ਲੋਕਤੰਤਰ ਦਾ ਦਿਲ ਸਾਡੀ ਸੰਸਦ ਦਾ ਹਾਲ
Friday, Dec 10, 2021 - 03:44 AM (IST)

ਡਾ. ਵੇਦਪ੍ਰਤਾਪ ਵੈਦਿਕ
ਕਿਸੇ ਵੀ ਦੇਸ਼ ਦੀ ਸੰਸਦ ਉਸ ਦੇ ਲੋਕਤੰਤਰ ਦਾ ਦਿਲ ਹੁੰਦੀ ਹੈ। ਸਾਡੀ ਸੰਸਦ ਦੇ ਦਿਲ ਦੀ ਰਫਤਾਰ ਦਾ ਕੀ ਹਾਲ ਹੈ? ਜੇਕਰ ਲੋਕ ਸਭਾ ਅਤੇ ਰਾਜ ਸਭਾ ’ਚ ਮੈਂਬਰਾਂ ਦੀ ਹਾਜ਼ਰੀ ਨੂੰ ਦੇਖੀਏ ਤਾਂ ਸਾਡੇ ਲੋਕਤੰਤਰ ਦਾ ਦਿਲ ਅੱਧੇ ਤੋਂ ਵੀ ਘੱਟ ’ਤੇ ਕੰਮ ਕਰ ਰਿਹਾ ਹੈ। ਹੁਣੇ-ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦ ਮੈਂਬਰਾਂ ਨੂੰ ਕਾਫੀ ਖਰੀਆਂ-ਖਰੀਆਂ ਸੁਣਾਈਆਂ ਸਨ। ਉਨ੍ਹਾਂ ਨੇ ਸਦਨ ’ਚ ਉਨ੍ਹਾਂ ਦੀ ਗੈਰ-ਹਾਜ਼ਰੀ ’ਤੇ ਆਪਣੀ ਨਾਰਾਜ਼ਗੀ ਨੂੰ ਦੋ-ਟੁਕ ਸ਼ਬਦਾਂ ’ਚ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਇਹ ਬਿਲਕੁਲ ਸਹੀ ਕਿਹਾ ਕਿ ਜੇਕਰ ਤੁਸੀਂ ਸਦਨ ’ਚ ਹਾਜ਼ਰ ਰਹਿਣ ਤੋਂ ਕਤਰਾਓਂਗੇ ਤਾਂ ਇਹ ਵੀ ਹੋ ਸਕਦਾ ਹੈ ਕਿ ਤੁਹਾਡਾ ਇਸ ’ਚ ਆਉਣਾ ਬੰਦ ਹੋ ਜਾਵੇ।
ਇਸ ਸਖਤ ਬਿਆਨ ਦੇ ਬਾਵਜੂਦ ਕੱਲ ਲੋਕ ਸਭਾ ’ਚ ਭਾਜਪਾ ਦੇ ਕਿੰਨੇ ਮੈਂਬਰ ਹਾਜ਼ਰ ਸਨ? 11 ਵਜੇ ਸਦਨ ਦਾ ਸੈਸ਼ਨ ਸ਼ੁਰੂ ਹੁੰਦਾ ਹੈ। ਉਸ ਸਮੇਂ ਭਾਜਪਾ ਦੇ ਸਿਰਫ 58 ਮੈਂਬਰ ਅਤੇ 9 ਮੰਤਰੀ ਹਾਜ਼ਰ ਸਨ, ਜਦਕਿ ਭਾਜਪਾ ਦੇ ਕੁਲ ਮੈਂਬਰਾਂ ਦੀ ਗਿਣਤੀ 301 ਹੈ ਅਤੇ ਮੰਤਰੀਆਂ ਦੀ ਗਿਣਤੀ 78 ਹੈ। 543 ਮੈਂਬਰਾਂ ਦੇ ਇਸ ਸਦਨ ’ਚ ਦੁਪਹਿਰ ਤੱਕ ਭਾਜਪਾ ਦੇ 83 ਅਤੇ ਵਿਰੋਧੀ ਧਿਰ ਦੇ 81 ਮੈਂਬਰ ਸਨ।
ਇਹ ਤਾਂ ਹਾਲ ਹੈ ਉਸ ਸਦਨ ਦਾ ਜੋ ਪ੍ਰਭੂਸੱਤਾ ਕਿਹਾ ਜਾਂਦਾ ਹੈ ਭਾਵ ਉਸ ਨੂੰ ਸਰਵਸ਼ਕਤੀਮਾਨ ਮੰਨਿਆ ਜਾਂਦਾ ਹੈ। ਉਸ ਦੀ ਸ਼ਕਤੀ ਇੰਨੀ ਵੱਧ ਹੈ ਕਿ ਉਹ ਕਿਸੇ ਵੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਸੁਪਰੀਮ ਜੱਜ ਨੂੰ ਚੁਟਕੀ ਵਜਾਉਂਦੇ ਹੀ ਹਟਾ ਸਕਦਾ ਹੈ। ਕੋਈ ਵੀ ਕਾਨੂੰਨ ਉਸ ਦੀ ਸਹਿਮਤੀ ਦੇ ਬਿਨਾਂ ਬਣ ਨਹੀਂ ਸਕਦਾ ਪਰ ਕਾਨੂੰਨ ਬਣਾਉਣ ਵਾਲੇ ਜਨਤਾ ਦੇ ਪ੍ਰਤੀਨਿਧੀ ਹੀ ਉਸ ਦੀ ਕਦਰ ਨਹੀਂ ਕਰਦੇ ਤਾਂ ਫਿਰ ਜੋ ਵੀ ਸਰਕਾਰ ਹੋਵੇ, ਉਸ ਨੂੰ ਮਨਮਾਨੀ ਕਰਨ ਲਈ ਖੁੱਲ੍ਹਾ ਛੱਡ ਦਿੰਦੇ ਹਨ ਜਾਂ ਸਰਕਾਰ ਅਤੇ ਸੰਸਦ ਦੀ ਲਗਾਮ ਨੌਕਰਸ਼ਾਹਾਂ ਦੇ ਹੱਥਾਂ ’ਚ ਚਲੀ ਜਾਂਦੀ ਹੈ ਕਿਉਂਕਿ ਮੰਤਰੀ ਲੋਕ ਤਾਂ ਸੰਸਦ ਮੈਂਬਰਾਂ ਤੋਂ ਵੀ ਵੱਧ ਵੋਟ ਅਤੇ ਨੋਟ ਦੇ ਧੰਦੇ ’ਚ ਫਸੇ ਰਹਿੰਦੇ ਹਨ। ਇਸੇ ਕਾਰਨ ਕਈ ਉਲਟੇ-ਸਿੱਧੇ ਕਾਨੂੰਨ ਬਣ ਜਾਂਦੇ ਹਨ, ਜਿਸ ਨੂੰ ਜਾਂ ਤਾਂ ਵਾਪਸ ਲੈਣਾ ਪੈਂਦਾ ਹੈ ਜਾਂ ਉਨ੍ਹਾਂ ’ਚ ਸੋਧ ਕਰਨੀ ਪੈਂਦੀ ਹੈ।
ਬ੍ਰਿਟੇਨ ’ਚ ਲੋਕ ਸਭਾ ਨੂੰ ਹੇਠਲੀ ਸਦਨ ਅਤੇ ਰਾਜ ਸਭਾ ਨੂੰ ਉਚ ਸਦਨ ਕਿਹਾ ਜਾਂਦਾ ਹੈ ਪਰ ਸਾਡੀ ਰਾਜ ਸਭਾ ’ਚ ਅੱਜਕੱਲ ਜਿਵੇਂ ਡਰਾਮੇਬਾਜ਼ੀ ਚੱਲ ਰਹੀ ਹੈ, ਉਹ ‘ਹੇਠਲੇ’ ਸ਼ਬਦ ਨੂੰ ਵੀ ਮਾਤ ਕਰ ਰਹੀ ਹੈ। ਜਿਨ੍ਹਾਂ 12 ਵਿਰੋਧੀ ਧਿਰ ਮੈਂਬਰਾਂ ਨੂੰ ਰਾਜ ਸਭਾ ਤੋਂ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਨੇ ਪਿਛਲੇ ਸੈਸ਼ਨ ’ਚ ਕਾਗਜ਼ ਪਾੜੇ ਸਨ, ਫਾਈਲਾਂ ਖੋਹੀਆਂ ਸਨ, ਮਾਈਕ ਤੋੜ ਦਿੱਤੇ ਸਨ, ਮੇਜ਼ਾਂ ’ਤੇ ਚੜ੍ਹ ਕੇ ਹੱਲਾ ਮਚਾਇਆ ਸੀ ਅਤੇ ਮਾਰਸ਼ਲਾਂ ਦੇ ਨਾਲ ਕੁੱਟ-ਮਾਰ ਵੀ ਕਰ ਦਿੱਤੀ ਸੀ। ਹੁਣ ਵੀ ਪ੍ਰਮੁੱਖ ਵਿਰੋਧੀ ਦਲ ਰਾਜ ਸਭਾ ਦਾ ਬਾਈਕਾਟ ਕਰ ਰਹੇ ਹਨ।
ਉਨ੍ਹਾਂ ਨੂੰ ਚੇਅਰਮੈਨ ਵੈਂਕੱਈਆ ਨਾਇਡੂ ਨੇ ਕਾਫੀ ਠੀਕ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁਅਤਲੀ ਦਾ ਫੈਸਲਾ ਉਨ੍ਹਾਂ ਨੇ ਨਹੀਂ ਕੀਤਾ ਸਗੋਂ ਰਾਜ ਸਭਾ ਨੇ ਮਤਾ ਪਾਸ ਕਰ ਕੇ ਕੀਤਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਸਦਨ ਦੇ ਨੇਤਾ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਆਪਸ ’ਚ ਗੱਲ ਕਰ ਕੇ ਸਾਰੇ ਮਾਮਲੇ ਨੂੰ ਹੱਲ ਕਰਨ।
ਇਸ ਸਮੇਂ ਰਾਜ ਸਭਾ ’ਚ ਜੋ ਵੀ ਬਿੱਲ ਪਾਸ ਹੋ ਰਹੇ ਹਨ, ਉਹ ਬਿਨਾਂ ਵਿਰੋਧੀ ਧਿਰ ਦੇ ਹੀ ਪਾਸ ਹੋ ਰਹੇ ਹਨ। ਜੋ ਮੈਂਬਰ ਮੁਅੱਤਲ ਕੀਤੇ ਗਏ ਹਨ, ਉਹ ਤਾਂ ਆਪਣੀ ਕਰਨੀ ਭੁਗਤ ਹੀ ਰਹੇ ਹਨ ਪਰ ਜੋ ਮੁਅੱਤਲ ਨਹੀਂ ਕੀਤੇ ਗਏ ਹਨ, ਉਨ੍ਹਾਂ ਨੇ ਖੁਦ ਨੂੰ ਮੁਅੱਤਲ ਕਰ ਰੱਖਿਆ ਹੈ। ਕੀ ਇਹ ਚੰਗਾ ਹੋਵੇ ਕਿ ਸਾਡੇ ਸੰਸਦ ਦੇ ਦੋਵੇਂ ਸਦਨ ਆਪਣੇ ਕੰਮ ਠੀਕ ਢੰਗ ਨਾਲ ਕਰਨ ਤਾਂ ਕਿ ਭਾਰਤੀ ਲੋਕਤੰਤਰ ਸਿਹਤਮੰਦ ਅਤੇ ਮਜ਼ਬੂਤ ਬਣਿਆ ਰਹੇ।