ਨੌਜਵਾਨਾਂ ’ਚ ਪ੍ਰਦੂਸ਼ਣ ਨਾਲ ਵਧਦਾ ਕੈਂਸਰ ਦਾ ਖਤਰਾ

12/18/2023 5:22:52 PM

ਵਿਨੀਤ ਨਾਰਾਇਣ

ਨਵੀਂ ਦਿੱਲੀ- ਪਾਠਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ ਦੀ ਰਾਜਧਾਨੀ ਦਿੱਲੀ ’ਚ ਰਹਿਣ ਵਾਲੇ ਹਰ ਵਿਅਕਤੀ ਦੇ ਫੇਫੜਿਆਂ ’ਚ ਕਾਲੇ ਰੰਗ ਦੇ ਧੱਬੇ ਮੌਜੂਦ ਹਨ ਜਿਵੇਂ ਕਿ ਕਿਸੇ ਸਿਗਰਟ ਪੀਣ ਵਾਲੇ ਦੇ ਫੇਫੜੇ ’ਚ ਹੁੰਦੇ ਹਨ। ਹੈਰਾਨੀ ਅਤੇ ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਦਿੱਲੀ ’ਚ ਰਹਿਣ ਵਾਲੇ ਅੱਲ੍ਹੜਾਂ ’ਚ ਵੀ ਇਹ ਵਿਗਾੜ ਪਾਇਆ ਜਾ ਰਿਹਾ ਹੈ। ਇਹ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਦਿੱਲੀ ਦੇ ਮਸ਼ਹੂਰ ਛਾਤੀ ਰੋਗਾਂ ਦੇ ਮਾਹਿਰ (ਚੈਸਟ ਸਰਜਨ) ਡਾ. ਅਰਵਿੰਦ ਕੁਮਾਰ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਦਿੱਲੀ ’ਚ ਚੈਸਟ ਸਰਜਰੀ ਕਰ ਰਹੇ ਹਨ। ਬੀਤੇ ਕੁਝ ਸਾਲਾਂ ਤੋਂ ਉਨ੍ਹਾਂ ਨੇ ਦਿੱਲੀ ਦੇ ਮਰੀਜ਼ਾਂ ਦੇ ਫੇਫੜਿਆਂ ’ਚ ਇਕ ਵੱਡਾ ਬਦਲਾਅ ਦੇਖਿਆ ਹੈ। ਜਿੱਥੇ 1988 ’ਚ ਜ਼ਿਆਦਾਤਰ ਫੇਫੜਿਆਂ ਦਾ ਰੰਗ ਗੁਲਾਬੀ ਹੁੰਦਾ ਸੀ, ਉੱਥੇ ਹੀ ਬੀਤੇ ਕੁਝ ਸਾਲਾਂ ’ਚ ਫੇਫੜਿਆਂ ’ਚ ਕਈ ਥਾਂ ਕਾਲੇ-ਕਾਲੇ ਧੱਬੇ ਦਿਖਾਈ ਦਿੱਤੇ ਹਨ। ਪਹਿਲਾਂ ਅਜਿਹੇ ਕਾਲੇ ਧੱਬੇ ਸਿਰਫ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਫੇਫੜਿਆਂ ’ਚ ਹੀ ਪਾਏ ਜਾਂਦੇ ਸਨ। ਪਰ ਹੁਣ ਹਰ ਉਮਰ ਦੇ ਲੋਕਾਂ ’ਚ, ਜ਼ਿਆਦਾਤਰ ਅੱਲ੍ਹੜਾਂ ’ਚ, ਅਜਿਹੇ ਕਾਲੇ ਧੱਬੇ ਪਾਏ ਜਾਣ ਲੱਗੇ ਹਨ, ਇਹ ਵੱਡੀ ਗੰਭੀਰ ਸਥਿਤੀ ਹੈ। ਇਨ੍ਹਾਂ ਕਾਲੇ ਧੱਬਿਆਂ ਦਾ ਸਿੱਧਾ ਮਤਲਬ ਹੈ ਕਿ ਜੋ ਲੋਕ ਸਿਗਰਟਨੋਸ਼ੀ ਨਹੀਂ ਕਰਦੇ, ਉਨ੍ਹਾਂ ਦੇ ਫੇਫੜਿਆਂ ’ਚ ਇਹ ਧੱਬੇ ਜ਼ਹਿਰੀਲਾ ਜਮਾਅ ਜਾਂ ‘ਟਾਕਸਿਕ ਡਿਪੋਜ਼ਿਟ’ ਹੈ। ਡਾ. ਅਰਵਿੰਦ ਕੁਮਾਰ ਦਾ ਕਹਿਣਾ ਹੈ ਕਿ ਫੇਫੜਿਆਂ ’ਚ ਇਨ੍ਹਾਂ ਕਾਲੇ ਧੱਬਿਆਂ ਕਾਰਨ ਨਿਮੋਨੀਆ, ਅਸਥਮਾ ਅਤੇ ਫੇਫੜਿਆਂ ਦੇ ਕੈਂਸਰ ਦੇ ਮਾਮਲਿਆਂ ’ਚ ਵੀ ਤੇਜ਼ੀ ਆਈ ਹੈ।

ਪਹਿਲਾਂ ਅਜਿਹੀਆਂ ਬਿਮਾਰੀਆਂ ਵਧੇਰੇ ਕਰ ਕੇ 50-60 ਸਾਲਾਂ ਦੀ ਉਮਰ ਵਰਗ ਦੇ ਲੋਕਾਂ ਨੂੰ ਹੁੰਦੀਆਂ ਸਨ ਪਰ ਹੁਣ ਇਹ ਪੈਮਾਨਾ ਘਟ ਕੇ 30-40 ਸਾਲ ਦੀ ਉਮਰ ਵਰਗ ’ਚ ਹੋਣ ਲੱਗਾ ਹੈ। ਪਹਿਲਾਂ ਦੇ ਮੁਕਾਬਲੇ ਔਰਤ ਰੋਗੀਆਂ ਦੀ ਗਿਣਤੀ ਵੀ ਵਧ ਰਹੀ ਹੈ। ਇੰਨਾ ਹੀ ਨਹੀਂ, ਔਰਤ ਮਰੀਜ਼ਾਂ ਦੀ ਗਿਣਤੀ 40 ਫੀਸਦੀ ਤੱਕ ਹੈ ਜਿਨ੍ਹਾਂ ’ਚੋਂ ਜ਼ਿਆਦਾਤਰ ਔਰਤਾਂ ਸਿਗਰਟਨੋਸ਼ੀ ਨਹੀਂ ਕਰਦੀਆਂ। ਸਭ ਤੋਂ ਅਹਿਮ ਗੱਲ ਇਹ ਹੈ ਕਿ 1988 ’ਚ ਅਜਿਹੇ ਰੋਗੀਆਂ ’ਚ 90 ਫੀਸਦੀ ਉਹ ਲੋਕ ਹੁੰਦੇ ਸਨ ਜੋ ਸਿਗਰਟਨੋਸ਼ੀ ਕਰਦੇ ਸਨ ਪਰ ਹੁਣ ਇਹ ਅੰਕੜਾ ਬਰਾਬਰੀ ਦਾ ਹੈ। ਡਾ. ਕੁਮਾਰ ਦੱਸਦੇ ਹਨ ਕਿ ਜੋ ਕੈਮੀਕਲ ਸਿਗਰਟ ’ਚ ਪਾਏ ਜਾਂਦੇ ਹਨ ਉਹੀ ਕੈਮੀਕਲ ਅੱਜ ਦੀ ਹਵਾ ’ਚ ਵੀ ਹਨ। ਭਾਵ ਕੈਂਸਰ ਦੇ ਮੁੱਖ ਕਾਰਕ ਮੰਨੇ ਜਾਣ ਵਾਲੇ ਜੋ ਕੈਮੀਕਲ ਸਿਗਰਟ ਦੇ ਧੂੰਏਂ ’ਚ ਪਾਏ ਜਾਂਦੇ ਹਨ, ਜੇਕਰ ਉਹੀ ਕੈਮੀਕਲ ਸਾਨੂੰ ਦੂਸ਼ਿਤ ਹਵਾ ’ਚ ਮਿਲਣ ਲੱਗਣ ਤਾਂ ਅਸੀਂ ਸਿਗਰਟਨੋਸ਼ੀ ਕਰੀਏ ਜਾਂ ਨਾ ਕਰੀਏ, ਸਾਡੇ ਫੇਫੜਿਆਂ ਅੰਦਰ ਇਹ ਜ਼ਹਿਰ ਖੁਦ-ਬ-ਖੁਦ ਦਾਖਲ ਹੋ ਰਿਹਾ ਹੈ। ਇਸ ’ਚ ਕੋਈ ਦੋ-ਰਾਇ ਨਹੀਂ ਕਿ ਦੂਸ਼ਿਤ ਹਵਾ ਨਾਲ ਸਾਡੇ ਫੇਫੜਿਆਂ ’ਚ ਕੈਂਸਰ ਦੇ ਆਸਾਰ ਵੀ ਵਧ ਗਏ ਹਨ। ਕੁਝ ਸਾਲ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਵੀ ਇਹ ਮੰਨਿਆ ਕਿ ਦੂਸ਼ਿਤ ਹਵਾ ਵੀ ਕੈਂਸਰ ਦਾ ਕਾਰਨ ਹੋ ਸਕਦੀ ਹੈ। ਇਕ ਮਹੱਤਵਪੂਰਨ ਤਰਕ ਦਿੰਦੇ ਹੋਏ ਡਾ. ਅਰਵਿੰਦ ਕੁਮਾਰ ਨੇ ਇਹ ਵੀ ਦੱਸਿਆ ਕਿ ਪਹਿਲਾਂ ਜਦੋਂ ਫੇਫੜਿਆਂ ਦੇ ਕੈਂਸਰ ਦੇ ਮਰੀਜ਼ਾਂ ’ਚ ਇਸ ਬਿਮਾਰੀ ਨੂੰ ਫੜਿਆ ਜਾਂਦਾ ਸੀ ਤਦ ਉਨ੍ਹਾਂ ਦੀ ਉਮਰ 50-60 ਦਰਮਿਆਨ ਹੁੰਦੀ ਸੀ ਕਿਉਂਕਿ ਕੈਂਸਰ ਦੇ ਕੈਮੀਕਲ ਨੂੰ ਫੇਫੜਿਆਂ ਨੂੰ ਆਪਣੀ ਗ੍ਰਿਫਤ ’ਚ ਲੈਣ ਲਈ ਲਗਭਗ 20 ਸਾਲ ਲੱਗਦੇ ਸਨ ਪਰ ਅੱਜ ਜਿੱਥੇ ਦਿੱਲੀ ਦੀ ਦੂਸ਼ਿਤ ਹਵਾ ਦਾ ‘ਏਅਰ ਕੁਆਲਿਟੀ ਇੰਡੈਕਸ’ 500 ਤੋਂ ਵੱਧ ਹੈ ਤਾਂ ਅਜਿਹੀ ਦੂਸ਼ਿਤ ਹਵਾ ’ਚ ਜਨਮ ਲੈਣ ਵਾਲਾ ਹਰ ਉਹ ਬੱਚਾ ਇਸ ਕੈਮੀਕਲ ਦੀ ਵਰਤੋਂ ਪਹਿਲੇ ਹੀ ਦਿਨ ਤੋਂ ਕਰ ਰਿਹਾ ਹੈ, ਇਸ ਖਤਰੇ ਦਾ ਸ਼ਿਕਾਰ ਬਣ ਰਿਹਾ ਹੈ।

ਆਮ ਭਾਸ਼ਾ ’ਚ ਕਿਹਾ ਜਾਵੇ ਤਾਂ ਦੂਸ਼ਿਤ ਹਵਾ ’ਚ ਸਾਹ ਲੈਣਾ 25 ਸਿਗਰਟਾਂ ਦੇ ਧੂੰਏਂ ਦੇ ਬਰਾਬਰ ਹੈ। ਤਾਂ ਜੇਕਰ ਕੋਈ ਬੱਚਾ ਆਪਣੇ ਜਨਮ ਦੇ ਪਹਿਲੇ ਹੀ ਦਿਨ ਤੋਂ ਅਜਿਹਾ ਕਰ ਰਿਹਾ ਹੈ ਤਾਂ ਜਦ ਤਕ ਉਹ 25 ਸਾਲ ਦੀ ਉਮਰ ਦਾ ਹੋਵੇਗਾ, ਉਸ ਦੇ ਫੇਫੜਿਆਂ ’ਚ ਅਤੇ ਸਿਗਰਟਨੋਸ਼ੀ ਕਰਨ ਵਾਲੇ ਦੇ ਫੇਫੜਿਆਂ ’ਚ ਕੋਈ ਫਰਕ ਨਹੀਂ ਹੋਵੇਗਾ। ਇਸ ਲਈ ਡਾ. ਅਰਵਿੰਦ ਕੁਮਾਰ ਨੂੰ ਇਸ ਗੱਲ ’ਤੇ ਕੋਈ ਹੈਰਾਨੀ ਨਹੀਂ ਹੁੰਦੀ ਜਦੋਂ ਉਹ ਘੱਟ ਉਮਰ ਦੇ ਮਰੀਜ਼ਾਂ ’ਚ ਫੇਫੜਿਆਂ ਦੇ ਕੈਂਸਰ ਦੇ ਲੱਛਣ ਦੇਖਦੇ ਹਨ। ਵਰਨਣਯੋਗ ਹੈ ਕਿ ਜਿੱਥੇ ਦਿੱਲੀ ’ਚ ‘ਏਅਰ ਕੁਆਲਿਟੀ ਇੰਡੈਕਸ’ 500 ਤੋਂ ਵੱਧ ਹੈ ਉੱਥੇ ਹੀ ਲੰਡਨ ਅਤੇ ਨਿਊਯਾਰਕ ’ਚ ਇਹ ਅੰਕੜਾ 20 ਤੋਂ ਵੀ ਘੱਟ ਹੈ। ਇਹ ਬੜੀ ਭਿਆਨਕ ਸਥਿਤੀ ਹੈ। ਚਾਹੇ-ਅਣਚਾਹੇ ਦਿੱਲੀ ਦਾ ਹਰ ਨਿਵਾਸੀ ਇਸ ਜ਼ਹਿਰੀਲੇ ਗੈਸ ਚੈਂਬਰ ’ਚ ਘੁਟ-ਘੁਟ ਕੇ ਜਿਊਣ ਲਈ ਮਜਬੂਰ ਹੈ। ਹਵਾ ਦੇ ਮਾਪਦੰਡਾਂ ’ਚ 0-50 ਦਰਮਿਆਨ ਏ. ਕਿਊ. ਆਈ. ਨੂੰ ‘ਚੰਗਾ’, 51-100 ਨੂੰ ‘ਤਸੱਲੀਬਖਸ਼’, 101-200 ਨੂੰ ‘ਦਰਮਿਆਨਾ’, 201-300 ਨੂੰ ‘ਖਰਾਬ’, 301-400 ਨੂੰ ‘ਬਹੁਤ ਖਰਾਬ’ ਅਤੇ 401-500 ਨੂੰ ‘ਗੰਭੀਰ’ ਸ਼੍ਰੇਣੀ ’ਚ ਮੰਨਿਆ ਜਾਂਦਾ ਹੈ। ਲਗਾਤਾਰ ਚੋਣਾਂ ਜਿੱਤਣ ਦੀ ਸਿਆਸਤ ’ਚ ਲੱਗੀਆਂ ਰਹਿਣ ਵਾਲੀਆਂ ਪਾਰਟੀਆਂ ਪ੍ਰਦੂਸ਼ਣ ਵਰਗੇ ਗੰਭੀਰ ਮੁੱਦਿਆਂ ’ਤੇ ਵੀ ਦੋਸ਼-ਪ੍ਰਤੀਦੋਸ਼ ਲਗਾ ਕੇ ਆਪਣੇ ਫਰਜ਼ ਤੋਂ ਪਾਸਾ ਵੱਟ ਲੈਂਦੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਕੇਂਦਰ ਜਾਂ ਸੂਬੇ ਦੀ ਸਰਕਾਰ ਕੋਈ ਠੋਸ ਕੰਮ ਨਹੀਂ ਕਰ ਰਹੀ। ਪਰਾਲੀ ਸਾੜਨ ਨੂੰ ਲੈ ਕੇ ਇੰਨਾ ਰੌਲਾ ਪੈਂਦਾ ਹੈ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹੀ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ, ਜਦਕਿ ਅਸਲੀ ਕਾਰਨ ਕੁਝ ਹੋਰ ਹਨ।

ਦਿੱਲੀ ਤੋਂ ਨਿਕਲਣ ਵਾਲੇ ਗੰਦੇ ਕੂੜੇ, ਕੂੜਾ-ਕਰਕਟ ਨੂੰ ਟਿਕਾਣੇ ਲਾਉਣ ਦਾ ਪੁਖਤਾ ਪ੍ਰਬੰਧ ਅਜੇ ਤੱਕ ਨਹੀਂ ਹੋ ਸਕਿਆ। ਸਰਕਾਰ ਇਹੀ ਸੋਚਣ ’ਚ ਲੱਗੀ ਹੈ ਕਿ ਇਹ ਪੂਰੇ ਦਾ ਪੂਰਾ ਕੂੜਾ ਕਿੱਥੇ ਸੁੱਟਵਾਇਆ ਜਾਵੇ ਜਾਂ ਇਸ ਕੂੜੇ ਦਾ ਖਾਤਮਾ ਭਾਵ ਠੋਸ ਕੂੜਾ ਪ੍ਰਬੰਧ ਕਿਵੇਂ ਕੀਤਾ ਜਾਵੇ। ਜ਼ਾਹਿਰ ਹੈ ਇਸ ਗੁੱਥੀ ਨੂੰ ਸੁਲਝਾਏ ਬਗੈਰ ਸਾੜੇ ਜਾਣ ਲਾਇਕ ਕੂੜੇ ਨੂੰ ਸਾੜਨ ਤੋਂ ਇਲਾਵਾ ਹੋਰ ਕੀ ਚਾਰਾ ਬਚਦਾ ਹੋਵੇਗਾ? ਇਸ ਗੈਰ-ਕਾਨੂੰਨੀ ਹਰਕਤ ਤੋਂ ਪੈਦਾ ਹੋਏ ਧੂੰਏਂ ਅਤੇ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਕਿੰਨੀ ਹੈ, ਇਸ ਦਾ ਕੋਈ ਹਿਸਾਬ ਕਿਸੇ ਵੀ ਪੱਧਰ ’ਤੇ ਨਹੀਂ ਲਾਇਆ ਜਾ ਰਿਹਾ ਹੈ। ਦਿੱਲੀ ’ਚ 1987 ਤੋਂ ਇਹ ਕੂੜਾ ਸਾੜਿਆ ਜਾ ਰਿਹਾ ਹੈ, ਜਿਸ ਲਈ ਪਹਿਲਾਂ ਡੈਨਮਾਰਕ ਤੋਂ ਮਸ਼ੀਨ ਦਰਾਮਦ ਕੀਤੀ ਗਈ ਸੀ ਪਰ ਇਹ ਮਸ਼ੀਨ ਇਕ ਹਫਤੇ ’ਚ ਹੀ ਅਸਫਲ ਹੋ ਗਈ ਹੈ ਕਿਉਂਕਿ ਇਸ ਦੀ ਬੁਨਿਆਦੀ ਸ਼ਰਤ ਇਹ ਸੀ ਕਿ ਸਾੜਨ ਤੋਂ ਪਹਿਲਾਂ ਕੂੜੇ ਨੂੰ ਅਲੱਗ ਕੀਤਾ ਜਾਵੇ ਅਤੇ ਉਸ ’ਚ ਮਿਲੇ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਨਾ ਸਾੜਿਆ ਜਾਵੇ। ਇੰਨੀ ਵੱਡੀ ਆਬਾਦੀ ਦਾ ਦੇਸ਼ ਹੋਣ ਦੇ ਬਾਵਜੂਦ ਭਾਰਤੀ ਪ੍ਰਸ਼ਾਸਨਿਕ ਤੰਤਰ ਦੀ ਲਾਪ੍ਰਵਾਹੀ ਇਸ ਤਰ੍ਹਾਂ ਹੈ ਕਿ ਅੱਜ ਤੱਕ ਕੂੜੇ ਨੂੰ ਛਾਂਟ ਕੇ ਵੱਖ ਕਰਨ ਦਾ ਕੋਈ ਪ੍ਰਬੰਧ ਨਹੀਂ ਹੋ ਸਕਿਆ। ਅੱਜ ਦਿੱਲੀ ’ਚ ਰੋਜ਼ਾਨਾ 7000 ਟਨ ਮਿਸ਼ਰਿਤ ਕੂੜਾ ‘ਇਨਸਿਨੀਰੇਟਰਸ’ ’ਚ ਸਾੜਿਆ ਜਾਂਦਾ ਹੈ, ਜਿਸ ਨੂੰ ਜਲਦੀ ਹੀ 10000 ਟਨ ਕਰਨ ਦੀ ਤਿਆਰੀ ਹੈ। ਇਸ ਮਿਸ਼ਰਿਤ ਕੂੜੇ ਨੂੰ ਸਾੜਨ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਹੀ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ, ਜਦਕਿ ਇਸ ਮਸ਼ੀਨ ਨਾਲ ਸਿੰਗਾਪੁਰ ’ਚ ਜਦੋਂ ਕੂੜਾ ਸਾੜਿਆ ਜਾਂਦਾ ਹੈ ਤਾਂ ਉਸ ’ਚੋਂ ਜ਼ਹਿਰੀਲਾ ਧੂੰਆਂ ਨਹੀਂ ਨਿਕਲਦਾ ਕਿਉਂਕਿ ਉੱਥੇ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ। ਉਂਝ ਸਿਰਫ਼ ਸਰਕਾਰ ਨੂੰ ਦੋਸ਼ ਦੇਣ ਨਾਲ ਹੱਲ ਨਹੀਂ ਨਿਕਲੇਗਾ। ਦਿੱਲੀ ਅਤੇ ਦੇਸ਼ ਦੇ ਨਿਵਾਸੀਆਂ ਨੂੰ ਆਪਣੇ ਰੋਜ਼ਾਨਾ ਦੇ ਜੀਵਨ ’ਚ ਤੇਜ਼ੀ ਨਾਲ ਵਧ ਰਹੇ ਪਲਾਸਟਿਕ ਤੇ ਹੋਰ ਕਿਸਮ ਦੇ ਪੈਕੇਜਿੰਗ ਮਟੀਰੀਅਲ ਨੂੰ ਬਹੁਤ ਹੱਦ ਤੱਕ ਘਟਾਉਣਾ ਪਵੇਗਾ, ਜਿਸ ਨਾਲ ਠੋਸ ਕੂੜਾ ਇਕੱਠਾ ਹੋਣਾ ਘੱਟ ਹੋ ਜਾਵੇ। ਅਸੀਂ ਅਜਿਹਾ ਕਰੀਏ, ਇਹ ਸਾਡੀ ਜ਼ਿੰਮੇਵਾਰੀ ਹੈ ਤਾਂ ਕਿ ਅਸੀਂ ਆਪਣੇ ਬੱਚਿਆਂ ਦੇ ਫੇਫੜਿਆਂ ਨੂੰ ਘਾਤਕ ਬਿਮਾਰੀਆਂ ਤੋਂ ਬਚਾ ਸਕੀਏ। ਮਸ਼ਹੂਰ ਸ਼ਾਇਰ ਕੈਫੀ ਆਜ਼ਮੀ ਨੇ ਕੀ ਖੂਬ ਕਿਹਾ, ਸ਼ੋਰ ਯੂੰ ਹੀ ਨਾ ਪਰਿੰਦੋਂ ਨੇ ਮਚਾਯਾ ਹੋਗਾ, ਕੋਈ ਜੰਗਲ ਕੀ ਤਰਫ ਸ਼ਹਿਰ ਸੇ ਆਯਾ ਹੋਗਾ। ਪੇੜ ਕੇ ਕਾਟਨੇ ਵਾਲੋਂ ਕੋ ਯੇ ਮਾਲੂਮ ਤੋ ਥਾ, ਜਿਸਮ ਜਲ ਜਾਏਂਗੇ ਜਬ ਸਰ ਪੇ ਨਾ ਸਾਯਾ ਹੋਗਾ।’


DIsha

Content Editor

Related News