ਸਾਈਬਰ ਹਮਲਿਆਂ ਨਾਲ ਨਜਿੱਠਣ ਦੀ ਚੁਣੌਤੀ

04/13/2022 1:46:17 PM

ਅਲੀ ਖਾਨ
ਚੀਨ ਦੇ ਹੈਕਰਾਂ ਨੇ ਲੱਦਾਖ ’ਚ ਪਾਵਰ ਗ੍ਰਿਡ ਨੂੰ ਦੋ ਵਾਰ ਨਿਸ਼ਾਨਾ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ। ਇਹ ਦਾਅਵਾ ਰਿਕਾਰਡਿਡ ਫਿਊਚਰ ਨਾਂ ਦੀ ਖੁਫੀਆ ਫਰਮ ਨੇ ਕੀਤਾ ਹੈ। ਇਹ ਫਰਮ ਵਿਸ਼ਵ ਦੇ ਸਰਕਾਰੀ ਹੈਕਰਾਂ ’ਤੇ ਨਜ਼ਰ ਰੱਖਣ ਵਾਲੀਆਂ ਸਭ ਤੋਂ ਵੱਡੀਆਂ ਕੰਪਨੀਆਂ ’ਚ ਸ਼ਾਮਲ ਹੈ। ਯਾਦ ਹੋਵੇਗਾ ਕਿ ਦੋਵਾਂ ਦੇਸ਼ਾਂ ਦਰਮਿਆਨ ਇਲਾਕੇ ’ਚ ਐੱਲ. ਏ. ਸੀ. ਨੂੰ ਲੈ ਕੇ ਪਹਿਲਾਂ ਤੋਂ ਹੀ ਲੰਬਾ ਅੜਿੱਕਾ ਜਾਰੀ ਹੈ। ਇਸੇ ਦਰਮਿਆਨ ਚੀਨ ਨੇ ਉੱਤਰ ਭਾਰਤ ਦੇ ਪਾਵਰ ਗ੍ਰਿਡ ਨੂੰ ਹੈਕ ਕਰਨ ਦੀ ਇਕ ਖਤਰਨਾਕ ਕੋਸ਼ਿਸ਼ ਕੀਤੀ ਹੈ। ਖੁਫੀਆ ਫਰਮ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬੀਤੇ ਅਗਸਤ ਤੋਂ ਮਾਰਚ ਤੱਕ ਅਸੀਂ ਭਾਰਤ ਦੇ ਘੱਟ ਤੋਂ ਘੱਟ 7 ਐੱਸ. ਐੱਲ. ਡੀ. ਸੀ. ਭਾਵ ਸਟੇਟ ਲੋਡ ਡਿਸਪੈਚ ਸੈਂਟਰਜ਼ ’ਚ ਚੀਨੀ ਹੈਕਰਾਂ ਦੀ ਘੁਸਪੈਠ ਦਾ ਪਤਾ ਲਾਇਆ ਹੈ। ਇਹ ਸੈਂਟਰ ਸਬੰਧਤ ਸੂਬਿਆਂ ’ਚ ਬਿਜਲੀ ਸਪਲਾਈ ਦੀ ਰੀਅਲ ਟਾਈਮ ਨਿਗਰਾਨੀ ਕਰਦੇ ਹਨ। ਇਹ ਹਮਲੇ ਉੱਤਰ ਭਾਰਤ ਦੇ ਕੇਂਦਰਾਂ ’ਤੇ ਖਾਸ ਤੌਰ ’ਤੇ ਕੀਤੇ ਗਏ।

ਰਿਕਾਰਡਿਡ ਫਿਊਚਰ ਨੇ ਕਿਹਾ ਕਿ ਪਾਵਰ ਗ੍ਰਿਡ ਦੇ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਾਵਾ ਚੀਨ ਦੇ ਸਰਕਾਰੀ ਹੈਕਰਾਂ ਨੇ ਭਾਰਤ ਦੇ ਐਮਰਜੈਂਸੀ ਪ੍ਰਤੀਕਿਰਿਆ ਤੰਤਰ ’ਤੇ ਵੀ ਹਮਲਾ ਕੀਤਾ ਹੈ। ਦਰਅਸਲ ਚੀਨ ਭਾਰਤੀ ਪਾਵਰ ਗ੍ਰਿਡ ਨੂੰ ਵਾਰ-ਵਾਰ ਨਿਸ਼ਾਨਾ ਇਸ ਲਈ ਬਣਾ ਰਿਹਾ ਹੈ ਤਾਂ ਕਿ ਐੱਲ. ਓ. ਸੀ. ’ਤੇ ਭਾਰਤ ਦੇ ਵਿਕਾਸ ਕਾਰਜਾਂ ਅਤੇ ਮੁੱਢਲੇ ਢਾਂਚਿਆਂ ਦੀ ਅਹਿਮ ਜਾਣਕਾਰੀ ਉਸ ਨੂੰ ਮਿਲ ਸਕੇ।

ਅੱਜਕਲ ਪਾਵਰ ਗ੍ਰਿਡ ’ਤੇ ਸਾਈਬਰ ਹਮਲਾ ਦੁਨੀਆ ਭਰ ’ਚ ਦੁਸ਼ਮਣਾਂ ਨੂੰ ਕਮਜ਼ੋਰ ਕਰਨ ਦਾ ਨਵਾਂ ਹਥਿਆਰ ਬਣਦਾ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅਜੇ ਭਾਰਤ ’ਚ ਕੁਲ 5 ਪਾਵਰ ਗ੍ਰਿਡ ਹਨ। ਅਹਿਮ ਗੱਲ ਇਹ ਹੈ ਕਿ ਇਹ ਸਾਰੇ ਗ੍ਰਿਡ ਆਪਸ ’ਚ ਇਕ-ਦੂਸਰੇ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ’ਚੋਂ ਵਧੇਰੇ ਤਾਂ ਇਕ ਹੀ ਸਰਵਰ ’ਤੇ ਕੰਮ ਕਰਦੇ ਹਨ। ਇਸ ਲਈ ਭਾਰਤ ਦੀ ਬਿਜਲੀ ਵਿਵਸਥਾ ’ਤੇ ਚੀਨ ਦਾ ਇਹ ਸਾਈਬਰ ਅਟੈਕ ਇਕ ਵੱਡੇ ਖਤਰੇ ਵੱਲ ਇਸ਼ਾਰਾ ਕਰਦਾ ਹੈ।

ਆਮ ਤੌਰ ’ਤੇ ਕੋਈ ਵੀ ਦੇਸ਼ ਅਜਿਹਾ ਉਦੋਂ ਕਰਦਾ ਹੈ ਜਦੋਂ ਉਹ ਭਵਿੱਖ ’ਚ ਕਿਸੇ ਦੇਸ਼ ਦੇ ਬਿਜਲੀ ਪ੍ਰਬੰਧ ਨੂੰ ਹੈਕ ਕਰ ਕੇ ਉੱਥੇ ਬਲੈਕਆਊਟ ਦੀ ਸਥਿਤੀ ਪੈਦਾ ਕਰਨੀ ਚਾਹੁੰਦਾ ਹੈ ਜਿਵੇਂ ਸਾਲ 2015 ’ਚ ਰੂਸ ਨੇ ਯੂਕ੍ਰੇਨ ਨਾਲ ਕੀਤਾ ਸੀ। 23 ਦਸੰਬਰ, 2015 ਨੂੰ ਯੂਕ੍ਰੇਨ ’ਚ 3 ਘੰਟਿਆਂ ਤੱਕ ਬਿਜਲੀ ਗਾਇਬ ਰਹੀ ਸੀ ਅਤੇ ਇਸ ਨਾਲ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ। ਰੂਸ ਨੇ ਯੂਕ੍ਰੇਨ ਦੇ ਪਾਵਰ ਗ੍ਰਿਡ ਨੂੰ ਫੇਲ ਕਰਨ ਲਈ ਕਈ ਮਹੀਨਿਆਂ ਤੱਕ ਉਸ ਦੇ ਪਾਵਰ ਗ੍ਰਿਡ ’ਤੇ ਸਾਈਬਰ ਅਟੈਕ ਕੀਤੇ ਸਨ ਅਤੇ ਉਨ੍ਹਾਂ ਦਾ ਜ਼ਰੂਰੀ ਡਾਟਾ ਆਪਣੇ ਕੋਲ ਇਕੱਠਾ ਕਰ ਲਿਆ ਸੀ। ਚੀਨ ਵੀ ਇਹੀ ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਦੁਨੀਆ ’ਚ ਪਾਵਰ ਗ੍ਰਿਡ ’ਤੇ ਸਾਈਬਰ ਹਮਲੇ ਦਾ ਪਹਿਲਾ ਮਾਮਲਾ 2010 ’ਚ ਆਇਆ ਸੀ। ਸਟਕਸਨੇਟ ਨਾਂ ਦੇ ਕੰਪਿਊਟਰ ਵਾਇਰਸ ਨੇ ਈਰਾਨ ’ਚ ਪ੍ਰਮਾਣੂ ਸੈਂਟ੍ਰੀਫਿਊਜ਼ ਨੂੰ ਪਟੜੀ ਤੋਂ ਲਾਹ ਦਿੱਤਾ ਸੀ।

ਅਸੀਂ ਭਾਰਤ ’ਚ ਸਾਈਬਰ ਹਮਲਿਆਂ ਦੀ ਗੱਲ ਕਰੀਏ ਤਾਂ ਬੀਤੇ ਸਾਲ 12 ਅਕਤੂਬਰ ਨੂੰ ਮੁੰਬਈ ’ਚ ਸਾਈਬਰ ਹਮਲੇ ਦੇ ਬਾਅਦ 10 ਤੋਂ 12 ਘੰਟੇ ਬਿਜਲੀ ਸਪਲਾਈ ਰੁਕੀ ਰਹੀ। ਮੁੰਬਈ ’ਚ ਆਊਟੇਜ ਨੇ ਦੇਸ਼ ਦੇ ਆਰਥਿਕ ਕੇਂਦਰ ’ਚ ਸ਼ੇਅਰ ਬਾਜ਼ਾਰਾਂ, ਟ੍ਰੇਨਾਂ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਸੀ। ਮੁੰਬਈ ’ਚ ਆਊਟੇਜ ਦੌਰਾਨ ਹੀ ਤੇਲੰਗਾਨਾ ਦੇ 40 ਸਬ-ਸਟੇਸ਼ਨਾਂ ’ਤੇ ਹਮਲੇ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਇਸ ਦੇ ਇਲਾਵਾ ਸਾਈਬਰ ਸੁਰੱਖਿਆ ਕੰਪਨੀ ਸਾਈਫਰਮ ਅਨੁਸਾਰ ਚੀਨੀ ਹੈਕਰ ਨੇ ਕੋਰੋਨਾ ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਭਾਰਤ ਦੀ ਸਾਈਬਰ ਸੁਰੱਖਿਆ ਮਜ਼ਬੂਤ ਹੋਣ ਕਾਰਨ ਇਹ ਸਾਰੀਆਂ ਕੋਸ਼ਿਸ਼ਾਂ ਅਸਫਲ ਸਾਬਿਤ ਹੋਈਆਂ।

ਭਾਰਤ ’ਚ ਸਾਲ 2020 ’ਚ 17,560 ਸਾਈਬਰ ਹਮਲੇ ਹੋਏ ਸਨ ਭਾਵ ਹਰ ਰੋਜ਼ 71 ਵੈੱਬਸਾਈਟਸ ਨੂੰ ਹੈਕ ਕੀਤਾ ਗਿਆ। ਭਾਰਤ ’ਚ ਹਰ 10 ਮਿੰਟ ’ਚ ਸਾਈਬਰ ਅਟੈਕ ਹੁੰਦਾ ਹੈ ਅਤੇ 75 ਫੀਸਦੀ ਮਾਮਲਿਆਂ ’ਚ ਇਹ ਹਮਲੇ ਦੂਸਰੇ ਦੇਸ਼ਾਂ ਤੋਂ ਹੁੰਦੇ ਹਨ। 2019 ’ਚ ਭਾਰਤ ਨੂੰ ਸਾਈਬਰ ਹਮਲਿਆਂ ਕਾਰਨ 1 ਲੱਖ 25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ ਅਤੇ ਭਾਰਤ ’ਚ 24 ਫੀਸਦੀ ਵਿੱਤੀ ਸੰਸਥਾਨ, ਸਿਹਤ ਨਾਲ ਜੁੜੀਆਂ 15 ਫੀਸਦੀ ਕੰਪਨੀਆਂ, ਜਨਤਕ ਖੇਤਰ ਨਾਲ ਜੁੜੀਆਂ 12 ਫੀਸਦੀ ਅਤੇ 15 ਫੀਸਦੀ ਰਿਟੇਲ ਕੰਪਨੀਆਂ ਹਰ ਸਾਲ ਸਾਈਬਰ ਹਮਲਿਆਂ ਦਾ ਸ਼ਿਕਾਰ ਹੁੰਦੀਆਂ ਹਨ।

ਇਹੀ ਨਹੀਂ ਜੁਲਾਈ 2016 ’ਚ ਯੂਨੀਅਨ ਬੈਂਕ ਆਫ ਇੰਡੀਆ ਦਾ ਪੂਰਾ ਸਿਸਟਮ ਹੈਕ ਕਰ ਲਿਆ ਗਿਆ ਸੀ ਅਤੇ ਬੈਂਕ ਖਾਤਿਆਂ ’ਚੋਂ ਲਗਭਗ 17 ਕਰੋੜ ਡਾਲਰ ਚੋਰੀ ਕਰਨ ਦੀ ਕੋਸ਼ਿਸ਼ ਹੋਈ ਸੀ। ਇਹ ਰਕਮ ਅੱਜ ਦੀ ਤਰੀਕ ’ਚ 1200 ਕਰੋੜ ਰੁਪਏ ਬਣਦੀ ਹੈ। ਹਾਲਾਂਕਿ ਉਦੋਂ ਬੈਂਕ ਨੇ ਇਹ ਸਾਰਾ ਪੈਸਾ ਰਿਕਵਰ ਕਰ ਲਿਆ ਸੀ। ਜੇਕਰ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਸਾਈਬਰ ਅਟੈਕ ਕਾਰਨ ਹਰ ਮਿੰਟ ਪੂਰੀ ਦੁਨੀਆ ਨੂੰ 84 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ ਅਤੇ ਇਕ ਖੋਜ ਅਨੁਸਾਰ ਦੁਨੀਆ ਭਰ ’ਚ ਹਰ 11 ਸੈਕੰਡ ’ਚ ਸਾਈਬਰ ਹਮਲਾ ਹੁੰਦਾ ਹੈ। ਇਹ 2019 ਦੇ ਮੁਕਾਬਲੇ ਦੁੱਗਣਾ ਵੱਧ ਹੈ ਅਤੇ ਪੰਜ ਸਾਲ ਪਹਿਲਾਂ ਤੋਂ ਚੌਗੁਣਾ ਵੱਧ ਹੈ। ਇਸ ਦੇ ਇਲਾਵਾ ਇਕ ਅੰਦਾਜ਼ਾ ਹੈ ਕਿ ਸਾਈਬਰ ਹਮਲਿਆਂ ਨਾਲ ਦੁਨੀਆ ਨੂੰ ਹਰ ਸਾਲ 6.1 ਟ੍ਰਿਲੀਅਨ ਡਾਲਰ ਭਾਵ ਭਾਰਤੀ ਰੁਪਏ ’ਚ 449 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ।

ਅਜਿਹੇ ’ਚ ਕਿਹਾ ਜਾ ਸਕਦਾ ਹੈ ਕਿ ਅੱਜ ਦੇਸ਼ ਅਤੇ ਦੁਨੀਆ ਦੇ ਸਾਹਮਣੇ ਸਾਈਬਰ ਹਮਲੇ ਵੱਡੀ ਚੁਣੌਤੀ ਬਣ ਕੇ ਉੱਭਰ ਰਹੇ ਹਨ। ਇਨ੍ਹਾਂ ਨਾਲ ਨਜਿੱਠਣਾ ਬੇਹੱਦ ਜ਼ਰੂਰੀ ਹੈ। ਭਾਰਤ ਨੇ ਆਪਣੀ ਸਾਈਬਰ ਸਕਿਓਰਿਟੀ ’ਚ ਪਹਿਲਾਂ ਦੇ ਮੁਕਾਬਲੇ ਸੁਧਾਰ ਕੀਤਾ ਹੈ। ਵਰਨਣਯੋਗ ਹੈ ਕਿ ਭਾਰਤ ਨੇ 2020 ’ਚ ਗਲੋਬਲ ਸਾਈਬਰ ਸਕਿਓਰਿਟੀ ਇੰਡੈਕਸ ’ਚ 37 ਸਥਾਨ ਦੀ ਲੰਬੀ ਛਾਲ ਮਾਰੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਭਾਰਤ ਨੂੰ 10ਵਾਂ ਸਥਾਨ ਹਾਸਲ ਹੋਇਆ ਹੈ। ਚੀਨ 33ਵੇਂ ਅਤੇ ਪਾਕਿਸਤਾਨ 79ਵੇਂ ਰੈਂਕ ’ਤੇ ਹੈ। ਓਧਰ, ਅਮਰੀਕਾ ਪਹਿਲੇ ਸਥਾਨ ’ਤੇ ਹੈ ਪਰ ਦੁਨੀਆ ਭਰ ’ਚ ਵਧਦੇ ਸਾਈਬਰ ਹਮਲਿਆਂ ਦਰਮਿਆਨ ਭਾਰਤ ਨੂੰ ਆਪਣੀ ਸਾਈਬਰ ਸਕਿਓਰਿਟੀ ਨੂੰ ਵੱਧ ਮਜ਼ਬੂਤੀ ਮੁਹੱਈਆ ਕਰਨ ਦੀ ਲੋੜ ਹੈ।


Rakesh

Content Editor

Related News