ਵਧਦਾ ਜਾ ਰਿਹਾ ਆਵਾਰਾ ਕੁੱਤਿਆਂ ਦਾ ਕਹਿਰ, ਬੱਚਿਆਂ ਦਾ ਗਲੀਆਂ ’ਚ ਖੇਡਣਾ ਤੱਕ ਹੋਇਆ ਮੁਸ਼ਕਿਲ
Wednesday, Jan 15, 2025 - 03:36 AM (IST)
ਪਿੰਡਾਂ ਤੋਂ ਲੈ ਕੇ ਸ਼ਹਿਰਾਂ ਅਤੇ ਬਾਜ਼ਾਰਾਂ ਤੋਂ ਲੈ ਕੇ ਗਲੀ-ਮੁਹੱਲਿਆਂ ਤੱਕ ਹਰ ਥਾਂ ਆਵਾਰਾ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਕੁੱਤਿਆਂ ਦੇ ਵੱਢਣ ਨਾਲ ਹੋਣ ਵਾਲੇ ਰੈਬੀਜ਼ ਰੋਗ (ਹਲਕਾਅ) ਨਾਲ ਵਿਸ਼ਵ ’ਚ ਹਰ ਸਾਲ ਲਗਭਗ 59,000 ਲੋਕਾਂ ਦੀ ਮੌਤ ਹੁੰਦੀ ਹੈ ਅਤੇ ਇਨ੍ਹਾਂ ’ਚੋਂ ਇਕੱਲੇ ਭਾਰਤ ’ਚ ਹੀ 35 ਫੀਸਦੀ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਸਥਿਤੀ ਕਿੰਨੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਇਹ ਸਿਰਫ ਪਿਛਲੇ 2 ਹਫਤਿਆਂ ਦੀਆਂ ਹੇਠਾਂ ਦਰਜ ਘਟਨਾਵਾਂ ਤੋਂ ਸਪੱਸ਼ਟ ਹੈ :
* 1 ਜਨਵਰੀ ਨੂੰ ਇਕ ਹੀ ਦਿਨ ’ਚ ਮੁਜ਼ੱਫਰਪੁਰ (ਬਿਹਾਰ) ਜ਼ਿਲ੍ਹੇ ’ਚ ਨਵੇਂ ਸਾਲ ਦਾ ਜਸ਼ਨ ਮਨਾਉਣ ਨਿਕਲੇ 124 ਲੋਕਾਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ।
* 3 ਜਨਵਰੀ ਨੂੰ ਸ਼ਾਮਲੀ (ਉੱਤਰ ਪ੍ਰਦੇਸ਼) ਦੇ ‘ਕੇਰਾਨਾ’ ’ਚ ਕੁੱਤੇ ਦੇ ਵੱਢਣ ਨਾਲ ਇਕ ਰੈਬੀਜ਼ ਪੀੜਤ ਨੌਜਵਾਨ ਦੀ ਮੌਤ ਹੋ ਗਈ।
* 5 ਜਨਵਰੀ ਨੂੰ ਬੈਂਗਲੁਰੂ ’ਚ ਘਰ ਦੇ ਬਾਹਰ ਖੇਡ ਰਹੇ ਇਕ 4 ਸਾਲ ਦੇ ਬੱਚੇ ਅਤੇ ਉਸ ਦੇ ਪਿਤਾ ਨੂੰ ਇਕ ਕੁੱਤੇ ਨੇ ਵੱਢ ਕੇ ਜ਼ਖਮੀ ਕਰ ਦਿੱਤਾ।
* 7 ਜਨਵਰੀ ਨੂੰ ਸਿਰੋਹੀ (ਰਾਜਸਥਾਨ) ਦੀ ‘ਪਿੰਡਵਾੜਾ’ ਤਹਿਸੀਲ ਦੇ ‘ਨਾਦੀਆ’ ਪਿੰਡ ’ਚ ਇਕ ਹੀ ਦਿਨ ’ਚ ਇਕ ਪਾਗਲ ਕੁੱਤੇ ਨੇ 5 ਬੱਚਿਆਂ ਨੂੰ ਵੱਢਿਆ।
* 7 ਜਨਵਰੀ ਨੂੰ ਹੀ ਅਬੋਹਰ (ਪੰਜਾਬ) ’ਚ 2 ਦਿਨਾਂ ’ਚ ਹੀ ਕੁੱਤਿਆਂ ਨੇ ਹਮਲੇ ਕਰ ਕੇ 37 ਲੋਕਾਂ ਨੂੰ ਜ਼ਖਮੀ ਕਰ ਿਦੱਤਾ।
* 8 ਜਨਵਰੀ ਨੂੰ ਬੀਕਾਨੇਰ ਦੇ ‘ਛਤਰਗੜ੍ਹ’ ਇਲਾਕੇ ਦੇ ਇਕ ਪਿੰਡ ’ਚ ਘਰ ਦੇ ਬਾਹਰ ਖੇਡ ਰਹੀ ਇਕ ਸਾਲ ਦੀ ਬੱਚੀ ’ਤੇ ਹਮਲਾ ਕਰ ਕੇ ਕੁੱਤਿਆਂ ਨੇ ਮਾਰ ਦਿੱਤਾ।
* 8 ਜਨਵਰੀ ਨੂੰ ਹੀ ਲੱਖੀਸਰਾਏ (ਬਿਹਾਰ) ਦੇ ‘ਕਵੀਆ’ ’ਚ ‘ਸ਼ਿਆਮ ਸਾਵ’ ਨਾਂ ਦੇ ਮਜ਼ਦੂਰ ਨੂੰ ਪਾਗਲ ਕੁੱਤੇ ਨੇ ਵੱਢ ਕੇ ਜ਼ਖਮੀ ਕਰ ਦਿੱਤਾ।
* 9 ਜਨਵਰੀ ਨੂੰ ਹਾਪੁੜ ’ਚ ਆਵਾਰਾ ਕੁੱਤਿਆਂ ਨੇ 4 ਬੱਚਿਆਂ ਅਤੇ ਇਕ ਔਰਤ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ।
* 10 ਜਨਵਰੀ ਨੂੰ ਲੁਧਿਆਣਾ ਦੇ ਪਿੰਡ ਹਸਨਪੁਰ ’ਚ ਆਵਾਰਾ ਕੁੱਤਿਆਂ ਨੇ 11 ਸਾਲਾ ਬੱਚੇ ਨੂੰ ਨੋਚ-ਨੋਚ ਕੇ ਮਾਰ ਦਿੱਤਾ।
* 12 ਜਨਵਰੀ ਨੂੰ ਜ਼ੀਰਕਪੁਰ (ਪੰਜਾਬ) ’ਚ ਇਕ ਆਵਾਰਾ ਕੁੱਤੇ ਨੇ ਇਕ ਬੱਚੇ ਨੂੰ ਬੁਰੀ ਤਰ੍ਹਾਂ ਵੱਢਿਆ ਅਤੇ ਉਸ ਨੂੰ ਬਚਾਉਣ ਆਏ ਇਕ ਹੋਰ ਨੌਜਵਾਨ ’ਤੇ ਵੀ ਹਮਲਾ ਕਰ ਦਿੱਤਾ। ਇਸ ਕੁੱਤੇ ਨੇ ਇਕ ਦਿਨ ’ਚ ਲਗਭਗ 10 ਲੋਕਾਂ ਨੂੰ ਵੱਢਿਆ।
* 12 ਜਨਵਰੀ ਨੂੰ ਹੀ ਸੁਲਤਾਨਪੁਰ (ਉੱਤਰ ਪ੍ਰਦੇਸ਼) ਦੇ ‘ਧਰਮਦਾਸਪੁਰ’ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਉਸ ਨੂੰ 25 ਦਿਨ ਪਹਿਲਾਂ ਇਕ ਪਾਗਲ ਕੁੱਤੇ ਨੇ ਵੱਢਿਆ ਸੀ।
* 12 ਜਨਵਰੀ ਨੂੰ ਰੁੜਕੀ ਦੇ ਰਾਮਨਗਰ ’ਚ ਇਕ ਆਵਾਰਾ ਕੁੱਤੇ ਨੇ 2 ਔਰਤਾਂ ਸਮੇਤ 3 ਲੋਕਾਂ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ।
* 12 ਜਨਵਰੀ ਨੂੰ ਹੀ ਜੋਧਪੁਰ ’ਚ ਪੈਦਲ ਹੀ ਦਰਸ਼ਨੀ ਸਥਾਨਾਂ ਨੂੰ ਦੇਖਣ ਨਿਕਲੇ ਸਵਿਟਜ਼ਰਲੈਂਡ ਤੋਂ ਆਏ ਇਕ ਸੈਲਾਨੀ ਨੂੰ ਆਵਾਰਾ ਕੁੱਤਿਆਂ ਨੇ ਵੱਢ ਦਿੱਤਾ।
* 14 ਜਨਵਰੀ ਨੂੰ ਰਾਏਪੁਰ (ਛੱਤੀਸਗੜ੍ਹ) ’ਚ ਆਪਣੇ ਨਾਨਕੀਂ ਆਈ ਇਕ ਬੱਚੀ ਨੂੰ ਇਕ ਆਵਾਰਾ ਕੁੱਤੇ ਨੇ ਦੌੜਾ-ਦੌੜਾ ਕੇ ਵੱਢਿਆ ਅਤੇ ਲਹੂ-ਲੁਹਾਨ ਕਰ ਦਿੱਤਾ।
* 14 ਜਨਵਰੀ ਨੂੰ ਹੀ ਮੋਹਾਲੀ ਫੇਜ਼-2 ’ਚ ਘਰ ਤੋਂ ਦੁੱਧ ਲੈਣ ਜਾ ਰਹੇ ਬੱਚੇ ਨੂੰ ਇਕ ਆਵਾਰਾ ਕੁੱਤੇ ਨੇ 2 ਜਗ੍ਹਾ ਤੋਂ ਵੱਢ ਕੇ ਲਹੂ-ਲੁਹਾਨ ਕਰ ਦਿੱਤਾ।
* 14 ਜਨਵਰੀ ਨੂੰ ਹੀ ਕੱਕਾਨੜ (ਕੇਰਲ) ’ਚ ਸਵੇਰੇ-ਸਵੇਰੇ ਰੈਬੀਜ਼ ਪੀੜਤ ਇਕ ਆਵਾਰਾ ਕੁੱਤੇ ਨੇ ਹਮਲਾ ਕਰ ਕੇ 8 ਲੋਕਾਂ ਨੂੰ ਵੱਢਿਆ।
* 14 ਜਨਵਰੀ ਨੂੰ ਹੀ ਧਮਤਰੀ (ਛੱਤੀਸਗੜ੍ਹ) ’ਚ ਇਕ ਦਿਨ ਦੇ ਅੰਦਰ 10 ਲੋਕ ਆਵਾਰਾ ਕੁੱਤਿਆਂ ਦੇ ਕੱਟਣ ਦੇ ਸ਼ਿਕਾਰ ਹੋਏ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਜਿੱਥੇ ਕੁਝ ਲੋਕ ਆਵਾਰਾ ਕੁੱਤਿਆਂ ਦੇ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਰਹੇ ਹਨ, ਉੱਥੇ ਹੀ ਕੁਝ ਲੋਕਾਂ ਨੂੰ ਕੁੱਤਿਆਂ ਦੇ ਵੱਢਣ ਨਾਲ ਗੰਭੀਰ ਜ਼ਖਮ ਵੀ ਹੋ ਰਹੇ ਹਨ। ਕੁੱਤਿਆਂ ਦੀ ਦਿੱਤੀ ਹੋਈ ਮਾਮੂਲੀ ਝਰੀਟ ਨੂੰ ਵੀ ਅਣਡਿੱਠ ਕਰਨਾ ਕਈ ਵਾਰ ਬਹੁਤ ਘਾਤਕ ਸਿੱਧ ਹੋ ਸਕਦਾ ਹੈ ਅਤੇ ਸਿੱਟੇ ਵਜੋਂ ਰੈਬੀਜ਼ ਦਾ ਸ਼ਿਕਾਰ ਹੋ ਕੇ ਮੌਤ ਵੀ ਹੋ ਸਕਦੀ ਹੈ।
ਕਈ ਹਸਪਤਾਲਾਂ ’ਚ ਐਂਟੀ ਰੈਬੀਜ਼ ਇੰਜੈਕਸ਼ਨ ਨਾ ਹੋਣ ਕਾਰਨ ਵੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹੀਂ ਦਿਨੀਂ ਇਹ ਵੀ ਦੇਖਣ ’ਚ ਆਇਆ ਹੈ ਕਿ ਰਾਤ ਸਮੇਂ ਕੁੱਤੇ ਜ਼ਿਆਦਾ ਹਮਲਾਵਰ ਹੋ ਰਹੇ ਹਨ।
ਇਕ ਅਧਿਕਾਰੀ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਵਲੋਂ 1960 ਦਾ ਪਸ਼ੂ ਬੇਰਹਿਮੀ ਵਿਰੋਧੀ ਕਾਨੂੰਨ ਸਖਤੀ ਨਾਲ ਲਾਗੂ ਕਰਨ ’ਤੇ ਜ਼ੋਰ ਦੇਣ ਕਾਰਨ ਆਵਾਰਾ ਕੁੱਤਿਆਂ ’ਤੇ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਨਹੀਂ ਲਿਆ ਜਾ ਸਕਦਾ। ਅਜਿਹੇ ’ਚ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਇਸ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਵੇ।
ਇਹੀ ਕਾਰਨ ਹੈ ਕਿ ਕਈ ਸਥਾਨਾਂ ’ਤੇ ਕੁੱਤਿਆਂ ਦਾ ਖੌਰੂ ਇੰਨਾ ਵੱਧ ਚੁੱਕਾ ਹੈ ਕਿ ਬੱਚਿਆਂ ਨੇ ਗਲੀਆਂ ’ਚ ਖੇਡਣਾ ਬੰਦ ਕਰ ਦਿੱਤਾ ਹੈ। ਇਸ ਲਈ, ਇਸ ਸਮੱਸਿਆ ਦਾ ਨੋਟਿਸ ਲੈ ਕੇ ਸਾਰੀਆਂ ਸੰਬੰਧਤ ਸਥਾਨਕ ਅਥਾਰਟੀਆਂ ਦੇ ਪ੍ਰਬੰਧਕਾਂ ਨੂੰ ਆਵਾਰਾ ਕੁੱਤਿਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਉਪਾਅ ਕਰਨ, ਉਨ੍ਹਾਂ ਨੂੰ ‘ਡਾਗ ਕੰਪਾਊਂਡਾਂ’ ’ਚ ਬੰਦ ਕਰਨ ਅਤੇ ਹਸਪਤਾਲਾਂ ’ਚ ਕੁੱਤਿਆਂ ਦੇ ਵੱਢਣ ਦੇ ਇਲਾਜ ਦੀਆਂ ਦਵਾਈਆਂ ਦੀ ਲਗਾਤਾਰ ਸਪਲਾਈ ਯਕੀਨੀ ਬਣਾਉਣ ਦੀ ਤੁਰੰਤ ਲੋੜ ਹੈ।
–ਵਿਜੇ ਕੁਮਾਰ