ਜਨਜਾਤੀ ਖੇਡ ਪ੍ਰਤਿਭਾ : ਸਾਡਾ ਰਾਸ਼ਟਰੀ ਮਾਣ
Friday, Apr 03, 2026 - 04:22 PM (IST)
ਮੈਂ ਦੇਖਿਆ ਹੈ ਕਿ ਪਿੰਡਾਂ ਅਤੇ ਜੰਗਲੀ ਖੇਤਰਾਂ ’ਚ ਬੱਚੇ ਘਰ ਤੋਂ ਬਾਹਰ ਕੁਦਰਤ ਦੀ ਨੇੜਤਾ ਵਿਚ ਵਧੇਰੇ ਸਮਾਂ ਬਿਤਾਉਂਦੇ ਹਨ। ਉਹ ਖੇਡਾਂ ਦੇ ਸੁਭਾਵਿਕ ਢੰਗ-ਤਰੀਕੇ ਲੱਭ ਲੈਂਦੇ ਹਨ। ਉਹ ਮਿੱਟੀ ’ਤੇ ਲਕੀਰਾਂ ਖਿੱਚ ਕੇ ਅਤੇ ਮੂਰਤਾਂ ਬਣਾ ਕੇ ਖੇਡਣ ਲਈ ਥਾਂ ਤਿਆਰ ਕਰ ਲੈਂਦੇ ਹਨ। ਉਹ ਫਲਾਂ ਦੇ ਸੁੱਕੇ ਬੀਜਾਂ ਨੂੰ ਖੇਡ ਦੀਆਂ ਗੋਟੀਆਂ ਵਾਂਗ ਵਰਤ ਲੈਂਦੇ ਹਨ। ਸੁੱਕੇ ਪੱਤਿਆਂ, ਰੁੱਖਾਂ ਦੀਆਂ ਜੜ੍ਹਾਂ ਅਤੇ ਫਟੇ-ਪੁਰਾਣੇ ਕੱਪੜਿਆਂ ਨਾਲ ਗੇਂਦ ਬਣਾ ਲੈਂਦੇ ਹਨ। ਬਹੁਤ ਸਾਰੇ ਬੱਚੇ ਬਿਨਾਂ ਜੁੱਤਿਆਂ ਅਤੇ ਜਰਸੀ ਦੇ ਪੂਰੇ ਜੋਸ਼ ਨਾਲ ਖੇਡਦੇ ਹਨ। ਛੱਪੜਾਂ-ਤਲਾਬਾਂ ਵਿਚ ਬੱਚੇ ਖੂਬ ਤੈਰਦੇ ਰਹਿੰਦੇ ਹਨ। ਤੈਰਾਕੀ ਦੀ ਇਸ ਸੁਭਾਵਿਕ ਪ੍ਰਤਿਭਾ ਨੂੰ ਹੁਣ ਉਪਲਬਧ ਸਿਖਲਾਈ ਅਤੇ ਸਰੋਤਾਂ ਦੀ ਮਦਦ ਨਾਲ ਵਿਕਸਤ ਕਰਕੇ, ਕੇਵਲ 15 ਸਾਲ ਦੀ ਜਾਜਪੁਰ ਦੀ ਧੀ ਅੰਜਲੀ ਮੁੰਡਾ ਨੇ ਪਹਿਲੀਆਂ ‘ਖੇਲੋ ਇੰਡੀਆ ਜਨਜਾਤੀ ਖੇਡਾਂ 2026’ ਦੇ ਪਹਿਲੇ ਹੀ ਦਿਨ ਤਿੰਨ ਸੋਨੇ ਦੇ ਤਮਗੇ ਜਿੱਤ ਕੇ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ।
ਤੀਰਅੰਦਾਜ਼ੀ ਪ੍ਰਤੀ ਜਨਜਾਤੀ ਲੋਕਾਂ ਵਿਚ ਸੁਭਾਵਿਕ ਤਰੰਗ ਹੁੰਦੀ ਹੈ। ਸੰਤਾਲ ਭਾਈਚਾਰੇ ਨੇ ਸਾਲ 1855 ਵਿਚ ਸ਼ੋਸ਼ਣ ਵਿਰੁੱਧ ਇਕ ਵੱਡਾ ਸੰਘਰਸ਼ ਕੀਤਾ ਸੀ ਜੋ ‘ਸੰਤਾਲ ਹੂਲ’ ਦੇ ਨਾਂ ਨਾਲ ਅਮਰ ਹੈ। ਸੰਤਾਲ ਵਿਦਰੋਹ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਬਰਤਾਨਵੀ ਫੌਜਾਂ ਨੇ ਦਬਾਅ ਤਾਂ ਦਿੱਤਾ ਪਰ ਆਪਣੇ ਵੇਰਵਿਆਂ ਵਿਚ ਅੰਗਰੇਜ਼ਾਂ ਨੇ ਸੰਤਾਲ ਯੋਧਿਆਂ ਦੀ ਯੁੱਧ ਮੁਹਾਰਤ, ਖ਼ਾਸ ਕਰਕੇ ਤੀਰਅੰਦਾਜ਼ੀ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ਸੰਤਾਲ ਹੂਲ ਦੀ ਅਗਵਾਈ ਕਰਨ ਵਾਲੇ ਬਹਾਦਰ ਭਰਾਵਾਂ ਸਿੱਧੋ-ਕਾਨੂੰ ਅਤੇ ਚਾਂਦ-ਭੈਰਵ ਅਤੇ ਵੀਰਾਂਗਣਾ ਭੈਣਾਂ ਫੂਲੋ-ਝਾਨੋ ਦੀਆਂ ਮੂਰਤੀਆਂ ਦਾ ਝਾਰਖੰਡ ’ਚ ਉਨ੍ਹਾਂ ਦੇ ਪਿੰਡ ਉਰੀ-ਮਾਰੀ ਵਿਚ ਜਾ ਕੇ ਉਦਘਾਟਨ ਕਰਨ ਦਾ ਸੁਭਾਗ ਮੈਨੂੰ ਤਦ ਮਿਲਿਆ ਸੀ ਜਦੋਂ ਮੈਂ ਰਾਜਪਾਲ ਸੀ। ਤੀਰਅੰਦਾਜ਼ੀ ਵਿਚ ਏਕਲਵਿਆ ਦੀ ਮਹਾਨਤਾ ਤੋਂ ਦੇਸ਼ ਦਾ ਬੱਚਾ-ਬੱਚਾ ਜਾਣੂ ਹੈ। ਉਹ ਮਹਾਨ ਤੀਰਅੰਦਾਜ਼ ਵਜੋਂ ਸਨਮਾਨਿਤ ਹਨ। ਏਕਲਵਿਆ ਸਾਰੇ ਦੇਸ਼ਵਾਸੀਆਂ ਲਈ, ਖ਼ਾਸ ਕਰਕੇ ਜਨਜਾਤੀ ਸਮਾਜ ਲਈ ਇਕ ਪ੍ਰੇਰਕ ਹਸਤੀ ਹਨ। ਏਕਲਵਿਆ ਆਦਰਸ਼ ਰਿਹਾਇਸ਼ੀ ਸਕੂਲਾਂ ਵਿਚ ਸਥਾਪਤ ‘ਖੇਡ ਉੱਤਮਤਾ ਕੇਂਦਰ’ ਬੱਚਿਆਂ ਨੂੰ ਖੇਡਾਂ ਦੀਆਂ ਆਧੁਨਿਕ ਸਹੂਲਤਾਂ ਅਤੇ ਵਿਧੀਆਂ ਨਾਲ ਸਮਰੱਥ ਬਣਾ ਰਹੇ ਹਨ।
ਮੇਰੇ ਨਿੱਜੀ ਯਤਨਾਂ ਨਾਲ, ਮੇਰੇ ਪਿੰਡ ਵਿਚ ਵਾਂਝੇ ਵਰਗਾਂ ਦੇ ਬੱਚਿਆਂ ਲਈ ਇਕ ਰਿਹਾਇਸ਼ੀ ਸਕੂਲ ਦੀ ਸਥਾਪਨਾ ਕੀਤੀ ਗਈ ਹੈ। ਇਸ ਨਿਮਰ ਯਤਨ ਦੇ ਤਹਿਤ ਸਕੂਲ ਦੇ ਵਿਹੜੇ ਵਿਚ ਹੀ ਤੀਰਅੰਦਾਜ਼ੀ ਦੀ ਸਿਖਲਾਈ ਦੀ ਵਿਵਸਥਾ ਵੀ ਕੀਤੀ ਗਈ ਹੈ। ਸਰਕਾਰ ਦੇ ਯਤਨਾਂ ਦੇ ਨਾਲ-ਨਾਲ ਛੋਟੇ-ਛੋਟੇ ਨਿੱਜੀ ਅਤੇ ਸਾਂਝੇ ਯਤਨ ਵੀ ਜਨਜਾਤੀ ਬੱਚਿਆਂ ਦੇ ਖੇਡ ਹੁਨਰਾਂ ਨੂੰ ਨਿਖਾਰਨ ਵਿਚ ਸਹਾਇਕ ਹੋਣਗੇ।
ਮੇਰੇ ਪਿੰਡ ਦੇ ਹੋਰ ਜਨਜਾਤੀ ਬੱਚਿਆਂ ਵਾਂਗ, ਮੇਰੇ ਅੰਦਰ ਵੀ ਤੈਰਾਕੀ ਸਮੇਤ, ਕਸਰਤ ਅਤੇ ਖੇਡਾਂ ਪ੍ਰਤੀ ਬਹੁਤ ਰੁਝਾਨ ਸੀ। ਮੈਂ ਸਕੂਲ ਦੇ ਖੇਡ ਮੁਕਾਬਲਿਆਂ ਵਿਚ ਅਕਸਰ ਪਹਿਲੇ ਸਥਾਨ ’ਤੇ ਰਹਿੰਦੀ ਸੀ। ਇਕ ਮੁਕਾਬਲੇ ਵਿਚ ਮੈਂ ਜਾਣ-ਬੁੱਝ ਕੇ ਆਪਣੇ ਆਪ ਨੂੰ ਇਸ ਲਈ ਪਿੱਛੇ ਰੱਖਿਆ ਤਾਂ ਜੋ ਮੇਰੀ ਇਕ ਸਹੇਲੀ ਨੂੰ ਪਹਿਲਾ ਇਨਾਮ ਮਿਲਣ ਦੀ ਖੁਸ਼ੀ ਹਾਸਲ ਹੋ ਸਕੇ। ਖੇਡਾਂ ਨਾਲ ਟੀਮ ਭਾਵਨਾ ਵਿਕਸਤ ਹੁੰਦੀ ਹੈ ਅਤੇ ਸਮਾਜਿਕ ਸਬੰਧ ਮਜ਼ਬੂਤ ਹੁੰਦੇ ਹਨ। ਮੈਦਾਨ ਵਿਚ ਸਖਤ ਮੁਕਾਬਲਾ ਅਤੇ ਮੈਦਾਨ ਤੋਂ ਬਾਹਰ ਡੂੰਘੀ ਦੋਸਤੀ, ਖਿਡਾਰੀਆਂ ਵਿਚ ਅਕਸਰ ਵੇਖਣ ਨੂੰ ਮਿਲਦੀ ਹੈ।
ਮੇਰੇ ਭਰਾ ਫੁੱਟਬਾਲ ਦੇ ਬਹੁਤ ਵਧੀਆ ਖਿਡਾਰੀ ਰਹੇ ਹਨ ਜੋ ਗੰਭੀਰ ਸੱਟ ਲੱਗਣ ਕਾਰਨ ਅੱਗੇ ਨਹੀਂ ਖੇਡ ਸਕੇ। ਮੇਰੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਨੇ ਵੀ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਨਿੱਜੀ ਵੇਰਵੇ ਰਾਹੀਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਨਜਾਤੀ ਪਰਿਵਾਰਾਂ ਵਿਚ ਖੇਡਾਂ ਦੀ ਜੀਵੰਤ ਪਰੰਪਰਾ ਮੌਜੂਦ ਹੈ। ਉਨ੍ਹਾਂ ਵਿਚ ਖੇਡਾਂ ਲਈ ਅਥਾਹ ਪ੍ਰਤਿਭਾ, ਊਰਜਾ, ਰੁਚੀ ਅਤੇ ਅੱਗੇ ਵਧਣ ਦਾ ਹੌਸਲਾ ਹੈ। ਸਹੂਲਤਾਂ ਅਤੇ ਸਿਖਲਾਈ ਦੇ ਜ਼ਰੀਏ ਅਜਿਹੀਆਂ ਪ੍ਰਤਿਭਾਵਾਂ ਨੂੰ ਨਿਖਾਰ ਕੇ, ਖੇਡਾਂ ਉਨ੍ਹਾਂ ਲਈ ਸਿਰਫ਼ ਮਨੋਰੰਜਨ ਅਤੇ ਸਮਾਜਿਕ ਮੇਲ ਦਾ ਸਾਧਨ ਨਹੀਂ ਰਹਿਣਗੀਆਂ, ਸਗੋਂ ਜੀਵਨ ਵਿਚ ਅੱਗੇ ਵਧਣ, ਆਰਥਿਕ ਆਤਮਨਿਰਭਰਤਾ ਅਤੇ ਸਮਾਜਿਕ ਸਨਮਾਨ ਪ੍ਰਾਪਤ ਕਰਨ ਦਾ ਮਾਧਿਅਮ ਬਣ ਸਕਦੀਆਂ ਹਨ।
ਕੁਝ ਸਾਲ ਪਹਿਲਾਂ ਤੱਕ ਸਾਡੇ ਦੇਸ਼ ’ਚ ਖੇਡਾਂ ਦੀਆਂ ਚੰਗੀਆਂ ਸਹੂਲਤਾਂ ਸਿਰਫ਼ ਮਹਾਨਗਰਾਂ ਤੱਕ ਸੀਮਤ ਸਨ, ਜਦਕਿ ਪਿੰਡਾਂ ਅਤੇ ਜੰਗਲੀ ਖੇਤਰਾਂ ਵਿਚ ਕਈ ਪ੍ਰਤਿਭਾਵਾਨ ਖਿਡਾਰੀ ਰਹਿੰਦੇ ਹਨ। ਜਨਜਾਤੀ ਖੇਤਰਾਂ ਵਿਚ ਖੇਡ ਅਕੈਡਮੀਆਂ ਅਤੇ ਸਿਖਲਾਈ ਦੀਆਂ ਸਹੂਲਤਾਂ ਆਸਾਨੀ ਨਾਲ ਉਪਲਬਧ ਨਹੀਂ ਹੁੰਦੀਆਂ ਸਨ। ਹੁਣ ਏਕਲਵਿਆ ਆਦਰਸ਼ ਰਿਹਾਇਸ਼ੀ ਸਕੂਲਾਂ ਵਿਚ ਬੱਚਿਆਂ ਦੀਆਂ ਖੇਡਾਂ ’ਤੇ ਵਿਸ਼ੇਸ਼ ਧਿਆਨ ਦੇਣ ਤੋਂ ਲੈ ਕੇ ‘ਖੇਲੋ ਇੰਡੀਆ ਜਨਜਾਤੀ ਖੇਡ’ ਵਰਗੇ ਯਤਨਾਂ ਦੇ ਜ਼ਰੀਏ ਜਨਜਾਤੀ ਪ੍ਰਤਿਭਾਵਾਂ ਨੂੰ ਸਿਖਲਾਈ ਅਤੇ ਉਤਸ਼ਾਹ ਮਿਲ ਰਿਹਾ ਹੈ।
ਮੈਨੂੰ ਯਾਦ ਹੈ ਕਿ ਮੇਰੇ ਵਿਦਿਆਰਥੀ ਜੀਵਨ ਦੌਰਾਨ ਪਿੰਡ ਪੱਧਰ ’ਤੇ ਪੰਜ-ਛੇ ਪਿੰਡਾਂ ਦੇ ਲੋਕ ਮਿਲ ਕੇ ਖੇਡ ਮੁਕਾਬਲੇ ਕਰਵਾਇਆ ਕਰਦੇ ਸਨ। ਕੁਝ ਅਧਿਆਤਮਕ ਅਤੇ ਸੱਭਿਆਚਾਰਕ ਸੰਸਥਾਵਾਂ ਵੀ ਜਨਜਾਤੀ ਖੇਤਰਾਂ ਵਿਚ ਖੇਡਾਂ ਨੂੰ ਹੁਲਾਰਾ ਦਿੰਦੀਆਂ ਰਹੀਆਂ ਹਨ। ਅਕਸਰ ਪਿੰਡ ਪੱਧਰ ਦੇ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਚੰਗੇ ਖਿਡਾਰੀ ਵੀ ਪਿੰਡ ਪੱਧਰ ਤੋਂ ਉੱਪਰ ਨਹੀਂ ਉੱਠ ਸਕਦੇ ਸਨ। ਪਿਛਲੇ ਕੁਝ ਸਾਲਾਂ ਵਿਚ ਇਸ ਸਥਿਤੀ ਨੂੰ ਬਦਲਣ ਲਈ ਕਈ ਸ਼ਲਾਘਾਯੋਗ ਯਤਨ ਕੀਤੇ ਗਏ ਹਨ। ਅਜਿਹੇ ਯਤਨਾਂ ਨੂੰ ਅੱਗੇ ਵਧਾਉਂਦੇ ਹੋਏ ‘ਖੇਲੋ ਇੰਡੀਆ ਜਨਜਾਤੀ ਖੇਡ 2026’ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਨਾਲ ਜ਼ਮੀਨੀ ਪੱਧਰ ਦੇ ਜਨਜਾਤੀ ਖਿਡਾਰੀਆਂ ਨੂੰ ਵੀ ਪਛਾਣ ਮਿਲੀ ਹੈ ਅਤੇ ਉਨ੍ਹਾਂ ਨੂੰ ਸਹੂਲਤਾਂ ਅਤੇ ਸਿਖਲਾਈ ਉਪਲਬਧ ਕਰਵਾਈ ਗਈ ਹੈ। ਇਨ੍ਹਾਂ ਰਾਸ਼ਟਰੀ ਖੇਡਾਂ ਵਿਚ ਲਗਭਗ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ।
ਭਾਰਤ ਨੇ ਖਿਡਾਰੀਆਂ ਦੀ ਕੁਦਰਤੀ ਪ੍ਰਤਿਭਾ ਦੇ ਸਿਰ ’ਤੇ ਓਲੰਪਿਕ ਖੇਡਾਂ ਵਿਚ ਪਹਿਲਾ ਸੋਨੇ ਦਾ ਤਮਗਾ, ਹਾਕੀ ਲਈ, ਸਾਲ 1928 ਵਿਚ ਜਿੱਤਿਆ ਸੀ। ਉਸ ਜਿੱਤ ’ਚ ਜਨਜਾਤੀ ਭਾਈਚਾਰੇ ਦੇ ਖਿਡਾਰੀਆਂ ਦੀ ਮਹੱਤਵਪੂਰਨ ਭੂਮਿਕਾ ਸੀ। ਉਸ ਤੋਂ ਲੈ ਕੇ ਅੱਜ ਤੱਕ ਦਿਲੀਪ ਟਿਰਕੀ, ਸੁਬੋਧ ਲਾਕੜਾ ਅਤੇ ਸਲੀਮਾ ਟੇਟੇ ਵਰਗੇ ਸਟਾਰ ਹਾਕੀ ਖਿਡਾਰੀ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਜਨਜਾਤੀ ਪ੍ਰਤਿਭਾ ਨਾਲ ਸਮਰੱਥ ਕਰਦੇ ਆ ਰਹੇ ਹਨ।
‘ਖੇਲੋ ਇੰਡੀਆ’ ਨਾਮਕ ਰਾਸ਼ਟਰੀ ਖੇਡ ਵਿਕਾਸ ਪ੍ਰੋਗਰਾਮ ਤਹਿਤ ਸਥਾਨਕ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਸਾਰੇ ਭੂਗੋਲਿਕ ਖੇਤਰਾਂ, ਸਮਾਜਿਕ ਵਰਗਾਂ ਅਤੇ ਸੰਸਥਾਵਾਂ ਲਈ ਢੁੱਕਵਾਂ ਖੇਡ ਈਕੋਸਿਸਟਮ ਪ੍ਰਦਾਨ ਕਰਨ ਦਾ ਸੰਮਲਿਤ ਯਤਨ ਕੀਤਾ ਜਾ ਰਿਹਾ ਹੈ। ਇਸੇ ਪ੍ਰੋਗਰਾਮ ਤਹਿਤ ਖੇਡਾਂ ਵਿਚ ਬੇਟੀਆਂ ਦੀ ਭਾਗੀਦਾਰੀ ਵਧਾਉਣ ਲਈ ਚਲਾਈ ਜਾ ਰਹੀ ‘ਅਸਮਿਤਾ’ ਨਾਮਕ ਯੋਜਨਾ ਨਾਲ ਜਨਜਾਤੀ ਧੀਆਂ ਦੀ ਸਮਰੱਥਾ ਵੀ ਵਿਕਸਤ ਹੋ ਰਹੀ ਹੈ।
ਪਿਛਲੇ ਕੁਝ ਮਹੀਨਿਆਂ ’ਚ ਆਯੋਜਿਤ ਬਸਤਰ ਅਤੇ ਸਰਗੁਜਾ ਓਲੰਪਿਕ ’ਚ ਕੁੱਲ 7 ਲੱਖ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਉਨ੍ਹਾਂ ਖਿਡਾਰੀਆਂ ਵਿਚ ਕੁਝ ਅਜਿਹੇ ਨੌਜਵਾਨ ਵੀ ਸ਼ਾਮਲ ਸਨ ਜੋ ਨਕਸਲਵਾਦ ਦੇ ਰਾਹ ਨੂੰ ਛੱਡ ਕੇ ਖੇਡਾਂ ਦੇ ਸਹੀ ਮਾਰਗ ’ਤੇ ਚੱਲ ਪਏ ਹਨ। ਖੇਡਾਂ ਰਾਹੀਂ ਨੌਜਵਾਨ ਊਰਜਾ ਨੂੰ ਸਕਾਰਾਤਮਕ ਦਿਸ਼ਾ ਮਿਲਦੀ ਹੈ। ਸਰਕਾਰ ਵੱਲੋਂ ਨੌਜਵਾਨਾਂ ’ਚ ਖੇਡ ਪ੍ਰਤਿਭਾ ਦੀ ਪਛਾਣ ਅਤੇ ਵਿਕਾਸ ਦੇ ਚੰਗੇ ਨਤੀਜੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਦਿਸਣ ਲੱਗੇ ਹਨ।
ਨੌਜਵਾਨਾਂ, ਖ਼ਾਸ ਕਰਕੇ ਜਨਜਾਤੀ ਨੌਜਵਾਨਾਂ ਦੀ ਖੇਡ ਪ੍ਰਤਿਭਾ ਸਾਡੇ ਦੇਸ਼ ਦੀ ਅਨਮੋਲ ਸਮਾਜਿਕ ਪੂੰਜੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਅਨਮੋਲ ਸਰੋਤ ਦੀ ਸਹੀ ਵਰਤੋਂ ਕਰਦੇ ਹੋਏ ਸਾਡਾ ਦੇਸ਼ ਖੇਡਾਂ ਦੇ ਖੇਤਰ ਵਿਚ ਉੱਤਮਤਾ ਦੇ ਕਈ ਮਾਣਮੱਤੇ ਮਿਆਰ ਸਥਾਪਤ ਕਰੇਗਾ। ਇਸੇ ਵਿਸ਼ਵਾਸ ਨਾਲ ਮੇਰਾ ਸੁਨੇਹਾ ਹੈ।
ਖੇਲੋ ਇੰਡੀਆ! ਖੂਬ ਖੇਲੋ ਇੰਡੀਆ!
ਦ੍ਰੌਪਦੀ ਮੁਰਮੂ (ਭਾਰਤ ਦੀ ਰਾਸ਼ਟਰਪਤੀ)
