ਐਲੋਪੈਥੀ ਅਤੇ ਆਯੁਰਵੇਦ ਦੀ ਫਾਲਤੂ ਤਕਰਾਰ

06/01/2021 3:31:33 AM

ਸ਼ਮਾ ਸ਼ਰਮਾ
ਸਵਾਮੀ ਰਾਮਦੇਵ ਅਤੇ ਆਈ.ਐੱਮ. ਏ. ਦਰਮਿਆਨ ਤਕਰਾਰ ਜਾਰੀ ਹੈ। ਇਕ ਬਹਿਸ ਦੌਰਾਨ ਆਈ.ਐੱਮ.ਏ. ਦੇ ਇਕ ਡਾਕਟਰ ਨੇ ਰਾਮਦੇਵ ਨੂੰ ਇਥੋਂ ਤਕ ਕਹਿ ਦਿੱਤਾ ਕਿ ਤੁਸੀਂ ਤਾਂ ਸਾਡੇ ਨਾਲ ਬੈਠਣ ਯੋਗ ਵੀ ਨਹੀਂ ਹੋ। ਇਸ ਤਰ੍ਹਾਂ ਦਾ ਰਵੱਈਆ ਬੇਹੱਦ ਨਿਖੇਧੀਯੋਗ ਹੈ। ਹਾਲਾਂਕਿ ਇਸ ਡਾ. ਦੀ ਸੋਸ਼ਲ ਮੀਡੀਆ ’ਤੇ ਬਹੁਤ ਸਾਰੇ ਲੋਕਾਂ ਨੇ ਖੂਬ ਸ਼ਲਾਘਾ ਵੀ ਕੀਤੀ।

ਸੱਚਾਈ ਤਾਂ ਇਹ ਹੈ ਕਿ ਸਵਾਮੀ ਰਾਮਦੇਵ ਅਤੇ ਆਈ. ਐੱਮ. ਏ. ਦੋਵੇਂ ਬੜਬੋਲੇਪਨ ਦਾ ਸ਼ਿਕਾਰ ਹਨ ਅਤੇ ਦੋਵੇਂ ਖੁਦ ਨੂੰ ਦੇਸ਼ ਦੇ ਲੋਕਾਂ ਤਾਰਨਹਾਰ ਵਜੋਂ ਪੇਸ਼ ਕਰ ਰਹੇ ਹਨ।

ਜਦੋਂ ਕਿ ਸਾਡੇ ਇਥੇ ਤਾਂ ਦਾਦੀ-ਨਾਨੀ ਅਤੇ ਸਾਡੇ ਘਰ ਦੇ ਬਜ਼ੁਰਗਾਂ ਨੂੰ ਹਰ ਤਰ੍ਹਾਂ ਦੇ ਘਰੇਲੂ ਨੁਸਖੇ ਪਤਾ ਹਨ, ਜੋ ਬੇਹੱਦ ਕਾਰਗਰ ਵੀ ਹਨ। ਆਪਣਾ ਰਸੋਈ ਘਰ ਇਕ ਤਰ੍ਹਾਂ ਨਾਲ ਮੈਡੀਕਲ ਸਟੋਰ ਵੀ ਹੈ। ਉਸ ’ਚ ਕਿਸ ਰੋਗ ਦੇ ਲਈ ਹਲਦੀ ਵਰਤੀ ਜਾਣੀ ਹੈ, ਕਿਸ ਲਈ ਅਜਵਾਇਨ, ਕਿਸ ਲਈ ਜੀਰਾ ਅਤੇ ਕਾਲਾ ਨਮਕ ਜਾਂ ਅਦਰਕ, ਸਭ ਨੂੰ ਪਤਾ ਹੈ।

ਇਥੇ ਕਈ ਸਾਲ ਪਹਿਲਾਂ ਦੀ ਇਕ ਉਦਾਹਰਣ ਦੇਣੀ ਚਾਹਾਂਗੀ। ਇਸ ਲੇਖਿਕਾ ਦਾ ਇਕ ਭਤੀਜਾ ਅਮਰੀਕਾ ’ਚ ਦਹਾਕਿਆਂ ਤੋਂ ਰਹਿੰਦਾ ਹੈ। ਉਸ ਦਾ ਕਾਰਜਖੇਤਰ ਵੀ ਬਾਇਓਮੈਡੀਕਲ ਇੰਜੀਨੀਅਰਿੰਗ ਹੈ। ਇਕ ਵਾਰ ਉਸ ਨੂੰ ਤੇਜ਼ ਪੇਟ ਦਰਦ ਹੋਇਆ। ਉਹ ਡਾਕਟਰ ਕੋਲ ਗਿਆ। ਡਾਕਟਰ ਨੇ ਕਈ ਤਰ੍ਹਾਂ ਦੇ ਟੈਸਟ ਕੀਤੇ। ਜਦੋਂ ਉਸ ਨੇ ਡਾਕਟਰ ਕੋਲੋਂ ਪੁੱਛਿਆ ਕਿ ਉਨ੍ਹਾਂ ਮੁਤਾਬਕ ਕਿਹੜਾ ਰੋਗ ਹੋ ਸਕਦਾ ਹੈ ਤਾਂ ਡਾਕਟਰ ਨੇ ਕਿਹਾ ਕਿ ਉਹ ਕੈਂਸਰ ਨੂੰ ਲੱਭ ਰਹੇ ਹਨ। ਭਤੀਜਾ ਬਹੁਤ ਪ੍ਰੇਸ਼ਾਨ ਹੋਇਆ। ਉਸ ਨੇ ਭਾਰਤ ’ਚ ਰਹਿਣ ਵਾਲੀ ਆਪਣੀ ਮਾਂ ਨੂੰ ਫੋਨ ਕੀਤਾ। ਮਾਂ ਨੇ ਕੁਝ ਘਰੇਲੂ ਇਲਾਜ ਦੱਸੇ ਅਤੇ ਇਕ ਹੀ ਦਿਨ ’ਚ ਪੇਟ ਦਰਦ ਚਲਾ ਗਿਆ ਪਰ ਜੋ ਡਾਕਟਰ ਪੇਟ ਦਰਦ ’ਚ ਕੈਂਸਰ ਲੱਭ ਰਿਹਾ ਸੀ, ਉਸ ਦਾ ਬਿੱਲ ਆਇਆ 21 ਹਜ਼ਾਰ ਡਾਲਰ। ਕੈਂਸਰ ਨੂੰ ਪੱਛਮ ’ਚ ਇਕਾਨਾਮੀ ਬੂਸਟਰ ਬੀਮਾਰੀ ਕਿਹਾ ਜਾਂਦਾ ਹੈ। ਇਹੀ ਕਾਰਨ ਹੈ ਕਿ ਅੱਜ ਤਕ ਅਜਿਹਾ ਸ਼ਾਇਦ ਹੀ ਕੋਈ ਇਲਾਜ ਲੱਭਿਆ ਗਿਆ ਹੋਵੇ, ਜੋ ਇਸ ਰੋਗ ਨੂੰ ਖਤਮ ਕਰ ਸਕੇ।

ਸਗੋਂ ਜਿੰਨੀਆਂ ਵੀ ਬੀਮਾਰੀਆਂ ਹਨ, ਉਨ੍ਹਾਂ ਦੀਆਂ ਨਿੱਤ ਨਵੀਆਂ ਦਵਾਈਆਂ ਤਾਂ ਬਣਦੀਆਂ ਹਨ ਪਰ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਣ, ਇਹ ਕੰਪਨੀਆਂ ਨਹੀਂ ਚਾਹੁੰਦੀਆਂ। ਇਸ ਲਈ ਪਹਿਲਾਂ ਤਾਂ ਬੀਮਾਰੀ ਦੇ ਖਾਤਮੇ ਸੰਬੰਧੀ ਕਿਸੇ ਖੋਜ ਦੀ ਆਗਿਆ ਹੀ ਸ਼ਾਇਦ ਨਹੀਂ ਦਿੱਤੀ ਜਾਂਦੀ। ਜੇਕਰ ਕਿਤੇ ਅਜਿਹਾ ਹੋ ਵੀ ਜਾਏ ਤਾਂ ਅਜਿਹੀ ਖੋਜ ਨੂੰ ਕੂੜੇਦਾਨ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।

ਬਹੁਤ ਸਾਲ ਪਹਿਲਾਂ ਡਾ. ਵਿਨਿਕ ਨੇ ਇਨਗੈਪ ਨਾਮਕ ਜੀਨ ਦੀ ਮਦਦ ਨਾਲ ਟਾਈਪ ਵਨ ਡਾਇਬਟੀਜ਼ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਖੋਜ ਕੀਤੀ ਸੀ। ਉਨ੍ਹਾਂ ਦੀ ਖੋਜ ਨੂੰ ਇੰਸੁਲਿਨ ਬਣਾਉਣ ਵਾਲੀ ਇਕ ਵੱਡੀ ਕੰਪਨੀ ਮਦਦ ਦੇ ਰਹੀ ਸੀ। ਜਦੋਂ ਖੋਜ ਦੇ ਨਤੀਜਿਆਂ ਬਾਰੇ ਡਾ. ਵਿਨਿਕ ਨੇ ਉਸ ਕੰਪਨੀ ਦੇ ਸੀ.ਈ. ਓ. ਨੂੰ ਦੱਸਿਆ ਤਾਂ ਉਸ ਨੇ ਕਿਹਾ ਕਿ ਜੇ ਟਾਈਪ ਵਨ ਡਾਇਬਿਟੀਜ਼ ਖਤਮ ਹੋ ਗਈ ਤਾਂ ਇੰਸੁਲਿਨ ਦੀ ਤਾਂ ਲੋੜ ਹੀ ਨਹੀਂ ਰਹੇਗੀ, ਫਿਰ ਅਸੀਂ ਕੀ ਕਰਾਂਗੇ? ਬਸ ਡਾ. ਵਿਨਿਕ ਦੀ ਆਰਥਿਕ ਮਦਦ ਰੋਕ ਦਿੱਤੀ ਗਈ। ਇਸੇ ਤਰ੍ਹਾਂ ਡਾ. ਡੇਨਿਸ ਫਾਟਸਮੈਨ ਨੇ ਜਦੋਂ ਇਹ ਦੱਸਿਆ ਕਿ ਇੰਸੁਲਿਨ ਬਣਾਉਣ ਵਾਲੇ ਬੀਟਾ ਸੈੱਲ ਨੂੰ ਮੁੜ ਜ਼ਿੰਦਾ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਦੇ ਖੋਜ ਪੱਤਰਾਂ ਨੂੰ ਛਪਣ ਤਕ ਨਹੀਂ ਦਿੱਤਾ ਗਿਆ ਕਿਉਂਕਿ ਹੁਣ ਤਕ ਦੀ ਮਾਨਤਾ ਇਹ ਸੀ ਕਿ ਇਕ ਵਾਰ ਦੇ ਮਰੇ ਬੀਟਾ ਸੈੱਲ ਨੂੰ ਦੁਬਾਰਾ ਐਕਟਿਵ ਨਹੀਂ ਕੀਤਾ ਜਾ ਸਕਦਾ। ਜਿਸ ਨੂੰ ਵਿਗਿਆਨੀ ਸੋਚ ਕਹਿੰਦੇ ਹਨ, ਉਹ ਧਾਰਨਾ ਇਕ ਤਰ੍ਹਾਂ ਨਾਲ ਰੂੜੀਵਾਦੀ ਹੋ ਗਈ ਹੈ ਕਿਉਂਕਿ ਅੱਜ ਵਿਗਿਆਨ ਕੁਝ ਕਹਿੰਦਾ ਹੈ, ਕੱਲ ਨੂੰ ਕੁਝ ਹੋਰ ਕਹਿੰਦਾ ਹੈ। ਹਾਂ ਵਿਗਿਆਨਿਕ ਵਿਚਾਰ ਦੇ ਉੱਜਵਲ ਪੱਖ ਦੇ ਪਿੱਛੇ ਸਭ ਕਾਰਗੁਜ਼ਾਰੀਆਂ ਲੁਕੋ ਦਿੱਤੀਆਂ ਜਾਂਦੀਆਂ ਹਨ। ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਇਕ ਪਾਸੇ ਤਾਂ ਮਨੁੱਖਤਾ ਦੀ ਸੇਵਾ ਦਾ ਦਾਅਵਾ ਤਾਂ ਕਰਦੀਆਂ ਹਨ ਪਰ ਉਨ੍ਹਾਂ ਦੀ ਨਜ਼ਰ ਮੁਨਾਫੇ ’ਤੇ ਰਹਿੰਦੀ ਹੈ। ਇਸ ਲਈ ਕਦੇ ਦਵਾਈਆਂ ਦੇ ਸਾਈਡ ਇਫੈਕਟ ਨਹੀਂ ਦੱਸੇ ਜਾਂਦੇ। ਕਈ ਵਾਰ ਇਕ ਰੋਗ ਦੀ ਦਵਾਈ ਖਾਣ ਨਾਲ ਉਹ ਰੋਗ ਤਾਂ ਠੀਕ ਹੁੰਦਾ ਹੀ ਨਹੀਂ ਹੈ, ਕਈ ਰੋਗ ਹੋਰ ਹੋ ਜਾਂਦੇ ਹਨ। ਰੋਗ ਵਧਦੇ ਜਾਂਦੇ ਹਨ, ਦਵਾਈਆਂ ਵੀ ਵਧਦੀਆਂ ਜਾਂਦੀਆਂ ਹਨ।

ਇਸ ਤੋਂ ਇਲਾਵਾ ਐਲੋਪੈਥੀ ਆਪਣੇ ਤੋਂ ਇਲਾਵਾ ਕਿਸੇ ਨੂੰ ਕੁਝ ਮੰਨਦੀ ਵੀ ਨਹੀਂ। ਜਦੋਂ ਕਿ ਜੇ ਬੀਮਾਰੀ ਠੀਕ ਕਰਨੀ ਹੈ ਤਾਂ ਹਰ ਤਰ੍ਹਾਂ ਦੀ ਪ੍ਰਣਾਲੀ ਨੂੰ ਮਿਲਾ ਕੇ ਇਲਾਜ ਕੀਤਾ ਜਾ ਸਕਦਾ ਹੈ। ਉਸ ਦਾ ਲਾਭ ਵੀ ਉਠਾਇਆ ਜਾ ਸਕਦਾ ਹੈ। ਪਿਛਲੇ ਦਿਨੀਂ ਹੀ ਇਕ ਖਬਰ ਆਈ ਸੀ ਕਿ ਆਲ ਇੰਡੀਆ ਇੰਸਚੀਟਿਊਟ ਆਫ ਮੈਡੀਕਲ ਸਾਇੰਸਿਜ਼ ਦੇ ਆਯੁਰਵੈਦਿਕ ਸੈਂਟਰ ’ਚ 500 ਤੋਂ ਵੱਧ ਕੋਰੋਨਾ ਦੇ ਮਰੀਜ਼ ਦਾਖਲ ਹੋਏ ਸਨ। ਸਭ ਠੀਕ ਹੋ ਗਏ। ਭਾਵ 100 ਫੀਸਦੀ ਸਫਲਤਾ। ਇਸ ਨੂੰ ਮੀਡੀਆ ’ਚ ਕੋਈ ਖਾਸ ਥਾਂ ਨਹੀਂ ਮਿਲੀ। ਪਤਾ ਨਹੀਂ ਕਿਉਂ ਭਾਰਤੀ ਪ੍ਰਣਾਲੀਆਂ ਨੂੰ ਪਛੜਿਆ ਮੰਨਿਆ ਜਾਂਦਾ ਹੈ। ਜਦਕਿ ਆਪਣੇ ਇਥੇ ਪੁਰਾਤਨ ਸਮੇਂ ਤੋਂ ਹੀ ਆਪ੍ਰੇਸ਼ਨ ਹੋ ਰਹੇ ਹਨ, ਜਿਨ੍ਹਾਂ ’ਤੇ ਐਲੋਪੈਥੀ ਆਪਣੀ ਅਜਾਰੇਦਾਰੀ ਸਮਝਦੀ ਹੈ। ਇਕ ਵਾਰ ਇਕ ਕਿਤਾਬ ’ਚ ਪੁਰਾਤਨ ਭਾਰਤ ਦੇ ਉੱਚ ਗਿਆਨ ਸੰਬੰਧੀ ਪੜ੍ਹ ਰਹੀ ਸੀ। ਉਸ ’ਚ ਦੱਸਿਆ ਗਿਆ ਸੀ ਕਿ ਪਹਿਲਾਂ ਮਾਮੂਲੀ ਜਿਹੀਆਂ ਗੱਲਾਂ ’ਤੇ ਰਾਜਾ ਕਿਸੇ ਦਾ ਵੀ ਨੱਕ ਕੱਟਣ ਦਾ ਹੁਕਮ ਦਿੰਦਾ ਸੀ ਪਰ ਸੜਕਾਂ ’ਤੇ ਇੰਨੇ ਨੱਕ ਕੱਟੇ ਨਜ਼ਰ ਨਹੀਂ ਆਉਂਦੇ ਸਨ। ਕਾਰਨ ਇਹ ਸੀ ਕਿ ਲੋਕ ਆਪਣੀ ਕੱਟੀ ਹੋਈ ਨੱਕ ਨੂੰ ਲੈ ਕੇ ਵੈਦ ਦੇ ਕੋਲ ਚਲੇ ਜਾਂਦੇ ਸਨ ਅਤੇ ਉਹ ਜੋੜ ਦਿੰਦਾ ਸੀ।

ਸੱਚਾਈ ਜੋ ਵੀ ਹੋਵੇ ਐਲੋਪੈਥੀ ਨੂੰ ਵੀ ਆਯੁਰਵੇਦ ਦਾ ਅਪਮਾਨ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਆਈ.ਟੀ.ਓ. ’ਤੇ ਆਈ.ਐੱਮ.ਏ. ਦੇ ਦਫਤਰ ਦੇ ਬਾਹਰ ਬੋਰਡ ’ਤੇ ਤੁਸੀਂ ਇਸ ਅਪਮਾਨ ਨੂੰ ਦੇਖ ਸਕਦੇ ਹੋ, ਜਿਸ ’ਤੇ ਲਿਖਿਆ ਹੈ-ਐਲੋਪੈਥੀ ਪਲਸ ਆਯੁਰਵੇਦ ਬਰਾਬਰ ਮਿਕਸੋਪੈਥੀ ਜੋ ਕਿ ਖਤਰਨਾਕ ਹੈ। ਤੁਸੀਂ ਦਵਾਈਆਂ ਦਾ ਕਾਕਟੇਲ ਬਣਾਓ ਤਾਂ ਉਹ ਸਭ ਠੀਕ ਪਰ ਕਿਸੇ ਰੋਗ ਦੀ ਦਵਾਈ ਦੇ ਨਾਲ ਤੁਲਸੀ ਦਾ ਕਾਹੜਾ ਪੀ ਲਓ ਤਾਂ ਉਹ ਖਤਰਨਾਕ । ਕਿਉਂ ਭਈ।


Bharat Thapa

Content Editor

Related News