ਸੰਘ, ਸਮਾਜ, ਸਿਆਸਤ ਅਤੇ ਪੱਤਰਕਾਰਿਤਾ ਦੇ ਰਿਸ਼ਤੇ

10/27/2020 2:50:23 AM

ਆਲੋਕ ਮਹਿਤਾ

ਦੁਸਹਿਰੇ ਦਾ ਦਿਨ ਰਾਸ਼ਟਰੀ ਸਵੈਮ-ਸੇਵਕ ਸੰਘ ਦਾ ਸਥਾਪਨਾ ਦਿਵਸ ਸੀ। ਪੱਤਰਕਾਰਿਤਾ ਦੇ ਆਪਣੇ 50 ਸਾਲਾਂ ਦੇ ਕਾਰਜ ਦੌਰਾਨ ਸੰਘ ਦੀ ਵਿਚਾਰਧਾਰਾ, ਸਫਲਤਾ, ਕਮਜ਼ੋਰੀਆਂ, ਪੱਖ, ਵਿਰੋਧ, ਸੱਤਾ ਨਾਲ ਵਿਰੋਧ ਜਾਂ ਸਹਿਯੋਗ, ਪਾਬੰਦੀ ਅਤੇ ਵਿਸਤਾਰ ਨੂੰ ਸਮਝਣ, ਚੋਟੀ ਦੇ ਸਰਸੰਘ ਚਾਲਕਾਂ ਨਾਲ ਰਸਮੀ ਇੰਟਰਵਿਊ, ਸੰਘ ਨਾਲ ਜੁੜੇ ਹੋਰ ਪ੍ਰਚਾਰਕਾਂ, ਸਿੱਖਿਆ ਮਾਹਿਰਾਂ ਅਤੇ ਸੰਪਾਦਕਾਂ ਨਾਲ ਮਿਲਣ -ਗੱਲਬਾਤ ਕਰਨ ਦੇ ਮੌਕੇ ਮਿਲੇ ਹਨ।

ਇਸ ਲਈ ਹੁਣ ਸੰਘ ਤੋਂ ਹੀ ਸਿੱਖਿਆ-ਦੀਕਿਸ਼ਤ ਪ੍ਰਾਪਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਅਨੇਕ ਸਵੈਮ-ਸੇਵਕਾਂ-ਨੇਤਾਵਾਂ ਦੇ ਲਗਾਤਾਰ 6 ਸਾਲਾਂ ਤੋਂ ਰਾਸ਼ਟਰੀ ਪੱਧਰ ’ਤੇ ਸੱਤਾ ’ਚ ਰਹਿਣ, ਦੇਸ਼ ਦੇ ਬਦਲਦੇ ਵਿਚਾਰਕ, ਸਮਾਜਿਕ, ਸਿਆਸੀ ਸਵਰੂਪ ਅਤੇ ਕੌਮਾਂਤਰੀ ਪੱਧਰ ’ਤੇ ਇਤਿਹਾਸਕ ਮਾਨਤਾ ਦੇ ਦੌਰ ’ਤੇ ਵਿਜੇ ਦਸ਼ਮੀ ’ਤੇ ਪ੍ਰਕਾਸ਼ਨ ਦੀ ਸੀਮਿਤ ਸ਼ਬਦ ਗਿਣਤੀ ਦੀ ਹੱਦ ’ਚ, ਦੇ ਕੁਝ ਮਹੱਤਵਪੂਰਨ ਮੁੱਦਿਆਂ ਦੀ ਚਰਚਾ ਕਰਨੀ ਸਹੀ ਲੱਗ ਰਹੀ ਹੈ।

ਇਨ੍ਹਾਂ ਪੰਜ ਦਹਾਕਿਆਂ ’ਚ ਬੜੇ ਉਤਾਰ-ਚੜ੍ਹਾਅ ਦੇ ਦੌਰ ਰਹੇ ਹਨ। ਇਸ ਲਈ ਪਾਬੰਦੀ ਦੇ ਆਖਰੀ ਦੌਰ ਦੇ ਬਾਅਦ 1977 ਤੋਂ ਸੰਘ ਨੂੰ ਲੈ ਕੇ ਰਹੇ ਸੁਚੇਤ, ਭੈੜੇ ਗ੍ਰਹਿ, ਤਿੱਖੀ ਆਲੋਚਨਾ, ਸ਼ਲਾਘਾ ਅਤੇ ਸਮਰਥਨ ਦਾ ਦਿਲਚਸਪ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਸੰਘ ਦੀ ਚੋਟੀ ਦੀ ਲੀਡਰਸ਼ਿਪ ਸੱਤਾ ਦੀ ਸਿਆਸਤ ਤੋਂ ਆਪਣੀ ਨਿਸ਼ਿਚਤ ਦੂਰੀ ਹਮੇਸ਼ਾ ਪ੍ਰਗਟ ਕਰਦੀ ਰਹੀ ਹੈ।

ਸਰਸੰਘ ਚਾਲਕ ਪ੍ਰੋਫੈਸਰ ਰਾਜਿੰਦਰ ਸਿੰਘ ਜੀ ਨੇ 4 ਅਕਤਬੂਰ 1997 ਨੂੰ ਇਕ ਲੰਬੀ ਇੰਟਰਵਿਊ ਦੌਰਾਨ ਮੈਨੂੰ ਕਿਹਾ ਸੀ,- ‘‘ਭਾਰਤੀ ਜਨਤਾ ਪਾਰਟੀ ਦੇ ਕਾਰਜਾਂ ’ਚ ਸੰਘ ਦੇ ਸਰਗਰਮ ਦਖਲ ਦੀ ਗੱਲ ਠੀਕ ਨਹੀਂ ਹੈ। ਸੰਘ ਤੇ ਸਮਾਜਿਕ ਕਾਰਜਾਂ ਦਾ ਬੜੀ ਤੇਜ਼ੀ ਨਾਲ ਵਿਸਤਾਰ ਹੋਇਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ, ਵਣਵਾਸੀ ਕਲਿਆਣ ਆਸ਼ਰਮ, ਵਿਦਿਆ ਭਾਰਤੀ, ਸੰਸਕਾਰ ਭਾਰਤੀ ਵਰਗੇ ਸਾਡੇ ਅਨੇਕ ਸੰਗਠਨਾਂ ਦੀਆਂ ਸਰਗਰਮੀਆਂ ਰਾਸ਼ਟਰੀ ਪੱਧਰ ’ਤੇ ਲੱਖਾਂ ਲੋਕਾਂ ਨੂੰ ਜੋੜ ਰਹੀਆਂ ਹਨ। ਇੰਨੀਆਂ ਸਰਗਰਮੀਆਂ ਦੇ ਕਾਰਨ ਭਾਜਪਾ ਦੇ ਕਾਰਜਾਂ ’ਚ ਦਖਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਾਜਪਾ ਦੇ ਕਈ ਨੇਤਾ ਸੰਘ ’ਚੋਂ ਹੀ ਅੱਗੇ ਵਧੇ ਹਨ। ਉਨ੍ਹਾਂ ਦੇ ਸੰਸਕਾਰ ਅਤੇ ਵਿਚਾਰ ਉਹੀ ਹਨ। ਉਹ ਆਪਣੇ ਸੰਗਠਨ ਦੀ ਚਿੰਤਾ ਖੁਦ ਕਰਦੇ ਹਨ। 1977 ’ਚ ਜਦੋਂ ਜਨਸੰਘ ਦਾ ਜਨਤਾ ਪਾਰਟੀ ’ਚ ਰਲੇਵਾਂ ਹੋਇਆ ਸੀ, ਉਦੋਂ ਤੋਂ ਅਸੀਂ ਇਹ ਨੀਤੀ ਤੈਅ ਕਰ ਲਈ ਸੀ।’’

ਜੂਨ 2003 ’ਚ ਸਰਸੰਘਚਾਲਕ ਸ਼੍ਰੀ ਸੁਦਰਸ਼ਨ ਜੀ ਨੇ ਵੀ ਮੈਨੂੰ ਇਕ ਇੰਟਰਵਿਊ ’ਚ ਲਗਭਗ ਇਹੀ ਗੱਲ ਦੁਹਰਾਈ, ਉਦੋਂ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਭਾਜਪਾ ਸੱਤਾ ’ਚ ਸੀ। ਸੁਦਰਸ਼ਨ ਜੀ ਨੇ ਕਿਹਾ, ‘‘ਭਾਜਪਾ ਸੰਘ ਦਾ ਸਿਆਸੀ ਵਿੰਗ ਨਹੀਂ ਹੈ। ਸੰਘ ਵਿਅਕਤੀ ਤਿਆਰ ਕਰਦਾ ਹੈ। ਅਸੀਂ ਆਪਣੇ ਵਰਕਰਾਂ ਤੋਂ ਸਿਰਫ 3-4 ਆਸਾਂ ਰੱਖਦੇ ਹਾਂ- ਹਿੰਦੂਤਵ ਦਾ ਸਵੈਭਿਮਾਨ, ਹਿੰਦੂਤਵ ਦਾ ਗਿਆਨ, ਆਪਣਾ ਸਮਾਂ ਅਤੇ ਸ਼ਕਤੀ ਲਗਾਉਣ ਦੀ ਯੋਗਤਾ, ਜ਼ਿੰਮੇਵਾਰੀ ਨਿਭਾਉਣ ਦੀ ਤਿਆਰੀ ਅਤੇ ਅਨੁਸ਼ਾਸਨ ਦਾ ਭਾਵ।’’

ਮੌਜੂਦਾ ਸਰਸੰਘਚਾਲਕ ਤਾਂ ਪ੍ਰੈੱਸ ਕਾਨਫਰੰਸਾਂ, ਸਭਾਵਾਂ ’ਚ ਵੀ ਇਹੀ ਗੱਲ ਕਹਿ ਰਹੇ ਹਨ । ਇਸ ਨਜ਼ਰੀਏ ਤੋਂ ਅਟਲ ਜੀ ਮੁਰਲੀ ਮਨੋਹਰ ਜੋਸ਼ੀ, ਨਰਿੰਦਰ ਮੋਦੀ, ਰਾਜਨਾਥ ਸਿੰਘ, ਨਿਤਿਨ ਗਡਕਰੀ ਵਰਗੇ ਨੇਤਾ ਸੱਤਾ ’ਚ ਆਏ ਹੋਣ ਜਾਂ ਨਾਨਾ ਜੀ ਦੇਸ਼ਮੁੱਖ, ਕੁਸ਼ਾਭਾਊ ਠਾਕਰੇ, ਸੁੰਦਰ ਸੇਠ ਭੰਡਾਰੀ, ਦੱਤੋਪੰਤ ਠੇਂਗਣੀ ਨੇ ਮੁੱਢਲੇ ਆਦਰਸ਼ਾਂ ਅਤੇ ਵਿਚਾਰਾਂ ਨੂੰ ਬਣਾਏ ਰੱਖ ਕੇ ਆਪਣੇ ਢੰਗ ਨਾਲ ਸਿਆਸਤ, ਸਮਾਜਿਕ , ਆਰਥਿਕ, ਸੱਭਿਆਚਾਰਕ ਅਤੇ ਕੌਮਾਂਤਰੀ ਪੱਧਰ ’ਤੇ ਕੁਝ ਕਦਮ ਚੁੱਕ ਕੇ ਦੇਸ਼ ਨੂੰ ਇਕ ਨਵੀਂ ਦਿਸ਼ਾ ਜ਼ਰੂਰ ਦਿੱਤੀ ਹੈ। ਉਨ੍ਹਾਂ ਦੇ ਫੈਸਲਿਆਂ ’ਤੇ ਭਾਵੇਂ ਅੰਦੂਰਨੀ ਜਾਂ ਬਾਹਰੀ ਮਤ- ਭਿੰਨਤਾ ਵੀ ਰਹੀ ਹੈ। ਲੋਕਤੰਤਰ ’ਚ ਅਜਿਹਾ ਹੋਣਾ ਸੁਭਾਵਿਕ ਹੈ।

ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਸੰਗਠਨ ਦੇ ਪ੍ਰਮੁੱਖ ਅਹੁਦਿਆਂ ’ਤੇ ਰਹਿਣ ਵਾਲੇ ਕੀ ਸਾਰਿਆਂ ਨੂੰ ਖੁਸ਼ ਅਤੇ ਸੰਤੁਸ਼ਟ ਕਰ ਸਕਦੇ ਹਨ? ਮਹਾਤਮਾ ਗਾਂਧੀ ਦੇ ਸਭ ਤੋਂ ਗੂੜ੍ਹੇ ਮੰਨੇ ਜਾਣ ਵਾਲਿਆਂ ਦੀ ਮਤ-ਭਿੰਨਤਾ ਵੀ ਜਨਤਕ ਰਹੀ ਹੈ। ਇਸ ਲਈ ਜੰਮੂ-ਕਸ਼ਮੀਰ ਨੂੰ ਧਾਰਾ-370 ਤੋਂ ਮੁਕਤੀ ਦਿਵਾਉਣ, ਤਿੰਨ ਤਲਾਕ ਦੀ ਭੈੜੀ ਪ੍ਰਥਾ ਨੰੂ ਕਾਨੂੰਨੀ ਤੌਰ ’ਤੇ ਖਤਮ ਕਰਨ, ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਦੀ ਉਸਾਰੀ ਆਰੰਭ ਕਰਨ ਵਰਗੇ ਇਤਿਹਾਸਕ ਕਦਮਾਂ ਦੇ ਬਾਅਦ ਸੰਘ ਨੂੰ ਮੋਦੀ ਸਰਕਾਰ ਨਾਲ ਨਾਰਾਜ਼ਗੀ ਕਿਉਂ ਹੋ ਸਕਦੀ ਹੈ?

ਭਾਜਪਾ ’ਚ ਕਿਸਨੂੰ ਕਿੰਨਾ ਮਹੱਤਵ ਮਿਲੇ ਜਾਂ ਸਰਕਾਰਾਂ ਦੇ ਰੋਜ਼ਾਨਾ ਦੇ ਕੰਮਕਾਜ ’ਚ ਸੰਘ ਕਿਉਂ ਦਖਲਅੰਦਾਜ਼ੀ ਕਰਨਾ ਚਾਹੇਗਾ। ਹਾਂ ਜਦੋਂ ਨੇਤਾ ਮਹੱਤਵਪੂਰਨ ਫੈਸਲਿਆਂ ਲਈ ਸੰਘ ਦੇ ਚੋਟੀ ਦੇ ਨੇਤਾਵਾਂ ਨਾਲ ਸੰਪਰਕ ਅਤੇ ਸਲਾਹ ਕਰਨੀ ਚਾਹੁੰਦੇ ਹੋਣਗੇ ਤਾਂ ਕੀ ਉਨ੍ਹਾਂ ਨੂੰ ਇਨਕਾਰ ਕਰਨਾ ਵੀ ਉੱਚਿਤ ਮੰਨਿਆ ਜਾਵੇਗਾ। ਇਸ ਲਈ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਸੰਘ ਆਪਣੇ ਮਕਸਦਾਂ ’ਚ ਮੱਠੀ ਰਫਤਾਰ ਨਾਲ ਸਹੀ ਬਹੁਤ ਸਫਲ ਹੁੰਦਾ ਗਿਆ ਹੈ।

ਅਜਿਹਾ ਨਹੀਂ ਹੈ ਕਿ ਕਈ ਮੌਕਿਆਂ ’ਤੇ ਮੈਨੂੰ ਵੀ ਜਨਸੰਘ, ਭਾਜਪਾ ਅਤੇ ਸੰਘ ਦੇ ਨੇਤਾਵਾਂ ਦੇ ਦਰਮਿਆਨ ਟਕਰਾਅ ਵਰਗੀਆਂ ਸਥਿਤੀਆਂ ਨਹੀਂ ਦਿਖਾਈ ਦਿੱਤੀਆਂ ਜਾਂ ਸੰਘ ਭਾਜਪਾ ਦੇ ਕੁਝ ਨੇਤਾ ਉਨ੍ਹਾਂ ਦੇ ਮੂਲ ਆਦਰਸ਼ਾਂ ਤੋਂ ਨਹੀਂ ਭਟਕੇ ਅਤੇ ਨਿਕਲੇ। ਉਨ੍ਹਾਂ ਨੇ ਆਪਣੀਆਂ ਮਨਮਾਨੀਆਂ ਨਾਲ ਭਾਜਪਾ ਅਤੇ ਭਾਰਤੀ ਸਿਆਸਤ ਨੂੰ ਵੀ ਨੁਕਸਾਨ ਪਹੁੰਚਾਇਆ। ਬਲਰਾਜ ਮਦੌਕ ਤੋਂ ਲੈ ਕੇ ਗੋਵਿੰਦਾਚਾਰੀਆ ਤਕ ਦੀਆਂ ਉਦਾਹਰਣਾਂ ਮਿਲ ਸਕਦੀਆਂ ਹਨ। ਇਸ ਸੰਦਰਭ ’ਚ ਪੱਤਰਕਾਰਿਤਾ- ਅੱਜਕਲ ਜਿਸ ਨੂੰ ਮੀਡੀਆ ਕਿਹਾ ਜਾਣਾ ਠੀਕ ਹੋਵੇਗਾ, ਨੇ ਵੀ ਅੰਤਰ ਦਵੰਦਾਂ ਨੂੰ ਅਲੱਗ-ਅਲੱਗ ਢੰਗ ਨਾਲ ਪੇਸ਼ ਕੀਤਾ।

ਜੇਕਰ ਤੁਹਾਡਾ ਪੂਰਵਾਗ੍ਰਹਿ ਹੋ ਤਾਂ ਤੁਸੀਂ ਸਭ ਤੋਂ ਵੱਧ ਸ਼ਲਾਘਾ ਜਾਂ ਸਭ ਤੋਂ ਵੱਧ ਕਮੀਆਂ ਜਾਂ ਬੁਰਾਈਆਂ ਦਰਸਾ ਸਕਦੇ ਹੋ। ਤਟਸਥ ਭਾਵ ਹੋਣ ’ਤੇ ਸੰਘ ਹੋਵੇ ਜਾਂ ਕੋਈ ਸਰਕਾਰ ਜਾਂ ਨੇਤਾ ਸਪੱਸ਼ਟ ਰਾਏ ’ਤੇ ਇਤਰਾਜ਼ ਨਹੀਂ ਕਰ ਸਕੇਗਾ। ਇਸ ਗੱਲ ਨੂੰ ਮੈਂ ਆਪਣੇ ਤਜਰਬੇ ਦੇ ਆਧਾਰ ’ਤੇ ਇਕ ਰੋਚਕ ਤੱਤ ਨਾਲ ਰੱਖਣਾ ਚਾਹਾਂਗਾ।

ਜਦੋਂ ਮੈਂ 1971 ’ਚ ਹਿੰਦੋਸਤਾਨ ਸਮਾਚਾਰ ਦੇ ਪੂਰੇ ਸਮੇਂ ਦੇ ਪੱਤਰਕਾਰ ਦੇ ਰੂਪ ’ ਦਿੱਲੀ ਆਇਆ ਉਦੋਂ ਸੰਸਥਾ ਦੇ ਪ੍ਰਮੁੱਖ ਬਾਲੇਸ਼ਵਰ ਅਗਰਵਾਲ ਸੰਘ ਪ੍ਰਧਾਨ ਸੰਪਾਦਕ ਸਨ। ਨਿਊਜ਼ ਏਜੰਸੀ ਸੰਘ ਨਾਲ ਜੁ਼ੜੇ ਪੱਤਰਕਾਰਾਂ ਵਲੋਂ ਹੀ ਸਥਾਪਤ ਸੀ ਪਰ ਇੰਦਰਾ ਗਾਂਧੀ ਦੀ ਕੇਂਦਰ ਸਰਕਾਰ ਤੋਂ ਲੈ ਕੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਨਾ ਸਿਰਫ ਉਸਦੀਆਂ ਸੇਵਾਵਾਂ ਲੈ ਕੇ ਉਸਨੂੰ ਅੱਗੇ ਵਧਣ ਦਿੱਤਾ, ਬਾਲੇਸ਼ਵਰ ਜੀ ਸਮੇਤ ਕਈ ਪੱਤਰਕਾਰਾਂ ਦੇ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨਾਲ ਚੰਗੇ ਸੰਪਰਕ-ਸਬੰਧ ਰਹੇ। ਉਨ੍ਹਾਂ ਨੇ ਹੀ ਮੈਨੂੰ ਡੀ.ਪੀ. ਮਿਸ਼ਰਾ, ਜਗਜੀਵਨ ਰਾਮ, ਸਤਿਆਨਰਾਇਣ ਸਿਨ੍ਹਾ, ਵਿਦਿਆਚਰਣ ਸ਼ੁਕਲ ਵਰਗੇ ਨੇਤਾਵਾਂ ਨਾਲ ਮਿਲਾਇਆ ਤਾਂ ਕਿ ਮੈਨੂੰ ਵੱਧ ਤੋਂ ਵੱਧ ਸੂਚਨਾ - ਖਬਰਾਂ ਮਿਲ ਸਕਣ।

ਦੂਜੇ ਪਾਸੇ ਸੰਘ ਨਾਲ ਹੀ ਜੁੜੇ ਭਾਨੂਪ੍ਰਤਾਪ ਸ਼ੁਕਲ, ਦਵਿੰਦਰ ਸਵਰੂਪ ਅਗਰਵਾਲ, ਕੇ.ਆਰ.ਮਲਕਾਨੀ, ਅਚੂਤਾਨੰਦ ਮਿਸ਼ਰ ਵਰਗੇ ਸੰਪਾਦਕ, ਪਾਂਚਜਨਯ ਸਮੇਤ ਵੱਖ-ਵੱਖ ਪ੍ਰਕਾਸ਼ਨਾ ’ਚ ਭਾਜਪਾ ਦੇ ਕੁਝ ਨੇਤਾਵਾਂ ਅਤੇ ਉਨ੍ਹਾਂ ਦੇ ਕਦਮਾਂ ਦੀਆਂ ਤਿਖੀਆਂ ਆਲੋਚਨਾਵਾਂ ਵੀ ਲਿਖਦੇ-ਛਾਪਦੇ ਰਹੇ।

ਮੈਂ ਜਿਹੜੇ ਸੰਪਾਦਕਾਂ ਨਾਲ ਕੰਮ ਕੀਤਾ- ਮਨੋਹਰ ਸ਼ਿਆਮ ਜੋਸ਼ੀ, ਰਾਜਿੰਦਰ ਮਾਥੁਰ,ਵਿਨੋਦ ਮਹਿਤਾ ਕਦੀ ਸੰਘ ’ਚ ਨਹੀਂ ਰਹੇ ਅਤੇ ਉਸਦੇ ਕੁਝ ਕਦਮਾਂ ਦੇ ਆਲੋਚਕ ਵੀ ਰਹੇ ਪਰ ਸੰਘ-ਭਾਜਪਾ ਦੇ ਨੇਤਾਵਾਂ ਨੇ ਹਮੇਸ਼ਾ ਉਨ੍ਹਾਂ ਦਾ ਸਨਮਾਨ ਕੀਤਾ, ਗੱਲ ਕੀਤੀ , ਸੰਘ ਦੇ ਪ੍ਰੋਗਰਾਮਾਂ ’ਚ ਵੀ ਸੱਦਿਆ।

ਇਸ ’ਚ ਕੋਈ ਸ਼ਕ ਨਹੀਂ ਕਿ ਮੁੱਢਲੇ ਦੌਰ ’ਚ ਸੰਘ ਆਪਣੀਆਂ ਸਰਗਰਮੀਆਂ ਨੂੰ ਪ੍ਰਚਾਰਤ-ਪ੍ਰਸਾਰਤ ਕਰਨ ਤੋਂ ਬਚਦਾ ਸੀ। ਇਸ ਕਾਰਨ ਸਮਾਜਿਕ ਤੇ ਸਿਆਸੀ ਖੇਤਰ ’ਚ ਹੀ ਨਹੀਂ ਸਗੋਂ ਮੀਡੀਆ ’ਚ ਵੀ ਖਦਸ਼ੇ ਰਹਿੰਦੇ ਸਨ। ਦੇਰ ਸਵੇਰ ਸ਼ਾਇਦ ਸੰਘ ਦੇ ਨੇਤਾਵਾਂ ਨੇ ਇਹ ਗੱਲ ਸਮਝੀ।

ਇੰਟਰਵਿਊ, ਪ੍ਰੈੱਸ ਕਾਨਫਰੰਸਾਂ ਅਤੇ ਹੋਰਨਾਂ ਮਾਧਿਅਮਾਂ ਰਾਹੀਂ ਆਪਣੀਆਂ ਹਾਂ-ਪੱਖੀ ਸਰਗਰਮੀਆਂ ਅਤੇ ਕਟੁੜਤਾ ਨਾ ਹੋਣ, ਮੁਸਲਿਮ ਸਮਾਜ ਨੂੰ ਆਪਣਾ ਭਾਵ ਭਾਰਤ ਦਾ ਅਨਖਿੜਵਾਂ ਅੰਗ ਮੰਨਣ ਦੀਆਂ ਗੱਲਾਂ ਰੱਖੀਆਂ। ਫਿਰ ਵੀ ਸੰਘ ’ਚੋਂ ਨਿਕਲੇ ਕੁਝ ਲੋਕਾਂ ਨੇ ਹੋਰ ਸੰਗਠਨ ਖੜ੍ਹੇ ਕਰ ਕੇ ਕੱਟੜ ਵਿਚਾਰਾਂ ਨੂੰ ਪ੍ਰਚਾਰਤ ਕਰ ਰੱਖਿਆ ਹੈ। ਉਸਨੂੰ ਅਪਵਾਦ ਹੀ ਕਹਿਣਾ ਚਾਹੀਦਾ ਹੈ।

ਆਖਿਰ ਮੁਹੰਮਦ ਅਲੀ ਜਿੱਨ੍ਹਾ ਵੀ ਕਦੀ ਮਹਾਤਮਾ ਗਾਂਧੀ ਦੇ ਪੈਰੋਕਾਰ ਕਹਿੰਦੇ ਸਨ। ਸਮਾਜ ਨੂੰ ਵੰਡ ਕੇ ਕੁਝ ਸੰਗਠਨ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਜਿਤ ਦੇ ਲਈ ਅਦਭੁੱਤ ਸ਼ਕਤੀ ਦੇ ਨਾਲ ਨਰਮ ਦਿਲ , ਨਰਮ ਨੀਤੀਆਂ , ਸਮਾਜ ਦੇ ਵਿਆਪਕ ਹਿੱਤਾਂ ਦੀ ਰੱਖਿਆ ਕਰਨੀ ਹੀ ਸਹੀ ਮਾਰਗ ਹੈ।


Bharat Thapa

Content Editor

Related News