ਦੇਖਭਾਲ ’ਚ ਖਾਮੀਆਂ ਅਤੇ ਭੰਨ-ਤੋੜ ਦੀਆਂ ਘਟਨਾਵਾਂ ਨਾਲ ਰੇਲ ਸੇਵਾਵਾਂ ਨੂੰ ਹੋ ਰਿਹਾ ਨੁਕਸਾਨ

Wednesday, Jan 22, 2025 - 02:44 AM (IST)

ਦੇਖਭਾਲ ’ਚ ਖਾਮੀਆਂ ਅਤੇ ਭੰਨ-ਤੋੜ ਦੀਆਂ ਘਟਨਾਵਾਂ ਨਾਲ ਰੇਲ ਸੇਵਾਵਾਂ ਨੂੰ ਹੋ ਰਿਹਾ ਨੁਕਸਾਨ

ਭਾਰਤੀ ਰੇਲ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੋਣ ਕਾਰਨ ਇਸ ਲਈ ਸੰਚਾਲਨ ਵਿਵਸਥਾ ਵਧੀਆ ਹੋਣੀ ਚਾਹੀਦੀ ਹੈ ਪਰ ਕਈ ਖਾਮੀਆਂ ਅਤੇ ਸਮਾਜ ਵਿਰੋਧੀ ਤੱਤਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋਣ ਕਾਰਨ ਇਸ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ, ਜਿਸ ਦੀਆਂ ਇਸੇ ਮਹੀਨੇ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ :

* 3 ਜਨਵਰੀ ਨੂੰ ਮਧੂਬਨੀ (ਬਿਹਾਰ) ’ਚ ਰਾਜ ਨਗਰ ਸਟੇਸ਼ਨ ਦੇ ‘ਨਰਕਟੀਆ ਗੁਮਟੀ’ ਦੇ ਨੇੜੇ ਜਯਨਗਰ ਤੋਂ ਮੁੰਬਈ ਜਾ ਰਹੀ ‘ਪਵਨ ਐਕਸਪ੍ਰੈੱਸ’ ਦੇ ਇਕ ਡੱਬੇ ’ਚ ਅੱਗ ਲੱਗ ਗਈ, ਜਿਸ ’ਤੇ ਡਰਾਈਵਰ ਅਤੇ ਗਾਰਡ ਦੀ ਸੂਝ-ਬੂਝ ਨਾਲ ਕਾਬੂ ਪਾਇਆ ਗਿਆ।

* 7 ਜਨਵਰੀ ਨੂੰ ‘ਚੌਲਾਹਾਂ ਹਾਲਟ’ (ਉੱਤਰ ਪ੍ਰਦੇਸ਼) ਦੇ ਨੇੜੇ ਰੇਲਵੇ ਟ੍ਰੈਕ ’ਤੇ ਸੀਮੈਂਟ ਦਾ ਖੰਭਾ ਰੱਖ ਕੇ ਆਨੰਦ ਵਿਹਾਰ ਤੋਂ ਆ ਰਹੀ ‘ਚੰਪਾਰਨ ਸੱਤਿਆਗ੍ਰਹਿ ਐਕਸਪ੍ਰੈੱਸ’ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਗਈ।

* 9 ਜਨਵਰੀ ਨੂੰ ਗੜਵਾ ਰੋਡ ਜੰਕਸ਼ਨ (ਝਾਰਖੰਡ) ’ਤੇ ਇਕ ਨਿਰੀਖਣ ਟਰੇਨ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ।

* 11 ਜਨਵਰੀ ਨੂੰ ਦੁਰਗ (ਛੱਤੀਸਗੜ੍ਹ) ਰੇਲਵੇ ਸਟੇਸ਼ਨ ’ਤੇ ਖੜ੍ਹੀ ਇਕ ਟਰੇਨ ਦੇ ਡੱਬੇ ’ਚ ਅੱਗ ਲੱਗ ਜਾਣ ਨਾਲ ਹਫੜਾ-ਦਫੜੀ ਮਚ ਗਈ।

* 12 ਜਨਵਰੀ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਨਗਰ (ਉੱਤਰ ਪ੍ਰਦੇਸ਼) ਤੋਂ ਰਵਾਨਾ ਹੋਣ ਦੇ ਕੁਝ ਸਮੇਂ ਪਿੱਛੋਂ ‘ਓਖਾ-ਗੁਹਾਟੀ ਐਕਸਪ੍ਰੈੱਸ’ ਦੇ ਇੰਜਣ ’ਚ ਖਰਾਬੀ ਆ ਗਈ, ਜਿਸ ਨੂੰ ਕਿਸੇ ਤਰ੍ਹਾਂ ਚਾਲਕ ਨੇ ਪਟਨਾ ਸਟੇਸ਼ਨ ਤੱਕ ਪਹੁੰਚਾਇਆ ਪਰ ਇੰਜਣ ਇਸ ਤੋਂ ਅੱਗੇ ਨਹੀਂ ਜਾ ਸਕਿਆ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋਈ।

* 12 ਜਨਵਰੀ ਨੂੰ ਹੀ ਅਲੀਗੜ੍ਹ (ਉੱਤਰ ਪ੍ਰਦੇਸ਼) ’ਚ ਆਈ. ਟੀ. ਆਈ. ਦੇ ਨੇੜੇ ਅਯੁੱਧਿਆ ਜਾ ਰਹੀ ‘ਵੰਦੇ ਭਾਰਤ ਐਕਸਪ੍ਰੈੱਸ’ ਦਾ ਇੰਜਣ ਖਰਾਬ ਹੋ ਗਿਆ। ਇਸ ਦੇ ਨਤੀਜੇ ਵਜੋਂ ਕਈ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ।

* 14 ਜਨਵਰੀ ਨੂੰ ‘ਵਿੱਲੂਪੁਰਮ ਨਗਰ’ (ਤਾਮਿਲਨਾਡੂ) ਦੇ ਨੇੜੇ ਪੁਡੂਚੇਰੀ ਜਾ ਰਹੀ ਇਕ ਰੇਲਗੱਡੀ ਦੇ 5 ਡੱਬੇ ਪੱਟੜੀ ਤੋਂ ਉਤਰ ਗਏ।

* 14 ਜਨਵਰੀ ਨੂੰ ਹੀ ‘ਚਾਵਾਂ ਪਾਇਲ’ (ਪੰਜਾਬ) ਸਟੇਸ਼ਨ ਦੇ ਨੇੜੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ‘ਸ਼ਾਨ-ਏ-ਪੰਜਾਬ’ ਟਰੇਨ ਦੇ ਪਹੀਏ ਦੀ ਬਰੇਕ ’ਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਯਾਤਰੀਆਂ ’ਚ ਹਫੜਾ-ਦਫੜੀ ਮਚ ਗਈ ਅਤੇ ਉਹ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ।

* 15 ਜਨਵਰੀ ਨੂੰ ਬਰੇਲੀ (ਉੱਤਰ ਪ੍ਰਦੇਸ਼) ਜ਼ਿਲੇ ਦੀ ਬਰੇਲੀ-ਪੀਲੀਭੀਤ ਰੇਲ ਡਵੀਜ਼ਨ ’ਚ ‘ਟਨਕਪੁਰ’ ਤੋਂ ‘ਬਰੇਲੀ’ ਸਿਟੀ ਜਾਣ ਵਾਲੀ ਇਕ ਯਾਤਰੀ ਰੇਲਗੱਡੀ ਨੂੰ ਕਿਸੇ ਨੇ ਰੇਲ ਲਾਈਨ ’ਤੇ ਪੱਥਰ ਰੱਖ ਕੇ ਉਲਟਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੰਜਣ ਨਾਲ ਟਕਰਾਅ ਕੇ ਪੱਥਰ ਦੇ ਦੋ ਟੁੱਕੜੇ ਹੋ ਗਏ ਅਤੇ ਇੰਜਣ ਦਾ ‘ਰੇਲਗਾਰਡ’ ਵੀ ਟੇਢਾ ਹੋ ਗਿਆ।

* 15 ਜਨਵਰੀ ਨੂੰ ਹੀ ਮੀਰਗੰਜ (ਬਿਹਾਰ) ਦੇ ‘ਹਥੂਆ’ ਜੰਕਸ਼ਨ ’ਤੇ ਸ਼ੰਟਿੰਗ ਦੌਰਾਨ ਬੱਜਰੀ ਨਾਲ ਲੱਦੀ ਇਕ ਮਾਲਗੱਡੀ ਪੱਟੜੀ ਤੋਂ ਉਤਰ ਗਈ।

* 19 ਜਨਵਰੀ ਨੂੰ ਬਰੇਲੀ (ਉੱਤਰ ਪ੍ਰਦੇਸ਼) ਤੋਂ ਕਾਸ਼ੀਪੁਰ ਜਾ ਰਹੀ ‘ਡੇਮੂ’ ਰੇਲ ਗੱਡੀ ਦੇ ਇਕ ਡੱਬੇ ’ਚ ਵਾਰ-ਵਾਰ ਸਪਾਰਕਿੰਗ ਹੋਣ ਨਾਲ ਅੱਗ ਲੱਗ ਗਈ, ਜਿਸ ਦਾ ਪਤਾ ਲੱਗਦਿਆਂ ਹੀ ਲੋਕੋ ਪਾਇਲਟ ਨੇ ਬ੍ਰੇਕ ਮਾਰ ਕੇ ਟਰੇਨ ਨੂੰ ਰੋਕਿਆ ਅਤੇ ਗੱਡੀ ਨੂੰ ਖਾਲੀ ਕਰਵਾਉਣ ਪਿੱਛੋਂ ਇੰਜਣ ’ਚ ਲੱਗੇ ਆਟੋ ਬਟਨ ਨੂੰ ਦਬਾ ਕੇ ਪਾਣੀ ਦੀ ਵਾਛੜ ਕਰ ਕੇ ਅੱਗ ਬੁਝਾਈ।

* ਅਤੇ ਹੁਣ 21 ਜਨਵਰੀ ਨੂੰ ਰਿਸ਼ੀਕੇਸ਼ (ਉੱਤਰਾਖੰਡ) ਤੋਂ ਪ੍ਰਯਾਗਰਾਜ ਜਾ ਰਹੀ ‘ਹਰਿਦੁਆਰ ਐਕਸਪ੍ਰੈੱਸ’ ਦਾ ਪ੍ਰੈੱਸ਼ਰ ਟੁੱਟਣ ਨਾਲ ਟਰੇਨ ਲਗਭਗ ਅੱਧਾ ਘੰਟਾ ‘ਰਾਇਵਾਲਾ ਫਾਟਕ’ ਦੇ ਨੇੜੇ ਖੜ੍ਹੀ ਰਹੀ।

ਇਕ ਪਾਸੇ ਦੇਸ਼ ’ਚ ਤੇਜ਼ ਰਫਤਾਰ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਤਾਂ ਦੂਜੇ ਪਾਸੇ ਰੇਲਵੇ ਮੇਨਟੀਨੈਂਸ ਸਟਾਫ ਦੀ ਲਾਪ੍ਰਵਾਹੀ ਕਾਰਨ ਰੇਲ ਗੱਡੀਆਂ ਹਾਦਸਿਆਂ ਦੇ ਜੋਖਮ ’ਤੇ ਹਨ ਅਤੇ ਸਮਾਜ ਵਿਰੋਧੀ ਤੱਤਾਂ ਵੱਲੋਂ ਰੇਲ ਗੱਡੀਆਂ ਨੂੰ ਉਲਟਾ ਕੇ ਤਬਾਹੀ ਮਚਾਉਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਦੇਸ਼ ’ਚ ਨਵੀਆਂ-ਨਵੀਆਂ ਤੇਜ਼ ਰਫਤਾਰ ਰੇਲ ਗੱਡੀਆਂ ਚਲਾਉਣਾ ਅਤੇ ਰੇਲ ਸੇਵਾਵਾਂ ਦਾ ਵਿਸਥਾਰ ਕਰਨਾ ਚੰਗੀ ਗੱਲ ਹੈ ਪਰ ਇਸ ਦੇ ਨਾਲ ਹੀ ਰੇਲ ਗੱਡੀਆਂ ਦੇ ਸੰਚਾਲਨ ਨੂੰ ਸੁਰੱਖਿਅਤ ਅਤੇ ਸਮੇਂ ਦਾ ਪਾਬੰਦ ਬਣਾਉਣਾ ਵੀ ਜ਼ਰੂਰੀ ਹੈ।

ਇਸ ਲਈ ਰੇਲ ਪੱਟੜੀਆਂ ਨਾਲ ਛੇੜਛਾੜ ਰੋਕਣ ਲਈ ਨਿਗਰਾਨੀ ਵਿਵਸਥਾ ਮਜ਼ਬੂਤ ਕਰਨ, ਸੀ. ਸੀ. ਟੀ. ਵੀ. ਕੈਮਰੇ ਆਦਿ ਲਾਉਣ ਅਤੇ ਰੇਲਵੇ ਗੱਡੀਆਂ ਦੀ ਮੇਨਟੀਨੈਂਸ ਸੁਧਾਰਨ ਦੀ ਵੀ ਤੁਰੰਤ ਹੀ ਲੋੜ ਹੈ।

–ਵਿਜੇ ਕੁਮਾਰ


author

Harpreet SIngh

Content Editor

Related News