ਸ਼੍ਰੋਮਣੀ ਅਕਾਲੀ ਦਲ : ਲੋਕਤੰਤਰ ਤੋਂ ਨਿੱਜਵਾਦ

12/10/2020 3:41:15 AM

ਜਸਵੰਤ ਸਿੰਘ ‘ਅਜੀਤ’

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਨਾਲ ਸੰਬੰਧਿਤ ਇਤਿਹਾਸ ਇਸ ਗੱਲ ਦਾ ਗਵਾਹ ਹੈ ਿਕ ਵੀਹਵੀਂ ਸਦੀ ਦੇ ਤੀਸਰੇ ਦਹਾਕੇ ’ਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ, ਤਾਂ ਉਸ ਸਮੇਂ ਉਸਦਾ ਜੋ ਸੰਵਿਧਾਨ ਤਿਆਰ ਕੀਤਾ ਗਿਆ, ਉਸ ’ਚ ਇਕ ਤਾਂ ਇਹ ਗੱਲ ਨਿਸ਼ਚਿਤ ਕੀਤੀ ਗਈ ਕਿ ਇਹ ਜਥੇਬੰਦੀ ਇਤਿਹਾਸਕ ਗੁਰਦੁਆਰਿਆਂ ’ਚ ਸਥਾਪਤ ਧਾਰਮਿਕ ਮਰਿਅਾਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੀ ਪਾਲਣਾ ਕਰਨ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਵੇਗੀ ਅਤੇ ਦੂਜੀ ਗੱਲ ਇਹ ਹੈ ਕਿ ਇਸਦਾ ਸੰਗਠਨ ਮੁਕੰਮਲ ਤੌਰ ’ਤੇ ਲੋਕਤੰਤਰਿਕ ਮਾਨਤਾਵਾਂ ਦੇ ਆਧਾਰ ’ਤੇ ਹੀ ਹੋਵੇਗਾ। ਦਲ ਦੇ ਸੰਵਿਧਾਨ ਦੇ ਅਨੁਸਾਰ ਇਸਨੂੰ ਹੋਂਦ ’ਚ ਲਿਆਂਦੇ ਜਾਣ ਦਾ ਮੁੱਖ ਮਕਸਦ, ‘ਗੁਰਮਤਿ ਅਤੇ ਰਹਿਤ ਮਰਿਆਦਾ ਦਾ ਪ੍ਰਚਾਰ ਕਰਨ ਦੇ ਨਾਲ ਹੀ ਨਾਸਤਿਕਤਾ ਦਾ ਅੰਤ, ਗੁਰਦੁਆਰਾ ਦੇ ਪ੍ਰਬੰਧ ’ਚ ਸੁਧਾਰ ਅਤੇ ਸੇਵਾ-ਸੰਭਾਲ ਦੇ ਲਈ ਯਤਨ ਕਰਨਾ’ ਨਿਸ਼ਚਿਤ ਕੀਤਾ ਗਿਆ ਸੀ।

ਆਰੰਭ ਤੋਂ ਤਾਂ ਸਭ ਠੀਕ-ਠਾਕ ਚੱਲਦਾ ਰਿਹਾ ਪਰ ਜਦੋਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀਆਂ ’ਚ ਸਿਆਸੀ ਸਵਾਰਥ ਦੀ ਭਾਵਨਾ ਨੇ ਜ਼ੋਰ ਫੜਨਾ ਅਤੇ ਉਨ੍ਹਾਂ ਦੇ ਦਿਲ ’ਚ ਸਿਆਸਤੀ ਸੱਤਾ ਦੀ ਲਾਲਸਾ ਨੇ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਜਾਗੀਰ ਸਮਝਣ ਲੱਗੇ। ਜਿਸਦਾ ਨਤੀਜਾ ਇਹ ਹੋਇਆ ਕਿ ਹੌਲੀ-ਹੌਲੀ ਸ਼੍ਰੋਮਣੀ ਅਕਾਲੀ ਦਲ ’ਚ ਲੋਕਤੰਤਰਿਕ ਪ੍ਰਕਿਰਿਆ ’ਤੇ ਅਮਲ ਕੀਤਾ ਜਾਣਾ ਬੰਦ ਹੋਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਜਦੋਂ ਦਲ ਅਤੇ ਵਿਅਕਤੀ-ਵਿਸ਼ੇਸ਼ ਦੀ ਸੱਤਾ ਕਾਇਮ ਹੋਣ ਲੱਗੀ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ’ਚ ਵੀ ਟੁੱਟਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ।

ਇਕ ਦੇ ਬਾਅਦ ਦੂਸਰਾ ਅਕਾਲੀ ਦਲ ਹੋਂਦ ’ਚ ਆਉਣ ਲੱਗਾ ਅਤੇ ਉਨ੍ਹਾਂ ਦੇ ਨਾਂ ਦੇ ਨਾਲ ਸੰਤ ਫਤਹਿ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਸਿਮਰਨਜੀਤ ਸਿੰਘ ਮਾਨ ਅਤੇ ਪ੍ਰਕਾਸ਼ ਸਿੰਘ ਬਾਦਲ ਆਦਿ ਦੇ ਨਾਂ ਜੁੜਨ ਲੱਗੇ।

ਜਿਸ ਤਰ੍ਹਾਂ ਇਨ੍ਹਾਂ ਅਕਾਲੀ ਦਲਾਂ ਦੇ ਨਾਂ ਦੇ ਨਾਲ ਨਿੱਜੀ ਵਿਅਕਤੀਆਂ ਦੇ ਨਾਂ ਜੁੜਨ ਲੱਗੇ, ਉਸ ਨਾਲ ਇਹ ਅਕਾਲੀ ਦਲ ਸਮੁੱਚੇੇ ਪੰਥ ਦੇ ਪ੍ਰਤੀਨਿਧੀ ਨਾ ਰਹਿ ‘ਪ੍ਰਾਈਵੇਟ ਲਿਮਟਿਡ ਕੰਪਨੀਆਂ’ ਬਣਨ ਲੱਗੇ। ਜਿਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਾਂ ਦੂਸਰੇ ਸ਼ਬਦਾਂ ’ਚ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਹੁੰਦਾ ਉਹ ਨਾ ਤਾਂ ਸਿਰਫ ਆਪਣੀ ਕਾਰਜਕਾਰਨੀ (ਜਿਸਨੂੰ ਦੂਸਰੇ ਸ਼ਬਦਾਂ ’ਚ ਬੋਰਡ ਆਫ ਡਾਇਰੈਕਟਰ ਕਿਹਾ ਜਾ ਸਕਦਾ ਹੈ) ਦਾ ਗਠਨ ਕਰਦਾ ਸਗੋਂ, ਉਪਰੋਂ ਹੇਠਾਂ ਤਕ ਸਾਰੀਆਂ ਨਿਯੁਕਤੀਆਂ ਵੀ ਉਹ ਆਪਣੀ ਮਰਜ਼ੀ-ਅਨੁਸਾਰ, ਨਿੱਜੀ ਵਫਾਦਾਰੀ ਦੇ ਆਧਾਰ ’ਤੇ ਕਰਦਾ। ਅੱਜ ਜਿੰਨੇ ਵੀ ਅਕਾਲੀ ਦਲ ਹੋਂਦ ’ਚ ਹਨ ਉਹ ਸਾਰੇ ਇਸੇ ਕਿਸਮ ਦੀਆਂ ਪ੍ਰਾਈਵੇਟ ਲਿਮਟਿਡ ਕੰਪਨੀਆਂ ਹੀ ਬਣ ਕੇ ਰਹਿ ਗਏ ਹਨ।

ਇਸੇ ਸਥਿਤੀ ਦੇ ਨਤੀਜੇ ਵਜੋਂ ਅਕਾਲੀ ਦਲਾਂ ਦੇ ਉੱਪਰ ਤੋਂ ਹੇਠਾਂ ਤਕ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਜਵਾਬਦੇਹੀ ਪੰਥ ਦੇ ਪ੍ਰਤੀ ਨਾ ਰਹਿ, ਦਲ ਦੇ ਰਾਸ਼ਟਰੀ ਪ੍ਰਧਾਨ, ਭਾਵ ਇੰਜ ਕਹਿ ਲਵੋ ਕਿ ਸਬੰਧਤ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਚੇਅਰਮੈਨ-ਕਮ-ਮੈਨੇਜਿਗ ਡਾਇਰੈਕਟਰ ਦੇ ਪ੍ਰਤੀ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਜਿਸਦਾ ਨਤੀਜਾ ਇਹ ਹੋਇਆ ਕਿ ਅਕਾਲੀ ਦਲਾਂ ’ਚ ਹੀ ਨਹੀਂ ਸਗੋਂ ਅਕਾਲੀ ਦਲਾਂ ਦੇ ਅਧੀਨ ਚਲ ਰਹੀਆਂ ਸੰਸਥਾਵਾਂ ’ਚ ਵੀ ਭ੍ਰਿਸ਼ਟਾਚਾਰ ਵੱਧਣਾ ਸ਼ੁਰੂ ਹੋ ਗਿਆ। ਅਨੁਸ਼ਾਸਨ ਤਾਂ ਬੀਤੇ ਸਮੇਂ ਹੀ ਗੱਲ ਹੋ ਕੇ ਰਹਿ ਗਿਆ।

ਅੱਜ ਸਿੱਖਾਂ ਦੀਆਂ ਵੱਡੀਆਂ ਧਾਰਮਿਕ ਸੰਸਥਾਵਾਂ ’ਤੇ ਸ਼੍ਰੋਮਣੀ ਅਕਾਲੀ ਦਲ ਹੀ ਸੱਤਾ ਕਾਇਮ ਹੈ। ਇਨ੍ਹਾਂ ਸੰਸਥਾਵਾਂ ਦਾ ਪ੍ਰਬੰਧਕੀ ਢਾਂਚਾ ਜਿਸ ਤਰ੍ਹਾਂ ਕੰਮ ਕਰ ਰਿਹਾ ਹੈ ਉਸ ਦੀ ਛਾਣਬੀਣ ਕਰਨ ’ਤੇ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਨ੍ਹਾਂ ਵੱਡੀਆਂ ਧਾਰਮਿਕ ਸੰਸਥਾਵਾਂ ’ਚ ਭ੍ਰਿਸ਼ਟਾਚਾਰ ਲਗਾਤਾਰ ਵੱਧਦਾ ਹੈ ਅਤੇ ਉਸ ’ਚ ਅਨੁਸ਼ਾਸਨ ਦਮ ਤੋੜਦਾ ਚੱਲਿਆ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲਾਂ ਦੇ ਮੁਖੀਆਂ ਨੇ ਧਾਰਮਿਕ ਮਰਿਅਾਦਾਵਾਂ ਦੀ ਪਾਲਣਾ ਅਤੇ ਰਵਾਇਤਾਂ ਦੀ ਰੱਖਿਆ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਧਾਰਮਿਕ ਸੰਸਥਾਵਾਂ ਨੂੰ ਸਹਿਯੋਗ ਦੇਣ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ’ਤੇ ਇਨ੍ਹਾਂ ਸੰਸਥਾਵਾਂ ਨੂੰ ਖੁਦ ਨੂੰ ਸਿਆਸਤ ’ਚ ਸਥਾਪਤ ਕਰਨ ਲਈ ਪੌੜੀ ਦੇ ਰੂਪ ’ਚ ਵਰਤੇ ਜਾਣ ਦੇ ਮਕਸਦ ਨਾਲ ਇਨ੍ਹਾਂ ਦੀ ਸੱਤਾ ’ਤੇ ਆਪਣਾ ਕਬਜਾ਼ ਕਾਇਮ ਕਰਨ ਅਤੇ ਕਾਇਮ ਰੱਖਣ ਦੇ ਲਈ ਹਰ ਤਰ੍ਹਾਂ ਦੇ ਜਾਇਜ-ਨਜਾਇਜ਼ ਹੱਥਕੰਡੇ ਅਪਨਾਉਣੇ ਸ਼ੁਰੂ ਕਰ ਦਿੱਤੇ ਗਏ। ਇਥੋਂ ਤਕ ਕਿ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਲਈ ਉਨ੍ਹਾਂ ਦੇ ਸਾਹਮਣੇ ਗੋਡੇ ਟੇਕਣੇ ਸ਼ੁਰੂ ਕਰ ਦਿੱਤੇ। ਮੈਂਬਰ ਇਸ ਸਥਿਤੀ ਦਾ ਪੂਰਾ-ਪੂਰਾ ਲਾਭ ਹਾਸਲ ਕਰਨ ’ਚ ਜੱੁਟ ਗਏ ਹਨ। ਉਹ ਆਪਣਾ ਸਮਰਥਨ ਦੇਣ ਦਾ ਪੂਰਾ-ਪੂਰਾ ਮੁੱਲ ਵਸੂਲ ਕਰਨ ਲੱਗੇ ਹਨ। ਇਹ ਮੁੱਲ ਉਹ ਵਫਾਦਾਰੀ ਬਦਲਣ ਲਈ ਵੀ ਅਤੇ ਵਫਾਦਾਰ ਰਹਿਣ ਲਈ ਵੀ ਵਸੂਲ ਕਰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਖੁੱਲ੍ਹੀ ਛੂਟ ਮਿਲ ਜਾਂਦੀ ਹੈ ਕਿ ਉਹ ਸੰਸਥਾ ’ਚ ਜਿਵੇਂ ਅਤੇ ਜਿੰਨੀ ਚਾਹੁਣ ਲੁੱਟ ਮਾਰ ਕਰਨ।

ਇਸ ਸਾਰੀ ਸਥਿਤੀ ਦੇ ਸਬੰਧ ’ਚ ਜਦੋਂ ਇਕੱਲੇ ਬੈਠ, ਸੋਚ-ਵਿਚਾਰ ਕੀਤੀ ਤਾਂ ਮੈਨੂੰ ਜਾਪਿਆ ਕਿ ਜਿਵੇਂ ਧਾਰਮਿਕ ਸੰਸਥਾਵਾਂ ਦਾ ਸਿਆਸੀਕਰਨ ਕਰ ਦਿੱਤੇ ਜਾਣ ਦੇ ਕਾਰਨ ਹੀ ਇਨ੍ਹਾਂ ਦਾ ਪਤਨ ਹੋਣਾ ਸ਼ੁਰੂ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਜਿਸਦੀ ਸਥਾਪਨਾ ਗੁਰਦੁਆਰਿਆਂ ’ਚ ਧਾਰਮਿਕ ਮਰਿਆਦਾ ਅਤੇ ਰਵਾਇਤਾਂ ਕਾਇਮ ਰੱਖਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਿਕ ਸੰਸਥਾਵਾਂ ਨੂੰ ਸਹਿਯੋਗ ਦੇਣ ਲਈ ਕੀਤੀ ਗਈ ਸੀ, ਉਸਦੇ ਮੁਖੀਆਂ ਨੇ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਥਾਂ ’ਤੇ ਉਨ੍ਹਾਂ ਦੀ ਵਰਤੋਂ ਆਪਣੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਸ ਸਥਿਤੀ ਦੇ ਸਬੰਧ ’ਚ ਜਦੋਂ ਕੁਝ ਬਜ਼ੁਰਗ ਅਤੇ ਟਕਸਾਲੀ ਅਕਾਲੀ ਮੁਖੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲੱਗੇ ਮੋਰਚਿਆਂ ’ਚ ਇਸ ਲਈ ਕੁਰਬਾਨੀਆਂ ਨਹੀਂ ਿਦੱਤੀਆਂ ਕਿ ਇਹ ਪੰਥਕ ਜਥੇਬੰਦੀ ਗੈਰ-ਪੰਥਕ ਸ਼ਕਤੀਆਂ ਨੂੰ ਸੌਂਪ ਦਿੱਤੀ ਜਾਵੇ ਅਤੇ ਇਸ ’ਤੇ ਉਹ ਲੋਕ ਕਾਬਜ਼ ਹੋ ਜਾਣ, ਜਿਨ੍ਹਾਂ ਦੇ ਦਿਲ ’ਚ ਪੰਥ ਦੀ ਸੇਵਾ ਕਰਨ, ਗੁਰਦੁਆਰਿਆਂ ਦੀ ਪਵਿੱਤਰਤਾ ਕਾਇਮ ਰੱਖਣ ਅਤੇ ਧਾਰਮਿਕ ਮਰਿਆਦਾਵਾਂ ਅਤੇ ਰਵਾਇਤਾਂ ਦੀ ਪਾਲਣਾ ਕਰਨ ਦੇ ਪ੍ਰਤੀ ਮਾਮੂਲੀ ਜਿਹੀ ਭਾਵਨਾ ਨਾ ਹੋਵੇ ਅਤੇ ਜੋ ਸਿਰਫ ਆਪਣੀ ਸਿਆਸੀ ਲਾਲਸਾ ਨੂੰ ਪੂਰਾ ਕਰਨ ਲਈ ਹੀ ਇਸ ਦੀ ਵਰਤੋਂ ਕਰਨ ਲੱਗਣ।

... ਅਤੇ ਅਖੀਰ ’ਚ : ਇਸ ਸਬੰਧ ’ਚ ਚੱਲ ਰਹੀ ਗੱਲਬਾਤ ’ਚ ਇਕ ਸੱਜਣ ਤਾਂ ਬੜੇ ਦੁਖੀ ਅੰਦਾਜ਼ ’ਚ ਇਹ ਕਹਿਣ ਤੋਂ ਵੀ ਨਹੀਂ ਖੁੰਝੇ ਕਿ ਅੱਜ ਕੋਈ ਵੀ ਅਜਿਹਾ ਅਕਾਲੀ ਦਲ ਨਹੀਂ, ਜੋ ਪੁਰਾਤਨ ਅਕਾਲੀ ਦਲ ਦੀਆਂ ਕੁਰਬਾਨੀਆਂ ਦਾ ਵਾਰਸ ਹੋਣ ਦਾ ਦਾਅਵਾ ਕਰ ਸਕੇ। ਸਾਰੇ ਅਕਾਲੀ ਦਲ ਨਿੱਜੀ ਦੁਕਾਨਾਂ ਅਤੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣ ਕੇ ਰਹਿ ਗਏ ਹਨ। ਉਸਨੇ ਅੱਖਾਂ ’ਚ ਹੰਝੂ ਭਰ ਕੇ ਕਿਹਾ ਕਿ ਇਨ੍ਹਾਂ ਪ੍ਰਾਈਵੇਟ ਕੰਪਨੀਆਂ ਦੇ ਦਰਵਾਜ਼ਿਆਂ ’ਤੇ ‘ਸ਼੍ਰੋਮਣੀ ਅਕਾਲੀ ਦਲ’ ਦੇ ਨਾਂ ਦੇ ਨਾਲ ਇਨ੍ਹਾਂ ਦੇ ਮਾਲਕਾਂ ਦੇ ਨਾਂ ਲਿਖੇ ਦੇਖ, ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਜ਼ਰੂਰ ਤੜਪਦੀਆਂ ਅਤੇ ਕੁਰਲਾਉਂਦੀਆਂ ਹੋਣਗੀਅਾਂ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਏਜੰਡੇ ਦਾ ਸਨਮਾਨ ਕਰਦੇ ਹੋਏ, ਇਸੇ ਝੰਡੇ ਹੇਠ ਲਗਾਏ ਗਏ ਹਰ ਮੋਰਚੇ ’ਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਕੁਰਬਾਨੀਆਂ ਦਿੱਤੀਆਂ ਅਤੇ ਜਿਨ੍ਹਾਂ ਨੂੰ ਭਰੋਸਾ ਸੀ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਪੰਥਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਸਿੱਖ ਧਰਮ ਅਤੇ ਸਿੱਖਾਂ ਦਾ ਮਾਣ-ਸਤਿਕਾਰ ਵਧਾਉਣ ’ਚ ਸਾਰਿਆਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਜਿਨ੍ਹਾਂ ਨੂੰ ਇਹ ਵੀ ਯਕੀਨ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਅਤੇ ਗੁਰਦੁਆਰਿਆਂ ਦੀ ਮਰਿਆਦਾ, ਪਰੰਪਰਾ ਅਤੇ ਪਵਿੱਤਰਤਾ ਕਾਇਮ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕੁਰਬਾਨੀਆਂ ਕਰਨ ਵਾਲਿਆਂ ਨੂੰ ਕਦੇ ਸੁਪਨੇ ’ਚ ਵੀ ਇਹ ਖਿਆਲ ਨਹੀਂ ਆਇਆ ਹੋਵੇਗਾ ਕਿ ਉਹ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਵਸੂਲ ਕੇ ਕਥਿਤ ਅਕਾਲੀ ਨੇਤਾਵਾਂ ਵਲੋਂ ਆਪਣੇ ਸਿਆਸੀ ਸਵਾਰਥ ਦੀ ਲਾਲਸਾ ਪੂਰੀ ਕੀਤੀ ਜਾਂਦੀ ਰਹੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਉਨ੍ਹਾਂ ਮਾਨਤਾਵਾਂ ਅਤੇ ਆਦਰਸ਼ਾਂ ਵਲੋਂ ਮੂੰਹ ਮੋੜ ਲਿਆ ਜਾਵੇਗਾ, ਜਿਨ੍ਹਾਂ ਨੂੰ ਮੁੱਖ ਰੱਖ ਕੇ ਇਸਦੀ ਸਥਾਪਨਾ ਅਤੇ ਜਿਨ੍ਹਾਂ ਨੂੰ ਲਗਨ ਸਮੇਤ ਨਿਭਾਉਣ ਦੀ ਸਤਿਗੁਰੂ ਦੇ ਚਰਨਾਂ ’ਚ ਅਰਦਾਸ ਕੀਤੀ ਗਈ ਸੀ।


Bharat Thapa

Content Editor

Related News