ਸਿੰਧ : ਆਜ਼ਾਦੀ ਨੂੰ ਹਾਂ, ਵੱਖਵਾਦ ਨੂੰ ਨਾਂਹ

01/20/2021 3:25:52 AM

ਡਾ. ਵੇਦਪ੍ਰਤਾਪ ਵੈਦਿਕ

ਪਾਕਿਸਤਾਨ ’ਚ ਸਿੰਧ ਦੀ ਆਜ਼ਾਦੀ ਅਤੇ ਵੱਖਵਾਦ ਦਾ ਅੰਦੋਲਨ ਮੁੜ ਤੇਜ਼ ਹੋ ਗਿਆ ਹੈ। ‘ਜੀਏ ਸਿੰੰੰਧ’ ਅੰਦੋਲਨ ਦੇ ਨੇਤਾ ਗੁਲਾਮ ਮੁਰਤਜ਼ਾ ਸਈਦ ਦੇ 117ਵੇਂ ਜਨਮਦਿਨ ’ਤੇ ਸਿੰਧ ਦੇ ਕਈ ਜ਼ਿਲਿਆਂ ’ਚ ਜ਼ਬਰਦਸਤ ਪ੍ਰਦਰਸ਼ਨ ਹੋਏ। ਇਨ੍ਹਾਂ ਪ੍ਰਦਰਸ਼ਨਾਂ ’ਚ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦੇ ਪੋਸਟਰ ਵੀ ਉਛਾਲੇ ਗਏ। ‘ਜੀਏ ਸਿੰਧ’ ਮੁਤਹਿਦਾ ਮੁਹਾਜ਼ ਦੇ ਨੇਤਾ ਸ਼ਫੀ ਅਹਿਮਦ ਬਰਫਤ ਨੇ ਕਿਹਾ ਹੈ ਕਿ ਸਿੰਧ ਦੀ ਸੰਸਕ੍ਰਿਤੀ, ਇਤਿਹਾਸ ਅਤੇ ਪ੍ਰੰਪਰਾ ਪਾਕਿਸਤਾਨ ਤੋਂ ਬਿਲਕੁਲ ਵੱਖ ਹੈ ਅਤੇ ਅਜੇ ਤੱਕ ਬਰਕਰਾਰ ਹੈ ਪਰ ਇਸ ਸਿੰਧੀ ਰਾਸ਼ਟਰਵਾਦ ’ਤੇ ਪੰਜਾਬੀ ਰਾਸ਼ਟਰਵਾਦ ਹਾਵੀ ਹੈ। ਅੰਗਰੇਜ਼ਾਂ ਨੇ ਸਿੰਧ ਨੂੰ ਜ਼ਬਰਦਸਤੀ ਪਾਕਿਸਤਾਨ ’ਚ ਮਿਲਾ ਦਿੱਤਾ ਅਤੇ ਹੁਣ ਪਾਕਿਸਤਾਨ ਸਿੰਧ ਦੇ ਟਾਪੂਆਂ, ਬੰਦਰਗਾਹਾਂ ਅਤੇ ਜੰਗੀ ਖੇਤਰ ਨੂੰ ਚੀਨ ਦੇ ਹਵਾਲੇ ਕਰਦਾ ਜਾ ਰਿਹਾ ਹੈ। ਸਿੰਧੀ ਅੰਦੋਲਨਕਾਰੀਆਂ ਦਾ ਇਹ ਮੰਨਣਾ ਹੈ ਕਿ ਜਿਵੇਂ 1971 ’ਚ ਬੰਗਲਾਦੇਸ਼ ਆਜ਼ਾਦ ਹੋਇਆ ਸੀ, ਉਸੇ ਤਰ੍ਹਾਂ ਹੀ ਸਿੰਧ ਵੀ ਆਜ਼ਾਦ ਹੋ ਕੇ ਰਹੇਗਾ।

ਭਾਰਤੀ ਹੋਣ ਦੇ ਨਾਤੇ ਅਸੀਂ ਸਭ ਇਹ ਸੋਚਦੇ ਹਾਂ ਕਿ ਪਾਕਿਸਤਾਨ ਦੇ ਟੁਕੜੇ ਹੋ ਜਾਣ ਤਾਂ ਭਾਰਤ ਨਾਲੋਂ ਵੱਧ ਖੁਸ਼ ਕੌਣ ਹੋਵੇਗਾ? ਛੋਟਾ ਅਤੇ ਕਮਜ਼ੋਰ ਪਾਕਿਸਤਾਨ ਫਿਰ ਭਾਰਤ ਨਾਲ ਲੜਾਈਆਂ ਲੜਨ ਤੋਂ ਬਾਜ਼ ਆ ਜਾਵੇਗਾ। ਇਸੇ ਲਈ ਭਾਰਤ ਦੇ ਕਈ ਨੇਤਾ ਪਾਕਿਸਤਾਨ ਤੋਂ ਸਿੰਧ ਨੂੰ ਹੀ ਨਹੀਂ, ਪਖਤੂਨਿਸਤਾਨ ਅਤੇ ਬਲੋਚਿਸਤਾਨ ਨੂੰ ਵੀ ਤੋੜ ਕੇ ਵੱਖ ਦੇਸ਼ ਬਣਾਉਣ ਦੀ ਵਕਾਲਤ ਕਰਦੇ ਹਨ। ਅਫਗਾਨਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ. ਦਾਊਦ ਖਾਨ ਤਾਂ ਪਖਤੂਨ ਅੰਦੋਲਨ ਦੇ ਇੰਨੇ ਕੱਟੜ ਹਮਾਇਤੀ ਸਨ ਕਿ ਉਨ੍ਹਾਂ ਆਪਣੇ ਕਾਰਜਕਾਲ ’ਚ 3 ਵਾਰ ਪਾਕਿਸਤਾਨ ਨਾਲ ਜੰਗ ਲਗਭਗ ਛੇੜ ਹੀ ਦਿੱਤੀ ਸੀ। ਸਿੰਧੀ ਵੱਖਵਾਦ ਦੇ ਸਭ ਤੋਂ ਵੱਡੇ ਨੇਤਾ ਗੁਲਾਮ ਮੁਰਤਜ਼ਾ ਸਈਦ ਨਾਲ ਮੇਰੀਆਂ ਕਈ ਮੁਲਾਕਾਤਾਂ ਹੋਈਆਂ। ਉਹ ਨਰਸਿਮ੍ਹਾ ਰਾਓ ਜੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਭਾਰਤ ਆਏ ਸਨ। ਉਹ ਲਗਭਗ 20 ਦਿਨ ਦਿੱਲੀ ’ਚ ਰਹੇ। ਦੇਸ਼ ਦੇ ਕਈ ਵੱਡੇ ਆਗੂਆਂ ਨੂੰ ਮਿਲਦੇ ਰਹੇ। ਉਹ ਰੋਜ਼ਾਨਾ ਹੀ ਮੇਰੇ ਪੀ. ਟੀ. ਆਈ. ਦਫਤਰ ’ਚ ਆਉਂਦੇ ਸਨ ਅਤੇ ਦੁਪਹਿਰ ਦਾ ਭੋਜਨ ਮੇਰੇ ਨਾਲ ਹੀ ਕਰਦੇ ਸਨ।

ਜੀ. ਐੱਮ. ਸਈਦ ਸਾਹਿਬ ਸਿੰਧੀਆਂ ਦੀ ਮਾੜੀ ਹਾਲਤ ਦਾ ਬਹੁਤ ਹੀ ਦਰਦ ਭਰੇ ਢੰਗ ਨਾਲ ਚਿੱਤਰਣ ਕਰਦੇ ਸਨ। ਉਸ ਦੇ ਕਈ ਤੱਥ ਮੇਰੇ ਤਜਰਬੇ ’ਚ ਵੀ ਸਨ। ਮੈਂ ਖੁਦ ਕਰਾਚੀ ਅਤੇ ਸਿੰਧ ਦੇ ਕੁਝ ਇਲਾਕਿਆਂ ਜਿਵੇਂ ਗੜ੍ਹੀ ਖੁਦਾਬਖਸ਼ (ਬੇਨਜ਼ੀਰ ਦੀ ਸਮਾਧੀ) ਆਦਿ ਵਿਖੇ ਜਾਂਦਾ ਰਿਹਾ ਹਾਂ। ਮੈਂ ਸਿੰਧੀ ਸ਼ੋਸ਼ਣ ਦਾ ਵਿਰੋਧੀ ਹਾਂ ਪਰ ਇਹ ਮੰਨਦਾ ਹਾਂ ਕਿ ਜੇ ਦੂਰ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਅਤੇ ਪੂਰੇ ਦੱਖਣੀ ਏਸ਼ੀਆ ਦਾ ਭਲਾ ਸੋਚਿਆ ਜਾਵੇ ਤਾਂ ਇਸ ਵਿਸ਼ਾਲ ਖੇਤਰ ’ਚ ਕਿਸੇ ਨਵੇਂ ਦੇਸ਼ ਦਾ ਪੈਦਾ ਹੋਣਾ ਲਾਭਕਾਰੀ ਨਹੀਂ ਹੈ। ਉਹ ਭਾਵੇਂ ਸਿੰਧ ਹੋਵੇ, ਪਖਤੂਨਿਸਤਾਨ ਹੋਵੇ, ਕਸਮੀਰ ਹੋਵੇ ਜਾਂ ਨਾਗਾਲੈਂਡ ਹੋਵੇ। ਇਨ੍ਹਾਂ ਸਭ ਇਲਾਕਿਆਂ ’ਚ ਨਾਗਰਿਕਾਂ ਨੂੰ ਮੁਕੰਮਲ ਆਜ਼ਾਦੀ ਅਤੇ ਬਰਾਬਰੀ ਮਿਲਣੀ ਚਾਹੀਦੀ ਹੈ ਪਰ ਉਨ੍ਹਾਂ ਨੂੰ ਵੱਖ ਕਰ ਕੇ ਆਪਣੇ ਲਈ ਵੀ ਕਾਫੀ ਨੁਕਸਾਨਦੇਹ ਹੈ। ਬੰਗਲਾਦੇਸ਼ ਦੀ ਤੁਲਨਾ ਇਸ ਨਾਲ ਨਹੀਂ ਕੀਤੀ ਜਾ ਸਕਦੀ। ਦੱਖਣੀ ਏਸ਼ੀਆ ’ਚ ਕਈ ਆਜ਼ਾਦ ਦੇਸ਼ਾਂ ਦਾ ਖੜ੍ਹਾ ਹੋਣਾ ਭਾਰਤ ਲਈ ਸਭ ਤੋਂ ਵੱਡੀ ਸਿਰਦਰਦੀ ਸਾਬਤ ਹੋ ਸਕਦਾ ਹੈ।


Bharat Thapa

Content Editor

Related News