ਨਹੀਂ।’’ ਇਸ ਤਰ੍ਹਾਂ, ਵਿਧਾਨ ਸਭਾ ਚੋਣਾਂ ਇਕੱਠੇ ਲੜਨ ਤੋਂ ਬਾਅਦ, ਕਾਂਗਰਸ-ਐੱਨ. ਸੀ. ਦੋਵਾਂ ਦੇ ਰਿਸ਼ਤਿਆਂ ਵਿਚ ਖਟਾਸ ਜਨਤਕ ਹੋ ਗਈ।
ਹੁਣ, ਦਿੱਲੀ ਚੋਣਾਂ ਨੇ ‘ਇੰਡੀਆ’ ਦੀਆਂ ਅੰਦਰੂਨੀ ਵਿਰੋਧਤਾਈਆਂ ਨੂੰ ਸਾਹਮਣੇ ਲਿਆ ਦਿੱਤਾ ਹੈ ਕਿਉਂਕਿ ਕੇਜਰੀਵਾਲ ਦੀ ‘ਆਪ’ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਲੋਕ ਸਭਾ ਸਹਿਯੋਗੀ ਕਾਂਗਰਸ ਤੋਂ ਬਿਨਾਂ ਭਾਜਪਾ ਨਾਲ ਲੜੇਗੀ। ਮਮਤਾ ਦੀ ਟੀ. ਐੱਮ. ਸੀ., ਅਖਿਲੇਸ਼ ਦੀ ਸਪਾ ਅਤੇ ਠਾਕਰੇ ਦੀ ਐੱਸ. ਐੱਸ. ਨੇ ਪਹਿਲਾਂ ਹੀ ‘ਆਪ’ ਦੇ ਪਿੱਛੇ ਆਪਣਾ ਪ੍ਰਤੀਕਾਤਮਕ ਭਾਰ ਪਾ ਦਿੱਤਾ ਹੈ। ਮਾਮਲੇ ਨੂੰ ਹੋਰ ਗੁੰਝਲਦਾਰ ਬਣਾਉਂਦੇ ਹੋਏ, ਠਾਕਰੇ ਨੇ ਬੀ. ਐੱਮ. ਸੀ. ਸਮੇਤ ਆਗਾਮੀ ਸਥਾਨਕ ਚੋਣਾਂ ਵਿਚ ਸਹਿਯੋਗੀਆਂ ਨਾਲ ਨਾ ਖੜ੍ਹੇ ਹੋਣ ਲਈ ਕਾਂਗਰਸ ਦੀ ਆਲੋਚਨਾ ਕੀਤੀ।
ਇਹ ਅਚਾਨਕ ਨਹੀਂ ਹੈ, ਕਿਉਂਕਿ ਐੱਮ. ਵੀ. ਏ., ਪਵਾਰ ਦੀ ਐੱਨ. ਸੀ. ਪੀ., ਗਾਂਧੀ ਦੀ ਕਾਂਗਰਸ ਅਤੇ ਠਾਕਰੇ ਦੀ ਐੱਸ. ਐੱਸ. ਦੇ ਦਰਮਿਆਨ ਇਕ ਗੈਰ-ਕੁਦਰਤੀ ਗੱਠਜੋੜ ਸੀ, ਜਿਸ ’ਚ ਉਨ੍ਹਾਂ ਵਿਚਕਾਰ ਕੋਈ ਸਾਂਝਾ ਵਿਚਾਰਧਾਰਕ ਆਧਾਰ ਨਹੀਂ ਸੀ। ਵਿਧਾਨ ਸਭਾ ਚੋਣਾਂ ਵਿਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਇਕੱਠੇ ਰਹਿਣ ਦਾ ਕੋਈ ਉਤਸ਼ਾਹ ਨਹੀਂ ਹੈ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਦੋਵੇਂ ਪਾਰਟੀਆਂ ਇਕ-ਦੂਜੇ ਨੂੰ ਮਾੜੀ ਕਾਰਗੁਜ਼ਾਰੀ ਲਈ ਦੋਸ਼ੀ ਠਹਿਰਾਅ ਰਹੀਆਂ ਹਨ, ਬਜਾਏ ਇਸ ਦੇ ਕਿ ਉਹ ਇਹ ਦੇਖਣ ਕਿ ਵੋਟਰਾਂ ਨੇ ਉਨ੍ਹਾਂ ਨੂੰ ਕਿਉਂ ਨਕਾਰਿਆ। ਇਸ ਤੋਂ ਇਲਾਵਾ, ਐੱਨ. ਸੀ. ਪੀ. ਅਤੇ ਐੱਸ. ਐੱਸ. ਨੂੰ ਵਿਰੋਧੀ ਧੜਿਆਂ ਤੋਂ ਹੋਂਦ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਸੱਤਾ ਵਿਚ ਮਜ਼ਬੂਤੀ ਨਾਲ ਜੰਮੇ ਹੋਏ ਹਨ।
ਸਪੱਸ਼ਟ ਤੌਰ ’ਤੇ, ‘ਇੰਡੀਆ’ ਦੀ ਮੁੱਖ ਸਮੱਸਿਆ ਕਾਂਗਰਸ ਹੈ, ਜਿਸ ਦਾ ਆਧਾਰ ਕਮਜ਼ੋਰ ਹੈ ਪਰ ਉਹ ਬਿਨਾਂ ਕੱਪੜਿਆਂ ਦੇ ਸਮਰਾਟ ਵਾਂਗ ਵਿਵਹਾਰ ਕਰਦੀ ਹੈ। ਇਸ ਦੇ ਬਾਵਜੂਦ, ਲੋਕ ਸਭਾ ਦੇ ਨਤੀਜਿਆਂ ਵਿਚ ਇਸ ਦੀ ਗਿਣਤੀ ਦੁੱਗਣੀ ਹੋ ਕੇ 99 ਹੋ ਗਈ, ਜੋ ਇਕ ਢੁੱਕਵਾਂ ਅਕਸ ਪੇਸ਼ ਕਰਦੀ ਹੈ ਪਰ ਇਹ ਪ੍ਰਭਾਵ ਥੋੜ੍ਹੇ ਸਮੇਂ ਲਈ ਸਾਬਤ ਹੋਇਆ। ਹਰਿਆਣਾ ਅਤੇ ਮਹਾਰਾਸ਼ਟਰ ਵਿਚ ਭਾਜਪਾ ਤੋਂ ਮਿਲੀ ਹਾਰ ਨੇ ਇਸ ਨੂੰ ਹਿਲਾ ਕੇ ਰੱਖ ਦਿੱਤਾ।
ਅੱਜ ਇਸ ਦਾ ਹੰਕਾਰ ਇਸ ਵਿਸ਼ਵਾਸ ਤੋਂ ਪੈਦਾ ਹੋਇਆ ਹੈ ਕਿ ਵਿਰੋਧੀ ਏਕਤਾ ਇਸ ਦੇ ਬਿਨਾਂ ਨਹੀਂ ਹੋ ਸਕਦੀ ਕਿਉਂਕਿ ਇਸਦਾ ਰਾਸ਼ਟਰੀ ਪ੍ਰਭਾਵ ਹੈ ਪਰ ਇਹ ਖੇਤਰੀ ਸਹਿਯੋਗੀਆਂ ਦਾ ਸਤਿਕਾਰ ਜਿੱਤਣ ਵਿਚ ਅਸਫਲ ਰਹੀ ਹੈ ਕਿਉਂਕਿ ਇਸ ਦਾ ਹੰਕਾਰ ਇਸ ਦੀ ਕਾਰਗੁਜ਼ਾਰੀ ਨਾਲ ਮੇਲ ਨਹੀਂ ਖਾਂਦਾ। ਇਸ ਦੇ ਨਾਲ ਹੀ, ਇਸ ਨੇ ਤਿੰਨ ਤਲਖ ਹਕੀਕਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ-ਇਹ ਰਾਜਾਂ ਵਿਚ ਬਗਾਵਤ ਦੇ ਨਾਲ ਆਪਣੇ ਘਰ ਨੂੰ ਵਿਵਸਥਿਤ ਰੱਖਣ ਲਈ ਸੰਘਰਸ਼ ਕਰ ਰਹੀ ਹੈ। ਦੂਜਾ, ਹਰਿਆਣਾ ਅਤੇ ਮਹਾਰਾਸ਼ਟਰ ਵਿਚ ‘ਆਪ’ ਅਤੇ ਸਪਾ ਨੂੰ ਸ਼ਾਮਲ ਕਰਨ ਤੋਂ ਇਨਕਾਰ ਕਰਨਾ, ਤੀਜਾ, ਇਸ ਦਾ ਚੋਣ ਗਣਿਤ ਦੋਵਾਂ ਸੂਬਿਆਂ ਵਿਚ ਇਸ ਦੀ ਹਾਰ ਤੋਂ ਦੇਖਿਆ ਜਾ ਸਕਦਾ ਹੈ।
ਮਿਸਾਲ ਵਜੋਂ, ਦਿੱਲੀ ਵਿਚ ਇਸ ਨੇ ‘ਗੱਦਾਰ ਅਤੇ ਫਰਜ਼ੀ’ ਕਹਿ ਕੇ ਕੇਜਰੀਵਾਲ ’ਤੇ ਤਿੱਖਾ ਹਮਲਾ ਕੀਤਾ, ਜਿਸ ਨਾਲ ਨਾ ਸਿਰਫ਼ ‘ਆਪ’ ਸਗੋਂ ਉਨ੍ਹਾਂ ਹੋਰਾਂ ਨੂੰ ਵੀ ਦੂਰ ਕਰ ਦਿੱਤਾ ਗਿਆ ਜੋ ਉਸ ਨੂੰ ਭਾਜਪਾ ਨੂੰ ਹਰਾਉਣ ਲਈ ਸਭ ਤੋਂ ਵਧੀਆ ਦਾਅ ਸਮਝਦੇ ਹਨ। ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਧੜੇ ਵਿਚ ਦਰਾਰਾਂ ਸਪੱਸ਼ਟ ਤੌਰ ’ਤੇ ਦਿਖਾਈ ਦੇਣ ਲੱਗੀਆਂ, ਜਦੋਂ ਸਪਾ ਨੇ ਤਾਕਤ ਦਿਖਾਈ ਅਤੇ ‘ਅਡਾਣੀ ਮੁੱਦਾ’ ਉਠਾਉਣ ’ਚ ਕਾਂਗਰਸ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ। ਇਕ ਬੇਪਰਵਾਹ ਕਾਂਗਰਸ ਨੇ ‘ਲਾਲ ਝੰਡੇ’ ਨੂੰ ਦੇਖਣ ਤੋਂ ਇਨਕਾਰ ਕਰ ਦਿੱਤਾ ਅਤੇ ਸਹਿਯੋਗੀਆਂ ਵਿਚਕਾਰ ਆਮ ਸਹਿਮਤੀ ਬਣਾਉਣ ਦੀ ਬਜਾਏ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਨੂੰ ਤਰਜੀਹ ਦਿੱਤੀ।
ਹਾਲਾਤ ਹੋਰ ਵੀ ਮਾੜੇ ਹਨ, ਜਦੋਂ ਟੀ. ਐੱਮ. ਸੀ. ਨੇ ਇਸ ਧੜੇ ਦੀ ਅਗਵਾਈ ਕਰਨ ਦਾ ਦਾਅਵਾ ਕੀਤਾ। ਦਰਅਸਲ, ਜ਼ਿਆਦਾਤਰ ਖੇਤਰੀ ਪਾਰਟੀਆਂ ਕਮਜ਼ੋਰ ਕਾਂਗਰਸ ਨੂੰ ਤਰਜੀਹ ਦੇਣਗੀਆਂ, ਕਿਉਂਕਿ ਇਸ ਨਾਲ ਬਿਹਾਰ, ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ, ਅਸਾਮ ਅਤੇ ਪੁਡੂਚੇਰੀ ਵਿਚ 2026 ਵਿਚ ਹੋਣ ਵਾਲੀਆਂ ਚੋਣਾਂ ਵਿਚ ਇਸ ਦੀ ਸੌਦੇਬਾਜ਼ੀ ਦੀ ਸ਼ਕਤੀ ਘਟ ਜਾਵੇਗੀ। ਨਤੀਜੇ ਵਜੋਂ, ਕਾਂਗਰਸ ਵਿਰੋਧੀ ਏਕਤਾ ਦਾ ਆਧਾਰ ਅਤੇ ਅੜਿੱਕਾ ਵੀ ਹੈ। ਜਦੋਂ ਤੱਕ ਇਹ ਆਪਣਾ ਹੰਕਾਰ ਨਹੀਂ ਛੱਡਦੀ, ਖੁਦ ਨੂੰ ਸ਼ਾਮਲ ਅਤੇ ਖੇਤਰੀ ਨੇਤਾਵਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਪਹਿਲ ਨਹੀਂ ਕਰਦੀ ਅਤੇ ਝਿਜਕਦਿਆਂ ਹੀ ਸਹੀ, ਸਿਆਸੀ ਜਗ੍ਹਾ ਨਹੀਂ ਦਿੰਦੀ, ਤਦ ਤੱਕ ਏਕਤਾ ਦੀ ਗੱਲਬਾਤ ਸਫਲ ਨਹੀਂ ਹੋਵੇਗੀ।
ਭਾਜਪਾ ਨੂੰ ਹਰਾਉਣ ਅਤੇ ਮੋਦੀ ਨੂੰ ਸੱਤਾ ਤੋਂ ਹਟਾਉਣ ਦਾ ਟੀਚਾ ਸਪੱਸ਼ਟ ਹੈ, ਪਰ ਰਸਤਾ ਹੰਕਾਰ, ਬੋਝ ਅਤੇ ਨਕਾਰਾਤਮਕਤਾ ਨਾਲ ਭਰਿਆ ਹੋਇਆ ਹੈ। ਹੁਣ, ਜਿਵੇਂ-ਜਿਵੇਂ ਦਿੱਲੀ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਟੀ. ਐੱਮ. ਸੀ.-ਸਪਾ ਆਪਣਾ (ਪ੍ਰਤੀਕਾਤਮਕ) ਭਾਰ ‘ਆਪ’ ’ਤੇ ਪਾ ਰਹੀਆਂ ਹਨ ਅਤੇ ਕਾਂਗਰਸ ‘ਆਪ’ ਨਾਲ ਮੁਕਾਬਲਾ ਕਰ ਰਹੀ ਹੈ, ਜੋ ਭਾਜਪਾ ਦੀ ਚੁਣੌਤੀ ਦਾ ਮੁਕਾਬਲਾ ਕਰ ਰਹੀ ਹੈ, ਤਾਂ ‘ਇੰਡੀਆ’ ਦੇ ਸਾਹਮਣੇ ਇਕ ਹੋਂਦ ਦਾ ਸਵਾਲ ਖੜ੍ਹਾ ਹੈ।
ਇਸ ਤੋਂ ਇਲਾਵਾ, ਜ਼ਿਆਦਾਤਰ ਖੇਤਰੀ ਪਾਰਟੀਆਂ ਜਾਂ ਤਾਂ ਕਾਂਗਰਸ ਵਿਰੋਧੀ ਵਿਚਾਰਧਾਰਾ ਤੋਂ ਪੈਦਾ ਹੋਈਆਂ ਜਾਂ ਵੱਖ-ਵੱਖ ਸ਼ਾਖਾਵਾਂ ਵਿਚ ਵੰਡੀਆਂ ਗਈਆਂ ਕਿਉਂਕਿ ਉਨ੍ਹਾਂ ਨੂੰ ਪਹਿਲੇ ਪਰਿਵਾਰ, ਮਮਤਾ ਅਤੇ ਪਵਾਰ ਦੇ ਅਧੀਨ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਆਪਣੀ ਵੱਖਰੀ ਪਛਾਣ ਵਿਕਸਤ ਕਰਨ ਅਤੇ ਸਿਆਸੀ ਆਜ਼ਾਦੀ ਦਾ ਆਨੰਦ ਮਾਣਨ ਤੋਂ ਬਾਅਦ ਉਹ ਕਾਂਗਰਸ ਨੂੰ ਆਪਣੀ ਜਾਗੀਰ ਵਿਚ ਪੈਰ ਜਮਾਉਣ ਵਿਚ ਮਦਦ ਕਰਨ ਦੀ ਸੰਭਾਵਨਾ ਨਹੀਂ ਰੱਖਦੀਆਂ।
ਇਹ ਧੜਾ ਇਹ ਸਮਝਣ ਵਿਚ ਅਸਫਲ ਰਿਹਾ ਹੈ ਕਿ ਗੱਠਜੋੜ ਸਿਰਫ਼ ਮੋਦੀ ਵਿਰੋਧੀ ਥੀਮ ਦੇ ਆਲੇ-ਦੁਆਲੇ ਨਹੀਂ ਬੁਣਿਆ ਜਾ ਸਕਦਾ। ਇਸ ਲਈ ਇਕ ਜੀਵੰਤ ਸਕ੍ਰੀਨਪਲੇਅ (ਪਟਕਥਾ) ਦੀ ਲੋੜ ਹੈ। ਭਾਵੇਂ ਇਹ ਆਪਣੇ ਨਾਂ ਵਿਚ ‘ਸਮਾਵੇਸ਼ੀ’ ਨੂੰ ਉਜਾਗਰ ਕਰਦਾ ਹੈ, ਪਰ ਮੋਦੀ ਨੇ ਤੁਸ਼ਟੀਕਰਨ ਦੀ ਸਿਆਸਤ ਨਾਲ ਸਮਾਨਾਂਤਰਨ ਸਥਾਪਿਤ ਕਰ ਕੇ ਇਸ ਨੂੰ ਹੜੱਪ ਲਿਆ ਹੈ। ਇਸ ਤੋਂ ਇਲਾਵਾ, ਭਾਰਤ ਦੀ ਰੀੜ੍ਹ ਦੀ ਹੱਡੀ ਖੇਤਰੀ ਪਾਰਟੀਆਂ ਹਨ ਅਤੇ ਭਾਜਪਾ ਵਿਰੁੱਧ ਉਨ੍ਹਾਂ ਦੀ ਲੜਾਈ ਵੀ ਇਕ ਦਬੰਗ ਕੇਂਦਰ ਵਿਰੁੱਧ ਵੀ ਹੈ।
ਵੱਡੀ ਦ੍ਰਿੜ੍ਹਤਾ ਜਾਂ ਬੰਧਨਕਾਰੀ ਵਚਨਬੱਧਤਾ ਤੋਂ ਬਿਨਾਂ, ‘ਇੰਡੀਆ’ ਸਖਤ ਸਿਆਸਤ ਦੇ ਤਣਾਅ ਦਾ ਸਾਹਮਣਾ ਨਹੀਂ ਕਰ ਸਕਦਾ ਪਰ ਇਸ ਨੂੰ ਸਥਾਈ ਅਤੇ ਪ੍ਰੇਰਣਾਦਾਇਕ ਬਣਾਉਣ ਲਈ, ਇਸ ਦੇ ਮੁੱਖ ਧਰੁਵ, ਕਾਂਗਰਸ ਨੂੰ ਵੱਡਾ ਅਤੇ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੋਵੇਗੀ ਜਾਂ ਜੇ ਇਸ ਨੂੰ ਭਾਜਪਾ ਵਿਰੋਧੀ ਪਾਰਟੀਆਂ ਅਤੇ ਆਪਣੀ ਤਾਕਤ ਨੂੰ ਇਕੱਠਾ ਕਰਨਾ ਪਵੇ, ਤਾਂ ਇਹ ਵਧੇਰੇ ਉਦਾਰ ਅਤੇ ਨਿਮਰ ਹੋ ਸਕਦਾ ਹੈ, ਥੋੜ੍ਹੇ ਸਮੇਂ ਦੀ ਸਹੂਲਤ ਦੇ ਆਧਾਰ ’ਤੇ ਨਹੀਂ ਬਲਕਿ ਇਕ ਚੰਗੀ ਤਰ੍ਹਾਂ ਸੋਚੀ-ਸਮਝੀ ਅਤੇ ਸਾਂਝੀ ਕਹਾਣੀ ਸੁਣਾਉਣ ਲਈ। ਹੁਣ ਤੱਕ ਦੇ ਸਬੂਤਾਂ ਤੋਂ ਅਜਿਹਾ ਲੱਗਦਾ ਨਹੀਂ ਹੈ। ਅੰਤ ਵਿਚ, ਇਹ ਦੇਖਣਾ ਬਾਕੀ ਹੈ ਕਿ ਕੀ ਵਿਰੋਧੀ ਧਿਰ ਪ੍ਰਸਿੱਧ ਹੋਣ ਅਤੇ ਸਿਰਫ਼ ਭਾਜਪਾ ਵਿਰੋਧੀ ਨਹੀਂ, ਸਗੋਂ ਲੰਬੇ ਸਮੇਂ ਦੇ ਨਜ਼ਰੀਏ ਤੋਂ ਹਰਮਨਪਿਆਰੇ ਹਿੱਤਾਂ ਦਾ ਧਿਆਨ ਰੱਖਣ ਦੇ ਦਰਮਿਆਨ ਸਹੀ ਸੰਤੁਲਨ ਬਣਾਉਣ ਵਿਚ ਕਾਮਯਾਬ ਹੁੰਦੀ ਹੈ ਜਾਂ ਨਹੀਂ। ਕਿਸੇ ਵੀ ਤਰ੍ਹਾਂ ਇਹ ‘ਇੰਡੀਆ’ ਦੇ ਲੋਕਤੰਤਰ ਲਈ ਚੰਗਾ ਹੈ ਕਿ ਹੋਰ ਖੇਤਰੀ ਆਗੂ ਅੰਤ ਵਿਚ ਆਪਣੀ ਪਛਾਣ ਬਣਾ ਸਕਣ।
-ਪੂਨਮ ਆਈ. ਕੌਸ਼ਿਸ਼