ਮਹਾਨ ਸਮਾਜ ਸੁਧਾਰਕ ਤੇ ਮਹਿਲਾ ਸਿੱਖਿਆ ਦੇ ਅਗਰਦੂਤ ਸਨ ਜਯੋਤਿਬਾ ਫੁਲੇ

04/11/2021 2:23:53 AM

ਬੰਡਾਰੂ ਦੱਤਾਤ੍ਰੇਅ
ਮਾਣਯੋਗ ਰਾਜਪਾਲ, ਹਿਮਾਚਲ ਪ੍ਰਦੇਸ਼

ਵੱਡੀ ਗਿਣਤੀ ’ਚ ਅਜਿਹੇ ਲੋਕ ਹੋਏ ਜਿਨ੍ਹਾਂ ਨੇ ਭਾਰਤੀ ਇਤਿਹਾਸ ਦੀ ਧਾਰਾ ਹੀ ਬਦਲ ਦਿੱਤੀ। ਇਹ ਸਮਾਜ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ। ਅਜਿਹੀ ਹੀ ਮਹਾਨ ਸ਼ਖਸੀਅਤ ਸੀ, ਜਯੋਤਿਰਾਓ ਗੋਵਿੰਦਰਾਓ ਫੁਲੇ ਦੀ, ਜੋ ਮਹਾਤਮਾ ਫੁਲੇ ਦੇ ਨਾਂ ਨਾਲ ਪ੍ਰਸਿੱਧ ਸਨ।

ਉਹ ਅਤੇ ਉਨ੍ਹਾਂ ਦੀ ਧਰਮਪਤਨੀ ਸਾਵਿੱਤਰੀਬਾਈ ਫੁਲੇ ਨੂੰ ਭਾਰਤ ’ਚ ਮਹਿਲਾ ਸਿੱਖਿਆ ਦਾ ਅਗਰਦੂਤ ਵੀ ਕਿਹਾ ਜਾਂਦਾ ਹੈ। ਭਾਵੀ ਪੀੜ੍ਹੀ ਨੂੰ ਨਾ ਸਿਰਫ ਉਨ੍ਹਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਸ਼ਾਨਦਾਰ ਕਾਰਜਾਂ ਨੂੰ ਜਾਣਨਾ ਚਾਹੀਦਾ ਹੈ ਸਗੋਂ ਉਨ੍ਹਾਂ ਦੇ ਯੋਗਦਾਨ ਨੂੰ ਵੀ ਪ੍ਰਵਾਨ ਕਰਨਾ ਚਾਹੀਦਾ ਹੈ, ਜਿਸ ਨੇ ਅਣਗਿਣਤ ਲੋਕਾਂ ਦੀ ਜ਼ਿੰਦਗੀ ਨੂੰ ਸਾਰਥਕ ਬਣਾਇਆ।

ਅੱਜ ਉਨ੍ਹਾਂ ਦੀ ਜਯੰਤੀ ਹੈ। ਜਯੋਤਿਰਾਓ ਗੋਵਿੰਦਰਾਓ ਫੁਲੇ ਦਾ ਜਨਮ 11 ਅਪ੍ਰੈਲ, 1827 ’ਚ ਹੋਇਆ ਅਤੇ 28 ਨਵੰਬਰ, 1890 ਨੂੰ ਉਨ੍ਹਾਂ ਦੀ ਮੌਤ ਤੱਕ ਉਨ੍ਹਾਂ ਨੇ ਬਰਾਬਰੀ ਤੇ ਨਿਆਂਪੂਰਨ ਸਮਾਜ ਲਈ ਅਣਥੱਕ ਮਿਹਨਤ ਕੀਤੀ।

ਉਨ੍ਹਾਂ ਦਾ ਪਰਿਵਾਰ ਮਾਲੀ ਜਾਤੀ ਨਾਲ ਸਬੰਧਤ ਸੀ ਅਤੇ ਪਰਿਵਾਰ ਦਾ ਮੂਲ ਉਪ ਨਾਂ ਗੋਰੇ ਸੀ ਪਰ ਫੁੱਲਾਂ ਨਾਲ ਜੁੜੇ ਕਾਰੋਬਾਰ ਕਾਰਣ ਉਨ੍ਹਾਂ ਨੇ ਫੁਲੇ (ਫੁੱਲ ਵਾਲਾ ਆਦਮੀ) ਦੇ ਨਾਂ ਨੂੰ ਅਪਣਾਇਆ। ਸ਼ਾਹੀ ਦਰਬਾਰ ਦੇ ਸਮਾਗਮਾਂ ਲਈ ਫੁੱਲਾਂ ਦੀ ਬਿਹਤਰੀਨ ਸਜਾਵਟ ਤੋਂ ਪ੍ਰਭਾਵਿਤ ਹੋ ਕੇ ਪੇਸ਼ਵਾਜੀ ਰਾਓ ਦੂਜੇ ਨੇ ਉਨ੍ਹਾਂ ਨੂੰ 35 ਏਕੜ ਜ਼ਮੀਨ ਦਾਨ ਦਿੱਤੀ। ਜਯੋਤਿਰਾਓ ਫੁਲੇ ਜਦੋਂ ਸਿਰਫ 1 ਸਾਲ ਦੇ ਸਨ ਤਾਂ ਉਨ੍ਹਾਂ ਦੀ ਮਾਤਾ ਚਿਮਨਾਬਾਈ ਦੀ ਮੌਤ ਹੋ ਗਈ। ਨੀਵੀਂ ਜਾਤੀ ਨਾਲ ਸਬੰਧਤ ਬੱਚੇ ਦੇ ਲਈ ਉੱਚ ਜਾਤੀ ਦੇ ਬੱਚਿਆਂ ਨਾਲ ਸਿੱਖਿਆ ਦੀ ਰੀਝ ਪੂਰੀ ਕਰਨੀ ਔਖੀ ਸੀ। ਸਿੱਖਿਆ ਉਨ੍ਹਾਂ ਦੇ ਭਾਈਚਾਰੇ ਲਈ ਪਹਿਲ ਵੀ ਨਹੀਂ ਸੀ।

ਹਾਲਾਂਕਿ ਇਕ ਇਸਾਈ ਨੇ ਆਪਣੀ ਜਾਤੀ ਤੋਂ ਧਰਮ ਬਦਲ ਕੇ ਜਯੋਤਿਰਾਓ ਦੇ ਪਿਤਾ ਨੂੰ ਸਥਾਨਕ ਸਕਾਟਿਸ਼ ਮਿਸ਼ਨ ਹਾਈ ਸਕੂਲ ’ਚ ਦਾਖਲਾ ਲੈਣ ਦੀ ਇਜਾਜ਼ਤ ਦੇ ਦਿੱਤੀ। ਇਸ ਤਰ੍ਹਾਂ ਜਯੋਤਿਰਾਓ ਫੁਲੇ ਨੇ 1847 ’ਚ ਅੰਗਰੇਜ਼ੀ ’ਚ ਆਪਣੀ ਸਿੱਖਿਆ ਪੂਰੀ ਕੀਤੀ।

ਸਾਲ 1948 ’ਚ ਉਨ੍ਹਾਂ ਦੀ ਜ਼ਿੰਦਗੀ ’ਚ ਇਕ ਮਹੱਤਵਪੂਰਨ ਮੋੜ ਆਇਆ ਜਦੋਂ ਉਨ੍ਹਾਂ ਨੇ ਇਕ ਬ੍ਰਾਹਮਣ ਮਿੱਤਰ ਦੇ ਵਿਆਹ ’ਚ ਹਿੱਸਾ ਲਿਆ। ਵਿਆਹ ਸਮਾਰੋਹ ’ਚ ਦੋਸਤ ਦੇ ਮਾਤਾ-ਪਿਤਾ ਨੇ ਉਸ ਦਾ ਨਿਰਾਦਰ ਕੀਤਾ ਸੀ। ਇਸ ਘਟਨਾ ਨੇ ਨੌਜਵਾਨ ਜਯੋਤਿਰਾਓ ’ਤੇ ਡੂੰਘਾ ਅਸਰ ਪਾਇਆ ਅਤੇ ਉਨ੍ਹਾਂ ਨੇ ਜਾਤੀ ਵਿਵਸਥਾ ਦੀ ਬੇਇਨਸਾਫੀ ਨਾਲ ਲੜਨ ਦਾ ਫੈਸਲਾ ਕੀਤਾ।

ਉਸੇ ਸਾਲ ਉਨ੍ਹਾਂ ਨੇ ਅਹਿਮਦ ਨਗਰ ’ਚ ਇਸਾਈ ਮਿਸ਼ਨਰੀਆਂ ਵੱਲੋਂ ਚਲਾਏ ਜਾ ਰਹੇ ਲੜਕੀਆਂ ਦੇ ਸਕੂਲ ਦਾ ਦੌਰਾ ਕੀਤਾ। 1848 ’ਚ ਉਨ੍ਹਾਂ ਨੇ ਥਾਮਸ ਪਾਈਨ ਦੀ ਪੁਸਤਕ ‘ਰਾਈਟਸ ਆਫ ਮੈਨ’ ਪੜ੍ਹੀ ਸੀ ਅਤੇ ਸਮਾਜਿਕ ਨਿਆਂ ਦੀ ਡੂੰਘੀ ਭਾਵਨਾ ਵਿਕਸਿਤ ਕੀਤੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸ਼ੋਸ਼ਿਤ ਵਰਗਾਂ ਦੀ ਸਿੱਖਿਆ ਉਨ੍ਹਾਂ ਦੀ ਮੁਕਤੀ ਲਈ ਮਹੱਤਵਪੂਰਨ ਸੀ। ਉਨ੍ਹਾਂ ਦਾ ਵਿਆਹ 13 ਸਾਲ ਦੀ ਉਮਰ ’ਚ ਹੋਇਆ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਪੜ੍ਹਨਾ ਅਤੇ ਲਿਖਣਾ ਸਿਖਾਇਆ ਅਤੇ ਫਿਰ ਉਨ੍ਹਾਂ ਨੇ ਭਾਰਤ ’ਚ ਲੜਕੀਆਂ ਲਈ ਪਹਿਲਾ ਸਵਦੇਸ਼ੀ ਸਕੂਲ ਆਰੰਭ ਕੀਤਾ।

ਉਨ੍ਹਾਂ ਨੇ ਸਾਰੇ ਲੋਕਾਂ ਵੱਲੋਂ ਸ਼ੋਸ਼ਿਤ ਨੀਵੀਂ ਜਾਤੀ ਦੇ ਲੋਕਾਂ ਲਈ ਬਰਾਬਰ ਅਧਿਕਾਰਾਂ ਲਈ ਕੰਮ ਕਰਨ ਲਈ ‘ਸਤਯਸ਼ੋਧਕ ਸਮਾਜ’ (ਸੁਸਾਇਟੀ ਆਫ ਟਰੁੱਥ ਸੀਕਰਸ) ਦੀ ਵੀ ਸਥਾਪਨਾ ਕੀਤੀ। ਪੁਣੇ ਦੇ ਰੂੜੀਵਾਦੀ ਉੱਚ ਜਾਤੀ ਦੇ ਸਮਾਜ ਨੇ ਲੜਕੀਆਂ ਦੇ ਸਕੂਲ ਨੂੰ ਮਨਜ਼ੂਰੀ ਨਹੀਂ ਦਿੱਤੀ, ਬੇਸ਼ੱਕ ਹੀ ਕੁਝ ਭਾਰਤੀਆਂ ਅਤੇ ਯੂਰਪੀ ਲੋਕਾਂ ਨੇ ਉਸ ਦਾ ਸਮਰਥਨ ਕੀਤਾ ਅਤੇ ਉਸ ਦੀ ਮਦਦ ਕੀਤੀ।

 

ਉਨ੍ਹਾਂ ਨੇ ਵਿਧਵਾਵਾਂ ਵੱਲੋਂ ਸਿਰ ਮੰੁਨਵਾਉਣ ਵਰਗੇ ਭਿਆਨਕ ਰੀਤੀ-ਰਿਵਾਜਾਂ ਦਾ ਅਨੁਭਵ ਕੀਤਾ। ਨੌਜਵਾਨ ਜਯੋਤਿਬਾ ਫੁਲੇ ਨੇ ਇਹ ਵੀ ਦੇਖਿਆ ਕਿ ਕਿਵੇਂ ਅਛੂਤ ਔਰਤਾਂ ਨੂੰ ਨੰਗਾ ਨਾਚ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਅੱਜ ਦੇ ਬੱਚੇ ਇਸ ਨੂੰ ਸਿਰਫ ਕਲਪਨਾ ਸਮਝ ਸਕਦੇ ਹਨ ਪਰ ਉਨ੍ਹਾਂ ਦਿਨਾਂ ਦਾ ਭਾਰਤ ਦੀ ਇਹ ਸੱਚਾਈ ਸੀ।

ਇਸ ਨਾ-ਸਹਿਣਯੋਗ ਬੇਇਨਸਾਫੀ ਦੇ ਕਾਰਣ ਉਨ੍ਹਾਂ ਨੇ ਮਹਿਲਾਵਾਂ ਨੂੰ ਸਿੱਖਿਅਤ ਕਰਨ ਦਾ ਫੈਸਲਾ ਲਿਆ। ਉਨ੍ਹਾਂ ਨੇ ਵਿਧਵਾ ਪੁਨਰਵਿਆਹ ਦਾ ਸਮਰਥਨ ਕੀਤਾ। ਉਨ੍ਹਾਂ ਨੇ 1863 ’ਚ ਪ੍ਰਮੁੱਖ ਜਾਤੀ ਦੀਅਾਂ ਗਰਭਵਤੀ ਔਰਤਾਂ ਲਈ ਸੁਰੱਖਿਅਤ ਰਿਹਾਇਸ਼ ਸ਼ੁਰੂ ਕੀਤੀ, ਜਿਸ ’ਚ ਵਿਧਵਾਵਾਂ ਸਮੇਤ ਹੋਰ ਔਰਤਾਂ ਬੱਚੇ ਨੂੰ ਜਨਮ ਦੇ ਸਕਦੀਆਂ ਸਨ।

ਜਯੋਤਿਬਾ ਨੇ ਇਕ ਬ੍ਰਾਹਮਣ ਪੁਜਾਰੀ ਦੇ ਬਿਨਾਂ ਵਿਆਹ ਸਮਾਰੋਹ ਸ਼ੁਰੂ ਕੀਤਾ, ਜਿਸ ਨੂੰ ਮੁੰਬਈ ਹਾਈਕੋਰਟ ਨੇ ਮਾਨਤਾ ਦਿੱਤੀ ਸੀ। ਮਹਾਤਮਾ ਫੁਲੇ ਬਾਲ-ਵਿਆਹ ਵਿਰੋਧੀ ਅਤੇ ਵਿਧਵਾ ਵਿਆਹ ਸਮਰਥਕ ਸਨ। ਉਨ੍ਹਾਂ ਨੇ ਸ਼ੋਸ਼ਿਤ ਜਾਤੀਆਂ ਦੇ ਆਲੇ-ਦੁਆਲੇ ਦੇ ਸਮਾਜਿਕ ਵਿਤਕਰੇ ਦੇ ਕਲੰਕ ਨੂੰ ਖਤਮ ਕਰਨ ਲਈ ਆਪਣਾ ਘਰ ਅਤੇ ਸ਼ੋਸ਼ਿਤ ਜਾਤੀਆਂ ਦੇ ਮੈਂਬਰਾਂ ਲਈ ਖੂਹ ਦੇ ਪਾਣੀ ਦੀ ਵਰਤੋਂ ਕਰਨ ਦਾ ਕੰਮ ਲਿਆ। ਉਨ੍ਹਾਂ ਨੂੰ ਮਰਾਠੀ ਸ਼ਬਦ ਦਲਿਤ (ਖੰਡਿਤ, ਕੁਚਲੇ) ਨੂੰ ਉਨ੍ਹਾਂ ਲੋਕਾਂ ਲਈ ਵਰਤੋਂ ’ਚ ਲਿਆਉਣ ਦਾ ਸਿਹਰਾ ਜਾਂਦਾ ਹੈ ਜੋ ਰਵਾਇਤੀ ਵਰਣ ਵਿਵਸਥਾ ਤੋਂ ਬਾਹਰ ਸਨ।

 

ਸਾਲ 2014 ’ਚ ਮੈਨੂੰ ਓ. ਬੀ. ਸੀ. ’ਤੇ ਸੰਸਦੀ ਕਮੇਟੀ ਦਾ ਮੁਖੀ ਬਣਾਇਆ ਗਿਆ ਸੀ। ਮੈਂ ਦੇਸ਼ ਦੀ ਵਿਆਪਕ ਯਾਤਰਾ ਕੀਤਾ, ਓ. ਬੀ. ਸੀ. ਸੰਗਠਨਾਂ ਦੇ ਪ੍ਰਤੀਨਿਧੀਆਂ ਨੂੰ ਮਿਲਿਆ ਅਤੇ ਇਨ੍ਹਾਂ ਜਾਤੀਆਂ ਤੇ ਵਰਗਾਂ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਆਮ ਮੰਗਾਂ ’ਚੋਂ ਇਕ ਓ. ਬੀ. ਸੀ. ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇ ਰਿਹਾ ਸੀ।

ਸਾਨੂੰ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਧਰਮਪਤਨੀ ਦੁਆਰਾ ਕੀਤੇ ਗਏ ਕਾਰਜਾਂ ਬਾਰੇ ਸਕੂਲੀ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ। ਸਾਨੂੰ ਸਮਾਜਿਕ ਤਾਲਮੇਲ ਅਤੇ ਸਦਭਾਅ ਲਈ ਕੰਮ ਕਰਨ ਲਈ ‘ਸਤਯਸ਼ੋਧਕ ਸਮਾਜ’ ਵਰਗੇ ਸੰਗਠਨਾਂ ਦੀ ਲੋੜ ਹੈ।


Bharat Thapa

Content Editor

Related News