‘ਇੰਡੀਆ’ ਗੱਠਜੋੜ ਕਿਉਂ ਲੈ ਰਿਹਾ ਹੈ ਆਖਰੀ ਸਾਹ

Tuesday, Mar 18, 2025 - 04:03 PM (IST)

‘ਇੰਡੀਆ’ ਗੱਠਜੋੜ ਕਿਉਂ ਲੈ ਰਿਹਾ ਹੈ ਆਖਰੀ ਸਾਹ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਵਿਰੋਧੀ ਪਾਰਟੀਆਂ ਨੇ ਆਪਣੇ-ਆਪਣੇ ਸਿਧਾਂਤਾਂ ਦੀ ਕੁਰਬਾਨੀ ਦੇ ਕੇ ਮੌਕਾਪ੍ਰਸਤੀ ਤੇ ਭ੍ਰਿਸ਼ਟਾਚਾਰ ਕਰਨ ਅਤੇ ਆਪਣੇ ਮਾੜੇ ਕੰਮਾਂ ਲਈ ਜੇਲ੍ਹ ਜਾਣ ਤੋਂ ਬਚਣ ਲਈ ਗਿਲੇ-ਸ਼ਿਕਵੇ ਭੁੱਲ ਕੇ ‘ਇੰਡੀਆ’ ਗੱਠਜੋੜ ਬਣਾਇਆ ਸੀ। ਪਰ ਉਸ ਤੋਂ ਬਾਅਦ ਭਾਜਪਾ ਨੇ ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ਵਿਚ ਚੋਣਾਂ ਜਿੱਤ ਕੇ ਅਤੇ ‘ਇੰਡੀਆ’ ਗੱਠਜੋੜ ਨੂੰ ਹਰਾ ਕੇ ਹਿਸਾਬ ਬਰਾਬਰ ਕਰ ਲਿਆ ਹੈ।

ਇਸ ਤਰ੍ਹਾਂ ‘ਇੰਡੀਆ’ ਗੱਠਜੋੜ ਦੀ 7 ਮਹੀਨਿਆਂ ਵਿਚ ਹੀ ਹਵਾ ਨਿਕਲ ਗਈ ਹੈ ਅਤੇ ਪੱਤਿਆਂ ਵਾਂਗ ਖਿੰਡ ਗਿਆ ਹੈ। ਲੋਕ ਸਭਾ ਚੋਣਾਂ ਵਿਚ ਭਾਜਪਾ ਹੱਥੋਂ ‘ਇੰਡੀਆ’ ਗੱਠਜੋੜ ਦੀ ਹਾਰ ਅਤੇ ਮੋਦੀ ਜੀ ਦੇ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜੰਮੂ-ਕਸ਼ਮੀਰ, ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਹਨ। ਜਿੱਥੇ ਭਾਜਪਾ ਜੰਮੂ-ਕਸ਼ਮੀਰ ਵਿਚ ਮੁੱਖ ਵਿਰੋਧੀ ਪਾਰਟੀ ਬਣ ਗਈ, ਉੱਥੇ ਹੀ ਇਹ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਸੱਤਾ ’ਤੇ ਆਪਣੀ ਪਕੜ ਬਣਾਈ ਰੱਖਣ ਵਿਚ ਸਫਲ ਰਹੀ ਅਤੇ ਦਿੱਲੀ ਚੋਣਾਂ ਵਿਚ ਇਕ ਵਾਰ ਫਿਰ ਸ਼ਾਨਦਾਰ ਜਿੱਤ ਨਾਲ ਇਸ ਨੇ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦਾ ਸਫਾਇਆ ਕਰ ਦਿੱਤਾ।

ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੂੰ ਛੱਡ ਕੇ ‘ਇੰਡੀਆ’ ਗੱਠਜੋੜ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਹਮਾਇਤ ਪ੍ਰਾਪਤ ਸੀ। ਮੋਦੀ ਜੀ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨਾਲ ਜ਼ਖਮੀ ਹੋਇਆ ‘ਇੰਡੀਆ’ ਗੱਠਜੋੜ ਖਿੱਲਰ ਗਿਆ। ਕਾਂਗਰਸ ਵੱਖਰੇ ਤੌਰ ’ਤੇ ਚੋਣਾਂ ਲੜ ਰਹੀ ਸੀ, ਇਸ ਗੱਲ ਦੀ ਚਿੰਤਾ ਕੀਤੇ ਬਿਨਾਂ ਕਿ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕੇਜਰੀਵਾਲ ਨਾਲ ਰੋਡ ਸ਼ੋਅ ਕੀਤਾ ਸੀ। ਸਪਾ ਆਗੂਆਂ ਨੇ ਦਿੱਲੀ ਵਿਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕੀਤਾ।

ਇਸ ਤੋਂ ਬਾਅਦ ਵੀ ਕੇਜਰੀਵਾਲ ਭਾਜਪਾ ਨੂੰ ਹਰਾ ਨਹੀਂ ਸਕੇ। ਦਿੱਲੀ ਵਿਧਾਨ ਸਭਾ ਚੋਣਾਂ ਵਿਚ, ਜਿੱਥੇ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਅਰਵਿੰਦ ਕੇਜਰੀਵਾਲ ਨੂੰ ਆਪਣੀ ਸੀਟ ਵੀ ਗੁਆਉਣੀ ਪਈ। ਜਦੋਂ ਕਿ ਕਾਂਗਰਸ ਲਗਾਤਾਰ ਦੂਜੀ ਵਾਰ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦਿੱਲੀ ਵਿਚ ਪੂਰੇ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣੀ।

ਲੋਕ ਸਭਾ ਚੋਣਾਂ ਵਿਚ ‘ਇੰਡੀਆ’ ਗੱਠਜੋੜ ਨੂੰ ਹਰਾਉਣ ਤੋਂ ਬਾਅਦ ਭਾਜਪਾ ਇਕ ਵਾਰ ਫਿਰ ‘ਇੰਡੀਆ’ ਗੱਠਜੋੜ ਨੂੰ ਕਰਾਰੀ ਹਾਰ ਦੇਣ ਵਿਚ ਸਫਲ ਰਹੀ। ਲੋਕ ਸਭਾ ਚੋਣਾਂ ਤੋਂ ਬਾਅਦ 7 ਮਹੀਨਿਆਂ ਵਿਚ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ। ਇਥੇ ਇਨ੍ਹਾਂ ਪੰਜ ਸੂਬਿਆਂ ਵਿਚ ਵਿਧਾਨ ਸਭਾ ਸੀਟਾਂ ਦੀ ਗਿਣਤੀ 624 ਹੈ, ਜਿਸ ਵਿਚ ਕਾਂਗਰਸ ਨੇ 328 ਸੀਟਾਂ ’ਤੇ ਚੋਣ ਲੜੀ ਅਤੇ ਸਿਰਫ਼ 75 ਸੀਟਾਂ ਜਿੱਤੀਆਂ। ਇਸ ਦਾ ਮਤਲਬ ਹੈ ਕਿ ਜਿੱਤ ਲਈ ਸਟ੍ਰਾਈਕ ਰੇਟ ਸਿਰਫ਼ 23 ਫੀਸਦੀ ਸੀ। ਭਾਜਪਾ ਨੇ 5 ਰਾਜਾਂ ਵਿਚ 432 ਸੀਟਾਂ ’ਤੇ ਚੋਣ ਲੜੀ, ਜਿਨ੍ਹਾਂ ਵਿਚੋਂ ਉਹ 278 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ। ਇਸ ਤਰ੍ਹਾਂ ਭਾਜਪਾ ਦੀ ਜਿੱਤ ਦਾ ਸਟ੍ਰਾਈਕ ਰੇਟ 64 ਫੀਸਦੀ ਰਿਹਾ।

ਇਸ ਦੇ ਨਾਲ ਹੀ, ਭਾਜਪਾ ਨੇ ਸਾਰੀਆਂ ਛੋਟੀਆਂ-ਛੋਟੀਆਂ ਪਾਰਟੀਆਂ ਨੂੰ ਆਪਣੇ ਕਬਜ਼ੇ ਵਿਚ ਰੱਖਿਆ, ਜਿਸ ਲਈ ਜੇ. ਡੀ. ਯੂ. ਅਤੇ ਐੱਲ. ਜੇ. ਪੀ. ਵਰਗੀਆਂ ਪਾਰਟੀਆਂ ਨੂੰ ਝਾਰਖੰਡ ਅਤੇ ਦਿੱਲੀ ਵਿਚ ਸੀਟਾਂ ਦੇ ਕੇ ਚੋਣਾਂ ਲੜਾਈਆਂ। ਲੋਕ ਸਭਾ ਚੋਣਾਂ ਤੋਂ ਬਾਅਦ 5 ਰਾਜਾਂ-ਹਰਿਆਣਾ, ਜੰਮੂ-ਕਸ਼ਮੀਰ, ਮਹਾਰਾਸ਼ਟਰ, ਝਾਰਖੰਡ ਅਤੇ ਦਿੱਲੀ ਵਿਚ ਚੋਣਾਂ ਹੋਈਆਂ। ਭਾਜਪਾ 3 ਰਾਜਾਂ ਵਿਚ ਵੱਡੀ ਜਿੱਤ ਨਾਲ ਸਰਕਾਰ ਬਣਾਉਣ ਵਿਚ ਸਫਲ ਰਹੀ ਅਤੇ 2 ਰਾਜਾਂ ਵਿਚ ਸਖ਼ਤ ਟੱਕਰ ਦਿੱਤੀ।

ਲੋਕ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ ਭਾਜਪਾ ਨੇ ਆਪਣੇ ਕੋਰ ਵੋਟ ਬੈਂਕ (ਮੁੱਖ ਵੋਟ ਬੈਂਕ) ਉੱਚ ਜਾਤੀਆਂ, ਦਲਿਤਾਂ, ਅਤਿ ਪੱਛੜੀਆਂ ਜਾਤਾਂ, ਘੱਟ ਗਿਣਤੀਆਂ ਅਤੇ ਆਦਿਵਾਸੀਆਂ ਦੇ ਹੱਕ ਵਿਚ ਕਈ ਸਮਾਜ ਸੁਧਾਰ ਯੋਜਨਾਵਾਂ ਲਿਆ ਕੇ ‘ਇੰਡੀਆ’ ਗੱਠਜੋੜ ਦੀ ਰਾਸ਼ਟਰ ਅਤੇ ਭਾਜਪਾ ਵਿਰੋਧੀ ਸਿਆਸਤ ’ਤੇ ਕਰਾਰਾ ਵਾਰ ਕੀਤਾ ਅਤੇ ਭਾਰਤ ਦੀ ਜਨਤਾ ਦੇ ਭਰੋਸੇ ’ਤੇ ਖਰਾ ਉਤਰਦਿਆਂ ਅਤੇ ਸਿਧਾਂਤਹੀਣ ਤੇ ਸੱਤਾ ਦੇ ਭੁੱਖੇ ‘ਇੰਡੀਆ’ ਗੱਠਜੋੜ ਵਿਚ ਫੁੱਟ ਦਾ ਵੀ ਬਹੁਤ ਫਾਇਦਾ ਹੋਇਆ।

ਭਾਜਪਾ ਨੇ ਰਾਜਾਂ ਦੀਆਂ ਚੋਣਾਂ ਵਿਚ ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗੱਠਜੋੜ ਦੀ ਹਵਾ ਕੱਢ ਦਿੱਤੀ ਅਤੇ ‘ਇੰਡੀਆ’ ਗੱਠਜੋੜ ਮੋਦੀ ਜੀ ਦੀ ਹਰਮਨਪਿਆਰਤਾ ਦੀ ਸੁਨਾਮੀ ਵਿਚ ਰੁੜ੍ਹ ਕੇ ਖਤਮ ਹੋ ਗਿਆ। ਜਦੋਂ ਡੇਢ ਸਾਲ ਪਹਿਲਾਂ ਦੇਸ਼ ਭਰ ਵਿਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ‘ਇੰਡੀਆ’ ਗੱਠਜੋੜ ਬਣਿਆ ਤਾਂ ਭ੍ਰਿਸ਼ਟ ਭਾਜਪਾ ਵਿਰੋਧੀਆਂ ਵਿਚ ਵੱਡੀ ਤਬਦੀਲੀ ਦੀ ਉਮੀਦ ਜਾਗ ਪਈ। ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ‘ਇੰਡੀਆ’ ਬਲਾਕ ਕਿਤੇ ਵੀ ਦਿਖਾਈ ਨਹੀਂ ਦਿੱਤਾ। ਸਾਰੀਆਂ ਪਾਰਟੀਆਂ ਆਪਣੇ ਖੇਤਰੀ ਹਿੱਤਾਂ ਅਨੁਸਾਰ ਗੱਠਜੋੜ ਬਣਾਉਂਦੀਆਂ ਰਹੀਆਂ। ਹਰਿਆਣਾ ਅਤੇ ਮਹਾਰਾਸ਼ਟਰ ਚੋਣਾਂ ਵਿਚ ਵੀ ਰਾਜਨੀਤਿਕ ਪਾਰਟੀਆਂ ਵਿਚਕਾਰ ਟਕਰਾਅ ਉਜਾਗਰ ਹੋਇਆ। ਹੁਣ ਇਹ ਖਤਮ ਹੋਣ ਦੇ ਰਾਹ ’ਤੇ ਹੈ।

ਜਦੋਂ ‘ਇੰਡੀਆ’ ਬਲਾਕ ਦੀਆਂ 16 ਪਾਰਟੀਆਂ ਦੀ ਪਹਿਲੀ ਮੀਟਿੰਗ ਜੂਨ 2023 ਵਿਚ ਕੋਲਕਾਤਾ ਵਿਚ ਹੋਈ ਸੀ, ਤਾਂ ਭਾਜਪਾ ਨੇ ਇਸ ਗੱਠਜੋੜ ਦੀ ਉਮਰ ’ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਗੱਠਜੋੜ ਵਿਚ ਕਈ ਅਜਿਹੀਆਂ ਰਾਜਨੀਤਿਕ ਪਾਰਟੀਆਂ ਵੀ ਇਕ ਪਲੇਟਫਾਰਮ ’ਤੇ ਇਕੱਠੀਆਂ ਹੋਈਆਂ, ਜੋ ਰਾਜਾਂ ਵਿਚ ਇਕ ਦੂਜੇ ਦੇ ਵਿਰੁੱਧ ਚੋਣਾਂ ਲੜਦੀਆਂ ਹਨ। ਕਈ ਰਾਜਨੀਤਿਕ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਗੱਠਜੋੜ ਲੋਕ ਸਭਾ ਚੋਣਾਂ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਦਮ ਤੋੜ ਦੇਵੇਗਾ।

ਇਹ ਭਵਿੱਖਬਾਣੀ ਹੁਣ ਸਹੀ ਸਾਬਤ ਹੁੰਦੀ ਜਾਪਦੀ ਹੈ। ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਿਚ ਐੱਨ. ਡੀ. ਏ. ਗੱਠਜੋੜ ਨੂੰ ਬਹੁਮਤ ਮਿਲਿਆ ਅਤੇ ‘ਇੰਡੀਆ’ ਗੱਠਜੋੜ ਹਾਰ ਗਿਆ। ਇਸ ਨਾਲ ਕਾਂਗਰਸੀ ਆਗੂ ਗੁੱਸੇ ਵਿਚ ਆ ਗਏ, ਪਰ ‘ਇੰਡੀਆ’ ਗੱਠਜੋੜ ਵਿਚ ਫੁੱਟ ਵਧਦੀ ਗਈ। ਵਿਧਾਨ ਸਭਾ ਚੋਣਾਂ ਵਿਚ ਮਿਲੀ ਲੱਕ-ਤੋੜਵੀਂ ਹਾਰ ਤੋਂ ਬਾਅਦ ਸਥਿਤੀ ਅਜਿਹੀ ਹੈ ਕਿ ਖੇਤਰੀ ਪਾਰਟੀਆਂ ਕਾਂਗਰਸ ਦੀ ਅਗਵਾਈ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਅਤੇ ‘ਇੰਡੀਆ’ ਬਲਾਕ 18 ਮਹੀਨਿਆਂ ਬਾਅਦ ਆਪਣੇ ਆਖਰੀ ਸਾਹਾਂ ਵੱਲ ਵਧ ਰਿਹਾ ਹੈ। ਸੰਵਾਦ ਦੀ ਘਾਟ ਨੇ ‘ਇੰਡੀਆ’ ਗੱਠਜੋੜ ਨੂੰ ਲਗਭਗ ਖਤਮ ਕਰ ਦਿੱਤਾ ਹੈ। ਜ਼ਿਆਦਾਤਰ ਖੇਤਰੀ ਪਾਰਟੀਆਂ ਇਸ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ।

-ਸ਼ਵੇਤ ਮਲਿਕ
(ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਪੰਜਾਬ ਭਾਜਪਾ)
 


author

Tanu

Content Editor

Related News