ਵਿਗੜੇ ਰਈਸਜ਼ਾਦਿਆਂ ਨੂੰ ਐਸ਼ ਕਰਵਾਉਂਦੀਆਂ ਰੇਵ ਪਾਰਟੀਆਂ
Tuesday, Oct 05, 2021 - 03:27 AM (IST)

ਡਾ. ਵਰਿੰਦਰ ਭਾਟੀਆ
ਇਕ ਫਿਲਮੀ ਸਿਤਾਰੇ ਦੇ ਨੌ ਨਿਹਾਲ ਦਾ ਰੇਵ ਪਾਰਟੀ ’ਚ ਫੜਿਆ ਜਾਣਾ ਸੁਰਖੀਆਂ ਬਟੋਰ ਰਿਹਾ ਹੈ। ਰੇਬ ਜਾਂ ਰੇਵ ਦਾ ਮਤਲਬ ਬੜਬੜਾਉਣਾ ਕਿਹਾ ਜਾ ਸਕਦਾ ਹੈ। ਇਹ ਇਕ ਨਾਈਟ ਕਲੱਬ, ਆਊਟਡੋਰ ਉਤਸਵ, ਗੋਦਾਮ ਜਾਂ ਹੋਰ ਨਿੱਜੀ ਜਾਇਦਾਦ ’ਚ ਇਕ ਸੰਗਠਿਤ ਨ੍ਰਿਤ ਪਾਰਟੀ ਹੈ, ਜਿਸ ’ਚ ਆਮ ਤੌਰ ’ਤੇ ਡੀਜੇ ਵਲੋਂ ਪ੍ਰਦਰਸ਼ਨ ਦੀ ਖੂਬੀ ਹੁੰਦੀ ਹੈ। ਉਹ ਇਲੈਕਟ੍ਰਾਨਿਕ ਨ੍ਰਿਤ ਸੰਗੀਤ ਦਾ ਸਹਿਜ ਪ੍ਰਵਾਹ ਖੇਡਦੀ ਹੈ। ਸੰਗੀਤ ਅਕਸਰ ਲੇਜ਼ਰ ਲਾਈਟ ਸ਼ੋਅ, ਰੰਗੀਨ ਤਸਵੀਰਾਂ, ਦ੍ਰਿਸ਼ ਦੇ ਪ੍ਰਭਾਵਾਂ ਅਤੇ ਕੋਹਰੇ ਦੀਆਂ ਮਸ਼ੀਨਾਂ ਨਾਲ ਹੁੰਦਾ ਹੈ।
ਮਿਊਜ਼ਿਕ ਦੀ ਹਰ ਬੀਟ ਦੇ ਨਾਲ ਸਰੀਰ ’ਚ ਥਿਰਕਨ ਪੈਦਾ ਕਰਦਾ ਸੰਗੀਤ, ਹੌਲੀ-ਹੌਲੀ ਰਗਾਂ ’ਚ ਘੁੱਲਦਾ ਨਸ਼ਾ ਅਤੇ ਅੱਯਾਸ਼ੀ ਦੀ ਪੂਰੀ ਆਜ਼ਾਦੀ ਨਾਲ ਵਧੇਰੇ ਰੇਵ ਪਾਰਟੀਆਂ ’ਚ ਅਕਸਰ ਇਹੀ ਕੁਝ ਨਜ਼ਰ ਆਉਂਦਾ ਹੈ। ਕਈ ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਮਿਊਜ਼ਿਕ, ਡ੍ਰਗਸ ਅਤੇ ਸੈਕਸ ਦੀ ਇਸ ਨਾਮੁਰਾਦ ਦੁਨੀਆ ’ਚ ਆਉਣ ਦੇ ਲਈ ਜੇਬ ’ਚ ਮਾਲ ‘ਕਾਂਟੈਕਟਸ’ ਦਾ ਹੋਣਾ ਜ਼ਰੂਰੀ ਹੈ। ਇਨ੍ਹਾਂ ਪਾਰਟੀਆਂ ’ਚ ਰਈਸਜ਼ਾਦਿਆਂ ਦਾ ਮਜਮਾ ਲੱਗਦਾ ਹੈ।
1980 ਅਤੇ 90 ਦੇ ਦਹਾਕੇ ’ਚ ਦੁਨੀਆ ਬੜੀ ਤੇਜ਼ੀ ਨਾਲ ਰੇਵ ਪਾਰਟੀਆਂ ਤੋਂ ਜਾਣੂ ਹੋਈ। ਹਾਲਾਂਕਿ ਅਜਿਹੀਆਂ ਪਾਰਟੀਆਂ ਦੀ ਸ਼ੁਰੂਆਤ ਉਸ ਤੋਂ ਲਗਭਗ 20-30 ਸਾਲ ਪਹਿਲਾਂ ਹੋ ਚੁੱਕੀ ਸੀ। ਲੰਦਨ ’ਚ ਹੋਣ ਵਾਲੀਆਂ ਬੇਹੱਦ ਜੋਸ਼ੀਲੀਆਂ ਪਾਰਟੀਆਂ ਨੂੰ ‘ਰੇਵ’ ਕਿਹਾ ਜਾਂਦਾ ਹੈ। ਅਮਰੀਕਾ ਨਿਆਂ ਵਿਭਾਗ ਦਾ ਇਕ ਦਸਤਾਵੇਜ਼ ਦੱਸਦਾ ਹੈ ਕਿ 1980 ਦੀਆਂ ਡਾਂਸ ਪਾਰਟੀਆਂ ਤੋਂ ਹੀ ਰੇਵ ਦਾ ਚਲਨ ਸ਼ੁਰੂ ਹੋਇਆ। ਜਿਵੇਂ-ਜਿਵੇਂ ਤਕਨੀਕ ਅਤੇ ਡਰੱਗਸ ਦਾ ਜਾਲ ਫੈਲਿਆ, ਰੇਵ ਪਾਰਟੀਆਂ ਦੀ ਲੋਕਪ੍ਰਿਯਤਾ ਵਧਦੀ ਚਲੀ ਗਈ। ਭਾਰਤ ’ਚ ਰੇਵ ਪਾਰਟੀਆਂ ਦਾ ਚਲਨ ਹਿੱਪੀਆਂ ਨੇ ਗੋਆ ’ਚ ਸ਼ੁਰੂ ਕੀਤਾ। ਇਸ ਤੋਂ ਬਾਅਦ ਦੇਸ਼ ਦੇ ਕਈ ਹੋਰ ਸ਼ਹਿਰਾਂ ’ਚ ਰੇਵ ਪਾਰਟੀਆਂ ਦਾ ਰੁਝਾਨ ਵਧਿਆ।
ਰੇਵ ਪਾਰਟੀਆਂ ’ਚ ਸ਼ਾਮਲ ਨੌਜਵਾਨਾਂ ਨੂੰ ‘ਮਸਤੀ’ ਕਰਨ ਦੀ ਪੂਰੀ ਛੋਟ ਹੁੰਦੀ ਹੈ। ਐਂਟਰੀ ਲਈ ਵੀ ਮੋਟੀ ਰਕਮ ਲੱਗਦੀ ਹੈ। ਅੰਦਰ ਹਜ਼ਾਰਾਂ ਵਾਟ ਦੇ ਸੰਗੀਤ ’ਤੇ ਥਿਰਕ ਰਹੇ ਨੌਜਵਾਨ ਹੁੰਦੇ ਹਨ। ਉਨ੍ਹਾਂ ਵਲੋਂ ਕੋਕੀਨ, ਹਸ਼ੀਸ਼, ਚਰਸ, ਐੱਲ. ਐੱਸ. ਡੀ., ਮੇਫੇਡ੍ਰੋਨ ਵਰਗੇ ਡਰੱਗਸ ਲਏ ਜਾਂਦੇ ਹਨ। ਵਧੇਰੇ ਰੇਵ ਪਾਰਟੀਆਂ ’ਚ ਡਰੱਗਸ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਆਰਗੇਨਾਈਜ਼ਰਾਂ ਦੀ ਹੁੰਦੀ ਹੈ। ਕੁਝ ਰੇਵ ਪਾਰਟੀਆਂ ’ਚ ‘ਚਿਲ ਰੂਮਸ’ ਵੀ ਹੁੰਦੇ ਹਨ, ਜਿਥੇ ਸ਼ਰੇਆਮ ਸੈਕਸ ਚਲਦਾ ਹੈ। ਕਈ ਕਲੱਬਾਂ ’ਚ ਡਰੱਗਸ ਦੇ ਕੁਝ ਸਾਈਡ-ਇਫੈਕਟਸ ਜਿਵੇਂ ਡੀ-ਹਾਈਡ੍ਰੇਸ਼ਨ ਅਤੇ ਹਾਈਪਰਥਰਮੀਅਾ ਨੂੰ ਘੱਟ ਕਰਨ ਦੇ ਲਈ ਪਾਣੀ ਅਤੇ ਸਪੋਰਟਸ ਡ੍ਰਿੰਕਸ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਭਾਰਤ ’ਚ ਗੋਆ ਤੋਂ ਇਲਾਵਾ ਕਈ ਸੂਬੇ ਆਪਣੀਆਂ ਰੇਵ ਪਾਰਟੀਆਂ ਲਈ ਪ੍ਰਸਿੱਧ ਹਨ। ਬੈਂਗਲੁਰੂ ਵੀ ਰੇਵ ਹਾਟਸਪਾਟ ਵਜੋਂ ਉੱਭਰਿਆ ਹੈ। ਪੁਣੇ, ਮੁੰਬਈ ਸਣੇ ਕਈ ਹੋਰ ਟਿਅਰ- ਸ਼ਹਿਰਾਂ ’ਚ ਵੀ ਰੇਵ ਪਾਰਟੀਆਂ ਫੜੀਆਂ ਗਈਆਂ ਹਨ। ਮਾਰਚ 2007 ’ਚ ਪੁਣੇ ’ਚ ਇਕ ਰੇਵ ਪਾਰਟੀ ਤੋਂ 280 ਵਿਅਕਤੀ ਗ੍ਰਿਫਤਾਰ ਕੀਤੇ ਗਏ ਸਨ। ਪੁਲਸ ਮੁਲਾਜ਼ਮ ਸਾਦੇ ਕੱਪੜਿਆਂ ’ਚ ਰੇਵ ਪਾਰਟੀਆਂ ’ਤੇ ਛਾਪੇ ਮਾਰਦੇ ਹਨ। ਉਥੋਂ ਮਿਲੇ ਲੋਕਾਂ ਵਿਰੁੱਧ ਨਾਰਕੋਟਿਕਸ ਡਰੱਗਸ ਐਂਡ ਸਾਈਕੋਟ੍ਰਾਪਿਕਸ ਸਬਸਟਾਂਸਿਜ ਐਕਟ 1985 ਅਤੇ ਇੰਡੀਅਨ ਪੀਨਲ ਕੋਡ ਦੇ ਅਧੀਨ ਕਾਰਵਾਈ ਹੁੰਦੀ ਹੈ।
ਇਕ ਰਿਸਰਚ ਪੇਪਰ ਮੁਤਾਬਿਕ, ਗੰਭੀਰ ਮਾਮਲਿਆਂ ’ਚ ਮੌਤ ਆਮ ਹੈ। ਸਮੁੱਚੀ ਦੁਨੀਆ ਦੀਆਂ ਰੇਵ ਪਾਰਟੀਆਂ ’ਚ ਡਰੱਗਸ ਦੀ ਓਵਰਡੋਜ਼ ਕਾਰਨ ਮੌਤਾਂ ਦੀ ਰਿਪੋਰਟ ਉਪਲਬਧ ਹੈ। 2017 ’ਚ ਇਕ ਅਮਰੀਕੀ ਅਖਬਾਰ ਨੇ ਰੇਵ ਪਾਰਟੀਆਂ ’ਚ ਜਾਣ ਵਾਲੇ 29 ਵਿਅਕਤੀਆਂ ਦੀਆਂ ਕਹਾਣੀਆਂ ਛਾਪੀਆਂ ਜੋ ਡਰੱਗ ਦੀ ਓਵਰਡੋਜ਼ ਕਾਰਨ ਮਾਰੇ ਗਏ ਸਨ। ਇਹ ਤੱਥ ਹੈ ਕਿ ਜਿਹੜੇ ਵਿਅਕਤੀ ਨੁਕਸਾਨਦੇਹ ਐਡਿਕਸ਼ਨ ਦੇ ਆਦੀ ਹਨ, ਉਹ ਨਾ ਸਿਰਫ ਆਪਣੀ ਸਰੀਰਕ ਸਿਹਤ ਨੂੰ ਦਾਅ ’ਤੇ ਲਾ ਰਹੇ ਹਨ ਸਗੋਂ ਗੰਭੀਰ ਮਾਨਸਿਕ ਮੁੱਦਿਆਂ ਨੂੰ ਵੀ ਝੱਲ ਰਹੇ ਹਨ।
ਇਨ੍ਹਾਂ ਪਾਰਟੀਆਂ ’ਚ ਗੈਰ-ਕਾਨੂੰਨੀ ਅਤੇ ਪਾਬੰਦੀਸ਼ੁਦਾ ਡਰੱਗ ਦੀ ਵਰਤੋਂ ਹੁੰਦੀ ਹੈ। ਅੱਜ ਮਹਾਨਗਰਾਂ ਦੇ ਨੌਜਵਾਨਾਂ ਅਤੇ ਮੁਟਿਆਰਾਂ ’ਚ ਰੇਵ ਪ੍ਰਤੀ ਖਿੱਚ ਵਧਦੀ ਹੀ ਜਾ ਰਹੀ ਹੈ। ਡਰੱਗਸ ਲੈਣ ਪਿਛੋਂ ਨੌਜਵਾਨ ਲਗਾਤਾਰ 8 ਘੰਟੇ ਤਕ ਡਾਂਸ ਕਰ ਸਕਦੇ ਹਨ। ਇਹ ਡਰੱਗਸ ਉਨ੍ਹਾਂ ਅੰਦਰ ਲਗਾਤਾਰ ਨੱਚਣ ਦਾ ਜਨੂੰਨ ਪੈਦਾ ਕਰਦੀ ਹੈ। ਨੱਚਦੇ ਹੋਏ ਇਸ਼ਕ ਨੇ ਜਨੂੰਨ ਜ਼ੋਰ ਮਾਰਿਆ ਤਾਂ ਕਈ ਰੇਵ ਪਾਰਟੀਆਂ ’ਚ ਉਸ ਦੀ ਵਿਵਸਥਾ ਵੀ ਰਹਿੰਦੀ ਹੈ। ਰੇਵ ਵੈਨਿਊ ’ਤੇ ਉਸ ਦੇ ਲਈ ਹਟ ਬਣਨ ਲੱਗੇ ਹਨ। ‘ਸਵੇਪਿੰਗ ਇਜ਼ ਆਲਸੋ ਕੂਲ’ ਇਸ ’ਚ ਹਿੱਸਾ ਲੈਣ ਵਾਲੇ ਬਿੰਦਾਸ ਨੌਜਵਾਨਾਂ ਦੇ ਲਈ ਸੈਕਸ ਅਤੇ ਪਿਆਰ ਦੀ ਨੈਤਿਕਤਾ ਕੋਈ ਅਰਥ ਨਹੀਂ ਰੱਖਦੀ।
ਰੇਵ ਕਲਚਰ ਭਾਰਤੀ ਸੱਭਿਆਚਾਰ ਲਈ ਇਕ ਵੱਡੀ ਚੁਣੌਤੀ ਹੈ। ਜੇ ਬਿਨਾਂ ਕੋਈ ਸਮਾਂ ਗੁਆਏ ਸਾਰਥਕ ਕਦਮ ਨਹੀਂ ਚੁੱਕੇ ਜਾਂਦੇ ਤਾਂ ਇਸ ਨੂੰ ਹੋਰਨਾਂ ਸ਼ਹਿਰਾਂ ਅਤੇ ਪਿੰਡਾਂ ’ਚ ਪੁੱਜਣ ’ਚ ਦੇਰ ਨਹੀਂ ਲੱਗੇਗੀ।