ਕੱਟੜਪੰਥੀਮਾਨਸਿਕਤਾ ਭਾਰਤ ਨੂੰ ਪਿੱਛੇ ਖਿੱਚ ਰਹੀ
Saturday, Jun 17, 2023 - 03:24 PM (IST)

ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ ਦੇ ਇਕ ਪਿੰਡ ਦੇ ਗੰਗਾ-ਜਮੁਨਾ ਹਾਈ ਸਕੂਲ ਦੀ ਇਕ 10 ਸਾਲਾ ਵਿਦਿਆਰਥਣ ਅਲਫੀਆ ਦੀਆਂ ਅੱਖਾਂ ’ਚ ਹੰਝੂ ਸਨ ਜਦ ਉਸ ਨੇ ਇਕ ਅਖਬਾਰ ਨੂੰ ਦੱਸਿਆ ਕਿ ਉਹ ਚਾਹੁੰਦੀ ਸੀ ਕਿ ਉਹ ਆਪਣੇ ਸਕੂਲ ’ਚ ਪੜ੍ਹਨਾ ਜਾਰੀ ਰੱਖੇ। ਬੱਚੀ ਨੂੰ ਕੌਣ ਦੱਸੇਗਾ ਕਿ ਸਿਆਸਤ ਕਾਰਨ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਮ ਸਿੰਘ ਚੌਹਾਨ ਦੀ ਅਗਵਾਈ ਵਾਲੀ ਮੱਧ ਪ੍ਰਦੇਸ਼ ਸਰਕਾਰ ਨੇ ਸਕੂਲ ਬੰਦ ਕਰ ਦਿੱਤਾ ਹੈ। ਸਕੂਲ ਦੇ ਗੇਟ ’ਤੇ ਬੁਲਡੋਜ਼ਰ ਦੀ ਉਡੀਕ ਕੀਤੀ ਜਾ ਰਹੀ ਸੀ।
ਪ੍ਰਤੱਖ ਕਾਰਨ ਇਹ ਹੈ ਕਿ ਪ੍ਰਿੰਸੀਪਲ ਨੇ ਕਥਿਤ ਤੌਰ ’ਤੇ ਗੈਰ-ਮੁਸਲਿਮ ਲੜਕੀਆਂ ਨੂੰ ਹਿਜਾਬ ਪਹਿਨਣ ਲਈ ਮਜਬੂਰ ਕੀਤਾ ਤੇ ਸਕੂਲ ਨੇ ਹਿੰਦੂ ਵਿਦਿਆਰਥਣਾਂ ਸਮੇਤ ਆਪਣੀਆਂ ਸਟਾਰ ਵਿਦਿਆਰਥਣਾਂ ਦੇ ਹਿਜਾਬ ਪਹਿਨੇ ਹੋਏ ਪੋਸਟਰ ਲਾਇਆ। ਗੰਗਾ-ਜਮੁਨਾ ਹਾਈ ਸਕੂਲ ਗੁਆਂਢ ਦਾ ਇਕੋ-ਇਕ ਅੰਗਰੇਜ਼ੀ ਮੀਡੀਅਮ ਸਕੂਲ ਹੈ ਜੋ ਵੱਡੇ ਪੱਧਰ ’ਤੇ ਦਿਹਾੜੀਦਾਰ ਮਜ਼ਦੂਰਾਂ ਦੇ ਬੱਚਿਆਂ ਨੂੰ ਸਿੱਖਿਆ ਦਿੰਦਾ ਹੈ। ਸਾਰੀਆਂ ਵਿਦਿਆਰਥਣਾਂ ਕਲਾਸ ਰਾਹੀਂ ਆਪਣੇ ਮਹਾਨ ਭਾਰਤੀ ਸੁਪਨੇ ਨੂੰ ਦੇਖਦੀਆਂ ਹਨ। ਅਜਿਹਾ ਲੱਗਦਾ ਹੈ ਕਿ ਇਹ ਤੱਥ ਹੰਗਾਮੇ ’ਚ ਡੁੱਬ ਗਿਆ ਹੈ।
ਇਕ ਅਜਿਹੇ ਵਿਅਕਤੀ ਦੇ ਤੌਰ ’ਤੇ ਜੋ ਸ਼ਾਸਨ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਦਾ ਪ੍ਰਸ਼ੰਸਕ ਰਿਹਾ ਹੈ ਤੇ ਸਕੂਲੀ ਬੱਚਿਆਂ ਤੱਕ ਉਨ੍ਹਾਂ ਦੀ ਪਹੁੰਚ ਦਾ ਪਿੱਛਾ ਕਰਦਾ ਹੈ, ਦਾ ਕਹਿਣਾ ਹੈ ਕਿ ਪ੍ਰੀਖਿਆ ਦੌਰਾਨ ਗਿਆਨ ਪ੍ਰਦਾਨ ਕਰਨ ਤੇ ਪ੍ਰੇਰਨਾਦਾਇਕ ਸੰਦੇਸ਼ ਦੇਣਾ ਚੰਗੀ ਗੱਲ ਹੈ। ਲੜਕੀਆਂ ਨੂੰ ਸਮਰੱਥ ਬਣਾਉਣ ਦੀ ਦਿਸ਼ਾ ’ਚ ਉਨ੍ਹਾਂ ਦਾ ਈਮਾਨਦਾਰ ਦਿਸਣਾ ਚੰਗਾ ਹੈ।
ਮੈਨੂੰ ਹੈਰਾਨੀ ਹੈ ਕਿ ਮੁਸਲਿਮ ਭਾਈਚਾਰੇ ਅਤੇ ਉਨ੍ਹਾਂ ਦੇ ਸੰਸਥਾਨ ਹਮੇਸ਼ਾ ਨਿਸ਼ਾਨੇ ’ਤੇ ਰਹਿੰਦੇ ਹਨ। ਇਹ ਫੋਕਸ ਪਿਛਲੇ ਸਾਲ ਕਰਨਾਟਕ ’ਚ ਹਿਜਾਬ ਵਿਵਾਦ ਤੋਂ ਪਿੱਛੋਂ ਤੇਜ਼ ਹੋ ਗਿਆ ਹੈ ਜਦੋਂ ਵਿਦਿਆਰਥਣਾਂ ਹਿਜਾਬ ’ਤੇ ਪਾਬੰਦੀ ਲਾਉਣ ਵਾਲੇ ਇਕ ਕਾਲਜ ਅਤੇ ‘ਨੋ ਹਿਜਾਬ-ਨੋ ਕਿਤਾਬ’ ਵਿਚਾਲੇ ਫਸ ਗਈਆਂ ਸਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਕੂਲ ਛੱਡਣ ਵਾਲੀਆਂ ਲੜਕੀਆਂ ਦੀ ਗਿਣਤੀ ’ਚ ਕੋਈ ਵਰਨਣਯੋਗ ਵਾਧਾ ਨਹੀਂ ਹੋਇਆ ਹੈ। ਸਪੱਸ਼ਟ ਤੌਰ ’ਤੇ ਨੌਜਵਾਨ ਲੋਕ ਜਾਣਦੇ ਹਨ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਸਕੂਲ ਅਤੇ ਕਾਲਜ ’ਚ ਚੰਗਾ ਕਰਨ ’ਤੇ ਨਿਰਭਰ ਕਰਦਾ ਹੈ।
ਦਾਰੂਲ-ਉਲੂਮ-ਦੇਵਬੰਦ ਇਕ ਕਾਫੀ ਜ਼ਿਆਦਾ ਸਨਮਾਨਿਤ ਵਿਸ਼ਵ ਪੱਧਰੀ ਇਸਲਾਮੀ ਮਦਰੱਸਾ ਹੈ। ਕਦੀ-ਕਦੀ ਇਹ ਅੰਗਰੇਜ਼ੀ ਭਾਸ਼ਾ ’ਤੇ ਪਾਬੰਦੀ ਵਰਗੇ ਬੇਵਜ੍ਹਾ ਦੇ ‘ਫਤਵੇ’ ਜਾਰੀ ਕਰਦਾ ਹੈ। ਮਦਰੱਸਿਆਂ ਦੇ ਪ੍ਰਸ਼ਾਸਕਾਂ ਨੇ ਅੰਗਰੇਜ਼ੀ ’ਤੇ ਪਾਬੰਦੀ ਲਾਉਣ ਦੀ ਗੱਲ ਕਹਿ ਕੇ ਇਸਲਾਮਿਕ ਸਿਧਾਂਤਾਂ ਤੋਂ ਯੂ-ਟਰਨ ਲੈ ਲਿਆ ਪਰ ਮੈਨੂੰ ਯਕੀਨ ਹੈ ਕਿ ਅੱਜ ਦੇ ਤਕਨੀਕ ਪ੍ਰੇਮੀ ਮਦਰੱਸੇ ਦੇ ਵਿਦਿਆਰਥੀ ਅੰਗਰੇਜ਼ੀ ਦੀ ਉਪਯੋਗਿਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਮੱਧ ਪ੍ਰਦੇਸ਼ (ਐੱਮ. ਪੀ.) ਦੇ ਹਾਲਾਤ ਤੋਂ ਲੱਗਦਾ ਹੈ ਕਿ ਚੌਹਾਨ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਇਕ ਕਦਮ ਅੱਗੇ ਜਾਣਾ ਚਾਹੁੰਦੇ ਹਨ। ਭਾਵੇਂ ਹੀ ਯੋਗੀ ਨੇ ਮਿੱਥੀਆਂ ਪ੍ਰਕਿਰਿਆਵਾਂ ਨੂੰ ਲੈ ਕੇ ਖਰ੍ਹਵਾਪਨ ਦਿਖਾਇਆ ਹੋਵੇ ਪਰ ਉਨ੍ਹਾਂ ਨੇ ਕਦੀ ਵੀ ਸਕੂਲਾਂ ’ਤੇ ਬੁਲਡੋਜ਼ਰ ਨਹੀਂ ਚਲਾਇਆ। ਚੌਹਾਨ ਨੇ ਅਕਸਰ ਸ਼ਾਇਰ-ਏ-ਮਸ਼ਰਿਕ (ਪੂਰਬ ਦਾ ਕਵੀ) ਕਹੇ ਜਾਣ ਵਾਲੇ ਮੁਹੰਮਦ ਇਕਬਾਲ ਦੀਆਂ ਰਚਨਾਵਾਂ ਦੀ ਸਿੱਖਿਆ ’ਤੇ ਵੀ ਇਤਰਾਜ਼ ਜਤਾਇਆ ਹੈ। ਇਕਬਾਲ ਨੇ ਸਾਨੂੰ ਵਿਲੱਖਣ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਨਜ਼ਮ ਦਿੱਤੀ।
ਸ਼ਿਵਰਾਜ ਸਿੰਘ ਚੌਹਾਨ ਜੋ ਹੁਣ ਤਕ ਭਾਜਪਾ ਦੇ ਅੰਦਰ ਇਕ ਉਦਾਰਵਾਦੀ ਦੇ ਤੌਰ ’ਤੇ ਦੇਖੇ ਜਾਂਦੇ ਸਨ, ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੇ ਹਨ। ਸ਼ਾਇਦ, ਆਪਣੇ ਖੇਮੇ ਦੇ ਕਈ ਲੋਕਾਂ ਵਾਂਗ ਉਨ੍ਹਾਂ ਦਾ ਮੰਨਣਾ ਹੈ ਕਿ ਧਰੁਵੀਕਰਨ ਵੋਟ ਖੱਟਦਾ ਹੈ। ਭਾਵੇਂ ਹੀ ਇਸ ਦਾ ਮਤਲਬ ਇਕਬਾਲ ਨੂੰ ਬਰਬਾਦ ਕਰਨਾ ਹੋਵੇ ਜਾਂ ਹਜ਼ਾਰ ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਸਕੂਲ ਤੱਕ ਪਹੁੰਚਣ ਤੋਂ ਵਾਂਝੇ ਕਰਨਾ ਹੋਵੇ। ਚੌਹਾਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਕ ਸਕੂਲ ਬਣਾਉਣ ’ਚ ਉਮਰ ਲੱਗ ਜਾਂਦੀ ਹੈ ਅਤੇ ਉਸ ਨੂੰ ਨਸ਼ਟ ਕਰਨ ’ਚ ਘੰਟੇ। ਮੈਨੂੰ ਆਸ ਹੈ ਕਿ ਬਿਹਤਰ ਸਮਝ ਬਣੀ ਰਹੇਗੀ ਅਤੇ ਉਹ ਸੰਸਥਾਨ ਨੂੰ ਬਖਸ਼ ਦੇਣਗੇ।
ਕਈ ਵਾਰ ਇਕ ਨਾਗਰਿਕ ਤੇ ਸਿੱਖਿਅਕ ਦੇ ਰੂਪ ’ਚ ਜਦੋਂ ਮੈਂ ਸੋਸ਼ਲ ਮੀਡੀਆ ਰਿਪੋਰਟਾਂ ਨੂੰ ਪੜ੍ਹਨ ਤੇ ਲਵ-ਜਿਹਾਦ ਦੇ ਘਿਨੌਣੇ ਟੈਗ ਤਹਿਤ ਟੈਲੀਵਿਜ਼ਨ ਬਹਿਸ ਦੇਖਦਾ ਹਾਂ ਤਾਂ ਮੈਨੂੰ ਆਪਣੀਆਂ ਅੱਖਾਂ ਨੀਵੀਆਂ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਨਾਲ ਹੀ ਟੈਲੀਵਿਜ਼ਨ ’ਤੇ ‘72 ਹੂਰਾਂ’ ਜਾਂ ‘1008 ਅਪਸਰਾਵਾਂ’ ’ਤੇ ਹੋਣ ਵਾਲੀਆਂ ਬਹਿਸਾਂ ਨੂੰ ਦੇਖ ਕੇ ਹੀ ਮੈਨੂੰ ਸ਼ਰਮ ਅਤੇ ਲਾਚਾਰੀ ਮਹਿਸੂਸ ਹੁੰਦੀ ਹੈ। ਸਿੱਖਿਆ, ਅਧਿਆਤਮ, ਸੱਭਿਆਚਾਰਕ, ਰਾਸ਼ਟਰਵਾਦ, ਅਰਥਵਿਵਸਥਾ, ਇਤਿਹਾਸ, ਵਿਗਿਆਨ, ਖੇਡ ਅਤੇ ਯੋਗ ’ਤੇ ਬਹਿਸ ਦਾ ਕੀ ਬਣਿਆ? ਨਫਰਤ ਸਾਡਾ ਚਾਰਾ ਕਿਉਂ ਬਣ ਗਈ ਹੈ?
ਦਿਲਚਸਪ ਗੱਲ ਇਹ ਹੈ ਕਿ ਹਾਲ ਹੀ ’ਚ ਸ਼੍ਰੀਨਗਰ ’ਚ ਇਕ ਹੋਰ ਵਿਵਾਦ ਤਦ ਹੋਇਆ ਜਦ ਵਿਸ਼ਵ ਭਾਰਤੀ ਗਰਲਜ਼ ਹਾਇਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਨੇ ਅਬਾਯਾ (ਲੰਬਾ ਚੋਗਾ) ’ਤੇ ਪਾਬੰਦੀ ਲਾਉਣ ਦਾ ਹੁਕਮ ਦਿੱਤਾ। ਲੜਕੀਆਂ ਅਤੇ ਮਾਪਿਆਂ ਦੇ ਵਿਰੋਧ ਕਰਨ ’ਤੇ ਪ੍ਰਿੰਸੀਪਲ ਨੂੰ ਆਪਣੀ ਗੱਲ ਵਾਪਸ ਲੈਣੀ ਪਈ। ਸ਼ਾਇਦ ਪ੍ਰਿੰਸੀਪਲ ਨੇ ਇਹ ਸੋਚ ਕੇ ਹੁਕਮ ਜਾਰੀ ਕੀਤਾ ਸੀ ਕਿ ਵਰਦੀ ਅਤੇ ਅਬਾਯਾ ਦੋਵੇਂ ਪਹਿਨਣਾ ਕਾਫੀ ਬੋਝਲ ਹੈ। ਇਹ ਸਾਰੀਆਂ ਚੀਜ਼ਾਂ ਜਮਾਤ, ਸਿੱਖਿਆ ਅਤੇ ਪ੍ਰੀਖਿਆਵਾਂ ਲਈ ਨਿਗੂਣੀਆਂ ਹਨ ਪਰ ਦੋਵਾਂ ਪਾਸਿਆਂ ਦੀ ਕੱਟੜਪੰਥੀ ਮਾਨਸਿਕਤਾ ਭਾਰਤ ਨੂੰ ਮਜ਼ਬੂਤ ਸਥਿਤੀ ਤੋਂ ਪਿੱਛੇ ਖਿੱਚ ਰਹੀ ਹੈ। ਲਗਾਤਾਰ ਫਿਰਕੂ ਕਲੇਸ਼ ਇਕ ਵਿਸ਼ਵ ਗੁਰੂ ਦੀ ਪਛਾਣ ਨਹੀਂ ਹੈ।
ਫਿਰ ਸਕੂਲ ਦੀਆਂ ਪਾਠ-ਪੁਸਤਕਾਂ ’ਚੋਂ ਮੁਗਲਾਂ ਨੂੰ ਮਿਟਾਉਣ ਦਾ ਯਤਨ ਕੀਤਾ ਜਾਂਦਾ ਹੈ। ਮੁਗਲਾਂ ਨੇ ਸਾਰੇ ਫਿਰਕਿਆਂ ’ਤੇ ਰਾਜ ਕੀਤਾ। ਔਰੰਗਜ਼ੇਬ ਵਰਗੇ ਵਿਵਾਦਿਤ ਸ਼ਹਿਨਸ਼ਾਹ ਦੇ ਸ਼ਾਸਨ ’ਚ ਭਾਰਤ ਦੀਆਂ ਹੱਦਾਂ ਈਰਾਨ ਤੇ ਮਿਆਂਮਾਰ ਦੀਆਂ ਹੱਦਾਂ ਤੱਕ ਫੈਲੀਆਂ ਹੋਈਆਂ ਸਨ। ਹਾਲਾਂਕਿ ਇਸ ਅਰਸੇ ਨੂੰ ਸ੍ਰੀ ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਵੀ ਜੋੜਿਆ ਗਿਆ ਸੀ।
ਜੇ ਮੁਗਲ ਬਾਦਸ਼ਾਹਾਂ ਕੋਲ ਭਾਰਤ ਨੂੰ ਮੁਸਲਿਮ ਰਾਸ਼ਟਰ ਬਣਾਉਣ ਦੀ ਇੱਛਾ ਜਾਂ ਗੁੰਜਾਇਸ਼ ਹੁੰਦੀ ਤਾਂ ਉਹ ਅਜਿਹਾ ਕਰਦੇ ਪਰ ਉਹ ਨਹੀਂ ਕਰ ਸਕੇ ਅਤੇ ਨਾ ਹੀ ਕੀਤਾ। ਅੱਜ ਮੁਸਲਮਾਨਾਂ ਨੂੰ ਮੁਗਲਾਂ ਦੇ ਜ਼ਾਲਮਪੁਣੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ। ਇੰਨੇ ਵੱਡੇ ਦੇਸ਼ ’ਚ ਇਤਿਹਾਸ ਨੂੰ ਵੰਡਣਾ ਅਤੇ ਨਫਰਤ ਨੂੰ ਭੜਕਾਉਣ ਦੀ ਬਜਾਏ ਅੱਗੇ ਦੀ ਰਾਹ ਰੌਸ਼ਨ ਕਰਨ ਦਾ ਇਕ ਸਾਧਨ ਹੋਣਾ ਚਾਹੀਦਾ ਹੈ। ਮੌਲਾਨਾ ਆਜ਼ਾਦ ਨੂੰ ਜਿਸ ਤਰ੍ਹਾਂ ਹਾਸ਼ੀਏ ’ਤੇ ਧੱਕ ਦਿੱਤਾ ਗਿਆ ਹੈ, ਉਹ ਪ੍ਰੇਸ਼ਾਨ ਕਰਨ ਵਾਲਾ ਹੈ। ਆਜ਼ਾਦ ਦੇ ਜੀਵਨ ਦੀ ਪ੍ਰਮੁੱਖ ਚਿੰਤਾ ਭਾਰਤੀ ਮੁਸਲਮਾਨਾਂ ਦਾ ਸੁਧਾਰ ਕਰਨਾ ਸੀ। ਵਿਸ਼ੇਸ਼ ਤੌਰ ’ਤੇ ਅਕਾਦਮਿਕ ਉੱਤਮਤਾ ਵਿਕਸਿਤ ਕਰ ਕੇ ਅੰਤਰ-ਧਰਮ ਸਦਭਾਵਨਾ ਦਾ ਪੋਸ਼ਣ ਕਰਨਾ ਸੀ। ਉਨ੍ਹਾਂ ਨੇ ਭਾਰਤ ਨੂੰ ਦਾਰੂਲ-ਅਮਨ (ਸ਼ਾਂਤੀ ਦੀ ਭੂਮੀ) ਕਰਾਰ ਿਦੱਤਾ। ਇਕ ਮੁਸਲਿਮ ਦੀ ਅੱਧੀ ਆਸਥਾ ਉਸ ਦੀ ਦੇਸ਼ ਭਗਤੀ ਹੈ।
ਆਜ਼ਾਦ ਨੇ ਕਦੀ ਵੀ ਇਸ ਗੱਲ ’ਤੇ ਸਵਾਲ ਨਹੀਂ ਉਠਾਇਆ ਕਿ ਭਾਰਤ ’ਚ ਮੁਸਲਿਮ ਹੋਣ ਦਾ ਮਤਲਬ ਗੈਰ-ਮੁਸਲਮਾਨਾਂ ਨਾਲ ਆਮ ਨਾਗਰਿਕਤਾ ’ਚ ਰਹਿਣਾ ਹੈ। ਇਹ ਅਜਿਹਾ ਇਤਿਹਾਸ ਹੈ ਜਿਸ ਨੂੰ ਸਾਨੂੰ ਅਗਲੀ ਪੀੜ੍ਹੀ ਨਾਲ ਸਾਂਝਾ ਕਰਨਾ ਚਾਹੀਦਾ ਹੈ। ਉਸ ਨੂੰ ਵਿਗਾੜਨਾ ਨਹੀਂ ਚਾਹੀਦਾ। ਇਕ ਅਜਿਹਾ ਇਤਿਹਾਸ ਜੋ ਦਿਖਾਉਂਦਾ ਹੈ ਕਿ ਵੰਡ ਅਤੇ ਸ਼ਾਸਕ ਅਤੇ ਸ਼ਾਸਿਤ ਦਰਮਿਆਨ ਖੱਡ ਅਤੇ ਅਸਹਿਣਸ਼ੀਲਤਾ ਅਤੇ ਜ਼ੁਲਮ ਦੇ ਪੜਾਵਾਂ ਦੇ ਬਾਵਜੂਦ ਅੰਤ ’ਚ ਇਹ ਫਿਰਕੂ ਸਦਭਾਵਨਾ ਸੀ ਜੋ ਤਾਕਤਵਰ ਹੋਈ। ਇਸ ਨੇ ਸਾਡੇ ਰਾਸ਼ਟਰ ਦੀ ਨੀਂਹ ਰੱਖੀ ਜਿਸ ਨੂੰ ਅੱਜ ਦੇ ਸਕੂਲੀ ਬੱਚੇ ਭਵਿੱਖ ਲਈ ਬਣਾਉਣਗੇ।
ਮੈਂ ਸਕੂਲ ਅਤੇ ਯੂਨੀਵਰਸਿਟੀ ਦੋਵਾਂ ’ਚ ਗੈਰ-ਮੁਸਲਮਾਨਾਂ ਨਾਲ ਅਧਿਐਨ ਕੀਤਾ ਹੈ। ਜਮਾਤ ’ਚ ਅਸੀਂ ਆਪਣੇ ਧਰਮ ਤੇ ਸੰਸਕਾਰਾਂ ਨੂੰ ਪਿੱਛੇ ਛੱਡ ਦਿੱਤਾ। ਦੁਪਹਿਰ ਦੇ ਭੋਜਨ ਦੌਰਾਨ ਅਸੀਂ ਇਕ-ਦੂਜੇ ਦੇ ਟਿਫਿਨ ਦਾ ਆਨੰਦ ਲਿਆ। ਸ਼ੱਕ ਅਤੇ ਭਰੋਸੇ ਨੂੰ ਬਣਾਈ ਰੱਖਣਾ ਔਖਾ ਹੈ। ਆਓ, ਆਪਣੇ ਬੱਚਿਆਂ ਨੂੰ ਛੱਡ ਦੇਈਏ। ਆਓ, ਉਨ੍ਹਾਂ ਨੂੰ ਸਕੂਲ ਵਾਪਸ ਲਿਆਈਏ, ਆਓ, ਸਾਡੇ ਵਿਚਾਲੇ ਦੀਆਂ ਕੰਧਾਂ ਨੂੰ ਢਹਿ-ਢੇਰੀ ਕਰੀਏ ਨਾ ਕਿ ਕਲਾਸਾਂ ਨੂੰ। (ਧੰਨਵਾਦ ਆਈ. ਈ.)
ਫਿਰੋਜ਼ ਬਖਤ ਅਹਿਮਦ