ਭਾਰਤ ਦੇ ਗੌਰਵ : ਭਗਵਾਨ ਬਿਰਸਾ ਮੁੰਡਾ

11/16/2021 8:14:06 PM

ਵਰਤਮਾਨ ਵਿਚ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਦਮਨਕਾਰੀ ਬ੍ਰਿਟਿਸ਼ ਰਾਜ ਦੇ ਖ਼ਿਲਾਫ਼ ਮਾਤਭੂਮੀ ਦੀ ਸੁਤੰਤਰਤਾ ਲਈ ਨਿਡਰ ਹੋ ਕੇ ਯਤਨ ਕਰਨ ਵਾਲੇ ਮਹਾਨ ਸੈਨਾਨੀਆਂ ਵਿਚ ਇਕ ਵਿਸ਼ੇਸ਼ ਨਾਮ ਹੈ - ਭਗਵਾਨ ਬਿਰਸਾ ਮੁੰਡਾ। ਬਿਰਸਾ ਮੁੰਡਾ ਨੇ ਕੇਵਲ 25 ਵਰ੍ਹਿਆਂ ਦਾ ਛੋਟਾ ਪਰ ਬਹਾਦਰੀ ਨਾਲ ਭਰਿਆ ਜੀਵਨ ਬਤੀਤ ਕੀਤਾ। ਵੀਰਤਾਪੂਰਨ ਕਾਰਜਾਂ ਅਤੇ ਉਨ੍ਹਾਂ ਦੀ ਨੇਕ ਭਾਵਨਾ ਨੇ ਬਿਰਸਾ ਨੂੰ ਉਨ੍ਹਾਂ ਦੇ ਪੈਰੋਕਾਰਾਂ ਲਈ ਭਗਵਾਨ ਬਣਾ ਦਿੱਤਾ। ਅਨਿਆਂ ਅਤੇ ਜ਼ੁਲਮ ਦੇ ਖ਼ਿਲਾਫ਼ ਲੜਨ ਦੇ ਵੀਰਤਾਪੂਰਨ ਯਤਨਾਂ ਨਾਲ ਭਰੀ ਉਨ੍ਹਾਂ ਦੀ ਜੀਵਨ ਕਹਾਣੀ, ਬਸਤੀਵਾਦੀ ਬ੍ਰਿਟਿਸ਼ ਰਾਜ ਦੇ ਖ਼ਿਲਾਫ਼ ਵਿਰੋਧ ਦੀ ਇਕ ਬੁਲੰਦ ਆਵਾਜ਼ ਦੀ ਪ੍ਰਤੀਨਿਧਤਾ ਕਰਦੀ ਹੈ।ਬਿਰਸਾ ਦਾ ਜਨਮ 15 ਨਵੰਬਰ,1875 ਨੂੰ ਵਰਤਮਾਨ ਝਾਰਖੰਡ ਦੇ ਉਲਿਹਾਤੂ ਪਿੰਡ ਦੇ ਇਕ ਆਦਿਵਾਸੀ ਮੁੰਡਾ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਆਪਣਾ ਬਚਪਨ ਅਤਿਅੰਤ ਗ਼ਰੀਬੀ ਵਿਚ ਬਿਤਾਇਆ। ਇਹ ਉਹ ਸਮਾਂ ਸੀ, ਜਦੋਂ ਬ੍ਰਿਟਿਸ਼ ਰਾਜ ਮੱਧ ਅਤੇ ਪੂਰਬੀ ਭਾਰਤ ਦੇ ਸੰਘਣੇ ਜੰਗਲਾਂ ਵਿਚ ਦਾਖਲ ਹੋਣ ਲੱਗਿਆ ਸੀ । ਕੁਦਰਤ ਅਤੇ ਕੁਦਰਤੀ ਸੋਮਿਆਂ ਨਾਲ ਤਾਲਮੇਲ ਬਿਠਾ ਕੇ ਰਹਿਣ ਵਾਲੇ ਆਦਿਵਾਸੀਆਂ ਲਈ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕਰ ਰਿਹਾ ਸੀ।

ਯੁਵਾ ਬਿਰਸਾ ਇਨ੍ਹਾਂ ਸਭ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖਦੇ ਹੋਏ ਵੱਡੇ ਹੋਏ ਅਤੇ ਇਹ ਸਮਝਣ ਲੱਗੇ ਕਿ ਕਿਵੇਂ ਇਹ ਬਸਤੀਵਾਦੀ ਤਾਕਤਾਂ ਅਤੇ (ਆਦਿਵਾਸੀਆਂ ਦੇ ਬਾਹਰੀ ਦੁਸ਼ਮਣ) ਸਥਾਨਕ ਲੋਕਾਂ ਦੇ ਹਿੱਤਾਂ ਦੇ ਖ਼ਿਲਾਫ਼ ਕੰਮ ਕਰ ਰਹੇ ਹਨ। ਇਸ ਅਪਵਿੱਤਰ ਗੱਠਜੋੜ ਦੇ ਖ਼ਿਲਾਫ਼ ਲੜਨ ਦੇ ਬਿਰਸਾ ਦੇ ਸੰਕਲਪ ਨੂੰ ਇਨ੍ਹਾਂ ਗੱਲਾਂ ਨਾਲ ਹੋਰ ਮਜ਼ਬੂਤੀ ਮਿਲੀ।1880 ਦੇ ਦਹਾਕੇ ਵਿਚ ਯੁਵਾ ਬਿਰਸਾ ਨੇ ਖੇਤਰ ਵਿਚ ਸਰਦਾਰੀ ਦੀ ਲੜਾਈ ਦੇ ਇਸ ਅੰਦੋਲਨ ਨੂੰ ਕਰੀਬ ਤੋਂ ਦੇਖਿਆ ਜੋ ਬ੍ਰਿਟਿਸ਼ ਰਾਜ ਨੂੰ ਅਹਿੰਸਕ ਤਰੀਕਿਆਂ ਰਾਹੀਂ ਆਦਿਵਾਸੀ ਅਧਿਕਾਰਾਂ ਦੀ ਬਹਾਲੀ ਦੀ ਮੰਗ ਕਰ ਰਿਹਾ ਸੀ। ਹਾਲਾਂਕਿ, ਦਮਨਕਾਰੀ ਬਸਤੀਵਾਦੀ ਸ਼ਾਸਨ ਨੇ ਇਨ੍ਹਾਂ ਮੰਗਾਂ ’ਤੇ ਕੋਈ ਧਿਆਨ ਨਹੀਂ ਦਿੱਤਾ। ਜ਼ਿਮੀਂਦਾਰੀ ਵਿਵਸਥਾ ਨੇ ਜਲਦੀ ਹੀ ਆਦਿਵਾਸੀਆਂ ਨੂੰ ਮਾਲਕਾਂ ਤੋਂ ਭੂ-ਮਜ਼ਦੂਰ ਦੀ ਸਥਿਤੀ ਵਿਚ ਲਿਆ ਦਿੱਤਾ। ਸਾਮੰਤੀ ਵਿਵਸਥਾ ਨੇ ਰੁੱਖਾਂ ਨਾਲ ਭਰੇ ਆਦਿਵਾਸੀ ਖੇਤਰਾਂ ਵਿਚ ਜਬਰਨ ਮਜ਼ਦੂਰੀ ਨੂੰ ਹੋਰ ਵਧਾ ਦਿੱਤਾ। ਗ਼ਰੀਬ, ਨਿਰਦੋਸ਼ ਆਦਿਵਾਸੀਆਂ ਦਾ ਸ਼ੋਸ਼ਣ ਹੁਣ ਸਿਖਰ ’ਤੇ ਪਹੁੰਚ ਗਿਆ ।

ਇਨ੍ਹਾਂ ਸਭ ਦਾ ਨਤੀਜਾ ਇਹ ਹੋਇਆ ਕਿ ਬਿਰਸਾ ਨੇ ਆਦਿਵਾਸੀਆਂ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਆਦਿਵਾਸੀਆਂ ਨੂੰ ਧਰਮ ਨਾਲ ਜੁੜੇ ਮਾਮਲਿਆਂ ਵਿਚ ਇਕ ਨਵੀਂ ਰੌਸ਼ਨੀ ਦਿਖਾਈ। ਉਹ ਆਦਿਵਾਸੀਆਂ ਦੇ ਜੀਵਨ ਅਤੇ ਉਨ੍ਹਾਂ ਦੇ ਸੱਭਿਆਚਾਰ ਨੂੰ ਘੱਟ ਕਰ ਕੇ ਵੇਖਣ ਵਾਲੇ ਮਿਸ਼ਨਰੀਆਂ ਦੇ ਖ਼ਿਲਾਫ਼ ਮਜ਼ਬੂਤੀ ਨਾਲ ਡਟੇ ਰਹੇ। ਇਹੀ ਨਹੀਂ, ਬਿਰਸਾ ਨੇ ਧਾਰਮਿਕ ਪ੍ਰਥਾਵਾਂ ਨੂੰ ਸੋਧਣ ਅਤੇ ਉਨ੍ਹਾਂ ਵਿਚ ਸੁਧਾਰ ਲਿਆਉਣ ਲਈ ਕੰਮ ਕੀਤਾ। ਉਨ੍ਹਾਂ ਕਈ ਅੰਧ-ਵਿਸ਼ਵਾਸਾਂ ਨੂੰ ਨਿਰਉਸ਼ਾਹਿਤ ਕੀਤਾ ਅਤੇ ਨਵੇਂ ਸਿਧਾਂਤਾਂ ਅਤੇ ਪ੍ਰਾਰਥਨਾਵਾਂ ਦੀ ਸ਼ੁਰੂਆਤ ਕੀਤੀ।ਉਨ੍ਹਾਂ ਆਦਿਵਾਸੀਆਂ ਦੀਆਂ ਕਈ ਆਦਤਾਂ ਵਿਚ ਸੁਧਾਰ ਕੀਤਾ ਅਤੇ ਜਨਜਾਤੀ ਗੌਰਵ ਨੂੰ ਬਹਾਲ ਅਤੇ ਮੁੜ ਜ਼ਿੰਦਾ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ। ਬਿਰਸਾ ਨੇ ਆਦਿਵਾਸੀਆਂ ਦੇ ਜਿਹਨ ਨੂੰ “ਸਿਰਮਾਰੇ ਫਿਰੁਨ ਰਾਜਾ ਜੈ” ਜਾਂ ‘ਜੱਦੀ ਰਾਜਾ ਦੀ ਜਿੱਤ’ ਵੱਲ ਪ੍ਰੇਰਿਤ ਕਰਦੇ ਹੋਏ ਭੂਮੀ ’ਤੇ ਆਦਿਵਾਸੀਆਂ ਦੇ ਜੱਦੀ ਖੁਦਮੁਖਤਿਆਰ ਕੰਟਰੋਲ ਦੀ ਪ੍ਰਭੂਸੱਤਾ ਦਾ ਸੱਦਾ ਦਿੱਤਾ। ਬਿਰਸਾ ਇਕ ਜਨ ਨੇਤਾ ਬਣ ਗਏ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਭਗਵਾਨ ਅਤੇ ਧਰਤੀ ਆਬਾ ਦੇ ਰੂਪ ਵਿਚ ਮੰਨਿਆ ਜਾਣ ਲੱਗਿਆ।

ਉਨ੍ਹਾਂ ਆਦਿਵਾਸੀਆਂ ਨੂੰ ਸਾਰੇ ਨਿੱਜੀ ਸੁਆਰਥੀ ਤੱਤਾਂ ਦੇ ਸ਼ੋਸ਼ਣ ਅਤੇ ਅਤਿਆਚਾਰੀ ਸੁਭਾਅ ਤੋਂ ਜਾਣੂ ਕਰਵਾਇਆ। ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸ਼ੋਸ਼ਣ ਕਰਨ ਵਾਲਿਆਂ ਦੇ ਨਾਲ–ਨਾਲ ਦਮਨਕਾਰੀ ਬ੍ਰਿਟਿਸ਼ ਸ਼ਾਸਨ ਹੀ ਉਨ੍ਹਾਂ ਦਾ ਅਸਲੀ ਦੁਸ਼ਮਣ ਹੈ। ਬਿਰਸਾ ਮੁੰਡਾ ਨੇ ਸਪੱਸ਼ਟ ਰੂਪ ਨਾਲ ਇਸ ਤੱਥ ਨੂੰ ਪਛਾਣ ਲਿਆ ਸੀ ਕਿ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਹੀ ਸਾਰੀਆਂ ਸੱਮਸਿਆਵਾਂ ਅਤੇ ਤੰਗ ਪ੍ਰੇਸ਼ਾਨ ਕਰਨ ਦਾ ਮੂਲ ਕਾਰਨ ਹੈ। ਉਨ੍ਹਾਂ ਦੇ ਜਿਹਨ ਵਿਚ ਇਹ ਪੂਰੀ ਤਰ੍ਹਾਂ ਨਾਲ ਸਪੱਸ਼ਟ ਸੀ “ਅਬੁਆ ਰਾਜ ਸੇਤਰ ਜਾਨਾ, ਮਹਾਰਾਣੀ ਰਾਜ ਟੁੰਡੂ ਜਾਨਾ” (ਅਰਥ : ਮਹਾਰਾਣੀ ਦਾ ਰਾਜ ਸਮਾਪਤ ਹੋਵੇ ਅਤੇ ਸਾਡਾ ਰਾਜ ਕਾਇਮ ਹੋਵੇ)।ਭਗਵਾਨ ਬਿਰਸਾ ਨੇ ਜਨਤਾ ਦੇ ਮਨ ਵਿਚ ਵਿਰੋਧ ਦੀ ਚੰਗਿਆੜੀ ਜਲਾਈ। ਮੁੰਡਾ, ਉਰਾਂਵ ਅਤੇ ਹੋਰ ਆਦਿਵਾਸੀ ਅਤੇ ਗ਼ੈਰ-ਆਦਿਵਾਸੀ ਲੋਕ ਉਨ੍ਹਾਂ ਦੇ ਸੱਦੇ ’ਤੇ ਉਠ ਖੜ੍ਹੇ ਹੋਏ ਅਤੇ ‘ਉਲਗੁਲਾਨ’ ਜਾਂ ਵਿਦਰੋਹ ਵਿਚ ਸ਼ਾਮਲ ਹੋ ਗਏ। ਉਨ੍ਹਾਂ ਬਿਰਸਾ ਦੀ ਅਗਵਾਈ ਵਿਚ ਆਪਣੀ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਮੁਕਤੀ ਲਈ ਬਸਤੀਵਾਦੀ ਆਕਾਵਾਂ ਅਤੇ ਸ਼ੋਸ਼ਣ ਕਰਨ ਵਾਲਿਆਂ ਦੇ ਖ਼ਿਲਾਫ਼ ਵਿਦਰੋਹ ਕਰ ਦਿੱਤਾ।

ਹਾਲਾਂਕਿ, ਅਜਿਹਾ ਕਰਦੇ ਹੋਏ ਬਿਰਸਾ ਇਸ ਗੱਲ ਨੂੰ ਲੈ ਕੇ ਸੁਚੇਤ ਸਨ ਕਿ ਸਿਰਫ਼ ਅਸਲੀ ਸ਼ੋਸ਼ਕਾਂ ’ਤੇ ਹੀ ਹਮਲਾ ਕੀਤਾ ਜਾਵੇ ਅਤੇ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਬਿਰਸਾ ਦੇਵਤਵ ਦੇ ਪ੍ਰਤੀਕ ਬਣ ਗਏ। ਜਲਦੀ ਹੀ ਉਨ੍ਹਾਂ ਨੂੰ ਬ੍ਰਿਟਿਸ਼ ਪੁਲਸ ਵਲੋਂ ਫੜ ਲਿਆ ਗਿਆ ਅਤੇ ਜੇਲ ਭੇਜ ਦਿੱਤਾ ਗਿਆ, ਜਿੱਥੇ 9 ਜੂਨ 1900 ਨੂੰ ਕੈਦ ਵਿਚ ਉਨ੍ਹਾਂ ਦੀ ਮੌਤ ਹੋ ਗਈ ਪਰ ਭਗਵਾਨ ਬਿਰਸਾ ਮੁੰਡਾ ਦਾ ਸੰਘਰਸ਼ ਵਿਅਰਥ ਨਹੀਂ ਗਿਆ।ਇਸ ਨੇ ਬ੍ਰਿਟਿਸ਼ ਰਾਜ ਨੂੰ ਆਦਿਵਾਸੀਆਂ ਦੀ ਦੁਰਦਸ਼ਾ ਅਤੇ ਸ਼ੋਸ਼ਣ ਦਾ ਨੋਟਿਸ ਲੈਣ ਅਤੇ ਆਦਿਵਾਸੀਆਂ ਦੀ ਸੁਰੱਖਿਆ ਲਈ ‘ਛੋਟਾ ਨਾਗਪੁਰ ਟੈਨੈਂਸੀ ਐਕਟ 1908’ ਲਿਆਉਣ ’ਤੇ ਮਜਬੂਰ ਕੀਤਾ। ਇਸ ਮਹੱਤਵਪੂਰਨ ਐਕਟ ਨੇ ਆਦਿਵਾਸੀ ਭੂਮੀ ਨੂੰ ਗ਼ੈਰ-ਆਦਿਵਾਸੀਆਂ ਨੂੰ ਟਰਾਂਸਫਰ ਕਰਨ ’ਤੇ ਰੋਕ ਲਗਾ ਦਿੱਤੀ, ਜਿਸ ਨਾਲ ਆਦਿਵਾਸੀਆਂ ਨੂੰ ਭਾਰੀ ਰਾਹਤ ਮਿਲੀ ਅਤੇ ਇਹ ਕਬਾਇਲੀ ਲੋਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਦੀ ਦਿਸ਼ਾ ਵਿਚ ਇਕ ਇਤਿਹਾਸਕ ਕਾਨੂੰਨ ਬਣ ਗਿਆ।

ਭਗਵਾਨ ਬਿਰਸਾ ਮੁੰਡਾ ਆਪਣੀ ਮੌਤ ਦੇ 121 ਸਾਲ ਬਾਅਦ ਯਾਨੀ ਅੱਜ ਵੀ ਲੱਖਾਂ ਭਾਰਤੀਆਂ ਨੂੰ ਨਿਰੰਤਰ ਪ੍ਰੇਰਿਤ ਕਰਦੇ ਰਹੇ ਹਨ। ਉਹ ਬਹਾਦਰੀ ਅਤੇ ਲੀਡਰਸ਼ਿਪ ਦੇ ਅਦਭੁਤ ਪ੍ਰਤੀਕ ਸਨ। ਉਹ ਇਕ ਅਜਿਹੇ ਨਾਇਕ ਸਨ ਜੋ ਆਪਣੇ ਖੁਸ਼ਹਾਲ ਸੱਭਿਆਚਾਰ ਅਤੇ ਮਹਾਨ ਪ੍ਰੰਪਰਾਵਾਂ ’ਤੇ ਅਤਿਅੰਤ ਮਾਣ ਕਰਿਆ ਕਰਦੇ ਸਨ ਪਰ ਇਸਦੇ ਨਾਲ ਹੀ ਜਦੋਂ ਵੀ ਜ਼ਰੂਰਤ ਮਹਿਸੂਸ ਹੁੰਦੀ ਸੀ, ਤਾਂ ਉਹ ਆਪਣੇ ਖ਼ੁਦ ਦੀ ਵਿਚਾਰਧਾਰਾ ਨੂੰ ਸੁਧਾਰਨ ਤੋਂ ਪਿੱਛੇ ਨਹੀਂ ਹਟਦੇ ਸਨ।ਭਗਵਾਨ ਬਿਰਸਾ ਮੁੰਡਾ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਸਭ ਤੋਂ ਮਹਾਨ ਪ੍ਰਤੀਕਾਂ ਵਿਚੋਂ ਇਕ ਹਨ। ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੂੰ ਮੁੰਡਾ, ਉਰਾਂਵ, ਸੰਥਾਲ, ਤਾਮਾਰ, ਕੋਲ, ਭੀਲ, ਖਾਸੀ, ਕੋਯਾ ਅਤੇ ਮਿਜ਼ੋ ਜਿਹੇ ਅਣਗਿਣਤ ਕਬਾਇਲੀ ਭਾਈਚਾਰਿਆਂ ਨੇ ਕਾਫ਼ੀ ਮਜ਼ਬੂਤੀ ਪ੍ਰਦਾਨ ਕੀਤੀ ਸੀ। ਕਬਾਇਲੀ ਭਾਈਚਾਰਿਆਂ ਵਲੋਂ ਸ਼ੁਰੂ ਕੀਤੇ ਗਏ ਕ੍ਰਾਂਤੀਕਾਰੀ ਅੰਦੋਲਨਾਂ ਅਤੇ ਸੰਘਰਸ਼ਾਂ ਵਿਚ ਉਨ੍ਹਾਂ ਦੀ ਬੇਮਿਸਾਲ ਹਿੰਮਤ ਅਤੇ ਸਰਬਉੱਚ ਕੁਰਬਾਨੀ ਦੀ ਸਪੱਸ਼ਟ ਝਲਕ ਨਜ਼ਰ ਆਉਂਦੀ ਸੀ। ਉਨ੍ਹਾਂ ਦੇਸ਼ ਭਰ ਦੇ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਸੀ।

ਸਾਡੇ ਦੂਰਦਰਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਭਾਰਤੀਆਂ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਮਨਾਉਣ ਅਤੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਇਸ ਤਰ੍ਹਾਂ ਦੇ ਅਣਗਿਣਤ ਗੁੰਮਨਾਮ ਨਾਇਕਾਂ ਦੀ ਬਹਾਦਰੀ ਅਤੇ ਬਲੀਦਾਨ ਨੂੰ ਜਾਣਨ ਅਤੇ ਸਮਝਣ ਦੀ ਅਪੀਲ ਕੀਤੀ ਹੈ। ਮੋਦੀ ਦੀ ਡਾਇਨਾਮਿਕ ਲੀਡਰਸ਼ਿਪ ਵਿਚ ਹੁਣ ਪਹਿਲੀ ਵਾਰ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ’ਤੇ ਹਰ ਸਾਲ 15 ਨਵੰਬਰ ਨੂੰ ‘ਜਨਜਾਤੀਯ ਗੌਰਵ ਦਿਵਸ’ ਮਨਾ ਕੇ ਜਨਜਾਤੀਯ ਗੌਰਵ ਅਤੇ ਯੋਗਦਾਨ ਨੂੰ ਪੂਰੀ ਸ਼ਰਧਾ ਦੇ ਨਾਲ ਯਾਦ ਕੀਤਾ ਜਾ ਰਿਹਾ ਹੈ।ਆਓ ਅਸੀਂ ਸਾਰੇ ਇਸ ਸਾਲ ਦੇ ‘ਜਨਜਾਤੀਯ ਗੌਰਵ ਦਿਵਸ’ ’ਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ਅਤੇ ਬਹਾਦਰੀ, ਪ੍ਰਾਹੁਣਚਾਰੀ ਅਤੇ ਰਾਸ਼ਟਰੀ ਗੌਰਵ ਜਿਹੀਆਂ ਭਾਰਤੀ ਕਦਰਾਂ-ਕੀਮਤਾਂ ਨੂੰ ਅਤਿਅੰਤ ਉਤਸ਼ਾਹਿਤ ਕਰਨ ਲਈ ਭਾਰਤ ਦੇ ਜਨਜਾਤੀ ਲੋਕਾਂ ਵਲੋਂ ਕੀਤੇ ਗਏ ਅਣਥੱਕ ਯਤਨਾਂ ਨੂੰ ਯਾਦ ਕਰੀਏ ਅਤੇ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਕਰੀਏ।

ਡਾ. ਐੱਲ ਮੁਰੂਗਨ,

ਸੂਚਨਾ ਤੇ ਪ੍ਰਸਾਰਣ ਅਤੇ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਰਾਜ ਮੰਤਰੀ


Karan Kumar

Content Editor

Related News