ਵਧਦੇ ਤਣਾਅ ਦੇ ਕਾਰਣ ਤਾਈਵਾਨ ਆਪਣੇ ਸੈਮੀਕੰਡਕਟਰ ਯੂਨਿਟ ਨੂੰ ਲੈ ਕੇ ਚਿੰਤਿਤ
Thursday, Sep 01, 2022 - 05:47 PM (IST)

ਦੁਨੀਆ ਜਾਣਦੀ ਹੈ ਕਿ ਤਾਈਵਾਨ ਸੈਮੀਕੰਡਕਟਰ ਅਤੇ ਮਾਈਕ੍ਰੋਚਿਪ ਦਾ ਸਭ ਤੋਂ ਵੱਡਾ ਨਿਰਮਾਤਾ ਹੈ। ਹਾਲ ਹੀ ’ਚ ਤਾਈਵਾਨ ਦੀ ਇਕ ਟੀਮ ਨੇ ਸੈਮੀਕੰਡਕਟਰ ਦਾ ਪਲਾਂਟ ਲਾਉਣ ਲਈ ਭਾਰਤ ਦੀ ਯਾਤਰਾ ਕੀਤੀ, ਇਸ ਟੀਮ ਨੇ ਭਾਰਤ ’ਚ ਦੋ ਥਾਵਾਂ ਦਾ ਦੌਰਾ ਕੀਤਾ ਜਿਸ ’ਚ ਇਕ ਗੁਜਰਾਤ ਦਾ ਧੁਲੇਰਾ ਸ਼ਹਿਰ ਅਤੇ ਦੂਜਾ ਚੰਡੀਗੜ੍ਹ ਦੇ ਨੇੜੇ ਮੋਹਾਲੀ ਸੀ। ਇਹ ਟੀਮ ਆਪਣਾ ਸੈਮੀਕੰਡਕਟਰ ਦਾ ਪਲਾਂਟ ਲਾਉਣ ਲਈ ਥਾਂ ਦੇਖ ਰਹੀ ਹੈ, ਜਿੱਥੇ ਇਕ ਸੈਮੀਕੰਡਕਟਰ ਪਲਾਂਟ ਦੀ ਸਥਾਪਨਾ ਕੀਤੀ ਜਾ ਸਕੇ। ਚੀਨ ਨਾਲ ਵਧਦੇ ਤਣਾਅ ਕਾਰਨ ਤਾਈਵਾਨ ਆਪਣੇ ਸੈਮੀਕੰਡਕਟਰ ਯੂਨਿਟ ਨੂੰ ਲੈ ਕੇ ਚਿੰਤਤ ਹੈ।
ਹਾਲਾਂਕਿ ਚੀਨ ਨੇ ਭਾਰਤ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਹੈ ਕਿ ਭਾਰਤ ਤਾਈਵਾਨ ਨਾਲ ਕਿਸੇ ਤਰ੍ਹਾਂ ਦਾ ਵਪਾਰਕ ਸਮਝੌਤਾ ਨਾ ਕਰੇ ਅਤੇ ਨਾ ਹੀ ਕੋਈ ਅਧਿਕਾਰਕ ਬੈਠਕ ਕਰੇ, ਸਮਝ ’ਚ ਨਹੀਂ ਆਉਂਦਾ ਕਿ ਚੀਨ ਹੁੰਦਾ ਕੌਣ ਹੈ ਸਾਨੂੰ ਚਿਤਾਵਨੀ ਦੇਣ ਵਾਲਾ, ਚੀਨ ਜਦੋਂ ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ ਅਤੇ ਕਸ਼ਮੀਰ ਦੇ ਇਕ ਹਿੱਸੇ ’ਤੇ ਕਬਜ਼ਾ ਕਰੀ ਬੈਠਾ ਹੈ ਤਾਂ ਭਾਰਤ ਨੂੰ ਵੀ ਇਕ-ਚੀਨ ਦੀ ਨੀਤੀ ਨੂੰ ਨਹੀਂ ਮੰਨਣਾ ਚਾਹੀਦਾ।
ਇਸ ਤੋਂ ਇਹ ਪਤਾ ਲੱਗਦਾ ਹੈ ਕਿ ਚੀਨ ਤਾਈਵਾਨ ’ਤੇ ਆਪਣਾ ਗਲਬਾ ਸਥਾਪਤ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ ਪਰ ਦੁਨੀਆ ਦੇ ਮਹੱਤਵਪੂਰਨ ਦੇਸ਼ ਉਸ ਦੀ ਇਕ ਨਹੀਂ ਸੁਣ ਰਹੇ ਅਤੇ ਤਾਈਵਾਨ ਚੀਨ ਦੇ ਹੱਥੋਂ ਖਿਸਕਦਾ ਜਾ ਰਿਹਾ ਹੈ। ਚੀਨ ਨਹੀਂ ਚਾਹੁੰਦਾ ਕਿ ਤਾਈਵਾਨ ਨੂੰ ਕੋਈ ਵੀ ਦੇਸ਼ ਇਕ ਪ੍ਰਭੂਸੱਤਾ ਰਾਸ਼ਟਰ ਦੀ ਮਾਨਤਾ ਦੇਵੇ। ਚੀਨ ਤਾਈਵਾਨ ਦੇ ਸੈਮੀਕੰਡਕਟਰ ਉਦਯੋਗ ਨੂੰ ਲੈ ਕੇ ਕਿੰਨਾ ਅਸੁਰੱਖਿਅਤ ਮਹਿਸਸ ਕਰ ਰਿਹਾ ਹੈ ਇਹ ਅਸੀਂ ਸਾਰੇ ਜਾਣਦੇ ਹਾਂ।
ਭਾਰਤ ਨੂੰ ਇਸ ਸਮੇਂ ਸੈਮੀਕੰਡਕਟਰ ਚਿਪਸ ਦੀ ਬੜੀ ਲੋੜ ਹੈ ਕਿਉਂਕਿ ਭਾਰਤ ਨੂੰ ਇਸ ਸਮੇਂ ਆਟੋਮੋਬਾਇਲ ਦੇ ਖੇਤਰ ’ਚ ਅਤੇ ਮੋਬਾਇਲ ਫੋਨ, ਕੈਮਰੇ, ਇਲੈਕਟ੍ਰਾਨਿਕ ਘੜੀਆਂ, ਮੈਡੀਕਲ ਯੰਤਰ, ਪੁਲਾੜ ’ਚ ਭੇਜੇ ਜਾਣ ਵਾਲੇ ਉਪਗ੍ਰਹਿ ਤੋਂ ਲੈ ਕੇ ਖੇਤੀ ਦੇ ਯੰਤਰ ਸਮੇਤ ਕਈ ਦੂਜੀਆ ਮਸ਼ੀਨਾਂ ਲਈ ਸੈਮੀਕੰਡਕਟਰਾਂ ਦੀ ਭਾਰੀ ਮਾਤਰਾ ’ਚ ਲੋੜ ਪੈ ਰਹੀ ਹੈ, ਅਜੇ ਤੱਕ ਭਾਰਤ 100 ਫੀਸਦੀ ਸੈਮੀਕੰਡਕਟਰ ਦੀ ਦਰਾਮਦ ਵਿਦੇਸ਼ਾਂ ਤੋਂ ਕਰਵਾਉਂਦਾ ਹੈ।
ਭਾਰਤ ਨੂੰ ਉਦਯੋਗਿਕ ਵਿਕਾਸ ਦੇ ਲਈ ਸੈਮੀਕੰਡਕਟਰਾਂ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ, ਸੈਮੀਕੰਡਕਟਰ ਅਤੇ ਮਾਈਕ੍ਰੋਚਿਪ ਦੇ ਵਿਨਿਰਮਾਣ ਨੂੰ ਭਾਰਤ ’ਚ ਹੀ ਜਲਦੀ ਸ਼ੁਰੂ ਕੀਤੇ ਜਾਣ ਦੀ ਬੜੀ ਲੋੜ ਹੈ, ਜਿਸ ਨਾਲ ਭਾਰਤ ਇਸ ਖੇਤਰ ’ਚ ਆਤਮ-ਨਿਰਭਰ ਬਣੇ। ਸਿਆਸੀ ਤੌਰ ’ਤੇ ਵੀ ਸੈਮੀਕੰਡਕਟਰ ਚਿਪ ਭਾਰਤ ਦੇ ਲਈ ਬੜੀ ਜ਼ਰੂਰੀ ਹੈ, ਇਸ ਲਈ ਭਾਰਤ ਸਰਕਾਰ ਦੇਸ਼ ’ਚ ਸੈਮੀਕੰਡਕਟਰ ਚਿੱਪ ਲਗਾਉਣ ਲਈ ਵਿਸ਼ੇਸ਼ ਸਹੂਲਤਾਂ ਵੀ ਦੇ ਰਹੀ ਹੈ ਅਤੇ ਉਸ ਦੇਸ਼ ਨੂੰ ਸੱਦਾ ਦਿੱਤਾ ਗਿਆ ਹੈ ਜੋ ਇਸ ਖੇਤਰ ’ਚ ਮੋਹਰੀ ਹੈ।
ਪਿਛਲੇ ਸਾਲ ਭਾਰਤ ਸਰਕਾਰ ਨੇ 2 ਕਰੋੜ 40 ਲੱਖ ਰੁਪਏ ਦਾ ਸੈਮੀਕੰਡਕਟਰ ਦਰਾਮਦ ਕੀਤਾ ਸੀ। ਪਿਛਲੇ ਸਾਲ ਹੀ ਭਾਰਤ ਸਰਕਾਰ ਨੇ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਯੋਜਨਾ ਦੇ ਤਹਿਤ ਤੈਅ ਕੀਤਾ ਸੀ ਕਿ ਵਿਸ਼ਵ ਪੱਧਰ ਦੀ ਚਿੱਪ ਬਣਾਉਣ ਵਾਲੀਆਂ ਕੰਪਨੀਆਂ ਜੇਕਰ ਭਾਰਤ ’ਚ ਆ ਕੇ ਆਪਣੀਆਂ ਫੈਕਟਰੀਆ ਲਾਉਣਗੀਆਂ ਤਾਂ ਉਨ੍ਹਾਂ ਨੂੰ ਸਰਕਾਰ ਟੈਕਸ ਹਾਲੀਡੇ ਦੇਵੇਗੀ ਅਤੇ 76 ਹਜ਼ਾਰ ਕਰੋੜ ਰੁਪਏ ਤੱਕ ਦੇ ਟੈਕਸ ’ਚ ਛੋਟ ਵੀ ਦੇਵੇਗੀ।
ਭਾਰਤ ਦੀ ਗੱਲ ਤਾਈਵਾਨ ਨਾਲ ਪਿਛਲੇ ਕਈ ਮਹੀਨੇ ਤੋਂ ਚੱਲ ਰਹੀ ਸੀ, ਇਹ ਡੀਲ ਹੁਣ ਜਾਂ ਕੇ ਫਾਈਨਲ ਹੋਈ ਹੈ ਜਿਸ ਦੇ ਬਾਅਦ ਤਾਈਵਾਨ ਦੀ ਟੀਮ ਨੇ ਭਾਰਤ ’ਚ ਦੋ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰ ਕੇ ਆਪਣਾ ਯੂਨਿਟ ਲਗਾਉਣ ਲਈ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 4 ਦਿਨਾਂ ਤੱਕ ਭਾਰਤ ’ਚ ਰੁਕੀ ਇਸ ਤਾਈਵਾਨੀ ਟੀਮ ਨੇ ਭਾਰਤੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਇਹ ਟੀਮ ਤਾਈਵਾਨ ਵਾਪਸ ਜਾ ਕੇ ਆਪਣੀ ਕੰਪਨੀ ਨੂੰ ਰਿਪੋਰਟ ਸੌਂਪੇਗੀ ਜਿਸ ਦੇ ਬਾਅਦ ਤੈਅ ਹੋਵੇਗਾ ਕਿ ਸੈਮੀਕੰਡਕਟਰ ਦਾ ਯੂਨਿਟ ਕਿੱਥੇ ਲਾਵੇਗੀ, ਗੁਜਰਾਤ ਦੇ ਧੁਲੇਰਾ ਜਾਂ ਫਿਰ ਚੰਡੀਗੜ੍ਹ ਦੇ ਮੋਹਾਲੀ ’ਚ।
ਤਾਈਵਾਨ ਚੀਨ ਨਾਲ ਵਧਦੇ ਤਣਾਅ ਦੇ ਮੱਦੇਨਜ਼ਰ ਇਹ ਵੀ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਉਸ ਦੀ ਸੈਮੀਕੰਡਕਟਰ ਚਿਪ ਬਣਾਉਣ ਦਾ ਯੂਨਿਟ ਸੁਰੱਖਿਅਤ ਰਹੇ ਜਿਸ ਨਾਲ ਤਾਈਵਾਨ ਦਾ ਇਹ ਉਦਯੋਗ ਕਿਸੇ ਖਤਰੇ ’ਚ ਨਾ ਪਵੇ। ਇਸ ਲਈ ਤਾਈਵਾਨ ਕਿਸੇ ਤੀਜੇ ਦੇਸ਼ ’ਚ ਆਪਣਾ ਸੈਮੀਕੰਡਕਟਰ ਚਿਪ ਅਤੇ ਮਾਈਕ੍ਰੋਚਿਪ ਬਣਾਉਣ ਦਾ ਯੂਨਿਟ ਲਾਉਣ ’ਚ ਵੱਧ ਚਾਹਵਾਨ ਹੈ।
ਪੀ. ਐੱਲ. ਆਈ. ਸਕੀਮ ਦੇ ਤਹਿਤ 10 ਸੈਮੀਕੰਡਕਟਰ ਵਿਨਿਰਮਾਣ ਯੂਨਿਟ ਲਾਉਣ ਅਤੇ 2 ਡਿਸਪਲੇ ਫੈਬ੍ਰੀਕੇਸ਼ਨ ਲਾਉਣ ਦੀਆਂ ਕੰਪਨੀਆਂ ਚੁਣੀਆਂ ਜਾਣਗੀਆਂ ਜਿਸ ਨਲ ਸਾਲ 2023 ਅਤੇ 24 ਦਰਮਿਆਨ ਭਾਰਤ ’ਚ ਹੀ ਸੈਮੀਕੰਡਕਟਰ ਬਣਨ ਲੱਗੇ ਅਤੇ ਦੇਸੀ-ਵਿਦੇਸ਼ੀ ਉਦਯੋਗਾਂ ਨੂੰ ਮੇਡ-ਇਨ ਇੰਡੀਆ ਸੈਮੀਕੰਡਕਟਰ ਚਿੱਪ ਮਿਲਣ ਲੱਗਣ। ਇਸ ਨਾਲ ਏਵੀਏਸ਼ਨ ਆਟੋਮੋਬਾਇਲ, ਇਲੈਕਟ੍ਰਾਨਿਕ ਉਦਯੋਗਾਂ ਨਾਲ ਦੂਜੇ ਕਈ ਉਦਯੋਗਾਂ ਨੂੰ ਲਾਭ ਮਿਲੇਗਾ ਜਿਨ੍ਹਾਂ ਦੇ ਉਤਪਾਦਾਂ ’ਚ ਸੈਮੀਕੰਡਕਟਰ ਚਿੱਪ ਲਾਈ ਜਾਂਦੀ ਹੈ।
ਮਾਈਕ੍ਰੋਚਿਪ ਅਤੇ ਸੈਮੀਕੰਡਕਟਰ ਦੇ ਯੂਨਿਟ ਭਾਰਤ ’ਚ ਲਾਉਣ ਨਾਲ ਤਾਈਵਾਨ ਅਤੇ ਭਾਰਤ ਦੋਵਾਂ ਨੂੰ ਲਾਭ ਹੋਵੇਗਾ। ਭਾਰਤ ਦੇ ਦੇਸੀ ਬਾਜ਼ਾਰ ਨੂੰ ਸੈਮੀਕੰਡਕਟਰ ਦੀ ਬੇਰੋਕ ਸਪਲਾਈ ਬਣੀ ਰਹੇਗੀ, ਦੂਜੀ ਗੱਲ ਇਸ ਦੇ ਨਿਰਮਾਣ ’ਚ ਲਾਗਤ ਵੀ ਘੱਟ ਆਵੇਗੀ ਜਿਸ ਦਾ ਸਿੱਧਾ ਅਸਰ ਕੌਮਾਂਤਰੀ ਬਾਜ਼ਾਰ ’ਚ ਇਸ ਦੀ ਬਰਾਮਦ ’ਤੇ ਪਵੇਗਾ। ਭਾਰਤ ਦਾ ਇਲੈਕਟ੍ਰਾਨਿਕ ਉਦਯੋਗ ਲਾਉਣ ਲਈ ਉਸ ਦੇ ਮੁੱਢਲੇ ਢਾਂਚੇ ਦੇ ਵਿਕਾਸ ’ਚ ਇਹ ਮੀਲ ਦਾ ਪੱਥਰ ਸਾਬਤ ਹੋਵੇਗਾ। ਆਉਣ ਵਾਲੇ ਸਮੇਂ ’ਚ ਭਾਰਤ ਇਲੈਕਟ੍ਰਾਨਿਕ ਯੰਤਰਾਂ ਦੇ ਵਿਨਿਰਮਾਣ ਅਤੇ ਬਰਾਮਦ ਲਈ ਵੱਡਾ ਕੇਂਦਰ ਬਣ ਕੇ ਉਭਰੇਗਾ।