ਪਰਿਵਾਰਵਾਦੀ ਸਿਆਸਤ ਦਾ ਵਧਦਾ ਦਾਇਰਾ

Thursday, Oct 03, 2024 - 04:51 PM (IST)

ਪਰਿਵਾਰਵਾਦੀ ਸਿਆਸਤ ਦਾ ਵਧਦਾ ਦਾਇਰਾ

ਭਾਰਤੀ ਸਿਆਸਤ ਨੂੰ ਪਰਿਵਾਰਵਾਦ ਕਿਸ ਤਰ੍ਹਾਂ ਆਪਣੀ ਰੇਂਜ ’ਚ ਲੈ ਚੁੱਕਾ ਹੈ, ਤਮਿਲਨਾਡੂ ਦਾ ਹਾਲੀਆ ਘਟਨਾਕ੍ਰਮ ਇਸ ਦੀ ਮਿਸਾਲ ਹੈ। ਇੱਥੇ ਦ੍ਰਵਿੜ ਮੁਨੇਤਰ ਕਡਗਮ (ਦ੍ਰਮੁਕ) ਦੇ ਮੁਖੀ ਅਤੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਪਾਰਟੀ ਦੇ ਅੰਦਰ ਸੀਨੀਅਰ ਆਗੂਆਂ ਦੀ ਅਣਦੇਖੀ ਕਰਦਿਆਂ ਆਪਣੇ 46 ਸਾਲਾ ਪੁੱਤਰ ਉਦੈਨਿਧੀ ਸਟਾਲਿਨ ਨੂੰ ਉੱਪ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ। 29 ਸਤੰਬਰ ਨੂੰ ਤਮਿਲਨਾਡੂ ਦੇ ਰਾਜਪਾਲ ਆਰ.ਐੱਨ.ਰਵੀ ਵਲੋਂ ਉਦੈਨਿਧੀ ਨਾਲ ਚਾਰ ਹੋਰ ਮੰਤਰੀਆਂ ਨੂੰ ਅਹੁਦੇ -ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ ਸੀ। ਤਮਿਲਨਾਡੂ ਅਤੇ ਦ੍ਰਮੁਕ ’ਚ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦ ਪਿਤਾ ਮੁੱਖ ਮੰਤਰੀ ਅਤੇ ਬੇਟਾ ਉੱਪ ਮੁੱਖ ਮੰਤਰੀ ਰਹੇ ਹੋਣ। ਸਾਲ 2009 ’ਚ ਐੱਮ.ਕੇ. ਸਟਾਲਿਨ ਨੂੰ ਵੀ ਉਨ੍ਹਾਂ ਦੇ ਪਿਤਾ ਅਤੇ ਤੱਤਕਾਲੀ ਮੁੱਖ ਮੰਤਰੀ ਐੱਮ.ਕਰੁਣਾਨਿਧੀ ਨੇ ਉੱਪ ਮੁੱਖ ਮੰਤਰੀ ਬਣਾ ਦਿੱਤਾ ਸੀ।

ਜਿੱਥੇ ਸਟਾਲਿਨ ਦੀ ਚੋਣ ਸਿਆਸਤ ਦੀ ਸ਼ੁਰੂਆਤ ਸਾਲ 1984 ’ਚ ਹੋਈ ਤਾਂ ਉੱਥੇ ਹੀ ਸਟਾਲਿਨ ਦੇ ਬੇਟੇ ਉਦੈਨਿਧੀ ਪਹਿਲੀ ਵਾਰ ਸਾਲ 2021 ’ਚ ਵਿਧਾਇਕ ਚੁਣੇ ਗਏ। ਡੇਢ ਸਾਲ ਬਾਅਦ ਹੀ ਉਦੈਨਿਧੀ ਮੰਤਰੀ ਮੰਡਲ ’ਚ ਸ਼ਾਮਲ ਹੋ ਗਏ ਤਾਂ ਹੁਣ ਉਹ ਸੂਬੇ ਦੇ ਉੱਪ ਮੁੱਖ ਮੰਤਰੀ ਹਨ। ਇਹ ਉਹੀ ਉਦੈਨਿਧੀ ਹਨ ਜਿਨ੍ਹਾਂ ਨੇ ਬੀਤੇ ਸਾਲ ਸਨਾਤਨ ਸੱਭਿਆਚਾਰ ਦੀ ਡੇਂਗੂ-ਮਲੇਰੀਆ-ਕੋਰੋਨਾ ਆਦਿ ਬੀਮਾਰੀਆਂ ਨਾਲ ਤੁਲਨਾ ਕਰਦੇ ਹੋਏ ਉਸ ਨੂੰ ਖਤਮ ਕਰਨ ਦੀ ਗੱਲ ਕਹੀ ਸੀ। ਕਰੁਣਾਨਿਧੀ ਪਰਿਵਾਰ ਦੀ ਤੀਜੀ ਪੀੜ੍ਹੀ ਉਦੈਨਿਧੀ ਦੀ ਹਾਲੀਆ ਪ੍ਰੋਮੋਸ਼ਨ ਅਜਿਹੇ ਸਮੇਂ ਹੋਈ ਹੈ, ਜਦ ਦ੍ਰਮੁਕ ਆਪਣੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਸਾਲ 1949 ’ਚ ਸੀ.ਐੱਨ. ਅੰਨਾਦੁਰੈ ਨੇ ਪਾਰਟੀ ਦੀ ਸਥਾਪਨਾ ਕੀਤੀ ਸੀ। 1969 ’ਚ ਉਨ੍ਹਾਂ ਦੀ ਮੌਤ ਪਿੱਛੋਂ ਪਾਰਟੀ ਦੀ ਕਮਾਂਡ ਕਰੁਣਾਨਿਧੀ ਕੋਲ ਚਲੀ ਗਈ, ਜੋ ਉਸ ਵੇਲੇ ਸੂਬੇ ਦੇ ਮੁੱਖ ਮੰਤਰੀ ਵੀ ਬਣੇ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਸਿਆਸਤ ’ਚ ਆਉਣ ਲਈ ਉਤਸ਼ਾਹਿਤ ਕੀਤਾ।

ਆਪਣੇ ਬੇਟੇ ਸਟਾਲਿਨ ਨੂੰ ਉੱਤਰਾਧਿਕਾਰੀ ਬਣਾਉਣ ਦੀ ਜ਼ਿੱਦ ਨੇ ਵੈਕੋ ਵਰਗੇ ਆਗੂਆਂ ਨੂੰ ਦਰਕਿਨਾਰ ਕਰ ਦਿੱਤਾ, ਜੋ ਤਦ ਕਰੁਣਾਨਿਧੀ ਪਿੱਛੋਂ ਪਾਰਟੀ ਦੀ ਅਗਵਾਈ ਕਰਨ ਲਈ ਸਭ ਤੋਂ ਵੱਧ ਢੁੱਕਵੇਂ ਸਨ। ਇਸ ਕਲੇਸ਼ ਕਾਰਨ 1994 ’ਚ ਦ੍ਰਮੁਕ ਦੀ ਵੰਡ ਹੋ ਗਈ। ਪਾਰਟੀ ’ਚ ਸਟਾਲਿਨ ਨੂੰ ਅਗਲੀ ਚੁਣੌਤੀ ਉਨ੍ਹਾਂ ਦੇ ਹੀ ਵੱਡੇ ਭਰਾ ਐੱਮ.ਕੇ. ਅਲਾਗਿਰੀ ਤੋਂ ਹੀ ਮਿਲੀ, ਜਿਨ੍ਹਾਂ ਨੂੰ 2014 ’ਚ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ। ਕਰੁਣਾਨਿਧੀ ਦੀ ਬੇਟੀ ਕਨੀਮੋਝੀ ਪਾਰਟੀ ਦੀ ਲੋਕ ਸਭਾ ਮੈਂਬਰ ਹੈ। ਦ੍ਰਮੁਕ ਦੇ ਅੰਦਰ ਸਟਾਲਿਨ ਪਿੱਛੋਂ ਉਦੈਨਿਧੀ ਦੇ ਉਭਾਰ ਖਿਲਾਫ ਬਹੁਤ ਘੱਟ ਚੁਣੌਤੀ ਦਿਸਦੀ ਹੈ। ਗਾਂਧੀ ਜੀ ਪਰਿਵਾਰਵਾਦ ਦੇ ਬਹੁਤ ਵਿਰੋਧੀ ਸਨ। ਆਜ਼ਾਦੀ ਪਿੱਛੋਂ ਉਨ੍ਹਾਂ ਦੇ ਵੱਡੇ ਬੇਟੇ ਹਰੀਲਾਲ ਨੇ ਲਾਵਾਰਸਾਂ ਵਾਂਗ ਮੁੰਬਈ ਸਥਿਤ ਹਸਪਤਾਲ ’ਚ ਦਮ ਤੋੜਿਆ ਸੀ।

ਪਰ ਗਾਂਧੀ ਜੀ ਦੇ ਨਾਂ ’ਤੇ ਸਿਆਸਤ ਕਰਦੇ ਹੋਏ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਆਪਣੀ ਇਕਲੌਤੀ ਬੇਟੀ ਇੰਦਰਾ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾ ਕੇ ਦੇਸ਼ ’ਚ ਵੰਸ਼ਵਾਦੀ ਸਿਆਸਤ ਦਾ ਬੀਜ ਬੀਜ ਦਿੱਤਾ ਸੀ। ਉਸ ਸਮੇਂ ਦੌਰਾਨ ਤਾਨਾਸ਼ਾਹੀ ਮਾਨਸਿਕਤਾ ਦੀ ਪਛਾਣ ਕਰਵਾਉਂਦਿਆਂ ਇੰਦਰਾ ਨੇ ਪੰਡਿਤ ਨਹਿਰੂ ਨੂੰ ਲੋਕਾਂ ਵਲੋਂ ਚੁਣੀ ਕੇਰਲ ਦੀ ਤੱਤਕਾਲੀ ਖੱਬੇਪੱਖੀ ਸਰਕਾਰ ਨੂੰ ਬਰਖਾਸਤ ਕਰਨ ਅਤੇ ਉੱਥੇ ਰਾਸ਼ਟਰਪਤੀ ਸ਼ਾਸਨ ਲਾਉਣ ਨੂੰ ਮਜਬੂਰ ਕਰ ਦਿੱਤਾ ਸੀ। ਇਸ ਘਟਨਾਕ੍ਰਮ ਨੇ ਕਾਂਗਰਸ ’ਚ ਇਕ ਵਿਅਕਤੀ ਅਤੇ ਇਕ ਪਰਿਵਾਰ ਨਾਲ ਪੂਰੇ ਦੇਸ਼ ਅਤੇ ਪਾਰਟੀ ਦੀ ਪਛਾਣ ਨੂੰ ਜੋੜਨ ਦੀ ਗੈਰ-ਜਮਹੂਰੀ ਰਵਾਇਤ ਦੀ ਨੀਂਹ ਰੱਖ ਦਿੱਤੀ। ਵਿਅਕਤੀਵਾਦ ਤੋਂ ਪ੍ਰੇਰਿਤ ਹੋ ਕੇ ਇੰਦਰਾ ਨੇ ਨਾ ਸਿਰਫ ਦੇਸ਼ ’ਤੇ ਐਮਰਜੈਂਸੀ (1975-77) ਲਾ ਦਿੱਤੀ, ਨਾਲ ਹੀ ਆਪਣੇ ਛੋਟੇ ਬੇਟੇ ਸੰਜੇ ਗਾਂਧੀ ਨੂੰ ਆਪਣਾ ਉੱਤਰਾਧਿਕਾਰੀ ਵੀ ਬਣਾਉਣਾ ਸ਼ੁਰੂ ਕਰ ਦਿੱਤਾ। ਤਦ ਸੰਜੇ ਬਿਨਾਂ ਕਿਸੇ ਅਧਿਕਾਰ ਦੇ ਤੱਤਕਾਲੀ ਇੰਦਰਾ ਸਰਕਾਰ ਦੇ ਕੰਮਕਾਜ ’ਚ ਦਖਲ ਦਿੰਦੇ ਸਨ।

ਜੂਨ 1980 ’ਚ ਹਵਾਈ ਹਾਦਸੇ ’ਚ ਸੰਜੇ ਦੀ ਮੌਤ ਪਿੱਛੋਂ ਰਾਜੀਵ ਰਸਮੀ ਤੌਰ ’ਤੇ ਸਿਆਸਤ ’ਚ ਆਏ, ਜੋ ਸਮਾਂ ਪਾ ਕੇ ਆਪਣੀ ਮਾਂ ਦੀ ਬੇਰਹਿਮ ਹੱਤਿਆ ਪਿੱਛੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। ਇਸ ਪਿੱਛੋਂ ਕੁਝ ਅਪਵਾਦ ਨੂੰ ਛੱਡ ਦੇਈਏ ਤਾਂ ਕਾਂਗਰਸ ’ਤੇ ਪ੍ਰਤੱਖ-ਅਪ੍ਰਤੱਖ ਤੌਰ ’ਤੇ ਨਹਿਰੂ-ਗਾਂਧੀ ਪਰਿਵਾਰ (ਸੋਨੀਆ-ਰਾਹੁਲ-ਪ੍ਰਿਅੰਕਾ) ਦਾ ਦਬਦਬਾ ਹੈ ਅਤੇ ਪਾਰਟੀ ’ਚ ਯੋਗਤਾ -ਹੁਨਰ ਦਾ ਪੱਧਰ ਇਸੇ ਪਰਿਵਾਰ ਤਕ ਸੀਮਤ ਹੈ। ਪਿਛਲੇ ਸੱਤ ਦਹਾਕਿਆਂ ’ਚ ਕਾਂਗਰਸ ਨੇ ਜੋ ਵੰਸ਼ਵਾਦ ਪ੍ਰੇਰਿਤ ਸਿਆਸੀ ਮਿਸਾਲ ਪੇਸ਼ ਕੀਤੀ ਹੈ, ਉਸ ਦਾ ਨਤੀਜਾ ਹੈ ਕਿ ਦੇਸ਼ ’ਚ ਕਈ ਪਾਰਟੀਆਂ (ਛੋਟੇ-ਛੋਟੇ ਦਲ) ਪਰਿਵਾਰਵਾਦ ’ਚ ਗ੍ਰਸਤ ਹੋ ਚੁੱਕੀਆਂ ਹਨ, ਜੋ ਵਰਤਮਾਨ ’ਚ ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵਾਂ ’ਚ ਮਿਲ ਜਾਣਗੀਆਂ। ਸਮਾਜਵਾਦੀ ਪਾਰਟੀ ਦੀ ਸਥਾਪਨਾ ਮੁਲਾਇਮ ਸਿੰਘ ਯਾਦਵ ਨੇ ਕੀਤੀ ਸੀ। ਬਾਅਦ ’ਚ ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਆਪਣੇ ਪਿਤਾ ਵਾਂਗ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਅਤੇ ਅੱਜ ਪਾਰਟੀ ਦੀ ਅਗਵਾਈ ਕਰ ਰਹੇ ਹਨ। ਮੁਲਾਇਮ ਪਰਿਵਾਰ ਦੇ ਹੋਰ ਕਈ ਮੈਂਬਰ ਵੱਖ-ਵੱਖ ਅਹੁਦਿਆਂ (ਸੰਸਦ ਮੈਂਬਰ ਸਮੇਤ) ’ਤੇ ਹਨ। ਰਾਸ਼ਟਰੀ ਜਨਤਾ ਦਲ ਦੀ ਸਥਿਤੀ ਵੱਖਰੀ ਨਹੀਂ ਹੈ। ਇਸ ਦੀ ਸ਼ੁਰੂਆਤ ਲਾਲੂ ਪ੍ਰਸਾਦ ਯਾਦਵ ਨੇ ਕੀਤੀ ਸੀ, ਜਿਸ ਨੂੰ ਹੁਣ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਸੰਭਾਲ ਰਹੇ ਹਨ।

ਲਾਲੂ ਦੀ ਪਤਨੀ ਰਾਬੜੀ ਦੇਵੀ ਵੀ ਆਪਣੇ ਪਤੀ ਵਾਂਗ ਬਿਹਾਰ ਦੀ ਮੁੱਖ ਮੰਤਰੀ ਰਹੀ ਹੈ। ਸ਼ਰਦ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ ਸਾਲ 1999 ’ਚ ਖੜ੍ਹਾ ਕੀਤਾ ਸੀ, ਜੋ ਪਰਿਵਾਰਕ ਕਲੇਸ਼ ਕਾਰਨ ਪਿੱਛਲੇ ਸਾਲ ਦੋਫਾੜ ਹੋ ਗਈ। ਪਵਾਰ ਦੀ ਬੇਟੀ ਸੁਪ੍ਰਿਆ ਸੁਲੇ ਆਪਣੇ ਪਿਤਾ ਦੀ ਪਾਰਟੀ ’ਚ ਕਾਰਜਕਾਰੀ ਪ੍ਰਧਾਨ ਅਤੇ ਸੰਸਦ ਮੈਂਬਰ ਹਨ। ਪਾਰਟੀ ਟੁੱਟਣ ਤੋਂ ਪਹਿਲਾਂ ਸ਼ਿਵ ਸੈਨਾ ਦੀ ਕਮਾਨ ਵੀ ਬਾਲ ਠਾਕਰੇ ਦੇ ਪਿੱਛੋਂ ਬੇਟੇ ਉੱਧਵ ਅਤੇ ਪੋਤੇ ਆਦਿਤਿਆ ਦੇ ਹੱਥਾਂ ’ਚ ਸੀ। ਤ੍ਰਿਣਮੂਲ ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ’ਚ ਭੂਆ (ਮਮਤਾ-ਮਾਇਆ) ਅਤੇ ਭਤੀਜਿਆਂ (ਅਭਿਸ਼ੇਕ-ਆਕਾਸ਼) ਦਾ ਗਲਬਾ ਹੈ। ਕਸ਼ਮੀਰ ਦੀ ਸਿਆਸਤ ’ਚ ਦਹਾਕਿਆਂ ਤੋਂ ਦੋ ਪਰਿਵਾਰਾਂ -ਅਬਦੁੱਲਾ (ਸ਼ੇਖ -ਫਾਰੂਖ-ਉਮਰ) ਅਤੇ ਮੁਫਤੀ (ਸਈਦ-ਮਹਿਬੂਬਾ-ਇਲਤਜਾ) ਦਾ ਦਬਦਬਾ ਹੈ , ਜਿਸ ਨੂੰ ਧਾਰਾ 370-35ਏ ਦੇ ਸੰਵਿਧਾਨਕ ਖੋਰੇ ਪਿੱਛੋਂ ਵੱਡੀ ਚੁਣੌਤੀ ਮਿਲ ਰਹੀ ਹੈ।

ਵਰਤਮਾਨ ਸੱਤਾਧਾਰੀ ਰਾਜਗ ਸਰਕਾਰ ਦੀ ਸਹਿਯੋਗੀ ਲੋਕ ਜਨਸ਼ਕਤੀ ਪਾਰਟੀ ਵੀ ਪਰਿਵਾਰਵਾਦ ਦੇ ਦੋਸ਼ਾਂ ’ਚ ਘਿਰੀ ਹੈ। ਇਸ ਦੀ ਸਥਾਪਨਾ ਰਾਮਵਿਲਾਸ ਪਾਸਵਾਨ ਨੇ ਕੀਤੀ ਸੀ, ਜਿਨ੍ਹਾਂ ਦੀ ਮੌਤ ਪਿੱਛੋਂ ਉਨ੍ਹਾਂ ਦੇ ਭਰਾ ਪਸ਼ੂਪਤੀ ਕੁਮਾਰ ਨੇ ਪਾਰਟੀ ਨੂੰ ਸੰਭਾਲਿਆ ਅਤੇ ਹੁਣ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਪਾਰਟੀ ਦੀ ਅਗਵਾਈ ਕਰ ਰਹੇ ਹਨ। ਇਸੇ ਤਰ੍ਹਾਂ ਤੇਲਗੂ ਦੇਸ਼ਮ ਪਾਰਟੀ ਨੂੰ ਐੱਨ.ਟੀ. ਰਾਮਾਰਾਓ ਨੇ ਸਥਾਪਿਤ ਕੀਤਾ ਸੀ, ਜਿਸ ਦੀ ਅਗਵਾਈ ਉਨ੍ਹਾਂ ਦੇ ਜਵਾਈ ਚੰਦਰਬਾਬੂ ਨਾਇਡੂ ਕਰ ਰਹੇ ਹਨ, ਜਿਨ੍ਹਾਂ ਦੇ ਬੇਟੇ ਨਾਰਾ ਲੋਕੇਸ਼ ਆਪਣੇ ਪਿਤਾ ਦੀ ਅਗਵਾਈ ਵਾਲੀ ਆਂਧਰਾ ਸਰਕਾਰ ’ਚ ਮੰਤਰੀ ਹਨ। ਕਰਨਾਟਕ ਦੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵੇਗੌੜਾ ਵਲੋਂ ਸਥਾਪਿਤ ਜਨਤਾ ਦਲ (ਸੈਕੂਲਰ) ’ਤੇ ਵੀ ਉਨ੍ਹਾਂ ਦੇ ਹੀ ਪਰਿਵਾਰ ਦਾ ਦਬਦਬਾ ਹੈ। ਇਹੀ ਸਥਿਤੀ ਓਡਿਸ਼ਾ ’ਚ ਬੀਜੂ ਜਨਤਾ ਦਲ ਦੀ ਵੀ ਹੈ। ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਾਦਲ ਪਰਿਵਾਰ ਦੇ ਹੱਥਾਂ ’ਚ ਹੈ, ਜਿਸ ਦਾ ਬੀਤੇ ਦਿਨੀਂ ਬਹੁਤ ਵਿਰੋਧ ਵੀ ਹੋਇਆ ਸੀ।

ਅਸਲ ’ਚ ਮੌਜੂਦਾ ਦੌਰ ’ਚ ਦੇਸ਼ ’ਚ ਦੋ ਹੀ ਸਿਆਸੀ ਪਾਰਟੀਆਂ-ਭਾਜਪਾ ਅਤੇ ਖੱਬੇਪੱਖੀ ਪਾਰਟੀਆਂ ਅਜਿਹੀਆਂ ਹਨ, ਜੋ ਪਰਿਵਾਰਵਾਦ ਦੇ ਰੋਗ ਤੋਂ ਮੁਕਤ ਦਿਸਦੀਆਂ ਹਨ। ਇਨ੍ਹਾਂ ਦੋਵਾਂ, ਜੋ ਇਕ-ਦੂਜੇ ਦੇ ਵਿਚਾਰਕ ਤੌਰ ’ਤੇ ਵਿਰੋਧੀ ਹਨ-ਉੱਥੇ ਕੇਂਦਰੀ ਪੱਧਰ ’ਤੇ ਕਿਸੇ ਇਕ ਪਰਿਵਾਰ ਦਾ ਕੰਟਰੋਲ ਨਹੀਂ ਹੈ। ਜਦੋਂ ਭਾਰਤ 2047 ਤਕ ਵਿਕਸਤ ਹੋਣ ਦਾ ਸੁਫਨਾ ਦੇਖ ਰਿਹਾ ਹੈ, ਕੀ ਤਦ ਇਸ ਦੌਰਾਨ ਭਾਰਤੀ ਸਿਆਸਤ ਦੇ ਸੌੜੇ ਪਰਿਵਾਰਵਾਦ ਤੋਂ ਮੁਕਤ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ?

-ਬਲਬੀਰ ਪੁੰਜ


author

Tanu

Content Editor

Related News