ਮਹਾਮਾਰੀ ਦਾ ਕਿਸੇ ਵੀ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ

04/19/2021 2:34:32 AM

ਵਿਨੀਤ ਨਾਰਾਇਣ
ਪਿਛਲੇ ਸਾਲ ਕੋਰੋਨਾ ਨੇ ਜਦ ਅਚਾਨਕ ਦਸਤਕ ਦਿੱਤੀ ਤਾਂ ਪੂਰੀ ਦੁਨੀਆ ਰੁਕ ਗਈ ਸੀ। ਸਦੀਆਂ ’ਚ ਕਿਸੇ ਨੂੰ ਕਦੀ ਅਜਿਹਾ ਡਰਾਉਣਾ ਅਨੁਭਵ ਨਹੀਂ ਹੋਇਆ ਸੀ। ਹਰ ਤਰ੍ਹਾਂ ਦੀਆਂ ਅਟਕਲਾਂ ਅਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ। ਇਕ-ਦੂਸਰੇ ਦੇਸ਼ਾਂ ’ਤੇ ਕੋਰੋਨਾ ਫੈਲਾਉਣ ਦੇ ਦੋਸ਼ ਲੱਗਣ ਲੱਗੇ।

ਚੀਨ ਨੂੰ ਸਾਰਿਆਂ ਨੇ ਨਿਸ਼ਾਨਾ ਬਣਾਇਆ ਪਰ ਕੁਝ ਤਾਂ ਰਾਜ਼ ਦੀ ਗੱਲ ਹੈ ਕੋਰੋਨਾ ਦੀ ਦੂਸਰੀ ਲਹਿਰ ’ਚ। ਜਦੋਂ ਭਾਰਤ ਦੀ ਸਿਹਤ ਅਤੇ ਪ੍ਰਸ਼ਾਸਨਿਕ ਵਿਵਸਥਾ ਲਗਭਗ ਅਸਤ-ਵਿਅਸਤ ਹੋ ਗਈ ਤਾਂ ਚੀਨ ’ਚ ਇਸ ਦੂਸਰੀ ਲਹਿਰ ਦਾ ਕੋਈ ਅਸਰ ਕਿਉਂ ਨਹੀਂ ਦਿਖਾਈ ਦੇ ਰਿਹਾ? ਕੀ ਚੀਨ ਨੇ ਇਸ ਮਹਾਮਾਰੀ ਦੀ ਰੋਕਥਾਮ ਲਈ ਆਪਣੀ ਪੂਰੀ ਜਨਤਾ ਨੂੰ ਟੀਕੇ ਲਗਵਾ ਕੇ ਸੁਰੱਖਿਅਤ ਕਰ ਲਿਆ ਹੈ?

ਕੋਵਿਡ ਦੀ ਪਿਛਲੀ ਲਹਿਰ ਆਉਣ ਦੇ ਬਾਅਦ ਤੋਂ ਹੀ ਵਿਸ਼ਵ ਭਰ ਦੇ ਵਿਗਿਆਨੀਆਂ ਨੇ ਇਸ ਦੇ ਮੂਲ ਕਾਰਨ ਅਤੇ ਉਸ ਦਾ ਤੋੜ ਕੱਢਣ ਦੀ ਮੁਹਿੰਮ ਛੇੜ ਦਿੱਤੀ ਸੀ ਪਰ ਭਾਰਤ ’ਚ ਜਿਸ ਤਰ੍ਹਾਂ ਕੁਝ ਟੀ. ਵੀ. ਚੈਨਲਾਂ ਅਤੇ ਸਿਆਸੀ ਪਾਰਟੀਆਂ ਨੇ ਕੋਵਿਡ ਫੈਲਾਉਣ ਲਈ ਤਬਲੀਗੀ ਜਮਾਤ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਸ ਦੇ ਮੈਂਬਰਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ, ਉਹ ਬੜਾ ਅਟਪਟਾ ਸੀ। ਪ੍ਰਸ਼ਾਸਨ ਵੀ ਉਨ੍ਹਾਂ ਦੇ ਪਿੱਛੇ ਪੈ ਗਿਆ।

ਜਮਾਤ ਦੇ ਸੂਬਾਈ ਪ੍ਰਧਾਨ ਦੇ ਵਿਰੁੱਧ ਗੈਰ-ਜ਼ਿੰਮੇਵਾਰ ਭੀੜ ਇਕੱਠੀ ਕਰਨ ਦੇ ਦੋਸ਼ ’ਚ ਕਈ ਕਾਨੂੰਨੀ ਨੋਟਿਸ ਵੀ ਜਾਰੀ ਕੀਤੇ ਗਏ। ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਨੂੰ ਛਾਉਣੀ ’ਚ ਬਦਲ ਦਿੱਤਾ ਗਿਆ। ਇਹੀ ਮੰਨ ਲਿਆ ਗਿਆ ਕਿ ਚੀਨ ਤੋਂ ਨਿਕਲਿਆ ਇਹ ਵਾਇਰਸ ਸਿੱਧਾ ਤਬਲੀਗੀ ਜਮਾਤ ਦੇ ਦਫਤਰ ਦਾ ਹਿੱਸਾ ਬਣਨ ਲਈ ਹੀ ਆਇਆ ਸੀ।

ਇਹ ਬੇਹੱਦ ਗੈਰ-ਜ਼ਿੰਮੇਵਾਰਾਨਾ ਵਤੀਰਾ ਸੀ। ਮੰਨਿਆ ਕਿ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਭਾਜਪਾ ਲਗਾਤਾਰ ਹਿੰਦੂਆਂ ਨੂੰ ਆਪਣੇ ਪੱਖ ’ਚ ਸੰਗਠਿਤ ਕਰਨ ’ਚ ਲੱਗੀ ਹੈ ਪਰ ਇਸਦਾ ਭਾਵ ਇਹ ਤਾਂ ਨਹੀਂ ਕਿ ਜਨਤਾ ਦਰਮਿਆਨ ਗੈਰ-ਵਿਗਿਆਨਕ ਅੰਧਵਿਸ਼ਵਾਸ ਫੈਲਾਇਆ ਜਾਵੇ।

ਜੋ ਵੀ ਹੋਵੇ, ਸ਼ਾਸਨ ਦਾ ਕੰਮ ਪ੍ਰਜਾ ਦੀ ਸੁਰੱਖਿਆ ਕਰਨਾ ਅਤੇ ਸਮਾਜ ’ਚ ਤਾਲਮੇਲ ਸਥਾਪਿਤ ਕਰਨਾ ਹੁੰਦਾ ਹੈ। ਇਸ ਤਰ੍ਹਾਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਆ ਤੋਂ ਸਮਾਜ ’ਚ ਅਸ਼ਾਂਤੀ ਅਤੇ ਅਰਾਜਕਤਾ ਤਾਂ ਫੈਲੀ ਹੀ, ਜੋ ਊਰਜਾ ਅਤੇ ਧਿਆਨ ਕੋਰੋਨਾ ਦੇ ਇਲਾਜ ਅਤੇ ਪ੍ਰਬੰਧਨ ’ਚ ਲੱਗਣਾ ਚਾਹੀਦਾ ਸੀ, ਉਹ ਊਰਜਾ ਇਸ ਬੇਸਿਰ-ਪੈਰ ਦੀ ਮੁਹਿੰਮ ’ਚ ਬਰਬਾਦ ਹੋ ਗਈ।

ਹਾਲਾਤ ਜਦ ਬੇਕਾਬੂ ਹੋਣ ਲੱਗੇ ਤਾਂ ਸਰਕਾਰ ਨੇ ਸਖਤ ਕਦਮ ਚੁੱਕੇ ਅਤੇ ਲਾਕਡਾਊਨ ਲਗਾ ਦਿੱਤਾ। ਉਸ ਸਮੇਂ ਲਾਕਡਾਊਨ ਦਾ ਉਸ ਤਰ੍ਹਾਂ ਲਗਾਉਣਾ ਵੀ ਕਿਸੇ ਦੇ ਗਲੇ ਨਹੀਂ ਉਤਰਿਆ। ਸਾਰਿਆਂ ਨੇ ਮਹਿਸੂਸ ਕੀਤਾ ਕਿ ਲਾਕਡਾਊਨ ਲਗਾਉਣਾ ਹੀ ਸੀ ਤਾਂ ਸੋਚ-ਸਮਝ ਕੇ ਵਿਵਹਾਰਕ ਦ੍ਰਿਸ਼ਟੀਕੋਣ ਤੋਂ ਲਗਾਉਣਾ ਚਾਹੀਦਾ ਸੀ ਕਿਉਂਕਿ ਉਸ ਸਮੇਂ ਦੇਸ਼ ਦੀਆਂ ਸਿਹਤ ਸੇਵਾਵਾਂ ਇਸ ਮਹਾਮਾਰੀ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸਨ, ਇਸ ਲਈ ਪੂਰੇ ਦੇਸ਼ ’ਚ ਕਾਫੀ ਹਫੜਾ-ਦਫੜੀ ਫੈਲੀ, ਜਿਸ ਦਾ ਸਭ ਤੋਂ ਵੱਧ ਖਮਿਆਜ਼ਾ ਕਰੋੜਾਂ ਗਰੀਬ ਮਜ਼ਦੂਰਾਂ ਨੂੰ ਝੱਲਣਾ ਪਿਆ।

ਵਿਚਾਰੇ ਬੱਚਿਆਂ ਨੂੰ ਲੈ ਕੇ ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਆਪਣੇ ਪਿੰਡ ਪਹੁੰਚੇ। ਲਾਕਡਾਊਨ ’ਚ ਸਾਰਾ ਧਿਆਨ ਸਿਹਤ ਸੇਵਾਵਾਂ ’ਤੇ ਹੀ ਕੇਂਦਰਿਤ ਰਿਹਾ ਜਿਸ ਦੀ ਵਜ੍ਹਾ ਨਾਲ ਹੌਲੀ-ਹੌਲੀ ਸਥਿਤੀ ਕੰਟਰੋਲ ’ਚ ਆਉਂਦੀ ਗਈ। ਓਧਰ ਵਿਗਿਆਨੀਆਂ ਨੇ ਡੂੰਘੀ ਖੋਜ ਦੇ ਬਾਅਦ ਕੋਰੋਨਾ ਦੀ ਵੈਕਸੀਨ ਤਿਆਰ ਕਰ ਲਈ ਅਤੇ ਟੀਕਾ ਮੁਹਿੰਮ ਵੀ ਚਾਲੂ ਹੋ ਗਈ, ਜਿਸ ਨਾਲ ਫਿਰ ਸਮਾਜ ’ਚ ਇਕ ਆਸ ਦੀ ਕਿਰਨ ਜਾਗੀ। ਇਸ ਲਈ ਸਾਰੇ ਦੇਸ਼ ਵਾਸੀ ਉਹੀ ਕਰ ਰਹੇ ਸਨ ਜੋ ਸਰਕਾਰ ਅਤੇ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਕਹਿ ਰਹੇ ਸਨ। ਫਿਰ ਭਾਵੇਂ ਕੋਰੋਨਾ ਭਜਾਉਣ ਲਈ ਤਾੜੀ ਮਾਰਨੀ ਹੋਵੇ ਜਾਂ ਥਾਲੀ ਵਜਾਉਣੀ। ਪੂਰੇ ਦੇਸ਼ ਨੇ ਉਤਸ਼ਾਹ ਨਾਲ ਕੀਤਾ।

ਇਹ ਗੱਲ ਦੂਸਰੀ ਹੈ ਕਿ ਇਸ ਦੇ ਬਾਵਜੂਦ ਜਦ ਕੋਰੋਨਾ ਦਾ ਪ੍ਰਕੋਪ ਨਹੀਂ ਠੱਲ੍ਹਿਆ ਤਾਂ ਦੇਸ਼ ’ਚ ਇਸ ਦਾ ਮਜ਼ਾਕ ਵੀ ਖੂਬ ਉੱਡਿਆ ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਸੀ।

ਮਹਾਮਾਰੀ ਦਾ ਕਿਸੇ ਧਰਮ ਨਾਲ ਨਾ ਪਹਿਲਾਂ ਕੁਝ ਲੈਣਾ-ਦੇਣਾ ਸੀ ਨਾ ਅੱਜ। ਸਾਰਾ ਮਾਮਲਾ ਸਾਵਧਾਨੀ ਵਰਤਣ, ਆਪਣੇ ਅੰਦਰ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰਨ ਅਤੇ ਸਿਹਤ ਸੇਵਾਵਾਂ ਦੇ ਵਧੀਆ ਪ੍ਰਬੰਧਾਂ ਦਾ ਹੈ ਜਿਸ ’ਚ ਕੋਤਾਹੀ ਨਾਲ ਇਹ ਡਰਾਉਣੀ ਸਥਿਤੀ ਪੈਦਾ ਹੋਈ ਹੈ।

ਇਸ ਵਾਰ ਸਥਿਤੀ ਵਾਕਿਆ ਹੀ ਬਹੁਤ ਗੰਭੀਰ ਹੈ। ਲਗਭਗ ਸਾਰੇ ਦੇਸ਼ ਤੋਂ ਸਿਹਤ ਸੇਵਾਵਾਂ ਦੇ ਡਾਵਾਂਡੋਲ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਪੀੜਤ ਲੋਕਾਂ ਦੀ ਗਿਣਤੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਵਧ ਰਹੀ ਹੈ ਅਤੇ ਹਸਪਤਾਲਾਂ ’ਚ ਇਲਾਜ ਲਈ ਜਗ੍ਹਾ ਨਹੀਂ ਹੈ। ਜ਼ਰੂਰੀ ਦਵਾਈਆਂ ਦਾ ਸਟਾਕ ਕਾਫੀ ਥਾਵਾਂ ’ਤੇ ਖਤਮ ਹੋ ਚੁੱਕਾ ਹੈ। ਨਵੀਂ ਸਪਲਾਈ ’ਚ ਸਮਾਂ ਲੱਗੇਗਾ। ਸ਼ਮਸ਼ਾਨਘਾਟਾਂ ਤੱਕ ’ਤੇ ਲਾਈਨਾਂ ਲੱਗ ਗਈਆਂ ਹਨ। ਸਥਿਤੀ ਬੜੀ ਭੈੜੀ ਹੁੰਦੀ ਜਾ ਰਹੀ ਹੈ। ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਦੇ ਹੱਥ-ਪੈਰ ਫੁੱਲ ਰਹੇ ਹਨ।

ਇਸ ਹਫੜਾ-ਦਫੜੀ ਲਈ ਲੋਕ ਚੋਣ ਕਮਿਸ਼ਨ, ਕੇਂਦਰ ਅਤੇ ਸੂਬਾ ਸਰਕਾਰਾਂ, ਸਿਆਸੀ ਨੇਤਾਵਾਂ ਅਤੇ ਧਰਮ ਗੁਰੂਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਜਿਨ੍ਹਾਂ ਨੇ ਚੋਣ ਲੜਨ ਜਾਂ ਵੱਡੇ ਧਾਰਮਿਕ ਆਯੋਜਨ ਕਰਨ ਦੇ ਚੱਕਰ ’ਚ ਸਾਰੀ ਮਰਿਆਦਾ ਨੂੰ ਤੋੜ ਦਿੱਤਾ।

ਆਮ ਜਨਤਾ ’ਚ ਇਸ ਗੱਲ ਦਾ ਵੀ ਭਾਰੀ ਗੁੱਸਾ ਹੈ ਕਿ ਦੇਸ਼ ’ਚ ਹੁਕਮਰਾਨਾਂ ਅਤੇ ਵੋਟਰਾਂ ਲਈ ਕਾਨੂੰਨ ਦੇ ਮਾਪਦੰਡ ਵੱਖ-ਵੱਖ ਹਨ। ਜਿਨ੍ਹਾਂ ਦੀਆਂ ਵੋਟਾਂ ਨਾਲ ਸਰਕਾਰ ਬਣਦੀ ਹੈ ਉਨ੍ਹਾਂ ਨੂੰ ਤਾਂ ਮਾਸਕ ਨਾ ਲਗਾਉਣ ’ਤੇ ਕੁੱਟਿਆ ਜਾ ਰਿਹਾ ਹੈ ਜਾਂ ਆਰਥਿਕ ਤੌਰ ’ਤੇ ਸਜ਼ਾ ਦਿੱਤੀ ਜਾ ਰਹੀ ਹੈ ਜਦਕਿ ਹੁਕਮਰਾਨ ਆਪਣੇ ਸਵਾਰਥ ’ਚ ਸਾਰੇ ਨਿਯਮਾਂ ਨੂੰ ਤੋੜ ਰਹੇ ਹਨ।

ਸੋਸ਼ਲ ਮੀਡੀਆ ’ਤੇ ਨਾਰਵੇ ਦੀ ਇਕ ਉਦਾਹਰਣ ਕਾਫੀ ਵਾਇਰਲ ਹੋ ਰਹੀ ਹੈ। ਉੱਥੇ ਸਰਕਾਰ ਨੇ ਹੁਕਮ ਜਾਰੀ ਕੀਤਾ ਸੀ ਕਿ 10 ਤੋਂ ਵੱਧ ਲੋਕ ਕਿਤੇ ਇਕੱਠੇ ਨਾ ਹੋਣ ਪਰ ਉੱਥੋਂ ਦੀ ਔਰਤ ਪ੍ਰਧਾਨ ਮੰਤਰੀ ਨੇ ਆਪਣੇ ਜਨਮ ਦਿਨ ਦੀ ਦਾਅਵਤ ’ਚ 13 ਲੋਕਾਂ ਨੂੰ ਸੱਦ ਲਿਆ। ਇਸ ’ਤੇ ਉੱਥੋਂ ਦੀ ਪੁਲਸ ਨੇ ਪ੍ਰਧਾਨ ਮੰਤਰੀ ਨੂੰ 1.75 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ, ਇਹ ਕਹਿੰਦੇ ਹੋਏ ਜੇਕਰ ਇਹ ਗਲਤੀ ਕਿਸੇ ਆਮ ਆਦਮੀ ਨੇ ਕੀਤੀ ਹੁੰਦੀ ਤਾਂ ਪੁਲਸ ਇੰਨਾ ਭਾਰੀ ਜੁਰਮਾਨਾ ਨਾ ਲਗਾਉਂਦੀ ਪਰ ਪ੍ਰਧਾਨ ਮੰਤਰੀ ਨੇ ਨਿਯਮ ਤੋੜਿਆ, ਜਿਨ੍ਹਾਂ ਦਾ ਅਨੁਸਰਨ ਦੇਸ਼ ਕਰਦਾ ਹੈ, ਇਸ ਲਈ ਭਾਰੀ ਜੁਰਮਾਨਾ ਕੀਤਾ।

ਪਰ ਕੀ ਅਜਿਹਾ ਕਦੀ ਭਾਰਤ ’ਚ ਹੋ ਸਕਦਾ ਹੈ? ਹੋ ਸਕਦਾ ਤਾਂ ਅੱਜ ਜਨਤਾ ਇੰਨੀ ਬਦਹਾਲੀ ਅਤੇ ਖੌਫ ’ਚ ਨਾ ਜੀਅ ਰਹੀ ਹੁੰਦੀ।


Bharat Thapa

Content Editor

Related News