ਰਾਹੁਲ ਦਾ ਵਿਸ਼ਵਾਸ ਲੋਕਾਂ ’ਚ ਆਸ ਦਾ ਸੰਚਾਰ ਕਰਦਾ ਹੈ

Monday, Aug 05, 2024 - 02:15 PM (IST)

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੰਸਦ ’ਚ ਵਿਰੋਧੀ ਧਿਰ ਦੇ ਆਗੂ ਦੇ ਤੌਰ ’ਤੇ ਕਿੰਨਾ ਚੰਗਾ ਪ੍ਰਦਰਸ਼ਨ ਕੀਤਾ ਹੈ? ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਅਮ੍ਰਿਤਿਆ ਸੇਨ ਨੇ ਹਾਲ ਹੀ ’ਚ ਕੈਂਬ੍ਰਿਜ ਯੂਨੀਵਰਸਿਟੀ ’ਚ ਆਪਣੇ ਸਮੇਂ ਨਾਲ ਰਾਹੁਲ ਦੀ ਤਰੱਕੀ ਬਾਰੇ ਗੱਲ ਕੀਤੀ। ਸੇਨ ਨੇ ਕਿਹਾ ਕਿ ਰਾਹੁਲ ਪਿਛਲੇ ਕੁਝ ਸਾਲਾਂ ’ਚ ਵਾਹਵਾ ਪਰਿਪੱਕ ਹੋਏ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਅਸਲੀ ਪ੍ਰੀਖਿਆ ਇਹ ਹੋਵੇਗੀ ਕਿ ਉਹ ਸੰਸਦ ’ਚ ਵਿਰੋਧੀ ਧਿਰ ਦੀ ਅਗਵਾਈ ਕਿਵੇਂ ਕਰਦੇ ਹਨ।

ਲੋਕ ਸਭਾ ਚੋਣਾਂ ’ਚ ਹਾਲ ਹੀ ’ਚ ਮਿਲੀ ਸਫਲਤਾ ਪਿੱਛੋਂ, ਰਾਹੁਲ ਸਦਨ ਦੇ ਅੰਦਰ ਅਤੇ ਬਾਹਰ ਸਵੈ-ਭਰੋਸੇ ਨਾਲ ਭਰੇ ਅਤੇ ਦਮਦਾਰ ਰਹੇ ਹਨ, ਜੋ ਵਿਰੋਧੀ ਧਿਰ ਦੇ ਆਗੂ ਲਈ ਢੁੱਕਵਾਂ ਹੈ। ਉਨ੍ਹਾਂ ਦੇ ਮਾਤਾ-ਪਿਤਾ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਨੇ ਵੀ ਆਪਣੇ ਕਾਰਜਕਾਲ ਦੌਰਾਨ ਇਸੇ ਅਹੁਦੇ ’ਤੇ ਕੰਮ ਕੀਤਾ ਅਤੇ ਚੰਗੀ ਕਾਰਗੁਜ਼ਾਰੀ ਕੀਤੀ। ਰਾਹੁਲ ਨੇ 2004 ’ਚ ਸਿਆਸਤ ’ਚ ਦਾਖਲ ਹੋਣ ਦੇ 25 ਸਾਲ ਪਿੱਛੋਂ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੀ ਪਹਿਲੀ ਸੰਵਿਧਾਨਕ ਭੂਮਿਕਾ ਨਿਭਾਈ। ਪਿਛਲੇ 10 ਸਾਲਾਂ ਤੋਂ ਲੋਕ ਸਭਾ ’ਚ ਕੋਈ ਵਿਰੋਧੀ ਧਿਰ ਦਾ ਆਗੂ ਨਹੀਂ ਰਿਹਾ ਹੈ ਕਿਉਂਕਿ ਪਿਛਲੀਆਂ 2 ਲੋਕ ਸਭਾਵਾਂ ’ਚ ਕਿਸੇ ਵੀ ਵਿਰੋਧੀ ਧਿਰ ਪਾਰਟੀ ਨੂੰ ਇਸ ਅਹੁਦੇ ਲਈ ਲੋੜੀਂਦੀ ਗਿਣਤੀ ਨਹੀਂ ਮਿਲੀ ਹੈ।

ਹਾਲ ਹੀ ’ਚ ਬਜਟ ਸੈਸ਼ਨ ਦੌਰਾਨ, ਰਾਹੁਲ ਦੇ ਵਿਰੋਧੀ ਧਿਰ ਦੇ ਆਗੂ ਬਣਨ ਪਿੱਛੋਂ ਪਹਿਲੀ ਵਾਰ, ਉਨ੍ਹਾਂ ਨੇ ਆਪਣੀ ਪਾਰਟੀ ਅਤੇ ਵਿਰੋਧੀ ਧਿਰ ’ਚ ਅਹਿਮ ਅਗਵਾਈ ਦੀ ਭੂਮਿਕਾ ਨਿਭਾਈ। ਵਿਰੋਧੀ ਧਿਰ ਦਾ ਆਗੂ ਬਣਨ ਪਿੱਛੋਂ, ਰਾਹੁਲ ਗਾਂਧੀ ਨੇ ਹੋਰ ਵੀ ਜ਼ਿੰਮੇਵਾਰੀਆਂ ਸੰਭਾਲੀਆਂ ਹਨ। ਹੁਣ ਉਹ ਵੱਖ-ਵੱਖ ਵਿਸ਼ਿਆਂ ’ਤੇ ਵਿਰੋਧੀ ਧਿਰ ਦੇ ਦ੍ਰਿਸ਼ਟੀਕੋਣ ਦੀ ਅਗਵਾਈ ਅਤੇ ਪ੍ਰਤੀਨਿਧਤਾ ਕਰਦੇ ਹਨ। ਇਹ ਉਨ੍ਹਾਂ ਲਈ ਇਕ ਨਵੀਂ ਭੂਮਿਕਾ ਹੈ। ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਆਯੋਜਿਤ ਕੀਤੇ, ਮੋਦੀ ਸਰਕਾਰ ਖਿਲਾਫ ਸ਼ਕਤੀਸ਼ਾਲੀ ਭਾਸ਼ਣ ਦਿੱਤੇ ਅਤੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕੀਤਾ ਤਾਂ ਕਿ ਸਦਨ ’ਚ ਉਨ੍ਹਾਂ ਦੇ ਯਤਨਾਂ ਦਾ ਤਾਲਮੇਲ ਕੀਤਾ ਜਾ ਸਕੇ। ਉਨ੍ਹਾਂ ਨੇ ਲੋਕਾਂ ਲਈ ਮਹੱਤਵਪੂਰਨ ਮੁੱਦਿਆਂ ’ਤੇ ਧਿਆਨ ਦਿੱਤਾ ਅਤੇ ਖੁਦ ਨੂੰ ਜ਼ਿਆਦਾ ਮਿਲਣ ਵਾਲੇ ਬਣਾਇਆ।

ਰਾਹੁਲ ਦੇ ਬੈਕਰੂਮ ਦਫਤਰ ’ਚ ਇਕ ਦਰਜਨ ਪ੍ਰਮੁੱਖ ਮੈਂਬਰਾਂ ਦੀ ਇਕ ਟੀਮ ਹੈ ਜੋ ਰਾਹੁਲ ਗਾਂਧੀ ਦੀ ਅਗਵਾਈ ’ਚ ਸਾਰੇ ਪਹਿਲੂਆਂ ਨੂੰ ਸੰਭਾਲਦੀ ਹੈ, ਜਿਸ ਨਾਲ ਉਨ੍ਹਾਂ ਨੂੰ ਨਵੀਂ ਭੂਮਿਕਾ ’ਚ ਮਦਦ ਮਿਲਦੀ ਹੈ। ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਸੈਮ ਪਿਤ੍ਰੋਦਾ, ਸੁਨੀਲ ਕਨੂਗੋਲੂ, ਕੇ. ਬੁਜੂ, ਬੀ. ਸ਼੍ਰੀਵਤਸ, ਮਣੀਕਮ ਟੈਗੋਰ, ਅਲੰਕਾਰ ਸਵਾਈ ਅਤੇ ਕੌਸ਼ਲ ਵਿਦਿਆਰਥੀ ਸਮੇਤ ਟੀਮ ਗਾਂਧੀ ਦੀਆਂ ਸਿਆਸੀ ਸਰਗਰਮੀਆਂ ਅਤੇ ਚੋਣ ਰਣਨੀਤੀਆਂ, ਰਸਦ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਦੇ ਪ੍ਰਬੰਧਨ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਰਾਹੁਲ ਦਾ ਜ਼ਿਆਦਾ ਸਵੈ-ਭਰੋਸੇਮੰਦ ਆਗੂ ਦੇ ਤੌਰ ’ਤੇ ਬਦਲਾਅ ਸਿਆਸੀ ਖੇਤਰ ’ਚ ਉਨ੍ਹਾਂ ਦੇ ਵਿਕਾਸ ਦਾ ਸਬੂਤ ਹੈ। ਅਣਇੱਛੁਕ ਸਿਆਸੀ ਆਗੂ ਦੇ ਤੌਰ ’ਤੇ ਉਨ੍ਹਾਂ ਦੇ ਪਿਛਲੇ ਅਕਸ ਤੋਂ ਇਹ ਅਹਿਮ ਬਦਲਾਅ ਉਨ੍ਹਾਂ ਦੀ ਸਿਆਸੀ ਯਾਤਰਾ ਦਾ ਇਕ ਆਕਰਸ਼ਕ ਪਹਿਲੂ ਹੈ। ਰਾਹੁਲ ਲਈ ਹਮਲਾਵਰ ਭੂਮਿਕਾ ਨਿਭਾਉਣਾ ਆਸਾਨ ਹੈ ਕਿਉਂਕਿ 18ਵੀਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਬੈਂਚਾਂ ਦੀ ਗਿਣਤੀ ਹੁਣ ਵਾਹਵਾ ਹੈ। ਇਸ ਤੋਂ ਇਲਾਵਾ, ਸਹਿਯੋਗੀਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਜੇ ਉਹ ਇਕਜੁੱਟ ਹੋਣ ਤਾਂ ਉਹ ਸਫਲ ਹੋ ਸਕਦੇ ਹਨ, ਜਿਵੇਂ ਕਿ 2024 ਦੀਆਂ ਚੋਣਾਂ ’ਚ ਸਾਬਤ ਹੋਇਆ ਹੈ। ਹਾਲ ਹੀ ’ਚ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੇ ਪਹਿਲੇ ਭਾਸ਼ਣ ’ਚ ਰਾਹੁਲ ਨੇ ਐਲਾਨ ਕੀਤਾ, ‘‘ਬੇਸ਼ੱਕ, ਸਰਕਾਰ ਕੋਲ ਸਿਆਸੀ ਸ਼ਕਤੀ ਹੈ ਪਰ ਵਿਰੋਧੀ ਧਿਰ ਵੀ ਭਾਰਤ ਦੇ ਲੋਕਾਂ ਦੀ ਆਵਾਜ਼ ਦੀ ਨੁਮਾਇੰਦਗੀ ਕਰਦੀ ਹੈ। ਇਸ ਵਾਰ, ਵਿਰੋਧੀ ਧਿਰ ਪਿਛਲੀ ਵਾਰ ਦੀ ਤੁਲਨਾ ’ਚ ਭਾਰਤੀ ਲੋਕਾਂ ਦੀ ਆਵਾਜ਼ ਦੀ ਬਹੁਤ ਜ਼ਿਆਦਾ ਪ੍ਰਤੀਨਿਧਤਾ ਕਰਦੀ ਹੈ।’’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰਾਹੁਲ ਦੀਆਂ ਲਗਾਤਾਰ ਨੁਕਤਾਚੀਨੀਆਂ ਨੇ ਸੱਤਾਧਾਰੀ ਦਲ ਦੇ ਮੈਂਬਰਾਂ ਵੱਲੋਂ ਸਖਤ ਅਤੇ ਤਣਾਅਪੂਰਨ ਪ੍ਰਤੀਕਿਰਿਆਵਾਂ ਪੈਦਾ ਕੀਤੀਆਂ ਹਨ। ਰਾਹੁਲ ਦੇ ਪਹਿਲੇ ਭਾਸ਼ਣ ਦੌਰਾਨ, ਪੀ. ਐੱਮ. ਮੋਦੀ ਨੇ 10 ਸਾਲ ’ਚ ਪਹਿਲੀ ਵਾਰ 2 ਵਾਰ ਦਖਲ ਦਿੱਤਾ। ਮੋਦੀ ਨੇ ਰਾਹੁਲ ’ਤੇ ਪੂਰੇ ਹਿੰਦੂ ਸਮਾਜ ਨੂੰ ‘ਹਿੰਸਕ’ ਕਰਾਰ ਦੇਣ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਨੇ ਕਿਹਾ, ‘‘ਲੋਕਤੰਤਰ ਅਤੇ ਸੰਵਿਧਾਨ ਨੇ ਮੈਨੂੰ ਵਿਰੋਧੀ ਧਿਰ ਦੇ ਆਗੂ ਨੂੰ ਗੰਭੀਰਤਾ ਨਾਲ ਲੈਣਾ ਸਿਖਾਇਆ ਹੈ।’’ ਗਾਂਧੀ ਦੀਆਂ ਨੁਕਤਾਚੀਨੀਆਂ ’ਤੇ ਮੋਦੀ ਦੀ ਪ੍ਰਤੀਕਿਰਿਆ ਇਸ ਬਦਲੇ ਹੋਏ ਪ੍ਰਤੀਮਾਨ ਅਤੇ ਇਸ ਦੇ ਨਤੀਜੇ ਵਜੋਂ ਸਦਨ ’ਚ ਪੈਦਾ ਤਣਾਅ ਦੀ ਪ੍ਰਵਾਨਗੀ ਨੂੰ ਪ੍ਰਦਰਸ਼ਿਤ ਕਰਦੀ ਹੈ।

ਰਾਹੁਲ ਗਾਂਧੀ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਅਤੇ ਝਾਮੁਮੋ ਮੁਖੀ ਹੇਮੰਤ ਸੋਰੇਨ ਨੂੰ ਗ੍ਰਿਫਤਾਰ ਕਰਨ ਦੇ ਮੋਦੀ ਸਰਕਾਰ ਦੇ ਫੈਸਲੇ ਖਿਲਾਫ ਬੋਲਦੇ ਰਹੇ ਹਨ। ਉਹ ਵਿਰੋਧੀ ਵਿਚਾਰਾਂ ਨੂੰ ਚੁੱਪ ਕਰਵਾਉਣ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਦੇ ਵਿਰੋਧੀ ਹਨ। ਇਸ ਨਾਲ ਸੰਸਦ ’ਚ ਸੱਤਾਧਾਰੀ ਪਾਰਟੀ ਲਈ ਤਣਾਅ ਵਧ ਗਿਆ ਹੈ। ਆਪਣੀਆਂ 2 ਭਾਰਤ ਜੋੜੋ ਯਾਤਰਾਵਾਂ ਅਤੇ ਉਸ ਪਿੱਛੋਂ ਲੋਕ ਸਭਾ ਚੋਣ ਮੁਹਿੰਮ ਦੌਰਾਨ, ਰਾਹੁਲ ਗਾਂਧੀ ਨੇ ਲਗਾਤਾਰ ਚਿੱਟੀ ਟੀ-ਸ਼ਰਟ ਅਤੇ ਗੂੜ੍ਹੇ ਰੰਗ ਦੀ ਕਾਰਗੋ ਪੈਂਟ ਪਹਿਨੀ। ਉਨ੍ਹਾਂ ਨੇ ਦੱਸਿਆ ਕਿ ਇਹ ਪੋਸ਼ਾਕ ਪਾਰਦਰਸ਼ਿਤਾ, ਸਾਦਗੀ ਅਤੇ ਦ੍ਰਿੜ੍ਹਤਾ ਦੀ ਪ੍ਰਤੀਕ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੇ ਪਹਿਲੇ ਦਿਨ ਚਿੱਟਾ ਕੁਰਤਾ-ਪਜਾਮਾ ਪਹਿਨਣ ਨਾਲ ਉਨ੍ਹਾਂ ਦੀ ਕੱਪੜਿਆਂ ਦੀ ਪ੍ਰਤੀਕਾਤਮਕਤਾ ਅਤੇ ਮਹੱਤਵ ’ਤੇ ਹੋਰ ਜ਼ੋਰ ਪਿਆ।

ਇਹ ਉਨ੍ਹਾਂ ਦੇ ਸਿਆਸੀ ਸੁਨੇਹੇ ਅਤੇ ਵਿਅਕਤੀਗਤ ਬ੍ਰਾਂਡਿੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਉਂਦਾ ਹੈ। ਆਪਣੀ ਲੋਕ ਸਭਾ ਚੋਣ ਮੁਹਿੰਮ ਦੌਰਾਨ, ਰਾਹੁਲ ਗਾਂਧੀ ਨੇ ਜਨਤਕ ਮੀਟਿੰਗਾਂ ’ਚ ਰਣਨੀਤਕ ਤੌਰ ’ਤੇ ਸੰਵਿਧਾਨ ਦਾ ਇਕ ਛੋਟਾ ਪਾਕੇਟ ਐਡੀਸ਼ਨ ਪ੍ਰਦਰਸ਼ਿਤ ਕੀਤਾ। ਇਸ ਸੋਚੀ-ਸਮਝੀ ਚਾਲ ਨੇ ਪ੍ਰਭਾਵਸ਼ਾਲੀ ਢੰਗ ਨਾਲ ਉਨ੍ਹਾਂ ਦੀ ਉਸ ਗੱਲ ਨੂੰ ਜ਼ਾਹਿਰ ਕੀਤਾ ਜਿਸ ਨੂੰ ਉਨ੍ਹਾਂ ਨੇ ਭਾਜਪਾ ਕੋਲੋਂ ਸੰਵਿਧਾਨ ਲਈ ਕਥਿਤ ਖਤਰਾ ਕਿਹਾ। ਸੰਵਿਧਾਨ ਦੀ ਉਨ੍ਹਾਂ ਦੀ ਵਰਤੋਂ ਰਾਖਵੇਂਕਰਨ ਦੇ ਲਾਭਪਾਤਰੀਆਂ ਕੋਲੋਂ ਹਮਾਇਤ ਜੁਟਾਉਣ ’ਚ ਸਹਾਇਕ ਰਹੀ। ਹਾਲਾਂਕਿ ਰਾਹੁਲ ਸੰਸਦ ਮੈਂਬਰ ਰਹੇ ਹਨ, ਪਿਛਲੇ 2 ਦਹਾਕਿਆਂ ਤੋਂ ਉਨ੍ਹਾਂ ਨੂੰ ਚੰਗਾ ਸੰਸਦ ਮੈਂਬਰ ਨਹੀਂ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਸਿਰਫ 99 ਸਵਾਲ ਪੁੱਛੇ, 26 ਬਹਿਸਾਂ ’ਚ ਹਿੱਸਾ ਲਿਆ ਅਤੇ ਅਹਿਮ ਮੌਕਿਆਂ ’ਤੇ ਹਮੇਸ਼ਾ ਮੌਜੂਦ ਨਹੀਂ ਰਹੇ।

2014 ਤੋਂ ਉਹ ਬਜਟ ਸੈਸ਼ਨਾਂ ਦੌਰਾਨ ਸਪੱਸ਼ਟ ਤੌਰ ’ਤੇ ਗੈਰ-ਹਾਜ਼ਰ ਰਹੇ ਹਨ, ਸਿਰਫ ਕਦੀ-ਕਦੀ ਅਚਾਨਕ ਦਿਖਾਈ ਦਿੰਦੇ ਹਨ। ਉਹ ਗਾਇਬ ਵੀ ਹੋ ਗਏ, ਅਕਸਰ ਵਿਦੇਸ਼ ਚਲੇ ਗਏ, ਜਿਸ ਨਾਲ ਪਾਰਟੀ ਸੰਕਟ ’ਚ ਪੈ ਗਈ। ਰਾਹੁਲ ਨੇ ਵਿਰੋਧੀ ਧਿਰ ਦੇ ਨੇਤਾ (ਐੱਲ. ਓ. ਪੀ.) ਵਜੋਂ ਚੰਗੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੀ ਤਰੱਕੀ ਉਨ੍ਹਾਂ ਦੀ ਸਿਆਸੀ ਯੋਜਨਾ ’ਤੇ ਨਿਰਭਰ ਕਰਦੀ ਹੈ ਜਦਕਿ ਉਨ੍ਹਾਂ ਨੇ ਅਤੀਤ ’ਚ ਕੁਝ ਮੌਕੇ ਗੁਆਏ, ਜਿਵੇਂ ਮਨਮੋਹਨ ਸਿੰਘ ਦੀ ਕੈਬਨਿਟ ’ਚ ਮੰਤਰੀ ਬਣਨਾ ਜਾਂ ਕਾਂਗਰਸ ਪ੍ਰਧਾਨ ਵਜੋਂ ਪਾਰਟੀ ਨੂੰ ਮਜ਼ਬੂਤ ਕਰਨਾ। ਉਨ੍ਹਾਂ ਦੀ ਮੌਜੂਦਾ ਭੂਮਿਕਾ ਉਨ੍ਹਾਂ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੂੰ ਭਵਿੱਖ ਦੀਆਂ ਸਿਆਸੀ ਚੁਣੌਤੀਆਂ ਦਾ ਸਵੈ-ਭਰੋਸੇ ਨਾਲ ਸਾਹਮਣਾ ਕਰਨ ਲਈ ਇਸ ਮੌਕੇ ਦੀ ਵਰਤੋਂ ਕਰਨ ਦੀ ਲੋੜ ਹੈ। ਸੰਸਦ ’ਚ ਆਵਾਜ਼ ਉਠਾਉਣ ਲਈ ਐੱਲ. ਓ. ਪੀ. ਦੀ ਸ਼ਕਤੀ ’ਚ ਰਾਹੁਲ ਦਾ ਭਰੋਸਾ ਲੋਕਾਂ ’ਚ ਆਸ ਅਤੇ ਆਸ਼ਾਵਾਦ ਦਾ ਸੰਚਾਰ ਕਰਦਾ ਹੈ।

ਕਲਿਆਣੀ ਸ਼ੰਕਰ


Tanu

Content Editor

Related News