ਮਹਿੰਗਾਈ ਦੇ ਕਾਰਨ ਚਾਹ ਦੀ ਚੁਸਕੀ ਵੀ ਹੋ ਜਾਏਗੀ ਮਹਿੰਗੀ
Wednesday, Jan 01, 2025 - 04:24 AM (IST)
ਦੇਸ਼ ’ਚ ਪਿਛਲੇ ਕਾਫੀ ਸਮੇਂ ਤੋਂ ਮਹਿੰਗਾਈ ਵਧਣ ਦੇ ਸਿੱਟੇ ਵਜੋਂ ਲੋਕਾਂ ਦਾ ਘਰੇਲੂ ਬਜਟ ਗੜਬੜਾਇਆ ਹੋਇਆ ਹੈ। ਨਵੰਬਰ 2023 ’ਚ ਟਮਾਟਰ 40 ਰੁਪਏ ਪ੍ਰਤੀ ਕਿਲੋ ਸੀ ਜੋ ਇਕ ਸਾਲ ਬਾਅਦ ਨਵੰਬਰ 2024 ’ਚ 35 ਫੀਸਦੀ ਵਧ ਕੇ 53 ਰੁਪਏ ਪ੍ਰਤੀ ਕਿਲੋ ਹੋ ਗਿਆ। ਆਲੂ ਵੀ 25 ਰੁਪਏ ਪ੍ਰਤੀ ਕਿਲੋ ਤੋਂ 50 ਫੀਸਦੀ ਵਧ ਕੇ 37 ਰੁਪਏ ਪ੍ਰਤੀ ਕਿਲੋ ਹੋ ਗਿਆ। ਦਰਾਮਦ ਫੀਸ ’ਚ ਵਾਧੇ ਕਾਰਨ ਵਨਸਪਤੀ ਤੇਲ ਦੀਆਂ ਕੀਮਤਾਂ ’ਚ ਸਾਲਾਨਾ ਆਧਾਰ ’ਤੇ 13 ਫੀਸਦੀ ਅਤੇ ਦਾਲਾਂ ਦੀਆਂ ਕੀਮਤਾਂ ’ਚ 10 ਫੀਸਦੀ ਸਾਲਾਨਾ ਦਾ ਵਾਧਾ ਹੋਇਆ ਹੈ।
ਹੁਣ ਤਾਂ ਹਾਲਤ ਇਹ ਹੋ ਗਈ ਹੈ ਕਿ ਚਾਹ ਦੀ ਚੁਸਕੀ ਵੀ ਮਹਿੰਗਾਈ ਦੀ ਲਪੇਟ ’ਚ ਆਉਣ ਵਾਲੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਚਾਹਪੱਤੀ ਦੇ ਭਾਅ ’ਚ ਵਾਧਾ ਹੋ ਜਾਣ ਦੀ ਸੰਭਾਵਨਾ ਹੈ। ‘ਭਾਰਤੀ ਚਾਹ ਸੰਘ’ ਦੇ ਚੇਅਰਮੈਨ ‘ਹੇਮੰਤ ਬਾਂਗੜ’ ਦੇ ਅਨੁਸਾਰ ਮੌਸਮ ਦੀ ਅਨਿਯਮਿਤਤਾ ਅਤੇ ਚਾਹ ਬਾਗਾਨਾਂ ਦੇ ਸਮੇਂ ਤੋਂ ਪਹਿਲਾਂ ਬੰਦ ਹੋ ਜਾਣ ਦੇ ਸਿੱਟੇ ਵਜੋਂ ਇਸ ਸਾਲ ਚਾਹ ਦੇ ਉਤਪਾਦਨ ’ਚ 10 ਕਰੋੜ ਕਿਲੋ ਤੋਂ ਵੱਧ ਦੀ ਗਿਰਾਵਟ ਆਈ ਹੈ।
ਸਾਲ 2023 ’ਚ ਪਹਿਲੇ 10 ਮਹੀਨਿਆਂ ’ਚ ਲਗਭਗ 117.8 ਕਰੋੜ ਕਿਲੋ ਚਾਹ ਦਾ ਉਤਪਾਦਨ ਹੋਇਆ ਸੀ ਜਦਕਿ 2024 ਦੀ ਇਸੇ ਮਿਆਦ ’ਚ ਇਹ ਘੱਟ ਕੇ 111.2 ਕਰੋੜ ਕਿਲੋ ਰਹਿ ਗਿਆ ਹੈ। ਸਾਲ 2024 ’ਚ ਜਨਵਰੀ-ਅਕਤੂਬਰ ਦਰਮਿਆਨ ਚਾਹ ਦੇ ਉਤਪਾਦਨ ’ਚ ਲਗਭਗ 6.6 ਕਰੋੜ ਕਿਲੋ ਦੀ ਕਮੀ ਆਈ ਜਦਕਿ ਨਵੰਬਰ ਤੋਂ ਬਾਅਦ ਚਾਹ ਬਾਗਾਨ ਬੰਦ ਕੀਤੇ ਜਾਣ ਨਾਲ ਉਤਪਾਦਨ ’ਚ 4.5 ਤੋਂ 5 ਕਰੋੜ ਕਿਲੋ ਤਕ ਹੋਰ ਗਿਰਾਵਟ ਆਉਣ ਦਾ ਖਦਸ਼ਾ ਹੈ।
ਜਿਥੇ ਸਾਲ 2024 ’ਚ ਚਾਹ ਦਾ ਉਤਪਾਦਨ ਘਟ ਰਿਹਾ ਉਥੇ ਪ੍ਰਤੀ ਕਿਲੋ ਉਤਪਾਦਨ ਲਾਗਤ ’ਚ ਵੀ ਵਾਧਾ ਹੋ ਗਿਆ। ਚਾਹ ਉਦਯੋਗ 2023 ’ਚ ਘਾਟੇ ’ਚ ਸੀ। ਸਾਲ 2024 ’ਚ ਇਸ ਦੀ ਸਥਿਤੀ ਪਿਛਲੇ ਸਾਲ ਤੋਂ ਕੁਝ ਬਿਹਤਰ ਜ਼ਰੂਰ ਰਹੀ ਪਰ ਅਜੇ ਵੀ ਇਹ ਘਾਟੇ ’ਚ ਹੀ ਹੈ।
ਦੇਸ਼ ’ਚ ਵਧ ਰਹੀ ਮਹਿੰਗਾਈ ਦੇ ਵਿਰੁੱਧ ਲੋਕਾਂ ’ਚ ਪਹਿਲਾਂ ਹੀ ਬੇਚੈਨੀ ਹੈ। ਇਸ ਲਈ ਸਰਕਾਰ ਨੂੰ ਸਖਤ ਕਦਮ ਚੁੱਕ ਕੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਤਾਂਕਿ ਉਨ੍ਹਾਂ ਦੀ ਬੇਚੈਨੀ ਦੂਰ ਹੋਵੇ।
–ਵਿਜੇ ਕੁਮਾਰ