ਮਹਾਨ ਸੋਚ ਅਤੇ ਦਇਆ ਦੀ ਵਿਰਾਸਤ ਛੱਡ ਗਏ ਰਤਨ ਟਾਟਾ

Sunday, Oct 13, 2024 - 07:31 PM (IST)

ਮਹਾਨ ਸੋਚ ਅਤੇ ਦਇਆ ਦੀ ਵਿਰਾਸਤ ਛੱਡ ਗਏ ਰਤਨ ਟਾਟਾ

ਰਤਨ ਟਾਟਾ ਹੁਣ ਨਹੀਂ ਰਹੇ। 9 ਅਕਤੂਬਰ ਨੂੰ 86 ਸਾਲ ਦੀ ਉਮਰ ’ਚ ਮੁੰਬਈ ਦੇ ਇਕ ਹਸਪਤਾਲ ’ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਸਮੂਹਾਂ ’ਚੋਂ ਇਕ ਟਾਟਾ ਸਮੂਹ ਦੀ ਆਪਣੀ ਸਦਗੁਣੀ ਅਗਵਾਈ ਲਈ ਸਨਮਾਨਿਤ ਕੀਤਾ ਗਿਆ। ਭਾਰਤੀ ਕਾਰੋਬਾਰ ’ਚ ਇਕ ਦੂਰਦਰਸ਼ੀ ਅਤੇ ਸਨਮਾਨਿਤ ਵਿਅਕਤੀ, ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਵਿਸ਼ਵ ਪੱਥ ’ਤੇ ਅੱਗੇ ਵਧਾਇਆ।

ਨਵੇਂ ਕਾਰੋਬਾਰਾਂ ’ਚ ਪ੍ਰਵੇਸ਼ ਕਰ ਕੇ ਅਤੇ ਬ੍ਰਾਂਡ ਬਣਾ ਕੇ, ਉਨ੍ਹਾਂ ਨੇ ਟਾਟਾ ਸਮੂਹ ਦੇ ਮਾਲੀਏ ਨੂੰ 4 ਬਿਲੀਅਨ ਡਾਲਰ ਤੋਂ ਵਧਾ ਕੇ 100 ਬਿਲੀਅਨ ਡਾਲਰ ਤੋਂ ਵੱਧ ਕਰ ਦਿੱਤਾ।

ਰਤਨ ਟਾਟਾ ਦੇ ਕਾਰਜਕਾਲ ’ਚ ਅੰਤਰਰਾਸ਼ਟਰੀ ਵਿਸਤਾਰ ਅਤੇ ਟੈਟਲੀ ਟੀ, ਕੋਰਸ ਅਤੇ ਜੈਗੁਆਰ ਲੈਂਡ ਰੋਵਰ ਵਰਗੀਆਂ ਵਰਨਣਯੋਗ ਰਣਨੀਤਕ ਪ੍ਰਾਪਤੀਆਂ ਸ਼ਾਮਲ ਸਨ। ਹਾਲਾਂਕਿ ਸਾਰੇ ਉੱਦਮ ਸਫਲ ਨਹੀਂ ਹੋਏ। ਨੈਨੋ ਕਾਰ ਅਤੇ ਕੋਰਸ ਸੌਦੇ ਨੂੰ ਅਹਿਮ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ।

ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਟਾਟਾ ਦੀ ਅਗਵਾਈ ਦੀ ਪਛਾਣ ਨੈਤਿਕ ਕਾਰੋਬਾਰੀ ਰਵਾਇਤਾਂ, ਅਹਿਮ ਪਰਉਪਕਾਰੀ ਯਤਨਾਂ ਅਤੇ ਕਿਸੇ ਵੀ ਘਪਲੇ ਨਾਲ ਨਹੀਂ ਸੀ। ਵਪਾਰ ਅਤੇ ਦਾਨ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੇ ਉਨ੍ਹਾਂ ਨੂੰ ਪੂਰੇ ਭਾਰਤ ’ਚ ਵਿਆਪਕ ਪੱਧਰ ’ਤੇ ਸਨਮਾਨ ਅਤੇ ਸਨੇਹ ਦਿਵਾਇਆ, ਜਿਸ ਨੂੰ ਉਨ੍ਹਾਂ ਦੇ ਦਿਹਾਂਤ ’ਤੇ ਰਾਸ਼ਟਰੀ ਸੋਗ ਅਤੇ ਸ਼ਰਧਾਂਜਲੀ ਰਾਹੀਂ ਉਜਾਗਰ ਕੀਤਾ ਗਿਆ।

‘ਵੱਡਾ ਸੋਚੋ। ਵੱਡਾ ਕੰਮ ਕਰੋ’, ਇਹ ਉਨ੍ਹਾਂ ਦੀ ਜ਼ਿੰਦਗੀ ਦਾ ਮੰਤਰ ਪ੍ਰਤੀਤ ਹੁੰਦਾ ਸੀ। ਉਹ ਆਪਣੀ ਜ਼ਿੰਦਗੀ ਦੇ ਮੰਤਰ ਨੂੰ ਇਕ ਅਜੇਤੂ ਕਾਰਜ ਯੋਜਨਾ ’ਚ ਬਦਲਣ ਦੀ ਕਲਾ ਜਾਣਦੇ ਸਨ। ਇਸ ਨਾਲ ਟਾਟਾ ਸਮੂਹ ਦਾ ਇਕ ਅਜੇਤੂ ਵਿਸ਼ਵ ਪੱਧਰੀ ਕਾਰੋਬਾਰੀ ਸ਼ਕਤੀ ਵਜੋਂ ਪੁਨਰਜਾਗਰਣ ਹੋਇਆ। ਆਪਣੇ ਸਮੂਹ ਲਈ ਉਨ੍ਹਾਂ ਦੇ 5 ਪੁਨਰ-ਸੁਰਜੀਤੀ ਮੰਤਰ ਸਨ :

ਪਹਿਲਾ, ਉਨ੍ਹਾਂ ਨੇ ਭਰੋਸੇਯੋਗ ਰਿਕਾਰਡ ਵਾਲੇ ਨੌਜਵਾਨ ਵਿਅਕਤੀਆਂ ਨੂੰ ਆਕਰਸ਼ਿਤ ਕਰਨ ਲਈ ਇਕ ਨਵੀਂ ਸੇਵਾਮੁਕਤੀ ਨੀਤੀ ਅਪਣਾਈ।

ਦੂਜਾ, ਉਨ੍ਹਾਂ ਨੇ ਕੰਪਨੀ ਦੇ ਮੁੱਖ ਦਫਤਰ ’ਤੇ ਪਕੜ ਮਜ਼ਬੂਤ ਕੀਤੀ ਅਤੇ ਸਮੂਹ ਦੀਆਂ ਕੰਪਨੀਆਂ ਕੋਲੋਂ ਟਾਟਾ ਬ੍ਰਾਂਡ ਨੂੰ ਰਾਇਲਟੀ ਦਾ ਭੁਗਤਾਨ ਕਰਵਾਇਆ।

ਤੀਜਾ, ਉਹ ਦੂਰਸੰਚਾਰ, ਵਿੱਤ ਅਤੇ ਕਾਰ ਨਿਰਮਾਣ ਪ੍ਰਾਜੈਕਟਾਂ ’ਚ ਸ਼ਾਮਲ ਹੋ ਗਏ।

ਚੌਥਾ, ਉਨ੍ਹਾਂ ਨੇ ਨਾਮੀ ਵਿਸ਼ਵ ਪੱਧਰੀ ਅਦਾਰੇ ਐਕਵਾਇਰ ਕੀਤੇ।

ਪੰਜਵਾਂ, ਇੰਡੀਕਾ ਉਨ੍ਹਾਂ ਦੀ ਪਹਿਲੀ ਸਵਦੇਸ਼ੀ ਕਾਰ ਸੀ, ਉਸ ਤੋਂ ਬਾਅਦ ਨੈਨੋ। ਇਹ ਵੱਖਰੀ ਗੱਲ ਹੈ ਕਿ ਨੈਨੋ ਦਾ ‘ਸਸਤਾ’ ਟੈਗ ਮਹਿੰਗਾ ਸਾਬਤ ਹੋਇਆ।

2008 ’ਚ ਲਾਂਚ ਹੋਣ ਪਿੱਛੋਂ ਟਾਟਾ ਨੈਨੋ ਭਾਵੇਂ ਹੀ ਉਮੀਦਾਂ ’ਤੇ ਖਰੀ ਨਾ ਉਤਰੀ ਹੋਵੇ ਪਰ ਰਤਨ ਟਾਟਾ ਦਾ ਵਿਜ਼ਨ ਦੋਪਹੀਆ ਵਾਹਨ ਸਵਾਰਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਦੀ ਉਨ੍ਹਾਂ ਦੀ ਇੱਛਾ ’ਚ ਨਿਹਿਤ ਸੀ, ਤਾਂ ਕਿ ਉਹ ਇਕ ਕਿਫਾਇਤੀ ਚਾਰ ਪਹੀਆ ਵਾਹਨ ਦਾ ਬਦਲ ਪੇਸ਼ ਕਰ ਸਕਣ। ਦਰਅਸਲ, ਟਾਟਾ ਨੇ ਇਕ ਅਜਿਹੀ ਵਿਰਾਸਤ ਛੱਡੀ ਹੈ, ਜੋ ਪਿਰਾਮਿਡ ਦੇ ਹੇਠਲੇ ਪੱਧਰ ਦੀ ਰਣਨੀਤੀ ਦੇ ਜ਼ਰੀਏ ਇਕ ਘੱਟ ਸੇਵਾ ਵਾਲੇ ਬਾਜ਼ਾਰ ’ਚ ਪ੍ਰਵੇਸ਼ ਕਰ ਸਕਦੀ ਹੈ।

ਆਪਣੇ 21 ਸਾਲ ਦੇ ਕਰੀਅਰ ’ਚ, ਉਨ੍ਹਾਂ ਨੇ 60 ਤੋਂ ਵੱਧ ਸੌਦੇ ਕੀਤੇ। ਉਨ੍ਹਾਂ ਦੀ ਵਿਰਾਸਤ ਨਵੀਨਤਾ ਦੀ ਸੀ, ਭਾਵੇਂ ਇਹ ਨੈਨੋ ਹੋਵੇ, ਸਾਫ਼ ਪਾਣੀ ਪਿਊਰੀਫਾਇਰ ਹੋਵੇ ਜਾਂ ਜੂਡੀਓ ਰਿਟੇਲ ਚੇਨ ਹੋਵੇ। ਉਨ੍ਹਾਂ ਨੇ 30 ਤੋਂ ਵੱਧ ਕੰਪਨੀਆਂ ਨੂੰ ਕੰਟਰੋਲ ਕੀਤਾ, ਜੋ 100 ਤੋਂ ਵੱਧ ਦੇਸ਼ਾਂ ਵਿਚ ਕੰਮ ਕਰਦੀਆਂ ਸਨ। ਫਿਰ ਵੀ, ਉਹ ਨਿਮਰ ਅਤੇ ਕੋਮਲ ਸਨ।

ਇਕ ਚਲਾਕ ਉਦਯੋਗਪਤੀ ਅਤੇ ਦੂਰਦਰਸ਼ੀ ਹੋਣ ਤੋਂ ਇਲਾਵਾ, ਉਹ ਪਰਉਪਕਾਰੀ ਵੀ ਸਨ ਅਤੇ ਉਨ੍ਹਾਂ ਨੇ ਸਮਾਜ ਦੀ ਭਲਾਈ ਲਈ ਆਪਣੇ ਪੈਸੇ ਦਾ ਇਕ ਵਾਹਵਾ ਹਿੱਸਾ ਦਾਨ ਕਰ ਦਿੱਤਾ। ਟਾਟਾ ਟਰੱਸਟ ਦੇ ਚੇਅਰਮੈਨ ਦੇ ਰੂਪ ’ਚ, ਉਨ੍ਹਾਂ ਨੇ ਅਣਗਿਣਤ ਗੈਰ-ਸਰਕਾਰੀ ਸੰਗਠਨਾਂ ਨੂੰ ਇਨਕਲਾਬੀ ਸਮਾਜਿਕ ਤਬਦੀਲੀ ਲਿਆਉਣ ਅਤੇ ਸਮਾਜ ’ਚ ਆਪਣੀ ਛਾਪ ਛੱਡਣ ’ਚ ਸਮਰੱਥ ਬਣਾਇਆ।

ਰਤਨ ਟਾਟਾ ਕੁੱਤਿਆਂ ਨੂੰ ਪਿਆਰ ਕਰਦੇ ਸਨ। ਕੁੱਤਿਆਂ ਪ੍ਰਤੀ ਉਨ੍ਹਾਂ ਦਾ ਪਿਆਰ ਮੇਲ-ਮਿਲਾਪ ਤੋਂ ਕਿਤੇ ਵੱਧ ਕੇ ਸੀ। ਇਸ ਨੇ ਉਨ੍ਹਾਂ ਦੀ ਮਾਨਵੀ ਭਾਵਨਾ ਨੂੰ ਛੂਹ ਲਿਆ। ਟਾਟਾ ਹੈੱਡਕੁਆਰਟਰ ਅਤੇ ਤਾਜ ਹੋਟਲ ’ਚ, ਉਨ੍ਹਾਂ ਨੇ ਪਾਲਤੂ ਜਾਨਵਰਾਂ ਦੀਆਂ ਅਨੁਕੂਲ ਨੀਤੀਆਂ ਨੂੰ ਲਾਗੂ ਕੀਤਾ ਅਤੇ ਅਜਿਹੇ ਸਥਾਨ ਬਣਾਏ ਜਿੱਥੇ ਜਾਨਵਰਾਂ ਨੂੰ ਨਾ ਸਿਰਫ ਆਗਿਆ ਦਿੱਤੀ ਜਾਂਦੀ ਹੈ ਸਗੋਂ ਉਨ੍ਹਾਂ ਦਾ ਸਵਾਗਤ ਵੀ ਕੀਤਾ ਜਾਂਦਾ ਹੈ।

ਪਸ਼ੂ ਭਲਾਈ ਲਈ ਉਨ੍ਹਾਂ ਦੀ ਵਕਾਲਤ ਪਸ਼ੂ ਅਧਿਕਾਰਾਂ ਅਤੇ ਜ਼ਿੰਮੇਵਾਰ ਪਾਲਤੂ ਮਾਲਕੀ ਬਾਰੇ ਜਾਗਰੂਕਤਾ ਵਧਾਉਣ ਦੇ ਉਨ੍ਹਾਂ ਦੇ ਯਤਨਾਂ ਰਾਹੀਂ ਗੂੰਜਦੀ ਹੈ। ਆਪਣੇ ਪ੍ਰਭਾਵ ਨਾਲ, ਉਨ੍ਹਾਂ ਨੇ ਇਨ੍ਹਾਂ ਕੋਮਲ ਪ੍ਰਾਣੀਆਂ ਦੀ ਰੱਖਿਆ ਕੀਤੀ ਅਤੇ ਦੂਜਿਆਂ ’ਚ ਵੀ ਅਜਿਹੀ ਹੀ ਦਇਆ ਜਗਾਈ। ਸਾਰੇ ਜਿਊਂਦੇ ਪ੍ਰਾਣੀਆਂ ਲਈ ਦਇਆ ਅਤੇ ਦੇਖਭਾਲ ਦਾ ਸੰਦੇਸ਼ ਫੈਲਾਇਆ।

ਉਹ 2 ਦਹਾਕੇ ਤੋਂ ਵੱਧ ਸਮੇਂ ਤਕ ਟਾਟਾ ਸੰਜ਼ ਦੇ ਚੇਅਰਮੈਨ ਰਹੇ, ਇਸ ਦੌਰਾਨ ਸਮੂਹ ਨੇ ਆਪਣੇ ਕੰਮਕਾਰ ਦਾ ਵਿਸਥਾਰ ਕੀਤਾ। ਉਨ੍ਹਾਂ ਨੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ (ਟੀ. ਆਈ. ਐੱਸ. ਐੱਸ.) ਵਰਗੇ ਬਿਹਤਰੀਨ ਸੰਸਥਾਨ ਸਥਾਪਿਤ ਕੀਤੇ ਅਤੇ ਪੂਰੇ ਭਾਰਤ ’ਚ ਸਿੱਖਿਆ ਤਰਜੀਹਾਂ ਦਾ ਵਿੱਤੀ ਪੋਸ਼ਣ ਕੀਤਾ। ਉਨ੍ਹਾਂ ਨੇ ਸਿਹਤ ਸੇਵਾ ਸੰਸਥਾਨਾਂ ਦੀ ਨੀਂਹ ਵੀ ਰੱਖੀ ਅਤੇ ਇਸ ਤਰ੍ਹਾਂ ਟਾਟਾ ਟਰੱਸਟ ਨੇ ਰਫਤਾਰ ਫੜੀ।

ਹਾਲਾਂਕਿ, ਏਅਰਲਾਈਨ ਕਾਰੋਬਾਰ ’ਚ ਉਨ੍ਹਾਂ ਦਾ ਤਜਰਬਾ ਚੁਣੌਤੀਪੂਰਨ ਸੀ। 60,000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ, ਪੁਰਾਣੇ ਜਹਾਜ਼, ਅਯੋਗ ਕਰਮਚਾਰੀਆਂ ਅਤੇ ਸੱਭਿਆਚਾਰ ਨਾਲ ਲੱਦੇ ਏਅਰ ਇੰਡੀਆ ਦੀ ਖਰੀਦ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਪਰ ਬਾਅਦ ਵਿਚ ਸਰਕਾਰ ਨੇ ਇਸ ਸੌਦੇ ਨੂੰ ਆਸਾਨ ਕਰ ਦਿੱਤਾ। ਆਖਿਰਕਾਰ, ਟਾਟਾ ਸੰਨਜ਼ ਨੇ 18,000 ਕਰੋੜ ਰੁਪਏ ਵਿਚ ਏਅਰਲਾਈਨ ਖਰੀਦ ਲਈ।

ਰਤਨ ਟਾਟਾ ਦੀ ਲੀਡਰਸ਼ਿਪ ਸ਼ੈਲੀ ਨਿਮਰਤਾ ਅਤੇ ਠੋਸ ਮਾਨਵੀ ਕੀਮਤਾਂ ’ਚ ਡੂੰਘਾਈ ’ਚ ਪਈ ਸੀ। ਆਪਣੀਆਂ ਅਪਾਰ ਸਫਲਤਾਵਾਂ ਦੇ ਬਾਵਜੂਦ, ਉਹ ਮਿਲਣਸਾਰ ਬਣੇ ਰਹੇ, ਸਭ ਦੇ ਨਾਲ ਸਨਮਾਨ ਨਾਲ ਪੇਸ਼ ਆਏ। ਆਪਣੇ ਮੁਲਾਜ਼ਮਾਂ ਅਤੇ ਕਾਰੋਬਾਰੀ ਭਾਈਚਾਰੇ ਲਈ ਸੱਚੀ ਚਿੰਤਾ ਰੱਖਦੇ ਸਨ।

ਟਾਟਾ ਨੇ ਇਕ ਭਰੋਸੇਮੰਦ ਮਾਹੌਲ ਨੂੰ ਉਤਸ਼ਾਹਿਤ ਕੀਤਾ, ਆਪਣੇ ਮੁਲਾਜ਼ਮਾਂ ਨੂੰ ਫੈਸਲਾ ਲੈਣ ਅਤੇ ਪਹਿਲ ਕਰਨ ਦੇ ਸਮਰੱਥ ਬਣਾਇਆ, ਜਿਸ ਨੇ ਨਵੀਨਤਾ ਨੂੰ ਉਤਸ਼ਾਹਿਤ ਕੀਤਾ ਅਤੇ ਇਕ ਮਜ਼ਬੂਤ, ਸਹਿਯੋਗੀ ਟੀਮ ਸੱਭਿਆਚਾਰ ਪੈਦਾ ਕੀਤਾ।

ਰਤਨ ਟਾਟਾ ਵਰਗੇ ਚੰਗੇ ਆਗੂ ਨਾ ਸਿਰਫ ਆਪਣੀਆਂ ਪ੍ਰਾਪਤੀਆਂ ਰਾਹੀਂ ਸਗੋਂ ਆਪਣੇ ਕਿਰਦਾਰ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਉੱਪਰ ਚੁੱਕਣ ਦੀ ਸਮਰੱਥਾ ਰਾਹੀਂ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਅਸਲ ’ਚ ਮਿਸਾਲ ਦਿੱਤੀ ਕਿ ਦਿਲ ਅਤੇ ਨਜ਼ਰੀਆ, ਦੋਵਾਂ ਨਾਲ ਅਗਵਾਈ ਕਰਨ ਦਾ ਕੀ ਮਤਲਬ ਹੈ।

ਹਰੀ ਜੈਸਿੰਘ


author

Rakesh

Content Editor

Related News